Sun. Aug 18th, 2019

ਧਾਰਾ 370 ਰੱਦ ਕਰਨ ਦੇ ਮੁਦੇ ਨੂੰ ਲੈ ਕੇ ਪ੍ਰਵਾਸੀ ਭਾਰਤੀ ਦੋ ਧੜਿਆਂ ਚ ਵੰਡੇ ਗਏ

ਧਾਰਾ 370 ਰੱਦ ਕਰਨ ਦੇ ਮੁਦੇ ਨੂੰ ਲੈ ਕੇ ਪ੍ਰਵਾਸੀ ਭਾਰਤੀ ਦੋ ਧੜਿਆਂ ਚ ਵੰਡੇ ਗਏ

ਚੈਸਪੀਕ ਵਿਰਜੀਨੀਆ- 9 ਅਗਸਤ (ਸੁਰਿੰਦਰ ਢਿਲੋਂ): ਭਾਰਤ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਹਿੰਦੂ ਰਾਸ਼ਟਰਵਾਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਕੇ ਸੰਵਿਧਾਨ ਦੀ ਉਹ ਧਾਰਾ ਜੋ ਕੇ ਆਰਟੀਕਲ 370 ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿਸ ਰਾਹੀਂ ਕਸ਼ਮੀਰੀਆਂ ਨੂੰ ਵਿਸ਼ੇਸ਼ ਖਾਨਦਾਨੀ ਹੱਕ ਤੇ ਵੱਖਰਾ ਸੰਵਿਧਾਨ ਦਿੱਤਾ ਗਿਆ ਸੀ ਉਸ ਨੂੰ ਖਤਮ ਕਰਕੇ ਕਸ਼ਮੀਰ ਨੂੰ ਕੇਂਦਰੀ ਸ਼ਾਸ਼ਿਤ ਇਲਾਕੇ ਦਾ ਦਰਜਾ ਦਿੱਤਾ ਗਿਆ ਹੈ ਉਸ ਨੂੰ ਲੈ ਕੇ ਪ੍ਰਵਾਸੀ ਲੋਕਾਂ ਵਿਚ ਇਸਦੇ ਵਿਰੋਧ ਤੇ ਹੱਕ ਵਿਚ ਹੋਣ ਦੀਆਂ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ |
ਰਾਜਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਹਨ ਇਸ ਮਤ ਦੇ ਲੋਕ ਸਰਕਾਰ ਦੇ ਇਸ ਫੈਸਲੇ ਦੇ ਵਿਰੋਧੀ ਹਨ ਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕੇ ਇਸ ਸੰਵਿਧਾਨਿਕ ਸੋਧ ਨਾਲ ਕਸ਼ਮੀਰ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ | ਉਨ੍ਹਾਂ ਦਾ ਇਹ ਵੀ ਮਤ ਹੈ ਕੇ ਇਹ ਵੋਟ ਰਾਜਨੀਤੀ ਨੂੰ ਮੁਖ ਰੱਖ ਕੇ ਲਿਆ ਗਿਆ ਫੈਸਲਾ ਹੈ ਜੋ ਕੇ ਰਾਸ਼ਟਰਵਾਦ ਦੀ ਭਾਵਨਾ ਦਾ ਮਾਖੌਟਾ ਹੈ ਘੱਟ ਗਿਣਤੀਆਂ ਵਿਰੁੱਧ ਬਹੁ-ਗਿਣਤੀ ਦੀ ਲਾਮਬੰਦੀ ਤੋਂ ਸਿਵਾਏ ਹੋਰ ਕੁਝ ਨਹੀਂ | ਅਜਿਹੀ ਹੀ ਅਖੌਤੀ ਰਾਸ਼ਟਰਵਾਦ ਦੀ ਭਾਵਨਾ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਵੀ ਦੇਖਣ ਨੂੰ ਮਿਲੀ ਸੀ ਜਿਸਦਾ ਲਾਹਾ ਸੱਤਾਧਾਰੀ ਧਿਰ ਨੇ ਲਿਆ ਸੀ |ਮੀਡਿਆ ਦਾ ਇਕ ਵੱਡਾ ਹਿਸਾ ਜੋ ਸਰਕਾਰ ਪੱਖੀ ਹੈ ਉਸਨੇ ਜੋ ਭੂਮਿਕਾ ਉਸ ਸਮੇ ਨਿਭਾਈ ਸੀ ਉਹ ਜਗ ਜਾਹਿਰ ਹੈ ਕਿਵੇਂ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ | ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕੇ ਇਸ ਪਿਰਤ ਦਾ ਸੰਤਾਪ ਕੁਝ ਹੋਰ ਰਾਜਾਂ ਨੂੰ ਵੀ ਆਉਦੇ ਦਿੰਨਾਂ ਵਿਚ ਝਲਣਾ ਪੈ ਸਕਦਾ ਹੈ ਜਿਸ ਵਿਚ ਪੰਜਾਬ ਦੀ ਚਰਚਾ ਵੀ ਹੋ ਰਹੀ ਹੈ |
ਪ੍ਰਵਾਸੀ ਸਿੱਖ ਆਮ ਕਰਕੇ ਸਰਕਾਰ ਦੇ ਇਸ ਫੈਸਲੇ ਦੇ ਵਿਰੋਧੀ ਹਨ ਤੇ ਉਹ ਕਸ਼ਮੀਰੀ ਲੋਕਾਂ ਦੇ ਨਾਲ ਹਨ | ਜਦੋ ਅਸੀਂ ਕੁਝ ਸਿਖਾਂ ਨੂੰ ਉਨ੍ਹਾਂ ਦਾ ਪੱਖ ਜਾਨਣ ਲਈ ਪੁਛਿਆ ਤਾਂ ਉਨ੍ਹਾਂ ਵਿਚੋਂ ਕੁਝ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕੇ ਸਰਕਾਰ ਦੇ ਇਸ ਫੈਸਲੇ ਨੇ ਲੋਕਾਂ ਨੂੰ ਦੋ ਧਿਰਾਂ ਵਿਚ ਵੰਡ ਦਿੱਤਾ ਹੈ ਇਕ ਪਾਸੇ ਹਿੰਦੂ ਰਾਸ਼ਟਰਵਾਦੀ ਤੇ ਦੂਜੇ ਪਾਸੇ ਸੈਕੂਲਰ ਤੇ ਘੱਟ-ਗਿਣਤੀਆਂ ਦੇ ਲੋਕ ਹਨ ਜਦੋਂ ਉਨ੍ਹਾਂ ਦਾ ਨਾਮ ਗੁਪਤ ਰੱਖਣ ਦਾ ਕਾਰਨ ਜਾਨਣਾ ਚਾਹਿਆ ਤਾਂ ਉਨ੍ਹਾਂ ਦੱਸਿਆ ਕੇ ਸਾਨੂੰ ਇੰਡੀਆ ਦਾ ਵੀਜਾ ਮਿਲਣ ਵਿਚ ਮੁਸ਼ਕਿਲ ਆ ਸਕਦੀ ਹੈ | ਸਿਖਾਂ ਦਾ ਇਹ ਮੰਨਣਾ ਸੀ ਕੇ ਮੋਦੀ ਸਰਕਾਰ ਘੱਟ-ਗਿਣਤੀਆਂ ਵਿਰੋਧੀ ਹੈ ਤੇ ਇਸ ਦੇ ਫੈਸਲਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਰਕਾਰ ਵਲੋ ਪ੍ਰੇਸ਼ਾਨ ਕੀਤੇ ਜਾਣ ਦਾ ਡਰ ਲੋਕਾਂ ਵਿਚ ਹੈ ਪਰ ਸਰਕਾਰ ਦੇ ਸਹੀ ਫੈਸਲਿਆਂ ਦੇ ਉਹ ਹਮਾਇਤੀ ਹਨ |
ਧਾਰਾ 370 ਖਤਮ ਕਰਨ ਦੇ ਫੈਸਲੇ ਦੇ ਹਾਮੀਆਂ ਦਾ ਕਹਿਣਾ ਹੈ ਕੇ ਇਸ ਨਾਲ ਕਸ਼ਮੀਰ ਦਾ ਜਿਥੇ ਬਹੁ-ਪੱਖੀ ਵਿਕਾਸ ਹੋਵੇਗਾ ਉਥੇ ਕਸ਼ਮੀਰ ਵਿੱਚੋ ਪਲਾਨ ਕਰਕੇ ਆਏ ਕਸ਼ਮੀਰੀ ਪੰਡਿਤਾਂ ਦਾ ਮੁੜ ਵਸੇਬਾ ਹੋ ਸਕੇਗਾ | ਉਨ੍ਹਾਂ ਦਾ ਇਹ ਵੀ ਮਤ ਹੈ ਕੇ ਕਸ਼ਮੀਰ ਸਮਸਿਆ ਵੀ ਹੱਲ ਹੋਵੇਗੀ ਪਰ ਅਜਿਹੇ ਲੋਕਾਂ ਵਿਚ ਬਹੁ – ਗਿਣਤੀ ਮੋਦੀ ਪੱਖੀਆਂ ਦੀ ਹੈ | |
ਜਿਸ ਤਰ੍ਹਾਂ ਕਸ਼ਮੀਰੀ ਧੀਆਂ ਭੈਣਾਂ ਬਾਰੇ ਇਕ ਵਰਗ ਵਲੋਂ ਮੰਦਭਾਗੀ ਸ਼ਬਦਾਵਲੀ ਦੀ ਵਰਤੋਂ ਸੋਸ਼ਲ ਮੀਡਿਆ ਤੇ ਹੋ ਰਹੀ ਹੈ ਉਸਦੀ ਨਿੰਦਾ ਪ੍ਰਵਾਸੀ ਭਾਰਤੀਆਂ ਦੇ ਹਰ ਵਰਗ ਵਲੋਂ ਹੋ ਰਹੀ ਹੈ | ਸਰਕਾਰ ਨੂੰ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਾਹੌਲ ਨਾ ਵਿਗੜੇ |

Leave a Reply

Your email address will not be published. Required fields are marked *

%d bloggers like this: