Thu. Oct 17th, 2019

ਦ੍ਰਿੜ ਨਿਸ਼ਚੇ ਅਤੇ ਗਿਆਨ ਦਾ ਪੁਜਾਰੀ : ਹਿਊਨਸਾਂਗ

ਦ੍ਰਿੜ ਨਿਸ਼ਚੇ ਅਤੇ ਗਿਆਨ ਦਾ ਪੁਜਾਰੀ : ਹਿਊਨਸਾਂਗ

ਪਿਆਰੇ ਬੱਚਿਓ ! ਹਿਊਨਸਾਂਗ ਇੱਕ ਮਹਾਨ ਬੋਧੀ ਭਿਕਸ਼ੂ ਸੀ । ਹਿਊਨਸਾਂਗ ਉਨ੍ਹਾਂ ਚੀਨੀ ਯਾਤਰੀਆਂ ਦੀ ਲੜੀ ਵਿੱਚੋਂ ਇੱਕ ਸੀ ਜਿਹੜੇ ਬੋਧੀ ਗਿਆਨ ਦੀ ਭਾਲ ਵਿੱਚ ਭਾਰਤ ਆਏ ਸਨ । ਉਹ ਇੱਕ ਮਹਾਨ , ਬਹਾਦਰ ਅਤੇ ਹੁਸ਼ਿਆਰ ਵਿਦਿਆਰਥੀ ਵੀ ਸੀ । ਉਸ ਨੇ 630 ਇ: ਦੇ ਲਗਭਗ ਭਾਰਤ ਦੀ ਯਾਤਰਾ ਕਰਨਾ ਆਰੰਭ ਕੀਤਾ ਸੀ ਅਤੇ ਇੱਥੇ ਲਗਭਗ ਪੰਦਰਾਂ ਸਾਲ ਰਿਹਾ । ਉਸ ਨੇ ਭਾਰਤ ਦੀ ਯਾਤਰਾ ਕਰਨ ਸਮੇਂ ਰਸਤੇ ਵਿੱਚ ਔਖੇ ਪੈਂਡਿਆਂ , ਖੁਸ਼ਕ ਗਰਮ ਮਾਰੂਥਲ , ਭਿਆਨਕ ਜੰਗਲਾਂ , ਜੰਗਲੀ ਜਾਨਵਰਾਂ , ਬਰਫ਼ , ਬਰਫੀਲੇ ਪਹਾੜਾਂ , ਝੀਲਾਂ , ਦਰਿਆਵਾਂ , ਭਿਆਨਕ ਖ਼ਤਰਨਾਕ ਲੁਟੇਰਿਆਂ , ਭਿਆਨਕ ਰੇਤੀਲੇ ਅਤੇ ਬਰਫੀਲੇ ਤੂਫਾਨਾਂ , ਮਾਰੂਥਲਾਂ ਦੀ ਭਿਅੰਕਰ ਗਰਮੀ , ਬਰਫੀਲੀਆਂ ਪਹਾੜੀ ਚੋਟੀਆਂ , ਹੱਡ ਚੀਰਵੀਂ ਭਿਆਨਕ ਠੰਡ, ਟਰਕੀ ਲੁਟੇਰਿਆਂ ਤੇ ਅਸਹਿਣਯੋਗ ਹਾਲਾਤਾਂ ਦਾ ਸਾਹਮਣਾ ਕੀਤਾ । ਪਹਿਲਾਂ ਪਹਿਲ ਤਾਂ ਉਸ ਦੇ ਦੋ ਸਾਥੀਆਂ ਨੇ ਵੀ ਉਸ ਨਾਲ ਭਾਰਤ ਯਾਤਰਾ ‘ਤੇ ਜਾਣ ਸਮੇਂ ਰਸਤੇ ਵਿੱਚ ਹੀ ਉਸ ਦਾ ਸਾਥ ਛੱਡ ਦਿੱਤਾ । ਉਸ ਸਮੇਂ ਚੀਨ ਦੇਸ਼ ਤੋਂ ਬਾਹਰ ਜਾਣ ਲਈ ਸਖ਼ਤ ਪਾਬੰਦੀ ਲਗਾਈ ਹੋਈ ਸੀ । ਸੋ ਹਿਊਨਸਾਂਗ ਇਸ ਪਾਬੰਦੀ / ਮਨਾਹੀ ਦੇ ਬਾਵਜੂਦ ਚੋਰੀ – ਛਿਪੇ ਕਿਸੇ ਤਰ੍ਹਾਂ ਸਖਤ ਹਲਾਤਾਂ ਦਾ ਸਾਹਮਣਾ ਕਰਦੇ ਹੋਏ ਗਿਆਨ ਦੀ ਪ੍ਰਾਪਤੀ ਲਈ ਆਪਣੇ ਦੇਸ਼ ਚੀਨ ਤੋਂ ਪੱਛਮ ਵੱਲ ਭਾਵ ਭਾਰਤ ਦੀ ਯਾਤਰਾ ਲਈ ਨਿਕਲ ਗਿਆ । ਆਪਣੀ ਭਾਰਤ ਯਾਤਰਾ ‘ਤੇ ਜਾਂਦੇ ਹੋਏ ਹਿਊਨਸਾਂਗ ਨੇ ਅਨੇਕਾਂ ਵਾਰ ਮੌਤ ਦੇ ਮੂੰਹ ਤੋਂ ਬਚਦਿਆਂ ਹੋਇਆਂ ਭੁੱਖੇ ਅਤੇ ਪਿਆਸੇ ਰਹਿ ਕੇ ਆਪਣਾ ਸਫ਼ਰ ਸਿਦਕ , ਸਿਰੜ , ਹਿੰਮਤ , ਬਹਾਦਰੀ , ਦ੍ਰਿੜ੍ਹ ਨਿਸ਼ਚੇ , ਅਕਲਮੰਦੀ ਅਤੇ ਲਗਨ ਦੇ ਨਾਲ ਪੂਰਾ ਕੀਤਾ । ਉਸ ਨੇ ਬਿਨਾਂ ਭੇੈਅ – ਭੀਤ ਹੋਇਆ ਅਤੇ ਬਿਨਾਂ ਆਪਣੇ ਫੈਸਲੇ ਤੋਂ ਪਿੱਛੇ ਹਟਦਿਆਂ ਗਿਆਨ ਦੀ ਭੁੱਖ ਦੇ ਲਈ ਭਾਰਤ ਯਾਤਰਾ ਦਾ ਆਪਣਾ ਪ੍ਰਣ ਪੂਰਾ ਕੀਤਾ ।
ਭਾਰਤ ਯਾਤਰਾ ਦੇ ਅਟੱਲ ਨਿਸਚੇ ਵਿੱਚ ਕੁਦਰਤ ਤੇ ਕਿਸਮਤ ਨੇ ਵੀ ਹਿਊਨਸਾਂਗ ਦਾ ਕਾਫੀ ਸਾਥ ਦਿੱਤਾ । ਆਪਣੀ ਮੱਧ ਏਸ਼ੀਆ ਦੀ ਲੰਬੀ ਯਾਤਰਾ ਅਤੇ ਪਾਮੀਰ ਪਰਬਤਾਂ ਦੀਆਂ ਉੱਚਾਈਆਂ ਦੇ ਪਾਰ ਤੱਕ ਦੀ ਯਾਤਰਾ ਦੇ ਦੌਰਾਨ ਹਿਉਨਸਾਂਗ ਤਰਫਾਨ ਦੇ ਰਾਜੇ ਦਾ ਹਮੇਸ਼ਾ ਧੰਨਵਾਦੀ ਰਿਹਾ । ਉਸ ਦੀ ਸੂਝ ਬੂਝ ਕਾਰਨ ਹੀ ਹਿਊਨਸਾਂਗ ਨੇ ਆਰਾਮ ਭਰੀ ਅਤੇ ਅੱਗੇ ਨਾਲੋਂ ਸੁਰੱਖਿਅਤ ਯਾਤਰਾ ਕੀਤੀ । ਰਸਤੇ ਵਿੱਚ ਉਸ ਨੇ ਵਿਸ਼ਾਲ ਮਾਰੂਥਲਾਂ , ਚਾਂਦੀ ਦੇ ਉੱਚੇ ਪਹਾੜ , ਖਾਰਾ ਸ਼ਹਿਰ , ਤਸੁੱੰਗ ਲਿੰਗ ਪਰਬਤ ਮਾਲਾ , ਆਈਸਿੱਕ ਝੀਲ , ਹਜ਼ਾਰ ਝਰਨੇ , ਚੱਟਾਨਾਂ , ਢੇਰਾਂ ਦੇ ਢੇਰ ਇਕੱਠੀ ਹੋਈ ਬਰਫ਼ ਦੇ ਤੋਦਿਆਂ , ਬਲਖ਼ ਅਤੇ ਬਾਮੀਆਂ ਨਾਂ ਦੇ ਰਾਜਾਂ , ਛੋਟੇ – ਛੋਟੇ ਤੰਗ ਰਾਹਾਂ , ਲੜੀਵਾਰ ਪੁਲਾਂ , ਘਾਟੀ ਦੀਆਂ ਰਾਹਾਂ , ਕਾਬੁਲ ਦੀ ਘਾਟੀ ਆਦਿ ਨੂੰ ਵੀ ਪਾਰ ਕੀਤਾ । ਮਾਰੂਥਲ ਦੇ ਵਿੱਚੋਂ ਸਫਰ ਕਰਦੇ ਹੋਏ ਰਾਹ ਵਿੱਚ ਪਈਆਂ ਹੋਈਆਂ ਹੱਡੀਆਂ ਉਸ ਦਾ ਮਾਰਗ ਦਰਸ਼ਨ ਕਰਦੀਆਂ ਰਹੀਆਂ ਤੇ ਉਸ ਨੂੰ ਰਸਤਾ ਪਤਾ ਲੱਗਦਾ ਰਿਹਾ । ਆਖਿਰ ਵਿੱਚ ਕਸ਼ਮੀਰ ਦੀ ਹੱਦ ‘ਤੇ ਪਹੁੰਚ ਕੇ ਹਿਊਨਸਾਂਗ ਭਾਰਤ ਪੁੱਜ ਹੀ ਗਿਆ । ਭਾਰਤ ਵਿੱਚ ਪਹੁੰਚ ਕੇ ਹਿਊਨਸਾਂਗ ਨੇ ਕਸ਼ਮੀਰ , ਜਲੰਧਰ , ਕੁੱਲੂ , ਮਥੁਰਾ , ਰਾਜਾ ਹਰਸ਼ ਦੀ ਰਾਜਧਾਨੀ , ਗੰਗਾ ਨਦੀ , ਘਣੇ ਜੰਗਲਾਂ , ਮਹਾਰਾਸ਼ਟਰ , ਨਾਲੰਦਾ ਵਿਸ਼ਵ ਵਿਦਿਆਲਿਆ , ਕਪਿਲਵਸਤੂ , ਬੋਧ ਗਯਾ , ਵਾਰਾਨਸੀ , ਸਾਰਨਾਥ , ਕੋਸੀ ਨਾਗਰਾ , ਅਸਾਮ ਆਦਿ – ਆਦਿ ਭਾਰਤੀ ਖੇਤਰਾਂ ਦੀ ਯਾਤਰਾ ਕੀਤੀ ਅਤੇ ਇੱਥੋਂ ਦੇ ਲੋਕਾਂ ਬਾਰੇ ਅਤੇ ਇੱਥੋਂ ਦੇ ਰਹਿਣ – ਸਹਿਣ ਬਾਰੇ ਜੋ ਹਿਊਨਸਾਂਗ ਨੇ ਮਹਿਸੂਸ ਕੀਤਾ ਤੇ ਦੇਖਿਆ ਉਸ ਨੂੰ ਕਲਮ ਬੱਧ ਵੀ ਕੀਤਾ। ਹਿਊਨਸਾਂਗ ਗਯਾ ਵਿੱਚ ਅੱਠ – ਨੌਂ ਦਿਨ ਠਹਿਰਿਆ । ਜਦੋਂ ਨਾਲੰਦਾ ਵਿਸ਼ਵ ਵਿਦਿਆਲਿਆ ਦੇ ਮਸ਼ਹੂਰ ਮੱਠਾਂ ਦੇ ਭਿਕਸ਼ੂਆਂ ਨੂੰ ਉਸ ਦੀ ਤੀਰਥ ਯਾਤਰਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹਿਊਨਸਾਂਗ ਨੂੰ ਨਾਲੰਦਾ ਲੈ ਕੇ ਜਾਣ ਬਾਰੇ ਵਿਚਾਰ ਕੀਤਾ । ਜਿਸ ਨੂੰ ਕਿ ਹਿਊਨਸਾਂਗ ਨੇ ਖੁਸ਼ੀ – ਖੁਸ਼ੀ ਕਬੂਲ ਕਰ ਲਿਆ ; ਕਿਉਂਕਿ ਉਹ ਨਾਲੰਦਾ ਦੇ ਮਹਾਨ ਵਿਦਵਾਨ ਸੀਲ ਭੱਦਰ ਕੋਲੋਂ ਯੋਗ ਸ਼ਾਸਤਰ ਦੇ ਸਿਧਾਂਤ ਦਾ ਅਧਿਐਨ ਕਰਨਾ ਚਾਹੁੰਦਾ ਸੀ । ਇੱਥੋਂ ਦੇ ਮੱਠਾਂ ਦੀ ਖੂਬਸੂਰਤੀ ਵੇਖ ਕੇ ਹਿਊਨਸਾਂਗ ਬਹੁਤ ਹੀ ਖ਼ੁਸ਼ ਹੋਇਆ ਅਤੇ ਉਸ ਨੇ ਇਨ੍ਹਾਂ ਦਾ ਬੜੀ ਖ਼ੂਬਸੂਰਤੀ ਨਾਲ ਵਰਣਨ ਵੀ ਕੀਤਾ । ਬੱਚਿਓ ! ਹਿਊਨ ਸਾਂਗ ਨੂੰ ਜਦੋਂ ਸੀਲ ਭੱਦਰ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਗਿਆ ਤਾਂ ਹਿਊਨਸਾਂਗ ਗੋਡਿਆਂ ਭਾਰ ਤੁਰ ਕੇ ਸੀਲ ਭੱਦਰ ਕੋਲ ਗਿਆ ਅਤੇ ਉਸ ਬਜ਼ੁਰਗ ਦੇ ਕਦਮਾਂ ਨੂੰ ਚੁੰਮ ਲਿਆ ਤੇ ਜ਼ਮੀਨ ਤੱਕ ਆਪਣਾ ਸਿਰ ਝੁਕਾ ਦਿੱਤਾ । ਫਿਰ ਉਸ ਨੇ ਸੀਲ ਭੱਦਰ ਵੱਲ ਵੇਖਿਆ ਅਤੇ ਨਿਮਰਤਾ ਸਹਿਤ ਬੜੀ ਮੱਧਮ ਆਵਾਜ਼ ਵਿਚ ਕਿਹਾ , ” ਮੈਂ ਤੁਹਾਡੇ ਅਧੀਨ ਰਹਿ ਕੇ ਅਧਿਐਨ ਕਰਨ ਲਈ ਚੀਨ ਤੋਂ ਆਇਆ ਹਾਂ । ਮੈਨੂੰ ਉਮੀਦ ਹੈ ਤੁਸੀਂ ਮੈਨੂੰ ਆਪਣਾ ਚੇਲਾ ਬਣਾ ਲਵੋਗੇ । ” ਹਿਊਨਸਾਂਗ ਦੀ ਇਹ ਬੇਨਤੀ ਅਤੇ ਉਸ ਦੀ ਲਿਆਕਤ ਤੋਂ ਪ੍ਰਭਾਵਿਤ ਹੋ ਕੇ ਸੀਲ ਭੱਦਰ ਨੇ ਉਸ ਦੀ ਬੇਨਤੀ ਸਵੀਕਾਰ ਕੀਤੀ ਅਤੇ ਦੋਵਾਂ ਨੇ ਕਾਫੀ ਸਮਾਂ ਅਧਿਐਨ ਕੀਤਾ । ਹਿਊਨਸਾਂਗ ਨੇ ਨਾਲੰਦਾ ਵਿੱਚ ਕਈ ਸਾਲ ਬਤੀਤ ਕੀਤੇ । ਇਸ ਤੋਂ ਬਾਅਦ ਹਿਊਨਸਾਂਗ ਚੰਪਾ ਦੇ ਰਾਜ , ਉੜੀਸਾ ਦੇ ਪੂਰਬੀ ਕੰਢਿਆਂ , ਕਲਿੰਗ ਰਾਜ , ਆਂਧਰਾ ਪ੍ਰਦੇਸ਼ ਦੇ ਦੱਖਣ , ਦਰਾਵੜ ਦੇ ਦੱਖਣ , ਉੱਤਰ ਪੱਛਮ ਆਦਿ ਥਾਵਾਂ ‘ਤੇ ਵੀ ਗਿਆ । ਹਿਊਨਸਾਂਗ ਨੇ ਰਾਜਾ ਅਸ਼ੋਕ ਦੁਆਰਾ ਬਣਾਏ ਗਏ ਮੱਠ ਅਤੇ ਸਮਾਰਕ ਵੀ ਵੇਖੇ । ਫਿਰ ਉਹ ਬਰੋਚ ਅਤੇ ਮਾਲਵਾ ਵੱਲ ਤੁਰ ਪਿਆ ਤੇ ਈਰਾਨ ਦੀ ਸੀਮਾ , ਬ੍ਰਹਮਪੁੱਤਰ ਨਦੀ , ਗੁਹਾਟੀ ਤੱਕ ਜਾ ਪੁੱਜਾ । ਪਿਆਰੇ ਬੱਚਿਓ ! ਹਿਊਨਸਾਂਗ ਇੱਕ ਹੋਣਹਾਰ ਵਿਦਿਆਰਥੀ ਸੀ ਅਤੇ ਉਸ ਨੇ ਨਾਲੰਦਾ ਵਿੱਚ ਗਿਆਨ ਦਾ ਪੂਰਾ – ਪੂਰਾ ਫ਼ਾਇਦਾ ਉਠਾਇਆ ।
ਇੱਥੇ ਉਸ ਨੇ ਭਾਸ਼ਾ ਦਾ ਵਿਸਥਾਰ ਨਾਲ ਅਧਿਐਨ ਕੀਤਾ ਅਤੇ ਵਿਦਵਾਨਾਂ ਨਾਲ ਵਿਚਾਰਾਂ ਦਾ ਆਦਾਨ – ਪ੍ਰਦਾਨ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ । ਉਸ ਨੇ ਬੁੱਧ ਧਰਮ ਨਾਲ ਸਬੰਧਿਤ ਕਿਤਾਬਾਂ ਦਾ ਬੜੀ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਸਮਝਿਆ ਅਤੇ ਨਾਲ – ਨਾਲ ਬ੍ਰਾਹਮਣਾਂ ਦੇ ਪਵਿੱਤਰ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਨਾਲੰਦਾ ਵਿੱਚ ਰਹਿੰਦੇ – ਰਹਿੰਦੇ ਹਿਊਨ ਸਾਂਗ ਨੇ ਆਪਣੇ ਅਥਾਹ ਗਿਆਨ ਅਤੇ ਸਮਝਣ ਸ਼ਕਤੀ ਨਾਲ ਆਪਣੇ ਸਾਥੀ ਭਿਕਸ਼ੂਆਂ ਨੂੰ ਪ੍ਰਭਾਵਿਤ ਕੀਤਾ । ਉਸਨੇ ਮੱਠ ਵਿੱਚ ਹੋਣ ਵਾਲੇ ਸਾਰੇ ਵਿਚਾਰ ਵਟਾਂਦਰਿਆਂ ਤੇ ਬਹਿਸਾਂ ਵਿੱਚ ਹਿੱਸਾ ਲਿਆ ਅਤੇ ਜਲਦੀ ਹੀ ਉਸ ਦੀ ਪ੍ਰਸਿੱਧੀ ਨਾਲੰਦਾ ਤੋਂ ਬਾਹਰ ਵੀ ਫੈਲ ਗਈ । ਹਿਊਨਸਾਂਗ ਦੀ ਮਹਾਨਤਾ ਤੋਂ ਰਾਜਾ ਕੁਮਾਰ ਅਤੇ ਨਾਲੰਦਾ ਰਾਜਾ ਹਰਸ਼ ਵੀ ਬਹੁਤ ਪ੍ਰਭਾਵਿਤ ਹੋਇਆ । ਰਾਜਾ ਹਰਸ਼ ਤਾਂ ਇੱਥੋਂ ਤੱਕ ਹਿਊਨਸਾਂਗ ਦੀ ਮਹਾਨਤਾ ਤੋਂ ਅਤੇ ਵਿਦਵਤਾ ਤੋਂ ਪ੍ਰਭਾਵਿਤ ਹੋਇਆ ਕਿ ਉਹ ਸਵੇਰ ਹੋਣ ਤੱਕ ਦਾ ਵੀ ਇੰਤਜ਼ਾਰ ਨਾ ਕਰ ਸਕਿਆ ਅਤੇ ਉਹ ਰਾਤ ਨੂੰ ਹੀ ਮਿਸਾਲਾਂ ਫੜੀ ਕਈ ਹਜਾਰ ਆਦਮੀਆਂ ਨੂੰ ਨਾਲ ਲੈ ਕੇ ਆਪਣੇ ਵਿਸ਼ੇਸ਼ ਰਸਮੀ ਬੈਂਡ ਦੇ ਨਾਲ ਦਰਿਆ ਪਾਰ ਕਰਕੇ ਹਿਊਨਸਾਂਗ ਨੂੰ ਮਿਲਿਆ ਅਤੇ ਉਸ ਦੇ ਚਰਨਾਂ ਵਿਚ ਡਿੱਗ ਪਿਆ । ਭਾਰਤ ਯਾਤਰਾ ਦੌਰਾਨ ਕਈ ਰਾਜਿਆਂ ਨੇ ਹਿਊਨਸਾਂਗ ਦੀ ਮਹਾਨਤਾ , ਉਸ ਦੀ ਵਿਦਵਤਾ ਅਤੇ ਲਿਆਕਤ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਧਨ ਦੌਲਤ ਅਤੇ ਹੋਰ ਬੇਸ਼ਕੀਮਤੀ ਉਪਹਾਰ ਦਿੱਤੇ , ਪਰ ਹਿਊਨਸਾਂਗ ਦਾ ਇਨ੍ਹਾਂ ਚੀਜ਼ਾਂ ਵਿੱਚ ਕੋਈ ਵੀ ਰੁਝਾਨ ਕੋਈ ਵੀ ਦਿਲਚਸਪੀ ਨਹੀਂ ਸੀ । ਉਹ ਤਾਂ ਕੇਵਲ ਤੇ ਕੇਵਲ ਆਪਣੇ ਗਿਆਨ ਪ੍ਰਾਪਤੀ ਦੀ ਭੁੱਖ ਪੂਰੀ ਕਰਨਾ ਚਾਹੁੰਦਾ ਸੀ ।
ਹਿਊਨਸਾਂਗ ਦੀ ਵਿਦਾਈ ਸਮੇਂ ਰਾਜਾ ਹਰਸ਼ ਆਪਣੇ ਹੰਝੂ ਨਾ ਰੋਕ ਸਕਿਆ । ਉਸ ਨੂੰ ਹਿਊਨਸਾਂਗ ਦੇ ਚਲੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਸੀ । ਉਸ ਨੇ ਹਿਊਨਸਾਂਗ ਤੋਂ ਵਿਦਾਈ ਲੈਣ ਸਮੇਂ ਇੱਕ ਹਾਥੀ ਭੇਜਿਆ ਤਾਂ ਕਿ ਹਿਊਨਸਾਂਗ ਦਾ ਸਾਰਾ ਸਾਮਾਨ ਇਸ ‘ਤੇ ਲਿਜਾਇਆ ਜਾ ਸਕੇ । ਹਿਊਨਸਾਂਗ ਦੇ ਇਸ ਸਾਮਾਨ ਵਿੱਚ ਛੇ ਸੌ ਤੋਂ ਵੱਧ ਪੁਸਤਕਾਂ , ਮਹਾਤਮਾ ਬੁੱਧ ਦੀਆਂ ਸੁੰਦਰ ਤਸਵੀਰਾਂ , ਮਹਾਂਰਿਸ਼ੀਆਂ ਦੀਆਂ ਸੋਨੇ ਚਾਂਦੀ ਤੇ ਸਾਹਿਲ ਦੀ ਲੱਕੜ ਦੀਆਂ ਬਣੀਆਂ ਮੂਰਤੀਆਂ ਵੀ ਸਨ । ਰਾਜਾ ਹਰਸ਼ ਨੇ ਹਿਊਨਸਾਂਗ ਨੂੰ ਤਿੰਨ ਹਜ਼ਾਰ ਸੋਨੇ ਤੇ ਦਸ ਹਜ਼ਾਰ ਚਾਂਦੀ ਦੇ ਸਿੱਕੇ ਵੀ ਦਿੱਤੇ , ਤਾਂ ਕਿ ਰਸਤੇ ਵਿੱਚ ਉਸ ਦਾ ਆਸਾਨੀ ਨਾਲ ਖਰਚ ਚ ਚੱਲ ਸਕੇ । ਹਿਊਨਸਾਂਗ ਦੀ ਚੀਨ ਦੀ ਵਾਪਸੀ ਯਾਤਰਾ ਏਨੀ ਕਠਿਨ ਨਹੀਂ ਸੀ ; ਕਿਉਂਕਿ ਰਾਜਾ ਹਰਸ਼ ਨੇ ਉਸ ਦੀ ਹਰ ਮੁਸੀਬਤ ਲਈ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਕਰ ਦਿੱਤਾ ਸੀ । ਹਿਊਨਸਾਂਗ ਨੇ ਵਾਪਸੀ ਲਈ ਹਮੀਰ , ਕੇਸਗੜ੍ਹ , ਚਾਰ ਖੰਡ , ਖੋਤਣ ਅਤੇ ਲੋਪ ਨੋਰ ਦਾ ਰਸਤਾ ਹੀ ਚੁਣਿਆ । ਇਹ ਗੱਲ ਈਸਵੀ 645 ਇਸਵੀ ਦੀ ਹੈ । ਹਿਉਨਸਾਂਗ ਪੂਰੇ ਪੰਦਰਾਂ ਸਾਲ ਦੀ ਯਾਤਰਾ ਦੇ ਬਾਅਦ ਆਪਣੇ ਦੇਸ਼ ਵਾਪਸ ਗਿਆ । ਇਸ ਤਰ੍ਹਾਂ ਉਸ ਨੇ ਭਾਰਤ ਦੀ ਯਾਤਰਾ ਦੌਰਾਨ ਢੇਰ ਸਾਰਾ ਗਿਆਨ ਹਾਸਲ ਕੀਤਾ ।
ਹਿਊਨਸਾਂਗ ਦੀ ਭਾਰਤ ਯਾਤਰਾ ਚੀਨ ਵਾਸੀਆਂ ਲਈ ਵੀ ਲਾਹੇਵੰਦ ਸਾਬਤ ਹੋਈ ; ਕਿਉਂਕਿ ਉਨ੍ਹਾਂ ਨੂੰ ਹਿਊਨਸਾਂਗ ਰਾਹੀਂ ਹੀ ਭਾਰਤ ਬਾਰੇ ਬਹੁਤ ਗਿਆਨ ਪ੍ਰਾਪਤ ਹੋਇਆ ਸੀ। ਜਦੋਂ ਹਿਊਨਸਾਂਗ ਆਪਣੇ ਦੇਸ਼ ਚੀਨ ਪੁੱਜਿਆ ਤਾਂ ਉੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ , ਜਸ਼ਨ ਮਨਾਏ ਗਏ , ਝੰਡੀਆਂ ਤੇ ਤੋਰਨ ਵੀ ਲਗਾਏ ਗਏ ਅਤੇ ਖੁਸ਼ਨੁਮਾ ਸੰਗੀਤ ਵਜਾਇਆ ਗਿਆ । ਉੱਥੋਂ ਦੇ ਰਾਜੇ ਨੇ ਉਸ ਨੂੰ ਬਿਨਾਂ ਇਜਾਜ਼ਤ ਦੇਸ਼ ਤੋਂ ਬਾਹਰ ਜਾਣ ਲਈ ਨਾ ਕਿ ਕੇਵਲ ਮਾਫ਼ ਕੀਤਾ , ਸਗੋਂ ਉਸਨੂੰ ਆਪਣਾ ਗਹਿਰਾ ਦੋਸਤ ਵੀ ਬਣਾ ਲਿਆ । ਚੀਨ ਪਹੁੰਚ ਕੇ ਹਿਊਨਸਾਂਗ ਨੇ ਬੁੱਧਵਾਦ ਦੇ ਨਾਲ ਸੰਬੰਧਿਤ ਕਿਤਾਬਾਂ ਦੇ ਉਲਥੇ , ਸੰਪਾਦਨ ਅਤੇ ਨਕਲ ਦਾ ਕੰਮ ਆਰੰਭ ਕੀਤਾ । ਹਿਊਨਸਾਂਗ ਦੀ ਬਹਾਦਰੀ , ਉਸ ਦੀ ਸਾਦਗੀ , ਸਿਦਕ , ਸਿਰੜ ਅਤੇ ਵਿਦਵਤਾ ਨੂੰ ਅੱਜ ਵੀ ਦੁਨੀਆਂ ਵਿੱਚ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ । ਇਸ ਤਰ੍ਹਾਂ ਪਿਆਰੇ ਬੱਚਿਓ !
ਹਿਊਨਸਾਂਗ ਦੀ ਇਸ ਯਾਤਰਾ ਅਤੇ ਉਸ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਿਦਕ , ਸਿਰੜ , ਉਤਸ਼ਾਹ , ਹੌਸਲੇ ਅਤੇ ਦ੍ਰਿੜ੍ਹ ਨਿਸ਼ਚੇ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ , ਗਿਆਨ ਦੀ ਪ੍ਰਾਪਤੀ ਕਰਦੇ ਰਹਿਣਾ ਚਾਹੀਦਾ ਹੈ , ਆਪਣੇ ਦੇਸ਼ ਨੂੰ ਪਿਆਰ ਕਰਨਾ ਚਾਹੀਦਾ ਹੈ , ਚੰਗੀਆਂ ਗੱਲਾਂ ਦੂਜਿਆਂ ਤੋਂ ਵੀ ਸਿੱਖਣੀਆਂ ਚਾਹੀਦੀਆਂ ਹਨ ਅਤੇ ਔਖੇ ਸਮੇਂ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ । ਬੱਚਿਓ ! ਹਿਊਨਸਾਂਗ ਦੀ ਭਾਰਤ ਯਾਤਰਾ ਦੀ ਇਸ ਕਹਾਣੀ ਤੋਂ ਸਾਡੇ ਦੇਸ਼ ਭਾਰਤ ਦੇ ਮਹਾਂਪੁਰਖਾਂ , ਵਿਦਵਾਨਾਂ , ਬੁੱਧੀਜੀਵੀਆਂ ,, ਰਿਸ਼ੀਆਂ – ਮੁਨੀਆਂ , ਗੁਰੂਆਂ , ਪੀਰਾਂ , ਪੀਰ ਪੈਗੰਬਰਾਂ ਮਹਾਂਪੁਰਖਾਂ ਦੀ ਸੋਚ , ਉਨ੍ਹਾਂ ਦੇ ਗਿਆਨ ਤੇ ਉਨ੍ਹਾਂ ਦੀ ਵਿਦਵਤਾ ਦੀ ਮਹਾਨਤਾ ਦਾ ਜਿੱਥੇ ਪਤਾ ਲੱਗਦਾ ਹੈ , ਉੱਥੇ ਹੀ ਸਾਡੇ ਦੇਸ਼ ਭਾਰਤ ਦੀ ਵਿੱਦਿਆ ਦੀ ਮਹਾਨਤਾ ਅਤੇ ਵਡਿਆਈ ਦਾ ਵੀ ਪਤਾ ਲੱਗਦਾ ਹੈ । ਸੱਚਮੁੱਚ ਸਾਡਾ ਦੇਸ਼ ਭਾਰਤ ਮਹਾਨ ਹੈ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *

%d bloggers like this: