Tue. Jul 23rd, 2019

ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ ਤਕ : ਕਿਤਨਾ-ਕੁ ਸਾਰਥਕ

ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ ਤਕ : ਕਿਤਨਾ-ਕੁ ਸਾਰਥਕ

ਕੁਝ ਹੀ ਦਿਨ ਹੋਏ ਨੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਇਸੇ ਵਰ੍ਹੇ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਵੇਂ ਸਾਲਾਨਾ ਪ੍ਰਕਾਸ਼ ਦਿਵਸ ਦੇ ਮੌਕੇ ‘ਤੇ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਇਤਿਹਾਸਿਕ ਨਗਰ ਕੀਰਤਨ ਦਾ ਅਯੋਜਨ ਕੀਤਾ ਜਾਇਗਾ। ਇਥੇ ਇਹ ਗਲ ਯਾਦ ਰਖਣ ਵਾਲੀ ਹੈ ਕਿ ਲਗਭਗ ਦੋ-ਕੁ ਵਰ੍ਹੇ ਪੂਹਿਲਾਂ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਸੀ ਕਿ ਸੰਨ-2019 ਵਿੱਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਵੇਂ ਸਾਲਾਨਾ ਪ੍ਰਕਾਸ਼ ਦਿਵਸ ਦੇ ਮੌਕੇ ‘ਤੇ ਉਨ੍ਹਾਂ ਦੇ ਦਲ ਵਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਜਾਇਗਾ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਸਦੇ ਲਈ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਪਾਸੋਂ ਮੰਨਜ਼ੂਰੀ ਮਿਲ ਗਈ ਹੋਈ ਹੈ। ਕਿਹਾ ਨਹੀਂ ਜਾ ਸਕਦਾ ਕਿ ਸ. ਸਿਰਸਾ ਨੂੰ ਦੋ-ਕੁ ਵਰ੍ਹੇ ਪਹਿਲਾਂ ਸ. ਸਰਨਾ ਵਲੋਂ ਇਸ ਸੰਬੰਧ ਵਿੱਚ ਕੀਤੇ ਗਏ ਹੋਏ ਐਲਾਨ ਦਾ ਪਤਾ ਸੀ ਜਾਂ ਨਹੀਂ? ਜਾਂ ਫਿਰ ਉਨ੍ਹਾਂ ਨੇ ਇਹ ਜਾਣਦਿਆਂ-ਬੂਝਦਿਆਂ ‘ਵਿਰੋਧੀ’ ਨਾਲ ‘ਪੰਗਾ’ ਲੈਣ ਜਾਂ ਉਸਨੂੰ ਜਿੱਚ ਕਰਨ ਦੇ ਉਦੇਸ਼ ਨਾਲ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਪ੍ਰੋਕਤ ਐਲਾਨ ਕਰ ਦਿੱਤਾ? ਭਵਿੱਖ ਵਿੱਚ ਕੀ ਹੋਵੇਗਾ? ਕੀ ਦੋਹਾਂ ਵਿਚੋਂ ਕੋਈ ਇੱਕ ਪੰਥਕ ਹਿਤਾਂ ਦੇ ਚਲਦਿਆਂ ਸਮਰਪਣ ਕਰਨ ਲਈ ਤਿਆਰ ਹੋ ਜਾਇਗਾ? ਜਾਂ ਦੋਵੇਂ ਹੀ ਆਪੋ-ਆਪਣੇ ਦਾਅਵਿਆਂ ਪੁਰ ਅੜੇ ਰਹਿ ਸਿੱਖ-ਪੰਥ ਦੀ ਸਥਿਤੀ ਹਾਸੋਹੀਣੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ? ਇਸ ਸੰਬੰਧ ਵਿੱਚ ਫਿਲਹਾਲ ਕੁਝ ਵੀ ਕਹਿ ਪਾਣਾ ਸੰਭਵ ਨਹੀਂ!
ਦੋਵੇਂ ਇਤਨੇ ਉਤਸਾਹਿਤ ਕਿਉਂ? : ਸ. ਪਰਮਜੀਤ ਸਿੰਘ ਸਰਨਾ ਅਤੇ ਸ. ਮਨਜਿੰਦਰ ਸਿੰਘ ਸਿਰਸਾ ਦਾ ਇਸ ਪਾਸੇ ਉਤਸਾਹਿਤ ਹੋਣ ਦਾ ਕਾਰਣ ਸ਼ਾਇਦ ਇਹ ਹੋ ਸਕਦਾ ਹੈ ਕਿ ਇਸਤੋਂ ਪਹਿਲਾਂ ਸ. ਪਰਮਜੀਤ ਸਿੰਘ ਸਰਨਾ ਦੇ ਪ੍ਰਧਾਨਗੀ-ਕਾਲ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ-2005 ਵਿੱਚ ਇਸੇ ਤਰ੍ਹਾਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਇੱਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ ਸੀ। ਹਾਲਾਂਕਿ ਸਿੱਖਾਂ ਦੀਆਂ ਦੋ ਪ੍ਰਮੁਖ ਧਾਰਮਕ ਤੇ ਰਾਜਸੀ ਜੱਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿੱਚ ਸਿੱਖ ਜਗਤ ਅਤੇ ਸਿੱਖ ਜੱਥੇਬੰਦੀਆਂ ਨੂੰ ਉਸ ਨਗਰ ਕੀਰਤਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ, ਇਸਦੇ ਬਾਵਜੂਦ ਉਹ ਨਗਰ ਕੀਰਤਨ ਆਸ ਤੋਂ ਕਿਤੇ ਬਹੁਤ ਹੀ ਵੱਧ ਸਫਲ ਰਿਹਾ। ਦਿੱਲੀ ਦੀ ਸੀਮਾ ਪਾਰ ਕਰ ਹਰਿਆਣਾ ਵਿੱਚ ਦਾਖਲ ਹੋਣ, ਹਰਿਆਣਾ ਅਤੇ ਪੰਜਾਬ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦਿਆਂ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਪਹੁੰਚਣ ਤਕ ਸਿੱਖ-ਸੰਗਤਾਂ ਵਲੋਂ ਹੀ ਨਹੀਂ, ਸਗੋਂ ਹੋਰ ਗੈਰ-ਸਿੱਖ ਵਰਗਾਂ ਵਲੋਂ ਵੀ ਉਸਦਾ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਪਾਕਿਸਤਾਨ ਸਰਕਾਰ ਵਲੋਂ ਤਾਂ ਨਗਰ ਕੀਰਤਨ ਦੀ ਅਗਵਾਈ ਕਰ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦਾ ਸਵਾਗਤ, ਇਸਤਰ੍ਹਾਂ ‘ਲਾਲ ਕਾਰਪੇਟ’ ਵਿਛਾ ਕੇ ਕੀਤਾ ਗਿਆ, ਜਿਵੇਂ ਸੰਸਾਰ ਦੇ ਕਿਸੇ ਬਹੁਤ ਹੀ ਵੱਡੇ ਰਾਸ਼ਟਰ ਦੀ ਸਭ ਤੋਂ ਵੱਡੀ ਸ਼ਖਸੀਅਤ ਦਾ ਪਾਕਿਸਤਾਨ ਆਗਮਨ ਹੋ ਰਿਹਾ ਹੋਵੇ। ਉਸ ਨਗਰ ਕੀਰਤਨ ਦੀ ਪ੍ਰਸ਼ੰਸਾ ਦੇਸ਼-ਵਿਦੇਸ਼, ਅਰਥਾਤ ਸੰਸਾਰ ਭਰ ਵਿੱਚ ਹੋਈ। ਇਹੀ ਕਾਰਣ ਹੈ ਕਿ ਅੱਜੇ ਤਕ ਇਹ ਮੰਨਿਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਨਗਰ ਕੀਰਤਨ, ਅਯੋਜਨ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਸਫਲ ਅਤੇ ਪ੍ਰਭਾਵਸ਼ਾਲੀ ਰਿਹਾ ਸੀ।
ਪ੍ਰੰਤੂ ਇਸਦੇ ਨਾਲ ਹੀ ਇੱਕ ਸੁਆਲ, ਜੋ ਸ਼ਾਇਦ ਬਹੁਤੇ ਸਜਣਾ ਦੇ ਗਲੇ ਨਾ ਉਤਰੇ, ਵੀ ਉਠਦਾ ਹੈ ਕਿ ਉਸ ਵਿਸ਼ਾਲ, ਪ੍ਰਭਾਵਸ਼ਾਲੀ ਤੇ ਲੰਮੇਂ ਨਗਰ ਕੀਰਤਨ ਤੋਂ ਧਾਰਮਕ ਦ੍ਰਿਸ਼ਟੀਕੋਣ ਤੋਂ ਸਿੱਖ-ਜਗਤ ਨੂੰ ਕੀ ਲਾਭ ਹੋਇਆ ਜਾਂ ਪ੍ਰਾਪਤੀ ਹੋਈ ਹੈ? ਕੀ ਉਸ ਨਾਲ ਸਿੱਖ ਨੌਜਵਨਾਂ ਵਿੱਚ ਸਿਖੀ ਵਿਰਸੇ ਨਾਲੋਂ ਟੁੱਟ, ਭਟਕ ਜਾਣ ਦੀ ਜੋ ਹੋੜ ਲਗੀ ਹੋਈ ਹੈ, ਉਸ ਵਿੱਚ ਕੋਈ ਕਮੀ ਆਈ ਹੈ? ਕੀ ਉਸ ਨਗਰ ਕੀਰਤਨ ਤੋਂ ਬਾਅਦ ਆਮ ਲੋਕਾਂ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਰੁਚੀ ਵੱਧੀ ਹੈ? ਕੀ ਇਹ ਸੱਚ ਨਹੀਂ ਕਿ ਧਾਰਮਕ ਅਧਾਰ ਪੁਰ ਇਸਦਾ ਨਤੀਜਾ ਵੀ ਉਹੀ ਰਿਹਾ, ਜੋ ਨਤੀਜੇ ਬੀਤੇ 50 ਵਰ੍ਹਿਆਂ ਤੋਂ ਮਨਾਈਆਂ ਜਾਂਦੀਆਂ ਚਲੀਆਂ ਆ ਰਹੀਆਂ ਸ਼ਤਾਬਦੀਆਂ ਦੌਰਾਨ ਕੀਤੇ ਜਾ ਰਹੇ ਖਾਲਸਾ ਮਾਰਚਾਂ ਆਦਿ ਨਾਲ ਸਾਹਮਣੇ ਆਉਂਦੇ ਰਹੇ ਹਨ! ਜੇ ਹਊਮੈ ਦੇ ਪ੍ਰਦਰਸ਼ਨ ਦੀ ਸੋਚ ਤੋਂ ਉਪਰ ਉਠ, ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਉਤਸਾਹਤ ਕਰਨ ਦੀ ਭਾਵਨਾ ਕੰਮ ਕਰ ਰਹੀ ਹੋਵੇ, ਤਾਂ ਇਤਨੇ ਪ੍ਰਭਾਵਸ਼ਾਲੀ ਤੇ ਵਿਸ਼ਾਲ ਨਗਰ ਕੀਰਤਨ ਪੁਰ ਹੋਣ ਵਾਲੇ ਖਰਚ ਅਤੇ ਸਮੇਂ ਤੋਂ ਕਿਤੇ ਬਹੁਤ ਹੀ ਘਟ ਖਰਚ ਅਤੇ ਸਮੇਂ ਦੀ ਵਰਤੋਂ ਕਰ, ਅਜਿਹਾ ਪ੍ਰਚਾਰ ਕੀਤਾ ਜਾ ਸਕਦਾ ਹੈ, ਜੋ ਆਪਣਾ ਸਥਾਈ ਪ੍ਰਭਾਵ ਛੱਡਣ ਵਿੱਚ ਸਫਲ ਹੋ ਸਕਦਾ ਹੈ।
ਦਿੱਲੀ ਘੱਟ ਗਿਣਤੀ ਕਮਿਸ਼ਨ ਬਨਾਮ ਦਿੱਲੀ ਗੁਰਦੁਆਰਾ ਕਮੇਟੀ : ਸ. ਕਰਤਾਰ ਸਿੰਘ ਕੋਛੜ ਮੈਂਬਰ ਦਿੱਲੀ ਰਾਜ ਘਟ ਗਿਣਤੀ ਕਮਿਸ਼ਨ ਨੇ ਦਸਿਆ ਕਿ ਘਟ ਗਿਣਤੀ ਕਮਸ਼ਿਨ ਪਾਸ ਦਿੱਲੀ ਦੇ ਕਈ ਪਤਵੰਤੇ ਸਿੱਖਾਂ ਅਤੇ ਸਿੱਖ ਜੱਥੇਬੰਦੀਆਂ ਵਲੋਂ ਅਜਿਹੀਆਂ ਕਈ ਸ਼ਿਕਾਇਤਾਂ ਪੁਜੀਆਂ ਹਨ, ਜਿਨ੍ਹਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਹੁਦੇਦਾਰਾਂ ਤੇ ਕਈ ਮੈਂਬਰਾਂ ਪੁਰ ਦੋਸ਼ ਲਾਇਆ ਗਿਆ ਹੋਇਆ ਹੈ ਕਿ ਉਹ ਸਿੱਖ ਧਰਮ ਦੀ ਮਾਨਤਾ ਪ੍ਰਾਪਤ ‘ਰਹਿਤ ਮਰਿਆਦਾ’ ਦੀ ਉਲੰਘਣਾ ਕਰ ਦਾੜ੍ਹੀ ਕੇਸ ਹੀ ਨਹੀ ਰੰਗਦੇ, ਸਗੋਂ ਹੋਰ ਵੀ ਕਈ ਮਰਿਆਦਾ-ਵਿਰੋਧੀ ਆਚਰਣ ਅਪਨਾਂਦੇ ਚਲੇ ਆ ਰਹੇ ਹਨ, ਜਿਸ ਨਾਲ ਉਹ ਮਾਨਤਾ ਪ੍ਰਾਪਤ ‘ਰਹਿਤ ਮਰਿਆਦਾ’ ਅਨੁਸਾਰ ਤਨਖਾਹੀਆ ਦੀ ਸ਼੍ਰੇਣੀ ਵਿੱਚ ਆ ਜਾਂਦੇ ਹਨ। ਇਸਤੋਂ ਬਿਨਾਂ ਕਈ ਮੈਂਬਰ ਸ਼ਰਾਬ ਆਦਿ ਨਸ਼ਿਆਂ ਦੀ ਵਰਤੋਂ ਵੀ ਕਰਦੇ ਹਨ, ਜਿਸਦੇ ਚਲਦਿਆਂ ਉਹ ‘ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 1971’ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਤਾਂ ਕੀ, ਮੈਂਬਰ ਤਕ ਵੀ ਬਣਨ ਦਾ ਅਧਿਕਾਰ ਨਹੀਂ ਰਖਦੇ। ਉਨ੍ਹਾਂ ਦਸਿਆ ਕਿ ਇਸੇ ਅਧਾਰ ‘ਤੇ ਕਮਿਸ਼ਨ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਸਹਿਤ ਕਈ ਮੈਂਬਰਾਂ ਦੇ ਨਾਂ ‘ਕਾਰਣ ਦਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਨੋਟਿਸ ਦਾ ਜਵਾਬ ਮਿਲਣ ‘ਤੇ ਜਾਂ ਜਵਾਬ ਨਾ ਆਉਣ ਦੀ ਸੂਰਤ ਵਿੱਚ, ਜਵਾਬ ਦਾਖਲ ਕੀਤੇ ਜਾਣ ਦੀ ਮਿਆਦ ਬੀਤ ਜਾਣ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਇਗੀ। ਉਨ੍ਹਾਂ ਦੀ ਮਾਨਤਾ ਹੈ ਕਿ ਦਿੱਲੀ ਗੁਰਦੁਆਰਾ ਐਕਟ ਦੇ ਅਨੁਸਾਰ ‘ਧਾਰਮਕ ਰਹਿਤ ਮਰਿਆਦਾ’ ਦਾ ਉਲੰਘਣ ਕਰਨ ਵਾਲਾ ਕੋਈ ਵੀ ਸਿੱਖ ਗੁਰਦੁੁਆਰਾ ਕਮੇਟੀ ਦਾ ਮੈਂਬਰ ਜਾਂ ਅਹੁਦੇਦਾਰ ਨਹੀਂ ਬਣ ਸਕਦਾ। ਇਸੇ ਗਲ ਨੂੰ ਸਾਹਮਣੇ ਰਖਦਿਆਂ ਹੋਇਆਂ ਹੀ ‘ਕਾਰਣ ਦਸੋ’ ਨੋਟਿਸ ਜਾਰੀ ਕੀਤੇ ਗਏ ਹਨ। ਗੁਰਦੁਆਰਾ ਐਕਟ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੇ ਜਲਦੀ ਨਿਪਟਾਰੇ ਦੇ ਲਈ ਪੰਜਾਬ ਦੀ ਤਰਜ਼ ਪੁਰ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ।
…ਅਤੇ ਅੰਤ ਵਿੱਚ : ਇਉਂ ਜਾਪਦਾ ਹੈ ਕਿ ਜਿਵੇਂ ਕਿ ਸਿੱਖਾਂ ਦੇ ਹਿਤਾਂ ਅਧਿਕਾਰਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ ਅਕਾਲੀ ਆਗੂ ਆਪਣੇ ਨਿਜੀ ਹਿਤਾਂ ਤੇ ਅਧਿਕਾਰਾਂ ਦੀ ਰਖਿਆ ਕਰਨ ਤਕ ਹੀ ਸਿਮਟ ਕੇ ਰਹਿ ਗਏ ਹਨ। ਗੁਜਰਾਤ ਦੇ ਪੰਜਾਬੀ ਕਿਸਾਨ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਹੈ, ਸਿਰ ਪੁਰ ਉਜਾੜੇ ਦੀ ਲਟਕ ਰਹੀ ਤਲਵਾਰ ਦੇ ਸਾਏ ਹੇਠ ਸਹਿਮ ਭਰਿਆ ਜੀਵਨ ਬਿਤਾਣ ਲਈ ਮਜਬੂਰ ਹੋ ਰਹੇ ਹਨ, ਪ੍ਰੰਤੂ ਕੋਈ ਸਿੱਖ ਫ਼ ਅਕਾਲੀ ਫ਼ ਪੰਜਾਬੀ ਜੱਥੇਬੰਦੀ ਜਾਂ ਆਗੂ ਉਨ੍ਹਾਂ ਨਾਲ ਖੜਿਆਂ ਹੋਣ ਦਾ ਸਾਹਸ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਲਈ ‘ਆਹ!’ ਦਾ ਨਾਹਰਾ ਮਾਰਨ ਤਕ ਦੀ ਦਲੇਰੀ ਨਹੀਂ ਕਰ ਪਾ ਰਿਹਾ। ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਕੇਂਦ੍ਰੀ ਸਰਕਾਰ ਦੀ ਸੱਤਾ ਵਿੱਚ ਹਿਸੇਦਾਰੀ ਦੇ ਨਾਂ ਪੁਰ ਮੰਤ੍ਰੀਮੰਡਲ ਵਿੱਚ ਇੱਕ ‘ਕੁਰਸੀ’ ਲੈ, ਇਤਨੇ ਮਗਨ ਹੋ ਗਏ ਹੋਏ ਹਨ ਕਿ ਉਨ੍ਹਾਂ ਲਈ ਪੰਜਾਬ ਤੋਂ ਬਾਹਰ ਦੇ ਸਿੱਖਫ਼ਪੰਜਾਬੀ ਉਜੜਦੇ ਹਨ ਤਾਂ ਬੇਸ਼ਕ ਉਜੜਦੇ ਰਹਿਣ। ਬੇਇਨਸਾਫੀ ਦਾ ਸ਼ਿਕਾਰ ਹੁੰਦੇ ਹਨ ਤਾਂ ਹੁੰਦੇ ਰਹਿਣ। ਹੋਰ ਕੁਝ ਹੋਵੇ ਨਾ ਹੋਵੇ, ਉਨ੍ਹਾਂ ਦੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ?

ਜਸਵੰਤ ਸਿੰਘ ਅਜੀਤ
ਰੋਹਿਨੀ, ਦਿੱਲੀ
+91 95 82 71 98 90
jaswantsinghajit@gmail.com

Leave a Reply

Your email address will not be published. Required fields are marked *

%d bloggers like this: