ਨਗਰ ਕੌਸਲ ਦੇ ਮੀਤ ਪ੍ਰਧਾਨ ਦੀ ਕੁਰਸੀ ਪਿਛਲੇ ਚਾਰ ਮਹੀਨਿਆ ਤੋ ਖਾਲੀ

ss1

ਨਗਰ ਕੌਸਲ ਦੇ ਮੀਤ ਪ੍ਰਧਾਨ ਦੀ ਕੁਰਸੀ ਪਿਛਲੇ ਚਾਰ ਮਹੀਨਿਆ ਤੋ ਖਾਲੀ
ਪ੍ਰਸਾਸਨ ਵੱਲੋ ਨਹੀ ਕਰਵਾਈ ਜਾ ਰਹੀ ਚੌਣ

ਬਨੂੂੜ, 8 ਜੁਲਾਈ (ਰਣਜੀਤ ਸਿੰਘ ਰਾਣਾ): ਨਗਰ ਕੌਂਸਲ ਬਨੂੜ ਦੇ ਮੀਤ ਪ੍ਰਧਾਨ ਦੀ ਮਿਆਦ ਨੂੰ ਖਤਮ ਹੋਇਆਂ ਚਾਰ ਮਹੀਨੇ ਲੰਘ ਗਏ ਹਨ ਪਰ ਪ੍ਰਸ਼ਾਸ਼ਨ ਵੱਲੋਂ ਹਾਲੇ ਤੱਕ ਚੋਣ ਲਈ ਕੋਈ ਪ੍ਰਕਿਰਿਆ ਆਰੰਭ ਨਹੀਂ ਕੀਤੀ ਗਈ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰਿੰਦਰ ਕੁਮਾਰ ਜੈਨ ਵੱਲੋਂ ਚੋਣ ਕਰਾਉਣ ਲਈ ਡਿਪਟੀ ਕਮਿਸ਼ਨਰ ਨੂੰ ਅਗਾਊਂ ਪੱਤਰ ਵੀ ਲਿਖਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੋਈ ਪ੍ਰਸ਼ਾਸ਼ਨਿਕ ਕਾਰਵਾਈ ਸ਼ੁਰੂ ਨਹੀਂ ਹੋਈ ਹੈ, ਜਿਸ ਕਾਰਨ ਕੌਂਸਲ ਵਿਚ ਮੀਤ ਪ੍ਰਧਾਨ ਦੀ ਕੁਰਸੀ ਪਿਛਲੇ ਚਾਰ ਮਹੀਨੇ ਤੋਂ ਖਾਲੀ ਪਈ ਹੈ।
ਬਨੂੜ ਨਗਰ ਕੌਂਸਲ ਦੇ ਤਤਕਾਲੀ ਮੀਤ ਪ੍ਰਧਾਨ ਅਮਨਦੀਪ ਸਿੰਘ ਚੰਗੇਰਾ ਦੇ ਅਹੁਦੇ ਦੀ ਮਿਆਦ 8 ਮਾਰਚ ਨੂੰ ਖਤਮ ਹੋ ਗਈ ਸੀ। ਉਦੋਂ ਤੋਂ ਹੀ ਇਹ ਅਹੁਦਾ ਖਾਲੀ ਚਲਿਆ ਆ ਰਿਹਾ ਹੈ। ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਮਾਰਚ ਦੇ ਪਹਿਲੇ ਹਫ਼ਤੇ ਨਵੀਂ ਚੋਣ ਕਰਾਉਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖਿਆ ਸੀ। ਪਤਾ ਲੱਗਾ ਹੈ ਕਿ ਡਿਪਟੀ ਕਮਿਸ਼ਨਰ ਨੇ ਇਹ ਪੱਤਰ ਐਸਡੀਐਮ ਮੁਹਾਲੀ ਨੂੰ ਯੋਗ ਕਾਰਵਾਈ ਕਰਨ ਤੇ ਚੋਣ ਅਮਲ ਮੁਕੰਮਲ ਕਰਾਉਣ ਲਈ ਭੇਜ ਦਿੱਤਾ ਸੀ ਪਰ ਇਸ ਉੱਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਤੇਰਾਂ ਮੈਂਬਰੀ ਬਨੂੜ ਕੌਂਸਲ ਦੀਆਂ ਚੋਣਾਂ ਵਿਚ ਚਾਰ ਮੈਂਬਰ ਅਕਾਲੀ ਦਲ ਦੇ, ਚਾਰ ਮੈਂਬਰ ਕਾਂਗਰਸ ਦੇ, ਇੱਕ ਮੈਂਬਰ ਭਾਜਪਾ ਦਾ ਅਤੇ ਚਾਰ ਮੈਂਬਰ ਆਜ਼ਾਦ ਚੋਣ ਜਿੱਤੇ ਸਨ। ਅਕਾਲੀ ਦਲ ਦੀ ਸਹਾਇਤਾ ਨਾਲ ਆਜ਼ਾਦ ਕੌਂਸਲਰ ਨਿਰਮਲਜੀਤ ਸਿੰਘ ਨਿੰਮਾ ਕੌਂਸਲ ਦੇ ਪ੍ਰਧਾਨ ਬਣ ਗਏ ਸਨ ਤੇ ਅਕਾਲੀ ਦਲ ਦੇ ਕੌਂਸਲਰ ਅਮਨਦੀਪ ਸਿੰਘ ਚੰਗੇਰਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਸੀ। ਐਡਵੋਕੇਟ ਦੀਪਇੰਦਰ ਸਿੰਘ ਢਿਲੋਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਕੌਂਸਲਰ ਮਹਿੰਦਰ ਸਿੰਘ ਕਾਂਗਰਸ ਵਿਚ ਆ ਗਏ ਹਨ, ਜਿਸ ਕਾਰਨ ਸਥਿਤੀ ਕਾਫ਼ੀ ਅਸਪੱਸ਼ਟ ਬਣ ਗਈ ਹੈ, ਜਿਹੜੀ ਕਿ ਹੁਕਮਰਾਨ ਧਿਰ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ।
ਤਾਜ਼ਾ ਸਥਿਤੀ ਅਨੁਸਾਰ ਛੇ ਕੌਂਸਲਰ ਕਾਂਗਰਸ ਨਾਲ ਹਨ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਵੀ ਇੱਕ ਵੋਟ ਹੈ। ਇਸ ਤਰਾਂ 14 ਵੋਟਾਂ ਵਿੱਚੋਂ ਸੱਤ ਸਿੱਧੇ ਤੌਰ ਤੇ ਕਾਂਗਰਸ ਨਾਲ ਹਨ ਤੇ ਸੱਤ ਅਕਾਲੀ-ਭਾਜਪਾ ਗਠਜੋੜ ਕੋਲ ਹਨ। ਹੁਕਮਰਾਨ ਧਿਰ ਨੂੰ ਸਭ ਤੋਂ ਵੱਡਾ ਡਰ ਮੀਤ ਪ੍ਰਧਾਨ ਲਈ ਇੱਕ ਨਾਂ ਉੱਤੇ ਮੈਂਬਰਾਂ ਦੀ ਸਹਿਮਤੀ ਨਾ ਬਣਨਾ ਹੈ। ਅਮਨਦੀਪ ਸਿੰਘ ਚੰਗੇਰਾ ਤੇ ਰਾਜੂ ਥੱਮਣ ਦੋਵੇਂ ਮੀਤ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਹਨ ਤੇ ਦੌੜ ਵਿੱਚੋਂ ਪਿੱਛੇ ਹਟਣ ਲਈ ਵੀ ਤਿਆਰ ਨਹੀਂ ਹਨ। ਅਜਿਹੀ ਸਥਿਤੀ ਵਿਚ ਗਠਜੋੜ ਨੂੰ ਕਾਂਗਰਸ ਦੇ ਬਾਜ਼ੀ ਮਾਰਨ ਦਾ ਖਦਸ਼ਾ ਹੈ। ਗਠਜੋੜ ਦੇ ਹੋਰਨਾਂ ਦਾਅਵੇਦਾਰਾਂ ਵਿਚ ਭਾਜਪਾ ਦੇ ਹੈਪੀ ਕਟਾਰੀਆ, ਇੰਦਰਜੀਤ ਕੌਰ ਵੀ ਪ੍ਰਮੁੱਖ ਹਨ। ਉੱਧਰ ਕਾਂਗਰ ਪਾਰਟੀ ਇਸ ਮਾਮਲੇ ਵਿਚ ਇੱਕਜੁੱਟ ਨਜ਼ਰ ਆ ਰਹੀ ਹੈ ਤੇ ਪਾਰਟੀ ਦੇ ਦੂਜੀ ਵਾਰ ਕੌਂਸਲਰ ਬਣੇ ਗੁਰਮੇਲ ਸਿੰਘ ਫ਼ੌਜੀ ਨੂੰ ਮੈਦਾਨ ਵਿਚ ਉਤਾਰਨ ਲਈ ਤਿਆਰ ਹੈ।

ਜਲਦੀ ਕਰਾਈ ਜਾਵੇਗੀ ਚੋਣ-ਐਸਡੀਐਮ ਮੁਹਾਲੀ

ਮੁਹਾਲੀ ਦੇ ਐਸਡੀਐਮ ਲਖਮੀਰ ਸਿੰਘ ਨੇ ਬਨੂੜ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਸਪੱਸ਼ਟ ਕੀਤਾ ਕਿ ਇਹ ਚੋਣ ਜਲਦੀ ਹੀ ਕਰਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਚੋਣ ਅਮਲ ਪੂਰੀ ਨਿਰਪੱਖਤਾ ਨਾਲ ਨੇਪਰੇ ਚਾੜਿਆ ਜਾਵੇਗਾ ਤੇ ਇਸ ਸਬੰਧੀ ਜਲਦੀ ਹੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *