Fri. Apr 19th, 2019

ਧਾਰਮਿਕ ਸਥਾਨਾਂ ‘ਤੇ ਵਜਦੇ ਸਪੀਕਰਾਂ ਦਾ ਸ਼ੋਰ ਕੰਨ ਪਾੜਵਾਂ ਹੈ ਪੰਜਾਬ ‘ਚ – ਪੋਲਿਊਸ਼ਨ ਬੋਰਡ

ਧਾਰਮਿਕ ਸਥਾਨਾਂ ‘ਤੇ ਵਜਦੇ ਸਪੀਕਰਾਂ ਦਾ ਸ਼ੋਰ ਕੰਨ ਪਾੜਵਾਂ ਹੈ ਪੰਜਾਬ ‘ਚ – ਪੋਲਿਊਸ਼ਨ ਬੋਰਡ

ਪਟਿਆਲਾ,15 ਅਪ੍ਰੈਲ, 2018 : ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ-ਸਵੇਰੇ ਧਾਰਮਿਕ ਸਥਾਨਾਂ ‘ਤੇ ਚੱਲ ਰਹੇ ਲਾਊਡ ਸਪੀਕਰਾਂ ਦੀ ਆਵਾਜ਼਼ ਨੂੰ ਬੋਰਡ ਦੀਆਂ ਟੀਮਾਂ ਦੁਆਰਾ ਪਹਿਲੀ ਵਾਰ ਮਾਪਿਆ ਗਿਆ, ਜਿਸ ਦੇ ਨਤੀਜੇ ਹੈਰਾਨੀਜਨਕ ਪਾਏ ਗਏ।
ਸ਼ੋਰ ਪ੍ਰਦੂਸ਼ਣ ਕੰਟਰੋਲ ਨਿਯਮਾਂ ਅਨੁਸਾਰ ਰਾਤ ਦੇ  ਸਮੇਂ (ਰਾਤ 10:00 ਤੋਂ ਸਵੇਰੇ 6:00 ਵਜੇ ਤੱਕ) ਰਿਹਾਇਸ਼ੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੋਰ ਦੀ ਹੱਦ 45 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦਕਿ ਰਾਤ ਸਮੇ ਕਿਸੇ ਕਿਸਮ ਦਾ ਲਾਊਡ ਸਪੀਕਰ ਅਤੇ ਹੋਰ ਸ਼ੋਰ ਪ੍ਰਦੂਸ਼ਣ ਕਰਨ ਵਾਲੇ ਯੰਤਰ ਚਲਾਉਣ ਤੇ ਸੁਪਰੀਮ ਕੋਰਟ ਵੱਲੋਂ ਪਾਬੰਦੀ ਲਾਈ ਹੋਈ ਹੈ । ਬੋਰਡ  ਦੀਆਂ ਟੀਮਾਂ ਵੱਲੋਂ ਪਿਛਲੇ ਦਿਨੀਂ ਸਵੇਰੇ 4:00 ਵਜੇ ਤੋਂ 6:00 ਵਜੇ ਤੱਕ ਵੱਖ ਵੱਖ ਧਾਰਮਿਕ ਅਸਥਾਨਾਂ, ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਦੇ ਲਾਊਡ ਸਪੀਕਰਾਂ ਤੋਂ ਆ ਰਹੀ ਆਵਾਜ ਨੂੰ ਵਿਗਿਆਨਕ ਤਰੀਕੇ ਨਾਲ ਮਾਪਿਆ ਗਿਆ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੋਲਿਊਸ਼ਨ ਕੰਟਰੋਲ  ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮੰਦਰਾਂ, ਗੁਰਦੁਆਰਿਆਂ ਅਤੇ ਮਸੀਤਾਂ ਦੀ ਹਦੂਦ ਤੋਂ ਲੈ ਕੇ 50 ਮੀਟਰ, 100 ਮੀਟਰ ਅਤੇ 200 ਮੀਟਰ ਦੀ ਦੂਰੀ ਤੱਕ ਸਪੀਕਰਾਂ ਤੋਂ ਆ ਰਹੀ ਆਵਾਜ ਨੂੰ ਮਾਪਣ ‘ਤੇ ਪਾਇਆ ਗਿਆ ਕਿ ਇਹਨਾਂ ਦੀ ਹਦੂਦ ਤੇ 60 ਤੋਂ  88 ਡੈਸੀਬਲ ਤੱਕ, 50 ਮੀਟਰ ਦੀ ਦੂਰੀ ਤੇ 53 ਡੈਸੀਬਲ ਤੋਂ 87 ਡੈਸੀਬਲ ਤੱਕ, 100 ਮੀਟਰ ਦੀ ਦੂਰੀ ਤੇ 50 ਡੈਸੀਬਲ ਤੋਂ 72 ਡੈਸੀਬਲ ਤੱਕ ਅਤੇ 200 ਮੀਟਰ ਦੀ ਦੂਰੀ ਤੇ 50 ਡੈਸੀਬਲ ਤੋਂ 70 ਡੈਸੀਬਲ ਤੱਕ ਰਿਕਾਰਡ ਕੀਤੀ ਗਈ ਜੋ ਕਿ 45 ਡੈਸੀਬਲ ਦੀ ਨਿਰਧਾਰਤ ਹੱਦ ਤੋਂ ਕਿਤੇ ਜ਼ਿਆਦਾ ਸੀ।
ਸ. ਪੰਨੂ ਨੇ ਕਿਹਾ ਕਿ ਧਾਰਮਿਕ ਸਥਾਨਾਂ ਤੇ ਚਲਾਏ ਜਾਂਦੇ ਲਾਊਡ ਸਪੀਕਰਾਂ ਦਾ ਸ਼ੋਰ ਇੱਕ  ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਸ਼ੋਰ ਬੱਚਿਆਂ ਦੀ ਪੜਾਈ ਨੂੰ ਪ੍ਰਭਾਵਿਤ ਕਰਨ ਤੇ ਨਾਲ-ਨਾਲ ਬਜ਼ੁਰਗਾਂ ਗਰਭਵਤੀ, ਔਰਤਾਂ, ਬਿਮਾਰਾਂ ਅਤੇ ਦੁੱਧਧਾਰੀ ਜਾਨਵਰਾਂ ਲਈ ਵੀ ਬਹੁਤ ਨੁਕਸਾਨਦੇਹ ਹੈ। ਵੱਧ ਸ਼ੋਰ ਡਾ ਨਤੀਜਾ ਜਿੱਥੇ ਘਬਰਾਹਟ ਹੋਣ, ਬਲੱਡ ਪ੍ਰੈਸ਼ਰ ਵਧਣ, ਤੇਜ਼ ਸਾਹ ਆਉਣ, ਸੁਣਨਾ ਪ੍ਰਭਾਵਿਤ ਹੋਣ ਅਤੇ ਦਿਮਾਗ਼ ਦੀਆਂ ਨਸਾਂ ਦੇ  ਪ੍ਰਭਾਵਿਤ ਹੋਣ ਵਿਚ ਨਿਕਲਦਾ ਹੈ , ਉੱਥੇ ਇਹ ਸ਼ੋਰ ਇੱਕ ਸਮਾਜਿਕ ਸਮੱਸਿਆ ਵੀ ਬਣ ਕੇ ਉੱਭਰਿਆ ਹੈ। ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਸਪੀਕਰਾਂ ਦੀ ਆਵਾਜ਼  ਗੁਰਦੁਆਰਾ ਸਾਹਿਬ ਦੀ ਹਦੂਦ ਤੱਕ ਹੀ ਸੀਮਤ ਰਹੇ।ਇਸ ਤੇ ਮੁਕੰਮਲ ਅਮਲ ਹੋਣਾ ਸਮੇਂ ਦੀ ਮੰਗ ਹੈ।
ਉਹਨਾ ਸਮੂਹ ਗੁਰਦੁਆਰਾ, ਮੰਦਰ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਪੰਜਾਬੀਆਂ ਨੂੰ ਇਸ ਸ਼ੋਰ ਪ੍ਰਦੂਸ਼ਣ ਤੋਂ ਨਿਜਾਤ ਦੁਆਉਣ ਲਈ ਉਹ ਆਪਣੀ ਕਾਨੂੰਨੀ, ਧਾਰਮਿਕ ਅਤੇ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਵਾਜ਼ ਧਾਰਮਿਕ ਸਥਾਨਾਂ ਦੀ ਹਦੂਦ ਤੱਕ ਹੀ ਸੀਮਤ ਰੱਖਣ।

Share Button

Leave a Reply

Your email address will not be published. Required fields are marked *

%d bloggers like this: