ਧਰਨਾ ਮਾਰ ਕੇ ਅਧਿਕਾਰੀਆਂ ਖਿਲਾਫ ਰੋਸ ਵਜੋਂ ਕੀਤੀ ਨਾਅਰੇਬਾਜ਼ੀ

ss1

ਧਰਨਾ ਮਾਰ ਕੇ ਅਧਿਕਾਰੀਆਂ ਖਿਲਾਫ ਰੋਸ ਵਜੋਂ ਕੀਤੀ ਨਾਅਰੇਬਾਜ਼ੀ

ਮਾਨਸਾ (ਜਗਦੀਸ/ਰੀਤਵਾਲ) ਉੱਡਤ ਬਰਾਂਚ ਵਿੱਚ ਕੋਟ ਧਰਮੂ ਪਿੰਡ ਕੋਲ ਪਏ ਪਾੜ ਨੂੰ ਪੂਰਨ ਅਤੇ ਨਹਿਰੀ ਬਰਾਂਚ ਦੀ ਸਫਾਈ ਕਰਵਾ ਕੇ ਤੁਰੰਤ ਪਾਣੀ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੀੜਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਐਕਸੀਅਨ ਦਫਤਰ ਜਵਾਹਰਕੇ ਅੱਗੇ ਧਰਨਾ ਮਾਰ ਕੇ ਅਧਿਕਾਰੀਆਂ ਖਿਲਾਫ ਰੋਸ ਵਜੋਂ ਨਾਅਰੇਬਾਜ਼ੀ ਕੀਤੀ । ਜਿਕਰਯੋਗ ਹੈ ਕਿ ਉੱਡਤ ਬਰਾਂਚ ਅਤੇ ਮੂਸਾ ਬਰਾਂਚ ਵਿੱਚ ਪਾਣੀ ਪਿਛਲੇ ਦੋ ਮਹੀਨੇ ਤੋਂ ਬੰਦ ਕੀਤਾ ਹੋਇਆ ਹੈ। ਕਾਫੀ ਲੰਬਾ ਸਮਾਂ ਚੱਲੀ ਪਾਣੀਬੰਦੀ ਤੋਂ ਬਾਅਦ ਪਿਛਲੇ ਹਫਤੇ ਪਾਣੀ ਇਹਨਾਂ ਬਰਾਂਚਾਂ ਵਿੱਚ ਛੱਡਿਆ ਗਿਆ ਸੀ ਤਾਂ ਸਫਾਈ ਨਾ ਹੋਣ ਕਾਰਨ ਦੋਵੇਂ ਨਹਿਰੀ ਬਰਾਂਚਾਂ ਟੁੱਟ ਗਈਆਂ ਸਨ। ਜਿਸ ਨਾਲ ਪਿੰਡ ਕੋਟ ਧਰਮੂ ਅਤੇ ਘਰਾਂਗਣਾ ਦੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਉੱਥੇ ਹੁਣ ਉਸ ਤੋਂ ਅੱਗੇ ਵਸਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਨਾ ਮਿਲਣ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਦੇ ਬਲਾਕ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੌਜੂਦਾ ਸਰਕਾਰ ਐਸ.ਵਾਈ.ਐਲ ਨਹਿਰ ਦੇ ਮੁੱਦੇ ਤੇ ਪਾਣੀ ਦੀ ਥਾਂ ਲਹੂ ਵਹਾਉਣ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਮਾਨਸਾ ਜਿਲ੍ਹੇ ਦੇ ਟੇਲਾਂ ਤੇ ਪੈਂਦੇ ਪਿੰਡਾਂ ਲਈ ਪਾਣੀ ਦੇਣ ਲਈ ਚੱਲ ਰਹੇ ਰਜਬਾਹੇ, ਕੱਸੀਆਂ ਦੀ ਸਮੇਂ ਸਿਰ ਕੋਈ ਸਫਾਈ ਵਗੈਰਾ ਨਹੀਂ ਕਰਵਾ ਰਹੀ। ਜਿਸ ਕਾਰਨ ਪਾਣੀ ਦੀ ਸਪਲਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਪਾਣੀਬੰਦੀ ਕਾਰਨ ਖੇਤੀ ਦਾ ਸਾਰਾ ਸਿਸਟਮ ਹਿੱਲ ਗਿਆ ਹੈ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਫਸਲਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਉੱਥੇ ਵਾਟਰ ਵਰਕਸ ਦੀਆਂ ਡਿੱਗੀਆਂ ਖਾਲੀ ਹੋਣ ਕਾਰਨ ਪੀਣ ਵਾਲਾ ਪਾਣੀ ਵੀ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਕੱਲੀ ਉੱਡਤ ਬਰਾਂਚ ਬੰਦ ਹੋਣ ਕਾਰਨ ਪਿੰਡ ਝੇਰਿਆਂਵਾਲੀ ਦਾ 400 ਏਕੜ, ਭਲਾਈਕੇ ਦਾ 1655 ਏਕੜ, ਲਾਲਿਆਂਵਾਲੀ ਦਾ 900 ਏਕੜ, ਰਾਮਾਨੰਦੀ ਦਾ 1050 ਏਕੜ, ਭੰਮੇ ਕਲਾਂ 2500, ਬਾਜੇਵਾਲਾ 3500, ਬੀਰੇਵਾਲਾ 1100 ਏਕੜ, ਉੱਡਤ ਭਗਤ 400, ਬੁਰਜ 1200, ਘੁੱਦੂਵਾਲਾ 200, ਕੋਟ ਧਰਮੂ 2600, ਦਸੌਂਧੀਆ 1456, ਭੰਮੇ ਖੁਰਦ 1300 ਏਕੜ ਖੇਤ ਨਹਿਰੀ ਪਾਣੀ ਬਿਨਾ ਸੁੱਕੇ ਪਏ ਹਨ। ਭਾਵੇਂ ਕਿਸਾਨਾਂ ਨੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇਹਨਾਂ ਖੇਤਾਂ ਵਿੱਚ ਧਰਤੀ ਹੇਠਲਾ ਮਾੜਾ ਪਾਣੀ ਵਰਤ ਕੇ ਕਣਕ ਦੀ ਬਿਜਾਈ ਕਰ ਲਈ ਸੀ ਪਰ ਹੁਣ ਖੇਤਾਂ ਵਿੱਚ ਬੀਜੀ ਹੋਈ ਕਣਕ ਨੂੰ ਪਹਿਲਾਂ ਪਾਣੀ ਨਹਿਰੀ ਦੇਣਾ ਜਰੂਰੀ ਹੈ। ਬਲਾਕ ਜਨਰਲ ਸਕੱਤਰ ਰਾਮ ਸਿੰਘ ਭਲਾਈਕੇ ਨੇ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਵਾਟਰ ਵਰਕਸ ਦਾ ਪਾਣੀ ਨਾ ਹੋਣ ਕਰਕੇ ਕੁੱਝ ਵਿਅਕਤੀ ਟੈਂਕੀਆਂ ਰਾਹੀਂ ਪਾਣੀ ਭਾਖੜਾ ਤੋਂ ਲਿਆ ਕੇ ਵੇਚ ਰਹੇ ਹਨ ਜੋ ਮਜਬੂਰੀ ਵੱਸ ਲੋਕਾਂ ਨੂੰ ਖਰੀਦ ਕਰਨਾ ਪੈ ਰਿਹਾ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਗੁਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਨਹਿਰੀ ਪਾਣੀ ਦੀ ਸਪਲਾਈ ਜਲਦੀ ਬਹਾਲ ਕਰ ਦਿੱਤੀ ਜਾਵੇਗੀ। ਇਹਨਾਂ ਨਹਿਰੀ ਬਰਾਂਚਾਂ ਵਿੱਚ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਦੇ ਦਫਤਰ ਅੱਗੇ ਲਾਇਆ ਗਿਆ ਧਰਨਾ ਚੁੱਕ ਲਿਆ ਗਿਆ ਅਤੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਨਹਿਰੀ ਬਰਾਂਚਾਂ ਸਫਾਈ ਕਰਕੇ ਪਾਣੀ ਨਾ ਛੱਡਿਆ ਗਿਆ ਤਾਂ ਉਹ ਮੇਨ ਸੜਕ ਤੇ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ। ਧਰਨੇ ਨੂੰ ਲੀਲੂ ਸਿੰਘ ਭੰਮੇ ਕਲਾਂ, ਉੱਤਮ ਸਿੰਘ ਰਾਮਾਨੰਦੀ, ਰਜਿੰਦਰ ਸਿਘੰ ਲਾਲਿਆਂਵਾਲੀ, ਮਿੱਠੂ ਸਿੰਘ ਦਸੌਂਧੀਆ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *