ਧੁੱਪ ਵਿੱਚ ਸਾਵਣ 

ss1

 ਧੁੱਪ ਵਿੱਚ ਸਾਵਣ

   ਆਫਿਸ ਜਾਣ ਲਈ ਹਰ ਰੋਜ ਮੈਨੂੰ ਤਕਰੀਬਨ ਚਾਲੀ ਪੰਜਾਹ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਸੀ।ਹਰ ਰੋਜ਼ ਅਣਗਿਣਤ ਲੋਕਾਂ ਨੂੰ ਮਿਲਣ ਤੇ ਸਮਝਣ ਦਾ ਮੌਕਾ ਮਿਲਦਾ ਸੀ ।ਇਕ ਮੇਰੀ ਪੱਕੀ ਸਹੇਲੀ ਵੀ ਮੇਰੇ ਨਾਲ ਹੀ ਹੁੰਦੀ ਸੀ, ਅਸੀਂ ਦੋਵੇਂ ਇਕੋ ਜਗ੍ਹਾ ਨੌਕਰੀ ਕਰਦੀਆਂ ਸੀ।ਦਿਨ ਭਰ ਦੇ ਕੰਮ ਤੋਂ ਥੱਕੀਆਂ ਸ਼ਾਮ ਦੇ ਵੇਲੇ ਅਸੀਂ ਦੋਵੇਂ ਆਫਿਸ ਤੋਂ ਛੁੱਟੀ ਹੋਣ ਤੇ ਜਲਦੀ ਜਲਦੀ ਬੱਸ ਸਟੈਂਡ ਵੱਲ ਭੱਜਦੀਆਂ ਕਿ ਕਿਤੇ ਬੱਸ ਛੁੱਟ ਨਾ ਜਾਵੇ,ਕਿਉਂਕਿ ਉਸ ਬੱਸ ਤੋਂ ਬਾਅਦ ਫਿਰ ਇੱਕ ਘੰਟਾ ਹੋਰ ਇੰਤਜ਼ਾਰ ਕਰਨਾ ਪੈਂਦਾ ਸੀ ਬੱਸ ਆਉਣ ਦਾ।
 ਪਰ ਅਜੇ ਬੱਸ ਆਉਣ ਵਾਲੀ ਹੁੰਦੀ। ਸਭ ਬੱਸ ਦੀ ਉਡੀਕ ਵਿੱਚ ਵਿਚਲਿਤ ਹੋ ਰਹੇ ਹੁੰਦੇ।ਉਸ ਦਿਨ ਵੀ ਜਿਵੇਂ ਹੀ ਬੱਸ ਆਈ ਸਭ ਸਵਾਰੀਆਂ ਇਕ ਦੂਜੇ ਨੂੰ ਧੱਕੇ ਮਾਰਦੀਆਂ ਬੱਸ ਵਿੱਚ ਸਵਾਰ ਹੋਣ ਲੱਗੀਆਂ ।ਬੜੀ ਮੁਸ਼ਕਿਲ ਨਾਲ ਅਸੀਂ ਵੀ ਇਕ ਸੀਟ ਹਾਸਲ ਕਰ ਲਈ।ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਣ ਵਾਲੀ ਬੱਸ ਖਚਾਖਚ ਭਰ ਗਈ ।ਕੋਈ ਸਵਾਰੀ ਅਪਣਾ ਸਮਾਨ ਸੰਭਾਲ ਰਹੀ ਸੀ ਤੇ ਕੋਈ ਭੀੜ ਵਿਚ ਖੁਦ ਨੂੰ।ਕੁਝ ਸਵਾਰੀਆਂ ਸੀਟ ਮਿਲਣ ਬਾਅਦ ਆਪਸ ਵਿੱਚ ਗੱਲਾਂ ਕਰਨ ਵਿੱਚ ਵੀ ਮਸ਼ਰੂਫ ਹੋ ਗਈਆਂ ਸਨ।
ਆਖਰ ਬੱਸ ਚੱਲਣ ਦਾ ਟਾਇਮ ਹੋਇਆ। ਕੰਡਕਟਰ ਦੇ ਵਿਸਲ ਮਾਰਦਿਆਂ ਸਾਰ ਬਸ ਚੱਲ ਪਈ ।ਗਰਮੀ ਬਹੁਤ ਹੋਣ ਅਤੇ ਬੱਸ ਖਚਾਖਚ ਭਰੀ ਹੋਣ ਦੇ ਬਾਵਜੂਦ ਵੀ ਬੱਸ ਕੰਡਕਟਰ ਵਾਰ ਵਾਰ ਜਿੱਥੇ ਵੀ ਬੱਸ ਅੱਡੇ ਤੇ ਜਾਂ ਰਾਹ ਵਿਚ ਸਵਾਰੀਆਂ ਖੜੀਆਂ ਦੇਖਦਾ ਬੱਸ ਰੁਕਵਾ ਦਿੰਦਾ ਹਾਲਾਂਕਿ ਬੱਸ ਵਿੱਚ ਕੋਈ ਜਗ੍ਹਾ ਨਹੀਂ ਸੀ ਫਿਰ ਵੀ ਉਹ ਸਵਾਰੀਆਂ ਨੂੰ ਧੱਕ ਧੱਕ ਕੇ ਪੀੜ ਰਿਹਾ ਸੀ ।
ਸਾਡੇ ਨਾਲ ਵਾਲੀ ਸੀਟ ਤੇ 60-65 ਸਾਲ ਦੀ ਇੱਕ ਬੁੱਢੀ ਔਰਤ ਤੇ ਇਕ ਤੀਹ ਬੱਤੀ ਸਾਲ ਦੀ ਔਰਤ ਬੈਠੀਆਂ ਸਨ। ਜਿਵੇਂ ਹੀ ਬੁੱਢੀ ਔਰਤ ਦਾ ਧਿਆਨ ਸਾਡੇ ਵੱਲ ਗਿਆ।ਉਸਨੇ ਸਾਡੇ ਪੈਂਟ ਸ਼ਰਟ ਪਾਈ ਵੇਖ ਬੜੀ ਔਖੀ ਨਿਗਾਹ ਨਾਲ ਵੇਖ ਆਪਣੇ ਨਾਲ ਬੈਠੀ ਔਰਤ ਨਾਲ ਅੱਜ ਦੀਆਂ ਕੁੜੀਆਂ ਦੇ ਪਹਿਰਾਵੇ, ਪੜਾਈ ਲਿਖਾਈ ਤੇ ਨੌਕਰੀ ਕਰਨ ਤੇ ਕਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ ।ਸ਼ਾਇਦ ਉਸਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਉਸ ਦੀਆਂ ਸਭ ਗੱਲਾਂ ਸੁਣ ਰਹੀਆਂ ਸੀ ਜਾਂ ਜਾਣ ਬੁੱਝ ਕੇ ਉਹ ਸਾਨੂੰ ਇਹ ਸਭ ਗੱਲਾਂ ਸੁਣਾ ਰਹੀ ਸੀ ।
“ਮੈਨੂੰ ਤੇ ਭੈਣ ਜੀ ਸਮਝ ਨਹੀਂ ਆਉਂਦੀ ਕਿ ਅੱਜ ਦੇ ਮਾਂ ਬਾਪ ਕਿਧਰ ਨੂੰ ਜਾ ਰਹੇ ਨੇ, ਇਕ ਤੇ ਕੁੜੀਆਂ ਨੂੰ ਬਾਹਰ ਪੜਨੇ ਪਾ ਦਿੰਦੇ ਨੇ ਉੱਤੋ ਉਹਨਾਂ ਦੇ ਕੱਪੜੇ ਵੇਖ ਲਉ, ਕੋਈ ਸ਼ਰਮ ਲਿਹਾਜ਼ ਹੀ ਨਹੀਂ ਰਿਹਾ ਅੱਜ ਦੀਆਂ ਕੁੜੀਆਂ ਵਿੱਚ, ਜਦ ਇਹਨਾਂ ਨੂੰ ਪਤਾ ਹੈ ਕੁੜੀਆਂ ਵਿਆਹ ਕੇ ਅਗਲੇ ਘਰ ਚਲੇ ਜਾਣਾ ਫਿਰ ਕਿਉਂ ਇਹਨਾਂ ਤੇ ਐਨਾ ਪੈਸਾ ਖਰਚ ਕਰਦੇ ਨੇ ।ਕੁੜੀਆਂ ਤੇ ਭੈਣ ਜੀ ਘਰ ਸੰਭਾਲਦੀਆਂ ਹੀ ਸੋਹਣੀਆਂ ਲੱਗਦੀਆਂ ।ਆਹ ਜਿਹੜੀਆਂ ਵਾਰਦਾਤਾਂ ਹੁੰਦੀਆਂ ਹਰ ਰੋਜ਼, ਟੀ. ਵੀ., ਅਖਬਾਰ ਭਰੇ ਪਏ ਹੁੰਦੇ ਨੇ ਭੈੜੀਆਂ ਖਬਰਾਂ ਨਾਲ, ਲੰਡੇ ਕਪੜੇ ਪਾ ਕੇ ਕੁੜੀਆਂ ਖੁਦ ਹੀ ਕਰਵਾਉਂਦਿਆਂ ਇਹੋ ਜਿਹੀਆਂ ਵਾਰਦਾਤਾਂ।ਪਤਾ ਨਹੀਂ ਲੋਕਾਂ ਨੂੰ ਕਦੋਂ ਸਮਝ ਆਊਗੀ ਕਿ ਮੁੰਡੇ ਮਾਂ ਬਾਪ ਦਾ ਆਸਰਾ ਹੁੰਦੇ ਨੇ ਨਾ ਕਿ ਕੁੜੀਆਂ। ਮੈਂ ਤੇ ਅੱਜ ਤਾਈਂ ਨਹੀਂ ਵੇਖਿਆ ਕੁੜੀਆਂ ਨੂੰ ਕਮਾਉਂਦੇ ਹੋਏ ਇਹ ਤਾਂ ਨਵੀਂ ਹੀ ਰੀਤ ਚਲਾ ਲਈ ਹੈ ਜਮਾਨੇ ਨੇ, ਨਾ ਭਲਾ ਤੁਸੀਂ ਦੱਸੋ ਕੁੜੀਆਂ ਬਾਹਰ ਕੰਮ ਕਰਦੀਆਂ ਚੰਗੀਆਂ ਲੱਗਦੀਆਂ ।ਕੰਮ ਤਾਂ ਮੁੰਡੇ ਕਰਦੇ ਆ। ਉਹੀ ਮਾਂ ਬਾਪ ਦਾ ਸਹਾਰਾ ਬਣਦੇ ਆ। ਮਾਪਿਆਂ ਦਾ ਨਾਉਂ ਰੋਸ਼ਨ ਕਰਦੇ ਆ।ਮੈਂ ਤਾਂ ਜੀ ਕੁੜੀਆਂ ਦੀ ਪੜਾਈ ਲਿਖਾਈ ਦੇ ਸਖਤ ਖਿਲਾਫ ਹਾਂ।”ਨਾਲ ਬੈਠੀ ਔਰਤ ਉਸ ਬਜ਼ੁਰਗ ਔਰਤ ਦੀਆਂ ਗੱਲਾਂ ਸੁਣ ਕੇ ਸਿਰ ਹਿਲਾਈ ਗਈ ਪਰ ਅੱਗੋਂ ਕੁਝ ਉਸ ਬੋਲਣ ਦੀ ਹਿੰਮਤ ਨਾ ਕੀਤੀ, ਦਿਲ ਮੇਰਾ ਵੀ ਕਰ ਰਿਹਾ ਸੀ ਕੁਝ ਕਹਿਣ ਨੂੰ ਉਸਨੂੰ ਪਰ ਬਜ਼ੁਰਗ ਸਮਝ ਕੇ ਮੈਂ ਜਾਣ ਦਿੱਤਾ ।
ਜਦ ਅੱਧਾ ਕੁ ਸਫਰ ਤੈਅ ਹੋਇਆ ਤਾਂ ਬੱਸ ਰੋਕ ਦਿੱਤੀ ਗਈ ਡਰਾਈਵਰ ਦੇ ਚਾਹ ਪਾਣੀ ਪੀਣ ਲਈ।ਸਵਾਰੀਆਂ ਵੀ ਅਪਣੇ ਲਈ ਸਮਾਨ ਲੈਣ ਲੱਗੀਆਂ।ਬੱਸ ਵਿੱਚ ਜਿੰਨੇ ਕੁ ਨੌਜਵਾਨ ਮੁੰਡੇ ਸਨ ਸਭ ਬੱਸ ਚੋਂ ਬਾਹਰ ਨਿਕਲ ਕੇ ਇਧਰ ਉਧਰ ਟਹਿਲਣ ਲੱਗ ਪਏ । ਉਹ ਜੋ ਬੁੱਢੀ ਔਰਤ ਬੈਠੀ ਸੀ ਉਸ ਨੂੰ ਬਹੁਤ ਪਿਆਸ ਲੱਗੀ ਸੀ, ਜਦ ਪਾਣੀ ਵਾਲੀ ਬੋਤਲ ਵੇਖੀ ਤਾਂ ਉਹ ਖਾਲੀ ਸੀ ।ਅਪਣੀ ਬੋਤਲ ਵਿਚ ਪਾਣੀ ਭਰਵਾਉਣ ਲਈ ਕਿਸੇ ਮੁੰਡੇ ਦੀ ਰਾਹ ਤੱਕਣ ਲੱਗੀ।ਫਿਰ ਅਪਣੇ ਸਾਹਮਣੇ ਖੜ੍ਹੇ ਮੁੰਡੇ ਨੂੰ ਬੜੇ ਪਿਆਰ ਨਾਲ ਆਵਾਜ਼ ਮਾਰ ਕੇ ਉਸ ਔਰਤ ਨੇ ਉਸ ਨੂੰ ਸਾਹਮਣੇ ਲੱਗੇ ਨਲ ਤੋਂ ਪਾਣੀ ਭਰਨ ਲਈ ਕਿਹਾ ।ਪਰ ਉਸ ਮੁੰਡੇ ਨੇ ਉਸ ਔਰਤ ਵੱਲ ਜਰਾ ਧਿਆਨ ਨਹੀਂ ਦਿੱਤਾ ।ਉਸ ਔਰਤ ਨੂੰ  ਐਦਾ ਲੱਗਿਆ ਜਿਵੇਂ ਕਿ ਉਸ ਮੁੰਡੇ ਨੂੰ ਉਸਦੀ ਅਵਾਜ਼ ਸੁਣਾਈ ਨਹੀਂ ਦਿੱਤੀ ਸ਼ੋਰ ਜਿਆਦਾ ਹੋਣ ਕਰਕੇ, ਇਸ ਲਈ ਉਸਨੇ ਉਸ ਮੁੰਡੇ ਨੂੰ ਫਿਰ ਤੋਂ ਅਵਾਜ਼ ਲਗਾਈ “ਵੇ ਪੁੱਤ! ਆਹ ਮੇਰੀ ਪਾਣੀ ਵਾਲੀ ਬੋਤਲ ਤੇ ਭਰ ਦੇ ਸਾਹਮਣੇ ਵਾਲੀ ਟੂਟੀ ਤੋਂ ਰੱਬ ਤੈਨੂੰ ਤਰੱਕੀ ਦਵੇ।” ਉਸ ਔਰਤ ਨੇ ਉਸ ਮੁੰਡੇ ਨੂੰ ਦੁਆਵਾਂ ਦੇਂਦਿਆਂ ਹੋਇਆਂ ਕਿਹਾ ।
“ਜਿਆਦਾ ਪਿਆਸ ਲੱਗੀ ਹੈ ਤੇ ਬੇਬੇ ਆਪੇ ਜਾ ਕੇ ਭਰ ਲੈ ਬੋਤਲ, ਮੇਰੇ ਕੋਲ ਹੈ ਨਹੀਂ ਐਨਾ ਟੀਮ, ਇਹ ਬੋਤਲ ਭਰਨ ਨੂੰ। ਹੁਣ ਤੈਨੂੰ ਭਰ ਕੇ ਦਊਂਗਾ ਫਿਰ ਕੋਈ ਹੋਰ ਬੁੱਢੀ ਕਹਿ ਦਊਗੀ ਮੈਂ ਤਾਂ ਬਸ ਇਹੀ ਕੰਮ ਹੀ ਕਰਦਾ ਰਹਿ ਜਾਊਂਗਾ ।”
“ਪੁੱਤ ਭਰਨ ਨੂੰ ਕੀ ਸੀ ਮੈਂ ਵੀ ਬੋਤਲ ਭਰ ਲਿਆਉਂਦੀ ਪਰ ਬੱਸ ਚੱਲਣ ਵਾਲੀ ਹੈ ਤਾਂ ਕਰਕੇ ਜੇ ਮੇਰੇ ਬੋਤਲ ਭਰਦੀ ਦੇ ਬੱਸ ਚਲ ਪਈ ਫਿਰ ਮੈਥੋਂ ਚੜਿਆ ਨਹੀਂ ਜਾਣਾ ਚੱਲਦੀ ਬੱਸ ਤੇ, ਤੂੰ ਤਾਂ ਬਾਹਰ ਹੀ ਖੜਾ ਹੈ ਨਾਲੇ ਸੁੱਖ ਨਾਲ ਜਵਾਨ ਵੀ ।”
“ਜੋ ਵੀ ਹੈ ਬੇਬੇ ਪਰ ਮੇਰੇ ਕੋਲ ਹੈ ਨਹੀਂ ਟੈਮ ਤੇਰੇ ਇਸ ਫਾਲਤੂ ਕੰਮ ਲਈ ।”
ਜਦ ਉਸ ਮੁੰਡੇ ਨੇ ਉਸ ਔਰਤ ਨੂੰ ਸਾਫ਼ ਨਾਂਹ ਕਰ ਦਿੱਤੀ ਤਾਂ ਨਾਲ ਬੈਠੀ ਔਰਤ ਬੋਲੀ “ਇਹ ਹੈ ਅੱਜ ਦੀ ਨੌਜਵਾਨ ਪੀੜ੍ਹੀ, ਇਹ ਕੀ ਮਾਪਿਆਂ ਦੀ ਸੇਵਾ ਕਰੂਗਾ ਜਿਸ ਤੋਂ ਇਕ ਬੋਤਲ ਪਾਣੀ ਦੀ ਭਰ ਕੇ ਨਹੀਂ ਦਿੱਤੀ ਗਈ।” ਜਦੋਂ ਉਸ ਔਰਤ ਦੀ ਗੱਲ ਪੂਰੀ ਹੋਈ ਤਾਂ ਮੈਂ ਉਸ ਬੁਢੀ ਔਰਤ ਕੋਲ ਜਾ ਕੇ ਕਿਹਾ
“ਲਿਆਉ ਮਾਤਾ ਜੀ ਮੈਂ ਲਿਆ ਦਿੰਦੀ ਹਾਂ ਪਾਣੀ ਤੁਹਾਨੂੰ ।”ਮੇਰੀ ਸਹੇਲੀ ਨੇ ਮੈਨੂੰ ਇਸ਼ਾਰਾ ਕਰਕੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਕਿਉਂਕਿ ਉਹ ਔਰਤ ਕੁੜੀਆਂ ਦੀ ਬੁਰਾਈ ਕਰ ਰਹੀ ਸੀ ਇਸ ਕਰਕੇ ਮੇਰੀ ਸਹੇਲੀ ਨੂੰ ਉਹ ਚੰਗੀ ਨਹੀਂ ਸੀ ਲੱਗ ਰਹੀ ਪਰ ਮੈਂ ਉਸਦੀ ਗੱਲ ਨਹੀਂ ਮੰਨੀ
“ਧੀਏ ਤੂੰ ਜਾਏਂਗੀ ਪਾਣੀ ਲੈਣ? ਪਰ ਬੱਸ ਚੱਲਣ ਵਾਲੀ ਹੈ।”ਉਸਨੇ ਨਿਮਰਤਾ ਨਾਲ ਕਿਹਾ ।
“ਤਾਂ ਕੀ ਹੋਇਆ ਬੱਸ ਚੱਲਣ ਵਾਲੀ ਹੈ ਤੇ ਦੋ ਮਿੰਟਾਂ ਦੀ ਗੱਲ ਹੈ ਮੈਂ ਹੁਣੇ ਲੈ ਆਵਾਂਗੀ ਪਾਣੀ ।” ਮੈਂ ਉਸ ਔਰਤ ਤੋਂ ਜਲਦੀ ਨਾਲ ਬੋਤਲ ਪਕੜੀ ਤੇ ਬੱਸ ਤੋਂ ਹੇਠਾਂ ਉਤਰ ਕੇ ਪਾਣੀ ਭਰਨ ਚਲੀ ਗਈ ।ਬੱਸ ਚੱਲਣ ਵਿੱਚ ਅਜੇ ਦੋ ਮਿੰਟ ਬਾਕੀ ਸਨ ਕਿ ਮੈਂ ਪਾਣੀ ਭਰ ਕੇ ਲੈ ਵੀ ਆਈ।ਉਸ ਤੋਂ ਬਾਅਦ ਉਸ ਔਰਤ ਨੇ ਮੈਨੂੰ ਬਹੁਤ ਦੁਆਵਾਂ ਦਿੱਤੀਆਂ ।
“ਇਕ ਗੱਲ ਕਹਾਂ ਮਾਤਾ ਜੀ।”
“ਹਾਂ ਬੋਲ ਪੁੱਤਰ। “
” ਚਾਹੇ ਕੁੜੀ ਹੋਏ ਜਾਂ ਮੁੰਡਾ ਸਭ ਰੱਬ ਦੇ ਬਣਾਏ ਜੀਅ ਹਨ ।ਫਿਰ ਆਪਾਂ ਕਿਉਂ ਕਿਸੇ ਨਾਲ ਭੇਦਭਾਵ ਕਰੀਏ।ਕਈ ਵਾਰ ਜੋ ਕੰਮ ਮੁੰਡਿਆਂ ਦੇ ਹੁੰਦੇ ਹਨ ਉਹ ਕੁੜੀਆਂ ਕਰਦੀਆਂ ਹਨ ਤੁਸੀਂ ਆਪ ਵੀ ਤਾਂ ਇਕ ਔਰਤ ਹੋ ਫਿਰ ਔਰਤ ਹੋ ਕੇ ਔਰਤ ਦੇ ਦੁਸ਼ਮਣ ਕਿਉਂ?ਵਕਤ ਬਦਲ ਗਿਆ ਹੈ ਅਤੇ ਆਪਾਂ ਨੂੰ ਵੀ ਵਕਤ ਦੇ ਨਾਲ ਚਲਣਾ ਚਾਹੀਦਾ ਹੈ।ਕੀ ਤੁਸੀਂ ਕਦੇ ਨਹੀਂ ਸੋਚਿਆ ਸੀ ਕਿ ਤੁਸੀਂ ਵੀ ਪੜ੍ਹੇ ਲਿਖੇ ਹੁੰਦੇ ਤਾਂ ਸ਼ਾਇਦ ਤੁਸੀਂ ਇਥੇ ਨਹੀਂ ਕਿਤੇ ਹੋਰ ਹੋਣਾ ਸੀ?ਨਾਲੇ ਇਹ ਵੀ ਸਚਾਈ ਹੈ ਇਕ ਕੁੜੀ ਦੇ ਪੜਨ ਨਾਲ ਪੂਰਾ ਪਰਿਵਾਰ ਪੜ੍ਹ ਜਾਂਦਾ ।ਆਖਿਰ ਕਦੋਂ ਤੱਕ ਆਪਾਂ ਇਹ ਦੋਗਲੀ ਸੋਚ ਲੈ ਕੇ ਸਾਰੇ ਦੇਸ਼ਾਂ ਤੋਂ ਪਿੱਛੇ ਰਹਾਂਗੇ? ਹੁਣ ਮੌਕਾ ਹੈ ਸਮਾਜ ਨੂੰ ਕੁਝ ਕਰਕੇ ਵਿਖਾਉਣ ਦਾ ਕਿ ਕੁੜੀ ਬੁਜਦਿਲ ਤੇ ਡਰਪੋਕ ਨਹੀਂ ਸਗੋਂ ਉਹ ਵੀ ਮੁੰਡਿਆਂ ਵਾਂਗੂੰ ਜੁਝਾਰੂ ਕੰਮ ਕਰ ਸਕਦੀ ਹੈ, ਉਹ ਮੁੰਡਿਆਂ ਤੋਂ ਘੱਟ ਨਹੀਂ।”ਮੈਂ ਇਹ ਸਭ ਸਮਝਾ ਹੀ ਰਹੀ ਸੀ ਕਿ ਮੈਂ ਵੇਖਿਆ ਕਿ ਉਹ ਬੁੱਢੀ ਔਰਤ ਬੜੀ ਡੂੰਘੀ ਸੋਚ ਵਿੱਚ ਸੀ, ਉਸ ਨੇ ਗੰਭੀਰਤਾ ਨਾਲ ਸੋਚਦੀ ਨੂੰ ਕੁਝ ਯਾਦ ਆਇਆ ਜੋ ਉਸ ਸਾਡੇ ਨਾਲ ਸਾਂਝਾ ਕੀਤਾ ।ਉਸ ਨੂੰ ਯਾਦ ਆਇਆ ਜਦ ਉਸਦੀ ਮਾਂ ਨੇ ਉਸਦੇ ਬਾਪੂ ਨਾਲ ਲੜ ਝਗੜ ਕੇ ਉਸ ਨੂੰ ਸਕੂਲ ਪੜਨੇ ਪਾਇਆ ਸੀ। ਬੜੇ ਵੱਡੇ-ਵੱਡੇ ਖਵਾਬ ਵੇਖੇ ਸਨ ਉਸਨੇ ਤੇ ਉਸਦੀ ਮਾਂ ਨੇ ਕਿ ਵੱਡੀ ਹੋ ਕੇ ਅਫਸਰ ਬਣੇਗੀ। ਪਰ ਜਦੋਂ ਅਜੇ ਉਹ ਦੂਜੀ ਜਮਾਤ ਵਿਚ ਹੀ ਹੋਈ ਸੀ ਕਿ ਉਸ ਦੇ ਬਾਪੂ ਨੇ ਉਸਦੀ ਮਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਸਕੂਲ ਤੋਂ ਹਟਵਾ ਦਿੱਤਾ ਸੀ ।ਉਸ ਦਿਨ ਉਹ ਬਹੁਤ ਰੋਈ ਸੀ ।ਪਰ ਅੱਜ ਉਹ ਕੀ ਕਰ ਰਹੀ ਹੈ ਆਪਣੇ ਬਾਪੂ ਵਾਂਗ ਕੁੜੀਆਂ ਨੂੰ ਅੱਗੇ ਵੱਧਣ ਤੋਂ ਰੋਕ ਰਹੀ ਸੀ ।
“ਮੈਨੂੰ ਮਾਫ ਕਰ ਦੇ ਧੀਏ ਮੈਂ ਕੰਨ ਪਕੜ ਕੇ ਆਪਣੀ ਗਲਤੀ ਦੀ ਮਾਫੀ ਮੰਗਦੀ ਹਾਂ, ਕੁੜੀਆਂ ਮੁੰਡਿਆਂ ਤੋਂ ਚੰਗੀਆਂ ਨੇ ।ਮੈਂ ਔਰਤ ਹੋ ਕੇ ਔਰਤ ਦੀ ਦੁਸ਼ਮਣ ਬਣ ਬੈਠੀ।ਅੱਜ ਤੋਂ ਬਾਅਦ ਪੁੱਤਰ ਤੇ ਧੀ ਦੋਵੇਂ ਬਰਾਬਰ ਹਨ ਮੇਰੇ ਲਈ ।ਹੁਣ ਜੇ ਕੋਈ ਮਾਪੇ ਆਪਣੀ ਧੀ ਨੂੰ ਸਕੂਲ ਨਹੀਂ ਭੇਜਦੇ ਮੈਂ ਲੜ ਕੇ ਉਹਨਾਂ ਨੂੰ ਕਹਾਂਗੀ ਕਿ ਕੁੜੀ ਨੂੰ ਸਕੂਲ ਭੇਜੋ।”
ਉਸ ਦਿਨ ਉਹ ਸਫਰ ਜੋ ਬੁਰਾ ਲੱਗ ਰਿਹਾ ਸੀ ਉਸਦਾ ਅੰਜਾਮ ਐਨਾ ਖੂਬਸੂਰਤ ਹੋਏਗਾ ਸੋਚਿਆ ਨਹੀਂ ਸੀ ।ਕੁਝ ਪਲਾਂ ਵਿਚ, ਇਕ ਘਟਨਾ ਨਾਲ ਉਸ ਔਰਤ ਦੀ ਸੋਚ ਬਦਲ ਗਈ ।ਜਿਵੇਂ ਕਿ ਧੁੱਪ ਵਿੱਚ ਸਾਵਣ ਆ ਗਿਆ ਅਤੇ ਵਿਤਕਰੇ ਦੀ ਭੁੱਬਲ ਪਛਤਾਵੇ ਦੇ ਮੀਂਹ ਨਾਲ ਧਰਤੀ ਵਿੱਚ ਜਮ ਗਈ।ਮਨ ਬਹੁਤ ਖੁਸ਼ ਸੀ ਪੂਰੀ ਦੁਨੀਆਂ ਤਾਂ ਨਹੀਂ ਪਰੰਤੂ ਇਕ ਇਨਸਾਨ ਦੀ ਸੋਚ ਬਦਲਣ ਨਾਲ ਜੋ ਸਕੂਨ ਮਿਲਿਆ ਸ਼ਬਦਾਂ ਵਿੱਚ ਦੱਸਣਾ ਅਸੰਭਵ ਹੈ ਸੋ ਜਦੋਂ ਤੁਸੀਂ ਕਿਸੇ ਦੀ ਸੋਚ ਬਦਲੋਗੇ ਖੁਦ ਹੀ ਮਹਿਸੂਸ ਕਰ ਸਕੋਗੇ ।
ਸਰੂਚੀ ਕੰਬੋਜ 
ਤਹਿਸੀਲ-ਫਾਜ਼ਿਲਕਾ 
ਵਟਸਐਪ-9872348277
Share Button

Leave a Reply

Your email address will not be published. Required fields are marked *