ਧਾਰਮਿਕ ਮੁੱਦਿਆਂ ਦਾ ਹੱਲ ਕਰਨ ਦੇ ਸਮਰੱਥ ਨਹੀਂ ਹੈ ਆਮ ਆਦਮੀ ਪਾਰਟੀ : ਲਾਲੀ ਬਾਜਵਾ

ss1

ਧਾਰਮਿਕ ਮੁੱਦਿਆਂ ਦਾ ਹੱਲ ਕਰਨ ਦੇ ਸਮਰੱਥ ਨਹੀਂ ਹੈ ਆਮ ਆਦਮੀ ਪਾਰਟੀ : ਲਾਲੀ ਬਾਜਵਾ

1-5ਜਲੰਧਰ, 30 ਜੂਨ (ਪ.ਪ.): ਜ਼ਿਲਾ ਹੁਸ਼ਿਆਰਪੁਰ ਸ਼ਹਿਰੀ ਤੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਲੰਬਾ ਸਮਾਂ ਯੂਥ ਅਕਾਲੀ ਦਲ ਦੇ ਆਗੂ ਰਹੇ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ‘ਚੋਂ ਹਵਾ ਖਤਮ ਹੋ ਰਹੀ ਹੈ। ਉਨ੍ਹਾਂ ਮੁਤਾਬਕ ‘ਆਪ’ ਦੇ ਦਿੱਲੀ ‘ਚ ਹੋ ਰਹੇ ਕਾਰਨਾਮਿਆਂ ਨੂੰ ਦੇਖ ਕੇ ਪੰਜਾਬ ਦੇ ਲੋਕ ਵੀ ਹੁਣ ਅਸਲੀਅਤ ਨੂੰ ਸਮਝਣ ਲੱਗੇ ਹਨ। ਲਾਲੀ ਬਾਜਵਾ ਤੋਂ ਜਦੋਂ ਉਨ੍ਹਾਂ ਦੀ ਜੇਬ ‘ਤੇ ਲੱਗੇ ਮੈਨੂੰ ਮਾਣ ਹੈ ਅਕਾਲੀ ਹੋਣ ‘ਤੇ, ਲਿਖੇ ਸ਼ਬਦਾਂ ਵਾਲੇ ਬੈਜ ਬਾਰੇ ਪੁੱਛਿਆ ਗਿਆ ਕਿ ਪਾਰਟੀ ਦੇ ਉਹ ਕਿਹੜੇ ਕੰਮ ਨੇ ਜਿਨ੍ਹਾਂ ‘ਤੇ ਉਹ ਮਾਣ ਮਹਿਸੂਸ ਕਰਦੇ ਨੇ ਤਾਂ ਜਵਾਬ ਸੀ ਕਿ ਅਕਾਲੀ ਦਲ ਨੇ ਵੱਖ-ਵੱਖ ਸਮਿਆਂ ‘ਤੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਹੈ। ਚਾਹੇ ਗੱਲ ਗੁਰਦੁਆਰਾ ਸੁਧਾਰ ਲਹਿਰ ਦੀ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਫਿਰ ਐਮਰਜੈਂਸੀ ਦੇ ਦੌਰ ਦਾ ਸੰਘਰਸ਼ ਹੋਵੇ, ਇਨ੍ਹਾਂ ਸਾਰੇ ਮੁੱਦਿਆਂ ‘ਤੇ ਅਕਾਲੀ ਦਲ ਨੇ ਸੰਘਰਸ਼ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਧਾਰਮਿਕ ਮਸਲਿਆਂ ਨੂੰ ਨਵੀਂ ਉੱਭਰੀ ਆਮ ਆਦਮੀ ਪਾਰਟੀ ਹੱਲ ਕਰਨ ਦੀ ਸਮਰੱਥਾ ਨਹੀਂ ਰੱਖਦੀ ਹੈ। ਜਗ ਬਾਣੀ ਵੱਲੋਂ ਜਦੋਂ ਉਨ੍ਹਾਂ ਕੋਲੋਂ ਪਿਛਲੇ ਸਮੇਂ ‘ਚ ਵੱਖ-ਵੱਖ ਹੋ ਰਹੀਆਂ ਧਾਰਮਿਕ ਘਟਨਾਵਾਂ ਤੇ ਪੰਜਾਬ ਦਾ ਮਾਹੌਲ ਖਰਾਬ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਮਸਲੇ ‘ਤੇ ਸਰਕਾਰ ਦੀ ਕਾਰਗੁਜ਼ਾਰੀ ਦਾ ਗੁਣਗਾਨ ਕੀਤਾ ਤੇ ਉਲਟਾ ਮਾਹੌਲ ਖਰਾਬ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪੰਜਾਬ ‘ਚ ਫੈਲੀ ਨਸ਼ਾਖੋਰੀ ਅਤੇ ਵੱਖ-ਵੱਖ ਤਰ੍ਹਾਂ ਦੇ ਮਾਫੀਆ ਨੂੰ ਉਨ੍ਹਾਂ ਵਿਰੋਧੀ ਪਾਰਟੀਆਂ ਦਾ ਸਿਆਸੀ ਲਾਹੇ ਵਾਲਾ ਪ੍ਰਚਾਰ ਕਰਾਰ ਦਿੱਤਾ। ਬਾਜਵਾ ਮੁਤਾਬਕ ਪੰਜਾਬ ‘ਚ ਨਸ਼ਾ ਤਾਂ ਹੈ ਪਰ ਇਸ ਕਦਰ ਨਹੀਂ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਵਿਸ਼ਵ ਪੱਧਰ ‘ਤੇ ਸੂਬੇ ਨੂੰ ਬਦਨਾਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਸਿਰਫ ਪੰਜਾਬ ‘ਚ ਹੀ ਨਹੀਂ, ਸਗੋਂ ਵਿਕਸਿਤ ਦੇਸ਼ਾਂ ਦੇ ਕਈ ਸੂਬੇ ਵੀ ਇਸ ਲਾਹਣਤ ਤੋਂ ਬਚ ਨਹੀਂ ਪਾ ਰਹੇ ਤੇ ਇਸ ਲਈ ਜ਼ਿੰਮੇਵਾਰ ਇਕੱਲੀਆਂ ਸਰਕਾਰਾਂ ਹੀ ਨਹੀਂ ਸਗੋਂ ਲੋਕ ਵੀ ਹਨ, ਜੋ ਖੁਦ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਤੋਂ ਕਤਰਾਉਂਦਿਆਂ ਹਮੇਸ਼ਾ ਸਰਕਾਰ ਦੀ ਭੰਡੀ ਕਰਦੇ ਹਨ।
ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਰਾਜਸੀ ਲਾਹੇ ਲਈ ਕਈ ਲੀਡਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਰਾਰ ਦੇ ਰਹੇ ਹਨ ਜਦਕਿ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਪੰਜਾਬ ‘ਚੋਂ ਹੀ ਹਰ ਰੋਜ਼ ਕਈ ਖਿਡਾਰੀ, ਸੂਰਮੇ ਤੇ ਜੁਝਾਰੂ ਲੋਕ ਪੈਦਾ ਹੋ ਰਹੇ ਹਨ। ਉਨ੍ਹਾਂ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਚੰਗੇ ਪੱਖਾਂ ਨੂੰ ਵੀ ਅੱਖੋਂ ਪਰੋਖੇ ਨਾ ਕੀਤਾ ਜਾਵੇ। ਬਾਜਵਾ ਨੇ ਵਿਰੋਧੀ ਧਿਰਾਂ ਵੱਲੋਂ ਅਕਾਲੀ ਦਲ ਦੇ ਯੂਥ ਵਿੰਗਾਂ ਨੂੰ ਧੱਕੇਸ਼ਾਹੀਆਂ ਕਰਨ ਵਾਲਾ ਗਿਰੋਹ ਕਹੇ ਜਾਣ ‘ਤੇ ਜਵਾਬ ਦਿੱਤਾ ਕਿ ਮੈਂ ਪਿਛਲੇ ਕਰੀਬ 25 ਸਾਲ ਤੋਂ ਅਕਾਲੀ ਦਲ ਦਾ ਵਰਕਰ ਹਾਂ ਤੇ ਲੰਬਾ ਸਮਾਂ ਯੂਥ ਅਕਾਲੀ ਦਲ ‘ਚ ਬਤੌਰ ਮੋਹਰੀ ਲੀਡਰ ਕੰਮ ਕੀਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਅਸੀਂ ਯੂਥ ਵਿੰਗ ‘ਚ ਕਦੇ ਵੀ ਕੋਈ ਅਜਿਹਾ ਨੌਜਵਾਨ ਸ਼ਾਮਲ ਨਹੀਂ ਕੀਤਾ, ਜਿਸਦਾ ਸਬੰਧ ਕਿਸੇ ਗਲਤ ਵਿਅਕਤੀ ਜਾਂ ਫਿਰ ਕਾਰੋਬਾਰ ਦੇ ਨਾਲ ਹੋਵੇ।
ਲਾਲੀ ਬਾਜਵਾ ਨੇ ਦਾਅਵਾ ਕੀਤਾ ਕਿ 2017 ‘ਚ ਵਿਕਾਸ ਦੇ ਆਧਾਰ ‘ਤੇ ਤੀਜੀ ਵਾਰ ਫਿਰ ਅਕਾਲੀ-ਭਾਜਪਾ ਦੀ ਸਰਕਾਰ ਆਵੇਗੀ। ਉਨ੍ਹਾਂ ਆਪਣੇ ਜ਼ਿਲੇ ‘ਚ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਗਿਣਤੀ ਕਰਵਾਉਂਦਿਆਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਸਰਕਾਰ ਵੱਲੋਂ ਆਯੁਰਵੈਦਿਕ ਯੂਨੀਵਰਸਿਟੀ ਬਣਾਈ ਗਈ ਹੈ, ਗੁਰੂ ਰਵਿਦਾਸ ਜੀ ਦੀ ਯਾਦਗਾਰ ਉਸਾਰੀ ਅਧੀਨ ਹੈ ਤੇ ਇਸ ਤੋਂ ਇਲਾਵਾ ਹਰ ਪਿੰਡ ਨੂੰ ਪੱਕੀ ਸੜਕ ਬਣ ਚੁੱਕੀ ਹੈ, ਪੰਜਾਬ ਭਰ ‘ਚ ਖੇਤੀ ਲਈ 8 ਘੰਟੇ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਹਾ ਵੀ ਲੋਕਾਂ ਨੂੰ ਸਹੀ ਸਮੇਂ ‘ਤੇ ਮਿਲ ਰਿਹਾ ਹੈ।

Share Button

Leave a Reply

Your email address will not be published. Required fields are marked *