Thu. Oct 17th, 2019

ਧਰਮ ਦੀ ਗੁੜ੍ਹਤੀ ਗੁਰੂ ਦੇ ਹੱਥੋ

ਧਰਮ ਦੀ ਗੁੜ੍ਹਤੀ ਗੁਰੂ ਦੇ ਹੱਥੋ

ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦੀ ਫੁੱਲਵਾੜੀ ਦਾ ਮੂਲ ਕੇਂਦਰ ਹੈ। ਜਿਥੇ ਸਿੱਖ ਨੇ ਆਪਣੇ ਧਰਮ ਦੀ ਗੁੜ੍ਹਤੀ ਨੂੰ ਆਪਣੇ ਅੰਦਰ ਸਮੋ ਕੇ ਕੌਮ, ਪੰਥ ਲਈ ਜਿਉਣ ਮਰਨ ਦੇ ਪਾਂਧੀ ਬਣਨਾ ਹੈ। ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜਾਚ ਨੂੰ ਢਾਲਣਾ ਹੈ। ਸਿੱਖੀ ਵਿੱਚ ਮਰਨ ਦੀ ਫਿਲਾਸਫੀ ਵੀ ਦੂਜੇ ਧਰਮਾਂ ਨਾਲੋਂ ਅੱਡਰਾ ਕਰਦੀ ਹੈ। ਹਰ ਜੁਲਮ ਦੇ ਟਾਕਰੇ ਲਈ ਹਿੱਕ ਅੱਗੇ ਢਾਹ ਕੇ ਰੋਕਣ ਦੀ ਪਰੰਪਰਾ ਹੈ, ਗੁਰੂ ਉਪਦੇਸ਼ ਹੈ। ਅਗਰ ਧਰਮ ਸੰਕਟ ਹੋਵੇ ਤਾਂ ਆਪ ਮੁਹਾਰੇ ਦਾ ਸ਼ਹੀਦੀ ਸੰਕਲਪ ਹੈ। ਸਰਬੱਤ ਦੇ ਭਲੇ ਲਈ ਅਰਦਾਸ ਹੈ। ਭਾਈ ਕਨਈਏ ਦੀ ਮਸ਼ਕ ਸਭ ਦੀ ਪਿਆਸ ਮਿਟਾ ਰਹੀ ਹੈ। ਗੁਰ ਇਤਿਹਾਸ ਵਿੱਚੋਂ ਨਾ ਬਿਆਨ ਕਰ ਸਕਣ ਵਾਲੀਆਂ ਖੇਡਾਂ, ਕੌਤਕਾਂ, ਸ਼ਹੀਦੀਆ, ਸਿਦਕ, ਸਬਰ ਦੀਆਂ ਮਿਸਾਲਾਂ ਦੁਰਲੱਭ ਹਨ।

ਵਿਸਾਖੀ ਨੂੰ ਸਿੱਖੀ ਵਿੱਚ ਬਹੁਰੂਪੀ ਦਿਹਾੜਿਆ ਵਿੱਚ ਵੇਖਿਆ ਜਾ ਸਕਦਾ ਹੈ। ਜਿਥੇ ਵਿੱਚ 1699 ਦੀ ਵਿਸਾਖੀ ਨੂੰ ਖਾਲਸਾ ਦੇ ਸਿਰਜਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਥੇ ਗੁਰੂ ਨਾਨਕ ਦੇਵ ਜੀ ਦੇ 1469 ਨੂੰ ਜਨਮ ਦਿਹਾੜੇ ਨੂੰ ਅਤੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਜੋਤੀ ਜੋਤ ਸਮਾਉਣ ਤੋ ਪਹਿਲਾਂ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰੂ ਦਾ ਦਰਜਾ ਦੇਣਾ, ਸਿੱਖਾਂ ਵਿੱਚ ਵਿਸਾਖੀ ਸਮਾਂਤਰ ਵੱਡੇ ਦਿਹਾੜੇ ਹਨ।

ਸਰਬੰਸ ਦਾਨੀ ਸ੍ਰੀ ਦਸ਼ਮੇਸ਼ ਪਿਤਾ ਨੇ ਸੰਨ 1699 ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਤੋਂ ਸੀਸ ਭੇਟ ਲੈ ਕੇ ਉਹਨਾਂ ਨੂੰ ਚਰਣਾਮਿਤ ਦੇਣ ਦੀ ਥਾਂ ਖੰਡੇ ਦੀ ਪਾਹੁਲ ਛਕਾ ਕੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਹੋਣ ਦਾ ਮਾਣ ਬਖਸ਼ਿਆ। ਗੁਰੂ ਸਿੱਖ ਅਤੇ ਸਿੱਖ ਸੰਗਤ ਰੂਪੀ ਗੁਰੂ ਬਣਿਆਂ। ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ, ਗੁਰੂ ਮੰਤਰ, ਦੀਖਿਆ ਅਤੇ ਸਿੱਖ ਵਿਧਾਨ ਤੇ ਦੰਡ ਦਾ ਅਧਿਕਾਰ ਦੇ ਕੇ ਸ਼ਖਸ਼ੀ ਗੁਰਤਾ ਨੂੰ ਪੰਥ ਵਿੱਚ ਅਭੇਦ ਕਰ ਦਿੱਤਾ। ਪਹਿਲਾਂ ਗੁਰੂ ਜੋਤੀ ਵਿਅਕਤੀ ਰੂਪ ਵਿਚ, ਗੁਰਮੰਤ੍ਰ ਤੇ ਚਰਨ ਪਾਹੁਲ ਦਿੰਦੀ ਸੀ, ਦਸਮ ਪਾਤਸ਼ਾਹ ਨੇ ਉਸਨੂੰ ਪੰਜਾਂ ਵਿੱਚ ਬਦਲ ਦਿੱਤਾ। ਦਸ਼ਮੇਸ਼ ਪਿਤਾ ਨੇ 7 ਅਕਤੂਬਰ ਸੰਨ 1708 ਨੂੰ ਸਚਖੰਡ ਹਜ਼ੂਰ ਸਾਹਿਬ ਵਿਖੇ ਜੀਵਨ ਯਾਤਰਾ ਸਮਾਪਤ ਕਰਨ ਤੋਂ ਪਹਿਲਾਂ ਖ਼ਾਲਸਾ ਜੀ ਨੂੰ ਸੰਬੋਧਨ ਕਰਕੇ ਅੰਤਮ ਬਚਨ ਕਹੇ ;

” ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ “।

ਅਕਾਲ ਪੁਰਖ ਦੀ ਪੂਜਾ, ਅਰਾਧਨਾ, ਧਿਆਨ, ਸਿਮਰਨ ਰਾਹੀ ਹੀ ਇਕ ਚੰਗਾ ਇੰਨਸਾਨ ਬਣ ਕੇ ਵਾਹਿਗੁਰੂ ਨੂੰ ਭਾਵਿਆ ਜਾ ਸਕਦਾ ਹੈ। ਸਬਦੁ ਗਿਆਨ ਹੀ ਸੰਸਾਰਰਿਕ ਦੁਬਿਧ ਦਾ ਨਿਵਾਰਾ ਕਰ ਸਕਦਾ ਹੈ। ਪਰਚੰਮ ਖਾਲਸੇ ਦਾ ਝੁਲੇ। ਖਾਲਸੇ ਵਿੱਚੋ ਹੀ ਦਰਸ਼ਨ ਦੀਦਾਰੇ ਹੋਣ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ, ਆਖ ਕੇ ਗੁਰਿਆਈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸੌਂਪ ਦਿੱਤੀ ਤੇ ਪੰਥ ਦੇ ਵਾਲੀ ਜੋਤੀ ਜੋਤ ਸਮਾ ਗਏ। ਜਿਹੜਾ ਸ਼ਖਸ਼ ਗਿਆਰ੍ਹਵਾਂ, ਬਾਰ੍ਹਵਾਂ ਗੁਰੂ ਮੰਨਦਾ ਹੈ, ਉਹ ਸਿੱਖ ਨਹੀ, ਅਧਰਮੀ ਹੈ ਅਤੇ ਮਨੁਮਖ ਹੈ ਤੇ ਉਸ ਨੂੰ ਸਿੱਖੀ ਤੋਂ ਖਾਰਜ ਸਮਝਿਆ ਜਾਣਾ ਚਾਹੀਦਾ ਹੈ। ਹਿੰਦੂ ਧਰਮ ਦੇ ਇਰਦ ਗਿਰਦ ਹੋਣ ਕਰਕੇ ਭਾਈਚਾਰਕ ਸਾਂਝਾ ਦੇ ਨਾਂ ਤੇ ਸਿੱਖ ਧਰਮ ਨੂੰ ਮੰਨਣ ਦੀਆ ਕਈ ਆਵੱਗਿਆ ਕੀਤੀਆ ਜਾ ਰਹੀਆ ਹਨ। ਕਈ ਮਨਮੱਤੀਆ ਦੇ ਡੇਰਾਵਾਦ ਨੇ ਹਿੰਦੂ ਸਿੱਖ ਵਿੱਚ ਫਰਕ ਨੂੰ ਨਕਾਰਿਆ ਹੈ। ਧਰਮਾਂ ਵਿੱਚੋ ਵੱਖਰੀ ਕਿਸਮ ਦੇ ਪਖੰਡਵਾਦ ਦੀ ਰਹੁ ਰੀਤੀ ਬਣਾਈ ਜਾ ਰਹੀ ਹੈ। ਜਿਸ ਤਰ੍ਹਾਂ ਡੇਰਾਵਾਦ ਨੂੰ ਸਰਕਾਰਾ ਦੀ ਸ਼ਹਿ ਤੇ ਵੋਟਾਂ ਦੀ ਰਾਜਨੀਤੀ ਲਈ ਥਾਂ ਥਾਂ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਨਾਲ ਭੁਗੋਲਿਕ ਜਨ ਜੀਵਨ ਨੂੰ ਵੱਡੀ ਪੱਧਰ ਤੇ ਢਾਹ ਲਗ ਰਹੀ ਹੈ। ਜਿਸ ਤਰ੍ਹਾਂ ਵਕਤੀ ਸਰਕਾਰਾ ਦਾ ਸੰਪਰਦਾਇ ਤਾਕਤਾਂ ਨੂੰ ਪੂਰੀ ਖੁੱਲ ਹੈ। ਉਸ ਨਾਲ ਰਾਜਨੀਤਿਕ ਸਮੱਸਿਆਵਾਂ ਦਾ ਉਭਾਰਨਾ ਸੁਭਾਵਿਕ ਹੈ।

ਪੰਥ ਨੇ ਭਾਵੇਂ ਆਪਣੀ ਹੋਂਦ ਅਤੇ ਪਸਾਰ ਲਈ ਮਾਰਾਂ ਹੀ ਝੱਲੀਆਂ ਹਨ ਪਰ ਦਸਮ ਪਿਤਾ ਦੇ ਉਸਾਰੇ ਚੋਬਾਰੇ ਤੋ ਉੱਚਾ ਅਤੇ ਨਵਾਂ ਕੋਈ ਨਹੀ। ਵਿਸਾਖੀ ਨੂੰ ਮਨਾਇਆ ਤਾ ਹੀ ਜਾ ਸਕਦਾ ਹੈ ਅਗਰ ਜੀਵਨ ਗੁਰੂ ਆਸ਼ੇ ਅਨੁਸਾਰ ਰਹਿਣੀ ਬਹਿਣੀ, ਕਰਨੀ ਕਥਨੀ ਵਿੱਚ ਸਮਾਨਤਾ ਹੋਵੇ। ਬਦਲਦੇ ਯੁੱਗ ਦਾ ਉਸਰੱਈਆ ਬੰਨਣਾ ਪੈਣਾ ਹੈ। ਤਾਂ ਹੀ ਵਧਾਈਆਂ ਦੇ ਪਾਤਰ ਬਣ ਸਕਦੇ ਹਾਂ।

ਸ. ਦਲਵਿੰਦਰ ਸਿੰਘ ਘੁੰਮਣ

0033630073111

Leave a Reply

Your email address will not be published. Required fields are marked *

%d bloggers like this: