ਨਫਰਤਾਂ ਦਾ ਖੁਮਾਰ

ss1

ਨਫਰਤਾਂ ਦਾ ਖੁਮਾਰ

ਹਰ ਦਿਲ ਵਿੱਚ ਨਫਰਤਾਂ ਦਾ ਛਾਇਆ ਖੁਮਾਰ ਐਸਾ,
ਭੁੱਲ ਗਏ ਪਿਆਰ ਵਾਲੀ ਭਾਸ਼ਾ ਅਤੇ ਬੋਲੀ ਨੂੰ ।
ਹਰ ਵੇਲੇ ਹਰ ਸਮੇਂ ਗੱਲਾਂ ਕੁੱਟਣ ਕਟਾਉਣ ਦੀਆਂ,
ਇੱਕ ਕਹੈ ਮਾਂਝਣਾ ਹੈ ਆਪਾ ਦੂਜੀ ਟੋਲੀ ਨੂੰ  ।
ਸਮਝ ਨਹੀ ਆਉਦੀ ਇਹ ਉਹੀ ਹੈ ਪੰਜਾਬ,
ਜਿੱਥੇ ਬੂਟਾ ਪ੍ਰੇਮ ਵਾਲਾ ਪੈਗਬੰਰਾਂ ਨੇ ਲਾਇਆ ਸੀ ।
ਜਿੱਥੇ ਸੀ ‘ਤਫਾਕ ਵੱਡੇ-ਵੱਡੇ ਪਰਿਵਾਰਾਂ ਵਿੱਚ,
‘ਕੱਠੇ ਹੋ ਜਿੰਨਾ ਦੇਸ਼ ਨੂੰ ਬਚਾਇਆ ਸੀ ।
ਹੋ ਗਏ ਗੁਲਾਮ ਇਰਖਾਵਾਦੀ ਸੋਚ ਦੇ,
ਨਾ ਭਰਾ ਦਾ ਭਰਾ ਨਾ ਭੈਣ ਬਣੇ ਭਾਈ ਦੀ ।
ਹੋ ਗਿਆ ਹੈ ਸਾਰਿਆਂ ਦਾ ਖੂਨ ਹੁਣ ਚਿੱਟਾ,
ਵਜ੍ਹਾ ਘਰਵਾਲੇ ਬਣਦੇ ਨੇ ਘਰ ਦੀ ਤਬਾਹੀ ਦੀ ।
ਕਰਦੇ ਬਦਨਾਮ ਫਿਰਦੇ ਨੇ ਅੱਜ ਰਿਸ਼ਤੇ,
ਮਾਂ ਬਦਨਾਮ ਕੀਤੀ ਇਹਨਾਂ ਨਾਲ ਪੁੱਤ ਦੇ ।
ਭਰਾ ਨਾਲ ਭੈਣ,ਗੁਰੂ ਨਾਲ ਚੇਲੇ ਨੂੰ,
ਝੂਠੀਆਂ ਬਣਾ ਕੇ ਗੱਲਾਂ ਰਿਸ਼ਤਿਆਂ ਨੂੰ ਲੁੱਟਦੇ ।
ਧਰਤੀ ਵੀ ਰੋਂਦੀ ਹੋਣੀ ਇਹ ਸਭ ਤੱਕਕੇ,
ਜੀਹਨੂੰ ਸੀ ਫਖ਼ਰ ਪੰਜਾਬੀਆਂ ਦੀ ਕੌਮ ਤੇ ।
ਉਹ ਵੀ ਤਾਂ ਰੱਬ ਨੂੰ ਉਲਾਂਭਾ ਦੇ ਨਾ ਸਕਦੀ,
ਕਿਤੇ ਅਹਿਸਾਨ ਇਹਨਾਂ ਉਹਦੇ ਰੋਮ-ਰੋਮ ਤੇ ।
ਪਰ ਅੱਜ ਸੱਚ ਕਿਸੇ ਤੋਂ ਨਹੀਂ ਛੁਪਿਆ,
ਬਦਲੇ ਪੰਜਾਬੀ ਸਾਰੀ ਕੌਮ ਜਾਵੇ ਬਦਲੀ।
ਬਦਲ ਗਈਆਂ ਸੋਚਾਂ ਰੀਤਾਂ ਤੇ ਰਿਵਾਜ ਇੱਥੇ,
ਬਦਲੇ ਪਹਿਰਾਵੇ ਸੱਭਿਅਤਾ ਵੀ ਜਾਵੈ ਬਦਲੀ ।
ਜਵਾਨੀ ਪੰਜਾਬ ਦੀ ਨਸ਼ਿਆਂ ਨੇ ਖਾ ਲਈ,
ਕੁੜੀਆਂ ਨੂੰ ਖਾਧਾ ਭਰੂਣ ਹੱਤਿਆ ਦੇ ਹੜ੍ਹ ਨੇ ।
ਕੁੱਝ ਕੁ ਸਿਕਾਰ ਹੋਣ ਹਵਸ ਦੇ ਪੁਜਾਰੀਆਂ ਤੋਂ,
ਦਾਜ ਪਿੱਛੇ ਕੁੱਝ ਮਰਦੀਆਂ ਨੇ ਸੜ ਕੇ ।
ਸੋਚੇ ‘ਗੁਰਜੀਤ’ ਸਮਾਂ ਐਸਾ ਕਿਤੇ ਆ ਜਾਵੇ,
ਹੋਵੇ ਪਿਆਰ ਹਰ ਘਰ ਹਰ ਰੂਹ ਵਿੱਚ ।
ਰਹਿਣ ਇਕਠੇ ਸਭ ਰਲ-ਮਿਲ ਭਾਈਚਾਰੇ ਨਾਲ,
ਮੁਕ ਜਾਵੇ ਫਰਕ ਸਰਹੱਦਾਂ ਅਤੇ ਜੂਹ ਵਿੱਚ ।।
ਗੁਰਜੀਤ ਰੰਧਾਵਾ
9781682718
Share Button

Leave a Reply

Your email address will not be published. Required fields are marked *