ਨਕਦੀ ਦੀ ਕਮੀ ‘ਤੇ ਰੂਸੀ ਦੂਤਘਰ ਨੇ ਪ੍ਰਗਟਾਇਆ ਵਿਰੋਧ

ss1

ਨਕਦੀ ਦੀ ਕਮੀ ‘ਤੇ ਰੂਸੀ ਦੂਤਘਰ ਨੇ ਪ੍ਰਗਟਾਇਆ ਵਿਰੋਧ

ਨਵੀਂ ਦਿੱਲੀ (ਪੀਟੀਆਈ) : ਨੋਟਬੰਦੀ ਦਾ ਪ੍ਰਭਾਵ ਭਾਰਤੀ ਕੂਟਨੀਤੀ ‘ਤੇ ਵੀ ਪੈਣ ਲੱਗਾ ਹੈ। ਨਕਦੀ ਦੀ ਕਮੀ ਨਾਲ ਦੂਤਘਰ ਦਾ ਕੰਮ ਕਾਜ ਪ੍ਰਭਾਵਿਤ ਹੋਣ ਕਾਰਨ ਰੂਸ ਨੇ ਭਾਰਤ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਨਾਲ ਹੀ ਉਸ ਨੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ, ਇਸ ਸ਼ਿਕਾਇਤ ‘ਤੇ ਭਾਰਤੀ ਧਿਰ ਵੱਲੋਂ ਤੱਤਕਾਲੀ ਕੋਈ ਪ੍ਰਤੀਕਰਮ ਨਹੀਂ ਮਿਲ ਸਕਿਆ ਹੈ।

ਰੂਸੀ ਰਾਜਦੂਤ ਅਲੈਕਜ਼ੈਂਡਰ ਕਦਾਕਿਨ ਨੇ ਆਪਣੇ ਰਾਜਨਾਇਕਾਂ ‘ਤੇ ਲੱਗੀਆਂ ਨਕਦੀ ਨਿਕਾਸੀ ਦੀਆਂ ਪਾਬੰਦੀਆਂ ਨੂੰ ਹਟਾਉਣ ਲਈ ਭਾਰਤੀ ਵਿਦੇਸ਼ ਮੰਤਰਾਲਾ ਨੂੰ ਦਖ਼ਲ-ਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਆਪਣੀ ਚਿੱਠੀ ‘ਚ ਰੂਸੀ ਰਾਜਦੂਤ ਦਾ ਕਹਿਣਾ ਹੈ ਕਿ 50 ਹਜ਼ਾਰ ਰੁਪਏ ਪ੍ਰਤੀ ਹਫ਼ਤੇ ਨਿਕਾਸੀ ਦੀ ਹੱਦ ਢੁੱਕਵੀਂ ਨਹੀਂ ਹੈ ਇਸ ਦੀ ਵਜ੍ਹਾ ਨਾਲ ਦੂਤਾਵਾਸ ਦੇ ਆਮ ਕੰਮ ਕਾਜ (ਤਨਖ਼ਾਹ ਤੇ ਸੰਚਾਲਨ ਖ਼ਰਚੇ) ਪ੍ਰਭਾਵਿਤ ਹੋ ਰਹੇ ਹਨ। ਰਾਜਧਾਨੀ ਸਥਿਤ ਰੂਸੀ ਰਾਜਨਾਇਕ ਮਿਸ਼ਨ ‘ਚ ਕਰੀਬ 200 ਮੁਲਾਜ਼ਮ ਕੰਮ ਕਰਦੇ ਹਨ।

ਦਰਅਸਲ, ਭਾਰਤੀ ਸਟੇਟ ਬੈਂਕ ਨੇ ਰੂਸੀ ਦੂਤਘਰ ਨੂੰ ਸੂਚਿਤ ਕੀਤਾ ਹੈ ਕਿ ਭਾਰਤ ਸਰਕਾਰ ਦੇ ਹੁਕਮਾਂ ਮੁਤਾਬਕ ਦੂਤਘਰ ਲਈ ਹੁਣ 50 ਹਜ਼ਾਰ ਰੁਪਏ ਦੀ ਨਗਦੀ ਨਿਕਾਸੀ ਦੀ ਸਹੂਲਤ ਉਪਲੱਬਧ ਹੈ। ਭਾਰਤੀ ਰਿਜ਼ਰਵ ਬੈਂਕ ਦੀ ਐਡਵਾਇਜ਼ਰੀ ਤੋਂ ਬਿਨਾਂ ਇਸ ‘ਚ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ। ਰੂਸੀ ਦੂਤਘਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਅਸੀਂ ਵਿਦੇਸ਼ ਮੰਤਰਾਲਾ ਤੋਂ ਜਵਾਬ ਦੀ ਉਡੀਕ ਕਰ ਰਹੇ ਹਨ, ਉਮੀਦ ਹੈ ਕਿ ਇਸ ਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ। ਨਹੀਂ ਤਾਂ ਅਸੀਂ ਹੋਰ ਬਦਲ ਅਪਣਾਉਣ ਲਈ ਮਜਬੂਰ ਹੋਵਾਂਗੇ, ਜਿਸ ਤਹਿਤ ਮਾਸਕੋ ਸਥਿਤ ਆਪਣੇ ਦੂਤਘਰ ਦੇ ਕੌਂਸਲਰ ਨੂੰ ਬੁਲਾ ਕੇ ਇਸ ਮਾਮਲੇ ਨੂੰ ਉਠਾਇਆ ਜਾ ਸਕਦਾ ਹੈ।’ ਉਨ੍ਹਾਂ ਨੇ ਸੰਕੇਤ ਦਿੱਤੇ, ਇਕ ਹੋਰ ਬਦਲ ਦੇ ਤੌਰ ‘ਤੇ ਰੂਸ ‘ਚ ਤਾਇਨਾਤ ਭਾਰਤ ਰਾਜਨਾਇਕਾਂ ਦੀ ਨਕਦੀ ਨਿਕਾਸੀ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਨੋਟਬੰਦੀ ਕਾਰਨ ਲੱਗੀ ਪਾਬੰਦੀ ਦੀ ਸ਼ਿਕਾਇਤ ਕਰਨ ਵਾਲਾ ਰੂਸ ਪਹਿਲਾ ਦੇਸ਼ ਨਹੀਂ ਹੈ। ਇਸ ਤੋਂ ਪਹਿਲਾਂ ਡੀਨ ਆਫ ਡਿਪਲੋਮੈਟਿਕ ਕੋਰਪਸ ਵੀ ਵਿਦੇਸ਼ ਮੰਤਰਾਲਾ ਦੇ ਸਾਹਮਣੇ ਇਹ ਮੁੱਦਾ ਉਠਾ ਚੁੱਕਾ ਹੈ। ਦੱਸਦੇ ਹਨ ਕਿ ਯੂਕਰੇਨ ਅਤੇ ਕਜਾਖਿਸਤਾਨ ਵਰਗੇ ਹੋਰ ਦੇਸ਼ ਵੀ ਇਸ ‘ਤੇ ਆਪਣਾ ਵਿਰੋਧ ਦਰਜ ਕਰਵਾ ਚੁਕੇ ਹਨ।

Share Button

Leave a Reply

Your email address will not be published. Required fields are marked *