ਧੰਨ ਉਹ ਧਰਤੀ, ਧੰਨ ਉਹ ਬਾਪੂ, ਧੰਨ ਵਡਭਾਗੀ ਮਾਈ’ ਢੰਗ ਜਿਊਣ ਦਾ ਜਿਸਦਾ ਪੁੱਤਰ, ਦੱਸ ਗਿਂਓਂ ਸਦੀਆਂ ਤਾਂਈ’

ss1

ਧੰਨ ਉਹ ਧਰਤੀ, ਧੰਨ ਉਹ ਬਾਪੂ, ਧੰਨ ਵਡਭਾਗੀ ਮਾਈ’ ਢੰਗ ਜਿਊਣ ਦਾ ਜਿਸਦਾ ਪੁੱਤਰ, ਦੱਸ ਗਿਂਓਂ ਸਦੀਆਂ ਤਾਂਈ’

ਦਮਦਮੀ ਟਕਸਾਲ ਦੇ ਚੌਧਵੇਂ ਮੁਖੀ, ਸੰਤ ਸਿਪਾਹੀ, ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ, ਸੂਰਬੀਰ ਯੋਧੇ, ਅਮਰ ਸ਼ਹੀਦ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਪਿੰਡ ਰੋਡੇ ਵਿਖੇ ਉਦਘਾਟਨ ਸਮਾਗਮ (ਵੱਲੋਂ : ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ), ਪ੍ਰਧਾਨ ਸੰਤ ਸਮਾਜ)

ਖ਼ਾਲਸਾ ਪੰਥ ਦੇ ਅਦੁੱਤੀ ਜਰਨੈਲ, ਕਥਨੀ ਕਰਣੀ ਦੇ ਪੂਰੇ ਸੂਰੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਦਾ ਜਨਮ 2 ਜੂਨ 1947 ਦਿਨ ਸੋਮਵਾਰ ਨੂੰ ਪੂਜਨੀਕ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋਂ, ਸਨਿਮਾਨ ਯੋਗ ਪਿਤਾ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਪਿੰਡ ਰੋਡੇ ਵਿਖੇ ਹੋਇਆ। ਆਪ ਜੀ ਨੇ 22 ਫਰਵਰੀ ਦਿਨ ਸੋਮਵਾਰ 1960 ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਆਪ ਜੀ ਦੇ ਪਿਤਾ ਜੀ ਨੂੰ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਨੇ ਦਮਦਮੀ ਟਕਸਾਲ ਜਥੇ ਵਿੱਚ ਸ਼ਾਮਲ ਕਰਨ ਦਾ ਬਚਨ ਕੀਤਾ।
ਆਪ ਜੀ ਘਰ ਦੇ ਕੁੱਝ ਰੁਝੇਵਿਆਂ ਤੋਂ ਬਾਅਦ 27 ਮਈ 1964 ਦਿਨ ਬੁੱਧਵਾਰ ਵਿੱਚ ਇਤਿਹਾਸਿਕ ਗੁਰਦੁਆਰਾ ਸ੍ਰੀ ਨਾਭਾ ਸਾਹਿਬ (ਨਜ਼ਦੀਕ ਚੰਡੀਗੜ) ਵਿਖੇ ਦਮਦਮੀ ਟਕਸਾਲ ਜਥੇ ਵਿੱਚ ਸ਼ਾਮਲ ਹੋਏ। ਧਾਰਮਿਕ ਸੰਸਕਾਰਾਂ ਦੁਆਰਾ ਬਚਪਨ ਵਿੱਚ ਪਰਵਰਿਸ਼, ਹੋਣ ਕਾਰਨ, ਦੁਨਿਆਵੀ ਰੁਚੀਆਂ ਤੋਂ ਹਮੇਸ਼ਾਂ ਦੂਰ ਰਹੇ। ਆਪ ਜੀ ਨੇ ਦਮਦਮੀ ਟਕਸਾਲ ਵਿੱਚ ਰਹਿੰਦਿਆਂ ਹੋਇਆਂ ਪੰਜ ਬਾਣੀਆਂ, ਪੰਜ ਗਰੰਥੀ ਦੇ ਜ਼ੁਬਾਨੀ ਨਿੱਤਨੇਮ ਤੋਂ ਇਲਾਵਾ, ਇੱਕ ਸੌ ਇੱਕ ਜਪੁਜੀ ਸਾਹਿਬ ਦੇ ਰੋਜ਼ਾਨਾ ਪਾਠ, ਛੱਤੀ ਮਾਲਾ ਮੂਲ ਮੰਤਰ ਦੀਆਂ, ਵਾਹਿਗੁਰੂ ਮੰਤਰ ਦਾ ਲਗਾਤਾਰ ਅਭਿਆਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੀਨੇ ਵਿੱਚ ਇੱਕ ਸਹਿਜ ਪਾਠ ਸੰਪੂਰਨ ਕਰਨਾ, ਸੇਵਾ ਕਰਦਿਆਂ ਸੰਗਤਾਂ ਦੇ ਜੋੜੇ ਝਾੜਨੇ, ਝਾੜੂ ਫੇਰਨਾ, ਜੂਠੇ ਬਰਤਨ ਮਾਂਜਣੇ, ਗਰਮੀ ਦੀ ਰੁੱਤ ਵਿੱਚ ਪੱਖਾ ਝੱਲਣਾ, ਲੰਗਰ ਵਰਤਾਉਣਾ, ਮਹਾਂਪੁਰਸ਼ਾਂ ਅਤੇ ਸਿੰਘਾਂ ਦੇ ਇਸ਼ਨਾਨ

ਦੀ ਸੇਵਾ ਕਰਨੀ, ਅੰਮ੍ਰਿਤ ਸੰਚਾਰ ਸਮੇਂ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਣਾ, ਅਤੇ ਗ੍ਰਿਹਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੱਥੀ ਦਸਾਂ ਨੌਹਾਂ ਦੀ ਕਿਰਤ ਕਰਨੀ, ਹਲ ਵਾਹੁਣਾ, ਪਸ਼ੂਆਂ ਨੂੰ ਪੱਠੇ ਪਾਉਣੇ। ਘਰ ਪਰਵਾਰ ਦੀਆਂ ਜ਼ਿੰਮੇਵਾਰੀਆਂ ਦਾ ਪੂਰਾ ਖਿਆਲ ਰੱਖਦਿਆਂ, ਨਾਲ ਨਾਲ ਨਾਮ ਗੁਰਬਾਣੀ ਅਭਿਆਸ ਵਿੱਚ ਸੁਰਤ ਲੀਨ ਰੱਖਣੀ, ਸਾਦਾ ਭੋਜਨ ਛਕਣਾ, ਸਾਦਗੀ ਦਾ ਪਹਿਰਾਵਾ ਧਾਰਨ ਕਰਨਾ, ਥੋੜਾ ਬੋਲਣਾ, ਬਾਣੀ ਬਾਣੇ ਦੇ ਪਰਪੱਕ ਧਾਰਨੀ ਰਹਿਣਾ। ਤਪੱਸਵੀਆਂ ਵਰਗੀ ਸੰਕੋਚਵੀਂ ਜੀਵਨ ਸ਼ੈਲੀ ਕਾਰਨ, ਭਾਉ ਭਗਤੀ ਦੇ ਉੱਭਰ ਰਹੇ ਅਕਸ ਤੋਂ ਗੁਰਮੁਖਾਂ ਦਾਨਿਸ਼ਮੰਦਾਂ ਨੇ ਭਲੀ ਭਾਂਤ ਅਨੁਭਵ ਕਰ ਲਿਆ ਸੀ ਕਿ ਆਪ ਦੁਨੀਆ ਤੇ ਵਿਲੱਖਣ ਪੂਰਨੇ ਪਾਉਣਗੇ। ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਦੇ ਸਚਖੰਡਿ ਪਿਆਨੇ ਤੋਂ ਉਪਰੰਤ 25 ਅਗਸਤ 1977 ਦਿਨ ਵੀਰਵਾਰ ਨੂੰ ਦਮਦਮੀ ਟਕਸਾਲ ਦੇ ਮੁਖੀ ਥਾਪੇ ਗਏ। ਜਬਰ ਜ਼ੁਲਮ ਦੇ ਖ਼ਿਲਾਫ਼ ਸ਼ਾਂਤਮਈ ਰੁਖ ਅਪਣਾਉਂਦਿਆਂ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ (ਅੰਮ੍ਰਿਤਸਰ) ਤੋਂ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਮਿਤੀ 20 ਸਤੰਬਰ 1981 ਦਿਨ ਐਤਵਾਰ ਨੂੰ ਗ੍ਰਿਫ਼ਤਾਰੀ ਦਿੱਤੀ।
19 ਜੁਲਾਈ 1982 ਦਿਨ ਸੋਮਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧਰਮ ਯੁੱਧ ਮੋਰਚੇ ਦੀ ਆਰੰਭਤਾ ਕੀਤੀ। ਜੂਨ 1984 ਵਿੱਚ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਤੋਪਾਂ ਟੈਂਕਾਂ ਅਤੇ ਲੱਖਾਂ ਦੀ ਫੌਜ ਨਾਲ ਹਮਲਾ ਕੀਤਾ ਗਿਆ।
ਆਪ ਜੀ ਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲਦਿਆਂ ਪਿਆਰੇ ਗੁਰਧਾਮਾਂ ਦੀ ਪਵਿੱਤਰਤਾ ਅਤੇ ਖ਼ਾਲਸਾ ਪੰਥ ਦੀ ਆਨ ਸ਼ਾਨ ਦੀ ਖ਼ਾਤਰ, ਆਪਣੇ ਸੂਰਬੀਰ ਯੋਧੇ ਸਾਥੀ ਸਿੰਘਾਂ ਨਾਲ, 6 ਜੂਨ 1984 ਦਿਨ ਬੁੱਧਵਾਰ ਨੂੰ ਸ਼ਹੀਦੀ ਦਿੱਤੀ।
ਆਪ ਜੀ ਨੇ ਹਰ ਧਰਮ ਦੀਆਂ ਕਦਰਾਂ ਕੀਮਤਾਂ ਹੱਕਾਂ ਦੀ ਖ਼ਾਤਰ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ ਕੀਤਾ। ਸਿੱਖ ਪੰਥ ਦੇ ਹੱਕਾਂ ਹਿਤਾਂ ਲਈ ਧਰਮ ਯੁੱਧ ਮੋਰਚੇ ਵਿੱਚ ਬੇਮਿਸਾਲ ਯੋਗਦਾਨ ਪਾਇਆ। ਅਣਗਿਣਤ ਪ੍ਰਾਣੀਆਂ ਦੇ ਨਸ਼ੇ ਛੁਡਵਾਏ, ਸਿੱਖ ਨੌਜਵਾਨਾਂ ਦੇ ਸਾਬਤ ਸੂਰਤ ਕੇਸ ਰਖਵਾਏ, ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਸ਼ੁੱਧ ਗੁਰਬਾਣੀ ਦੀ ਸੰਥਿਆ ਅਤੇ ਕਥਾ ਕੀਰਤਨ ਗੁਰਮਤਿ ਵਿੱਦਿਆ ਦੇ ਕੇ ਵਿਦਵਾਨ ਤਿਆਰ ਕੀਤੇ।
ਐਸੇ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਸਿੱਖੀ ਤੋਂ ਕੁਰਬਾਨ ਹੋਣ ਵਾਲੇ ਮਹਾਨ ਸੰਤ, ਬਾਬਾ ਏ ਕੌਮ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਦੇ ਸ਼ੁਭ ਉਦਘਾਟਨ ਸਮੇਂ ਪਿੰਡ ਰੋਡੇ (ਨਜ਼ਦੀਕ ਬਾਘਾ ਪੁਰਾਣਾ) ਜ਼ਿਲਾ ਮੋਗਾ ਵਿਖੇ 22 ਫਰਵਰੀ ਦਿਨ ਵੀਰਵਾਰ 2018 ਨੂੰ ਹਰ ਮਾਈ ਭਾਈ ਗੁਰੂ ਨਾਨਕ ਜੀ ਨਾਮ ਲੇਵਾ ਅਤੇ ਸਮੂਹ ਸਿੱਖ ਸੰਗਤਾਂ ਆਪਣਾ ਜ਼ਰੂਰੀ ਫਰਜ਼ ਸਮਝ ਕੇ ਉਦਘਾਟਨੀ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ।

ਸਨਿਮਰ ਬੇਨਤੀਆਂ ਕਰਤਾ : ਮਹਾਪੁਰਖਾਂ ਦੇ ਵਿਦਿਆਰਥੀ ਦਾਸਿਨ ਦਾਸ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ), ਪ੍ਰਧਾਨ ਸੰਤ ਸਮਾਜ
ਨੋਟ: ਗੁਰਦਵਾਰਾ ਸੰਤ ਖ਼ਾਲਸਾ ਅਸਥਾਨ ਦੀ ਅਤੇ ਹੋਰ ਸ਼ੁਭ ਸੇਵਾਵਾਂ ਸਮੂਹ ਸਿੱਖ ਸੰਗਤਾਂ ਦੀ ਅਸੀਸ ਅਤੇ ਸਹਿਯੋਗ ਨਾਲ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੁਆਰਾ ਕਰਵਾਈ ਗਈ।ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ (ਰੋਡੇ)

Share Button

Leave a Reply

Your email address will not be published. Required fields are marked *