ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 25, 2020

ਦੋ ਦਿਨਾਂ ਦਾ ਮਹਿਮਾਨ

ਦੋ ਦਿਨਾਂ ਦਾ ਮਹਿਮਾਨ


ਸ਼ਨੀਵਾਰ ਦਾ ਦਿਨ ਸੀ। ਹਰ ਰੋਜ਼ ਦੀ ਤਰਾਂ ਮੈਂ ਸਵੇਰੇ ਅਲਾਰਮ ਵੱਜ ਕੇ ਬੰਦ ਹੋ ਗਿਆ ਤੇ ਮੈ ਫਿਰ ਦੁਬਾਰਾ ਸੋ ਗਿਆ ਸੀ। ਸੱਤ ਵਜੇ ਦੇ ਅਲਾਰਮ ਮੈਨੂੰ ਉਠਣ ਲਈ ਮਜਬੂਰ ਕਰ ਦਿੱਤਾ ਸੀ ਤੇ ਮੈਂ ਸੁਸਤੀ ਵਿੱਚ ਹੀ ਅੱਖਾਂ ਮਲਦਾ ਹੋਇਆ ਪਿਛਲੇ ਵਿਹੜੇ ਵਿੱਚ ਚਲਾ ਗਿਆ। ਇੱਕ ਬਹੁਤ ਹੀ ਸੋਹਣਾ ਕਬੂਤਰ ਸਾਡੇ ਵਿਹੜੇ ਵਿੱਚ ਪਏ ਮੰਜੇ ਦੇ ਪਾਵੇ ਦੇ ਆਸ ਪਾਸ ਗੇੜੇ ਕੱਢ ਰਿਹਾ ਸੀ। ਉਸਦੀ ਇਸ ਪਿਆਰੀ ਜਿਹੀ ਹਰਕਤ ਨੇ ਮੇਰੀ ਸਾਰੀ ਸੁਸਤੀ ਉਤਾਰ ਦਿੱਤੀ ਤੇ ਮੈਂ ਕਾਫੀ ਦੇਰ ਤੱਕ ਉਸਨੂੰ ਪਾਵੇ ਦੇ ਆਸ ਪਾਸ ਘੁੰਮਦੇ ਦੇਖਦਾ ਰਿਹਾ। ਫਿਰ ਮੈਂ ਰਸੋਈ ਵਿੱਚ ਗਿਆ ਅਤੇ ਇੱਕ ਕੋਲੀ ਵਿੱਚ ਪਾਣੀ ਲੈ ਕੇ ਆਇਆ ਮੈਨੂੰ ਲਗਿਆ ਸ਼ਾਇਦ ਉਸ ਨੂੰ ਪਿਆਸ ਲੱਗੀ ਹੋਵੇਗੁ ਪਰ ਨਾਲ ਨਾਲ ਸੋਚ ਰਿਹਾ ਸੀ ਕਿ ਕਿਤੇ ਮੇਰੇ ਕਰੀਬ ਜਾਣ ਤੇ ਕਿਤੇ ਉੱਡ ਹੀ ਨਾ ਜਾਵੇ।ਮੈਂ ਕਬੂਤਰ ਨੂੰ ਆਪਣੇ ਢਾਈ ਸਾਲ ਦੇ ਬੇਟੇ ਨੂੰ ਜੋ ਸੁੱਤਾ ਹੋਇਆ ਸੀ ਨੂੰ ਦਿਖਾਉਣਾ ਚਾਹੁੰਦਾ ਸੀ। ਮੈਂ ਇਹ ਸੋਚਦੇ ਸੋਚਦੇ ਕੋਲੀ ਵਿੱਚ ਪਾਣੀ ਉਸ ਦੇ ਕਰੀਬ ਜਾ ਕੇ ਰੱਖ ਦਿੱਤਾ ਪਰ ਉਹ ਨਹੀਂ ਉਡਿਆ ਅਤੇ ਥੋੜੀ ਦੇਰ ਬਾਅਦ ਉਸਨੇ ਪਾਣੀ ਵੀ ਪੀ ਲਿਆ। ਮੈਂ ਆਪਣੀ ਪਤਨੀ ਨੂੰ ਕਿਹਾ “ਕਿ ਜੇ ਇਹ ਪਿਆਸਾ ਸੀ ਤਾਂ ਭੁੱਖਾ ਵੀ ਜਰੂਰ ਹੋਵੇਗਾ। ਰਸੋਈ ਵਿੱਚੋ ਕੱਚਾ ਦਲੀਆ ਲਿਆ ਤੇ ਉਸਦੇ ਨੇੜੇ ਰੱਖ ਆਇਆ ਕਬੂਤਰ ਦੇ ਇਕ ਵਾਰ ਨੇੜੇ ਜਾਣ ਤੇ ਵੀ ਉਡਿਆ ਨਹੀ।

ਥੋੜੀ ਦੇਰ ਬਾਅਦ ਉਸ ਦਾਣਾ ਵੀ ਖਾਧਾ ।ਮੈਂ ਆਪਣੇ ਬੇਟੇ ਦੇ ਉਠਣ ਦਾ ਇੰਤਜਾਰ ਕਰਨ ਲੱਗ ਪਿਆ।ਕੁਝ ਸਮੇਂ ਬਾਅਦ ਮੇਰਾ ਬੇਟਾ ਜਦ ਉਠਿਆ ਤਾਂ ਮੈਂ ਕਿਹਾ ਕਿ ਬਾਹਰ ਆਉ ਤੈਨੂੰ ਕੁਝ ਦਿਖਾਉਣਾ ਹੈ।ਬੜੀ ਉਤਸੁਕਤਾ ਨਾਲ ਉਠਦੇ ਹੀ ਮੇਰੇ ਨਾਲ ਤੁਰ ਪਿਆ। ਜਦੋਂ ਉਸਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੇ ਕਬੂਤਰ ਤੇ ਪਈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉੱਚੀ-ਉੱਚੀ ਕਹਿਣ ਲਗਿਆ ” ਪੀਜਨ ਆਇਆ ਪੀਜਨ ਆਇਆ”। ਜਿਵੇਂ ਉਹ ਸਬ ਨੂੰ ਦੱਸ ਰਿਹਾ ਹੋਵੇ ਕਿ ਪਾਪਾ ਮੇਰੇ ਲਈ ਨਵਾਂ ਖਿਡੋਣਾ ਲੈ ਕੇ ਆਏ ਹਨ । ਦੁਪਿਹਰ ਤੱਕ ਕਬੂਤਰ ਸਾਡੇ ਵਹਿੜੇ ਵਿੱਚ ਹੀ ਘੁੰਮਦਾ ਰਿਹਾ । ਮੇਰਾ ਬੇਟਾ ਵਾਰ ਵਾਰ ਦੇਖਣ ਆਉਂਦਾ ਸੀ।

ਮੇਰੇ ਕੋਲ ਜਾਣ ਤੇ ਉਹ ਕੁਝ ਨਹੀਂ ਸੀ ਕਹਿੰਦਾ।ਮੈ ਕਬੂਤਰ ਦੇ ਕੋਲ ਜਾ ਕੇ ਉਸਨੂੰ ਹੱਥ ਲਾਉਣਾ ਚਾਹਿਆ ਫਿਰ ਵੀ ਉਸਨੇ ਕੁਝ ਨਾ ਕਿਹਾ।ਬਾਅਦ ਵਿੱਚ ਮੈ ਉਸਨੂੰ ਆਪਣੇ ਹੱਥਾਂ ਵਿੱਚ ਚੁੱਕ ਲਿਆ।ਮੇਰੇ ਹੱਥਾਂ ਚ ਆਉਣ ਤੇ ਉਸਨੂੰ ਤਕਲੀਫ ਜਰੂਰ ਹੋਈ।ਮੈਨੂੰ ਸੀ ਕਿਤੇ ਕੋਈ ਸੱਟ ਨਾ ਲੱਗੀ ਹੋਵੇ ਮੈਨੂੰ ਕਿਤੇ ਨਜ਼ਰ ਨਾ ਆਈ।ਵਿਹੜੇ ਵਿੱਚ ਇਕ ਜਗ੍ਹਾ ਤੇ ਲੰਮੇ ਸਮੇਂ ਤੱਕ ਟਿਕੇ ਰਹਿਣ ਤੋਂ ਮੈ ਸਹਿਜੇ ਹੀ ਅਨੁਮਾਨ ਲਾਇਆ ਕਿ ਉਹ ਉਡ ਨਹੀ ਸਕਦਾ।ਕੁਝ ਤਾਂ ਹੋਇਆ ਹੈ ਇਸਨੂੰ ਜਿਹੜਾ ਮੈਨੂੰ ਪਤਾ ਨਹੀਂ।

ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਕਈ ਵਾਰ ਗਰਮੀ ਕਾਰਨ ਪੰਛੀ ਅਟਕ ਜਿਹੇ ਜਾਂਦੇ ਹਨ ।ਠੀਕ ਹੋਣ ਤੇ ਆਪੇ ਉਡ ਜਾਵੇਗਾ।

ਮੈ ਆਪਣਾ ਦਫਤਰੀ ਦਾ ਕੰਮ ਕਰਨ ਲਗ ਪਿਆ। ਬੇਟੇ ਨੇ ਸਾਡੀਆਂ ਗੱਲਾਂ ਸੁਣ ਲਈਆਂ ਸਨ ਮੇਰੇ ਕੋਲ ਆ ਕੇ ਕਹਿਣ ਲਗਾ, “ਪਾਪਾ !ਪੀਜਨ ਉਡੇਗਾ ਤਾਂ ਨਹੀਂ ? ਮੈਂ ਉਸ ਨਾਲ ਖੇਡਣਾ ਹੈ।ਮੈਂ ਉਸ ਨੂੰ ਪਿਆਰ ਨਾਲ ਕਿਹਾ ਨਹੀਂ ਉਡੇਗਾ ਬੇਟਾ।

ਤਰਕਾਲਾਂ ਪਈਆਂ।

ਮੇਰੀ ਭਤੀਜੀ ਨੂੰ ਬੇਟੇ ਨੇ ਪੀਜਨ ਬਾਰੇ ਬੜੀ ਉਤਸੁਕਤਾ ਨਾਲ ਦਸਿਆ ਸੀ।ਪੀਜਨ ਨੂੰ ਵੇਖਣ ਲਈ ਉਸ ਦੀਆਂ ਅੱਖਾਂ ਵਿੱਚ ਚਮਕ ਮੈਂ ਸਾਫ ਨਜ਼ਰ ਆ ਰਹੀ ਸੀ।
ਗਰਮੀ ਥੋੜੀ ਘੱਟਣ ਕਾਰਨ ਮੈਂ ਵਿਹੜੇ ਦਾ ਦਰਵਾਜਾ ਖੋਲ ਦਿੱਤਾ। ਬੇਟਾ ਤੇ ਭਤੀਜੀ ਕਬੂਤਰ ਨਾਲ ਖੇਡਣ ਲਈ ਵਿਹੜੇ ਵਿੱਚ ਪਹੁੰਚ ਗਏ। ਕਬੂਤਰ ਸਾਡੇ ਵਿਹੜੇ ਵਿੱਚ ਪਏ ਗਮਲਿਆਂ ਦੀ ਛਾਂ ਹੇਠਾਂ ਬੈਠਾ ਸੀ।

ਇਸ ਤਰ੍ਹਾਂ ਕਬੂਤਰ ਦੇ ਨਾਲ ਖੇਡਦਿਆਂ ਦਿਨ ਬਿਤਾਇਆ।

ਐਤਵਾਰ ਦੇ ਦਿਨ ਜਲਦੀ ਉਠਣਾ ਕਿਸ ਨੂੰ ਪਸੰਦ ਹੁੰਦਾ ਹੈ,ਇਸ ਲਈ ਮੈ ਇਕ ਘੰਟਾ ਲੇਟ ਉਠਿਆ। ਮੇਰਾ ਬੇਟਾ ਹਾਲੇ ਸੁੱਤਾ ਹੋਇਆ ਸੀ ਤੇ ਪਤਨੀ ਘਰ ਦੀ ਸਫਾਈ ਵਿੱਚ ਰੁਝੀ ਹੋਈ ਸੀ। ਉਠਦੇ ਹੀ ਮੇਰਾ ਪਹਿਲਾ ਧਿਆਨ ਸਾਡੇ ਕੱਲ ਵਾਲੇ ਮਹਿਮਾਨ ਜੋ ਕੇ ਪਿਛਲੇ ਵਿਹੜੇ ਵਿੱਚ ਸੀ ਉਸ ਵੱਲ ਗਿਆ ਅਤੇ ਮੈਂ ਭੱਜ ਕੇ ਸਿੱਧਾ ਵਹਿੜੇ ਵਿੱਚ ਗਿਆ ਪਰ ਮੈਨੂੰ ਕਬੂਤਰ ਕਿਤੇ ਵੀ ਨਜ਼ਰ ਨਹੀ ਆਇਆ। ਮੈਂ ਥੋੜਾ ਖੁਸ਼ ਹੋਇਆ ਕਿ ਉਹ ਆਪਣੇ ਸਾਥੀਆਂ ਕੋਲ ਉੱਡ ਕੇ ਚਲਾ ਗਿਆ ਹੋਵੇਗਾ ਤੇ ਥੋੜਾ ਉਦਾਸ ਇਸ ਲਈ ਬੇਟਾ ਪੁਛੇਗਾ ਕਿ ਮੇਰਾ ਪੀਜਨ ਕਿੱਥੇ ਹੈ ਤਾਂ ਮੈ ਕੀ ਜਵਾਬ ਦੇਵਾਂਗਾ।

ਮੈਂ ਥੋੜਾ ਉਦਾਸ ਸਵਰ ਵਿੱਚ ਆਪਣੀ ਪਤਨੀ ਨੂੰ ਪੁੱਛਿਆ” ਕਿ ਕਬੂਤਰ ਉਡ ਗਿਆ, ਤਾਂ ਉਸ ਨੇ ਕਿਹਾ ਨਹੀਂ।ਸਵੇਰੇ ਤਾਂ ਇੱਥੇ ਹੀ ਸੀ। ਕਿਸੇ ਗਮਲੇ ਪਿੱਛੇ ਨਾ ਲੁਕਿਆ ਹੋਵੇ। ਮੈਂ ਖੁਸ਼ੀ ਵਾਲੇ ਲਹਿਜੇ ਨਾਲ ਕਬੂਤਰ ਲੱਭਣ ਲੱਗਾ ਤਾਂ ਕਬੂਤਰ ਇੱਕੋ ਦਮ ਵਿਹੜੇ ਵਿੱਚ ਪਈ ਵਾਸ਼ਿੰਗ ਮਸ਼ੀਨ ਪਿਛੋਂ ਨਿੱਕਲ ਆਇਆ।ਉਸ ਨੂੰ ਵੇਖ ਕੇ ਇੰਝ ਲੱਗਾ ਜਿਵੇਂ ਕੋਈ ਘਰ ਦਾ ਜੀਅ ਹੀ ਲੱਭ ਗਿਆ ਹੋਵੇ। ਮੈਂ ਵੇਖਿਆ ਕਿ ਰਾਤ ਵਾਲਾ ਪਾਇਆ ਦਾਣਾ ਕਬੂਤਰ ਖਾ ਚੁੱਕਾ ਸੀ ਅਤੇ ਕੁੱਝ ਦਾਣਾ ਪਾਣੀ ਵਾਲੀ ਕੌਲੀ ਕੋਲ ਪਿਆ ਸੀ। ਮੇਰਾ ਬੇਟਾ ਵੀ ਪੀਜਨ ਪੀਜਨ ਕਰਦਾ ਵਿਹੜੇ ਵੱਲ ਭੱਜਾ ਆਇਆ। ਇਹ ਸਾਰਾ ਦਿਨ ਵੀ ਬੇਟੇ ਦਾ ਕਬੂਤਰ ਨੂੰ ਦੇਖਣ ,ਉਸ ਦੇ ਗਮਲਿਆਂ ਉਪਰ ਚੜ੍ਹਨ ਤੇ ਵਿਹੜੇ ਵਿੱਚ ਪਏ ਸਮਾਨ ਨਾਲ ਵਿੱਚ ਨਿਕਲ ਰਿਹਾ ਸੀ। ਪਰ ਮੈਨੂੰ ਕਬੂਤਰ ਦੇ ਪਿਛਲੇ ਦਿਨ ਵਾਲੇ ਵਿਵਹਾਰ ਅਮਤੇ ਅੱਜ ਦੇ ਵਿਵਹਾਰ ‘ਚ ਕੁੱਝ ਫਰਕ ਲਗ ਰਿਹਾ ਸੀ।ਪਤਾ ਨਹੀਂ ਕਿਉਂ ਉਹ ਕੱਲ ਨਾਲੋ ਥੋੜਾ ਸੁਸਤ ਲਗ ਰਿਹਾ ਸੀ। ਮੈਂ ਆਪਣੇ ਦੋਸਤ ਹਰਮਨ ਨੂੰ ਦੱਸਿਆ।ਉਸ ਕੋਲ ਕਾਫੀ ਕਬੂਤਰ ਸਨ।ਉਸ ਨੂੰ ਸਾਰੀ ਗੱਲ ਦੱਸੀ ਕਿ ਮੈਨੂੰ ਕਬੂਤਰ ਕੁੱਝ ਸੁਸਤ ਲੱਗ ਰਿਹਾ ਹੈ ਅਤੇ ਇਹ ਪਿਛਲੇ ਦੋ ਦਿਨਾਂ ਤੋਂ ਉੱਡ ਵੀ ਨਹੀਂ ਰਿਹਾ ਹੈ।

ਦੇਖਣ ਤੇ ਉਸਨੇ ਦੱਸਿਆ ਕਿ ਹੋਇਆ ਤਾਂ ਕੁਝ ਨਹੀਂ ਠੀਕ ਹੋ ਜਾਵੇਗਾ।

ਪਰ ਮੇਰਾ ਦਿਲ ਚਾਹੁੰਦਾ ਸੀ ਕਿ ਉਹ ਉੱਡੇ ਤੇ ਉਹ ਵਿਹੜੇ ਵਿੱਚ ਆਉਂਦਾ ਜਾਂਦਾ ਰਿਹਾ ਕਰੇ।ਬੇਟਾ ਵੀ ਉਸ ਨੂੰ ਬਹੁਤ ਪਸੰਦ ਕਰਦਾ ਸੀ। ਸ਼ਾਮ ਨੂੰ ਬੇਟਾ ਤੇ ਭਤੀਜੀ ਕਬੂਤਰ ਨਾਲ ਬਹੁਤ ਖੇਡੇ। ਕਦੀ ਕਬੂਤਰ ਉਹਨਾਂ ਪਿੱਛੇ ਤੇ ਕਦੀ ਉਹ ਕਬੂਤਰ ਪਿੱਛੇ।

ਹਨੇਰਾ ਪੂਰੀ ਤਰਾਂ ਹੋ ਗਿਆ ਸੀ।ਅਸੀਂ ਰਾਤ ਦਾ ਖਾਣਾ ਖਾ ਕੇ ਸੌਣ ਲੱਗੇ ਤਾਂ ਇੱਕੋ ਦਮ ਧਿਆਨ ਆਇਆ ਕਿ ਮੈਂ ਰਾਤ ਲਈ ਕਬੂਤਰ ਲਈ ਪਾਣੀ ਅਤੇ ਦਾਣਾ ਰੱਖਣਾ ਤਾਂ ਭੁੱਲ ਹੀ ਗਿਆ ਸੀ।ਵਿਹੜੇ ਦੀ ਲਾਈਟ ਜਗਾਈ ਤੇ ਕੋਲੀ ਦਾ ਪਾਣੀ ਬਦਲ ਕੇ ਨਵਾਂ ਰੱਖਿਆ ਤੇ ਦਾਣਾ ਜੋ ਕਿ ਪਹਿਲਾਂ ਤੋਂ ਥੋੜਾ ਜਿਹਾ ਪਿਆ ਸੀ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਸੀ ਕਿ ਕਬੂਤਰ ਨੇ ਦਾਣਾ ਰੱਜ ਕੇ ਨਾ ਖਾਧਾ। ਦਾਣਾ ਪਾ ਕੇ ਮੈ ਉਸਨੂੰ ਦੇਖਣ ਗਿਆ ਚਲਿਆ ਗਿਆ। ਗਮਲੇ ਅਤੇ ਦੀਵਾਰ ਦੀ ਢੋਹ ਲਾ ਕੇ ਲੇਟਿਆ ਹੋਇਆ ਸੀ।ਸਵੇਰ ਹੋਈ ।ਮੈ ਸਵਖਤੇ ਹੀ ਉਠ ਗਿਆ ਸੀ।ਸੋਮਵਾਰ ਦੀ ਭੱਜ ਦੌੜ ਤੋਂ ਮੈਨੂੰ ਅਕਸਰ ਹੀ ਇੱਕ ਕਹਾਣੀ ਜੋ ਸਕੂਲ ਸਮੇਂ ਪੜੀ ਸੀ “ਮੰਡੇ ਮਾਰਨਿੰਗ” ਚੇਤੇ ਆਈ।

ਕਬੂਤਰ ਨੂੰ ਦੇਖਣ ਲਈ ਜਦ ਗਿਆ ਤਾਂ ਪਾਣੀ ਤੇ ਦਾਣਾ ਜਿਵੇਂ ਰਾਤ ਰਖਿਆ ਸੀ ਉਵੇਂ ਹੀ ਪਿਆ ਸੀ। ਮੈਂ ਦੇਖਿਆ ਤਾਂ ਉਸ ਦੇ ਪੈਰ ਉਪਰ ਸੀ ਅਤੇ ਧੌਣ ਟੇਡੀ ਹੋਈ ਪਈ ਸੀ। ਮੇਰੇ ਮਨ ਵਿੱਚ ਖਿਆਲ ਆਇਆ ਕਿ ਉਹ ਹੁਣ ਨਹੀ ਰਿਹਾ। ਮੈਂ ਆਪਣੀ ਪਤਨੀ ਨੂੰ ਆਵਾਜ਼ ਮਾਰੀ ਅਤੇ ਉਸ ਨੇ ਵੀ ਵੇਖਦੇ ਹੀ ਢਿੱਲੇ ਜਹੇ ਲਹਿਜੇ ਵਿੱਚ ਕਿਹਾ ਕਿ “ਮੈਨੂੰ ਲੱਗ ਹੀ ਰਿਹਾ ਸੀ ਇਸ ਨੇ ਨਹੀਂ ਬਚਣਾ ਜੇ ਇਸ ਨੇ ਉੱਡਣਾ ਹੁੰਦਾ ਤਾਂ ਉੱਡ ਜਾਣਾ ਸੀ।ਪੰਛੀ ਇੰਨਾ ਲਮਾਂ ਸਮਾਂ ਕਿਤੇ ਵੀ ਨਹੀਂ ਟਿੱਕਦੇ।”

ਮੈਂ ਇਹ ਸੋਚ ਰਿਹਾ ਸੀ ਕਿ ਜਦ ਮੇਰਾ ਬੇਟਾ ਉੱਠ ਕੇ ਵਿਹੜੇ ਵੱਲ ਭੱਜੇਗਾਂ ਤਾਂ ਮੈਂ ਉਸ ਨੂੰ ਕਿ ਜਵਾਬ ਦੇਵਾਂਗਾ। ਕੁੱਝ ਹੋਰ ਨਾ ਸੋਚਦੇ ਹੋਏ ਮੈਂ ਕਹੀ ਚੁੱਕੀ ਅਤੇ ਨਾਲ ਵਾਲੇ ਖਾਲੀ ਪਲਾਟ ਵਿੱਚ ਕਬੂਤਰ ਨੂੰ ਦੱਬਣ ਤੁਰ ਪਿਆ ਅਤੇ ਸੋਚਦਾ ਰਿਹਾ ਕਿ ” ਕਾਸ਼ ਇਹ ਉਡ ਹੀ ਜਾਂਦਾ ਤਾਂ ਸ਼ਾਇਦ ਫਿਰ ਕਦੀ ਵੀ ਕੋਈ ਵੀ ਕਬੂਤਰ ਵੇਖ ਕੇ ਮੇਰੇ ਮਨ ਵਿੱਚ ਜਰੂਰ ਆਉਂਦਾ ਕਿ ਕਿਤੇ ਇਹ ਉਹੀ ਕਬੂਤਰ ਤਾਂ ਨਹੀਂ ਜਿਸ ਨੇ ਸਾਡੇ ਨਾਲ ਸਾਡੇ ਘਰ ਦੋ ਦਿਨ ਬੀਤਾਏ।ਇਹੀ ਸੋਚਦੇ-ਸੋਚਦੇ ਮੈਂ ਕਬੂਤਰ ਨੂੰ ਦੱਬ ਆਇਆ ਅਤੇ ਦਫਤਰ ਜਾਣ ਲਈ ਤਿਆਰ ਹੁੰਦੇ-ਹੁੰਦੇ ਆਪਣੇ ਬੇਟੇ ਦੇ ਉਠੱਣ ਦਾ ਇੰਤਜਾਰ ਕਰਨ ਲੱਗਾ। ਜਦ ਮੈਂ ਨਹਾ ਕੇ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਕਿ ਮੇਰਾ ਬੇਟਾ ਉੱਠ ਚੁੱਕਾ ਸੀ ਅਤੇ ਸ਼ਾਇਦ ਇੱਕ ਗੇੜਾ ਵਿਹੜੇ ਵਿੱਚ ਵੀ ਮਾਰ ਕੇ ਆ ਚੁੱਕਾ ਸੀ ਤੇ ਮੈਨੂੰ ਸਾਹਮਣੇ ਨਾ ਪਾ ਕੇ ਆਪਣੀ ਮਾਂ ਨੂੰ ਆਪਣੇ ਪੀਜਨ ਬਾਰੇ ਪੁੱਛ ਰਿਹਾ ਸੀ।

ਉਸਦੀ ਮਾਂ ਕਹਿ ਰਹੀ ਸੀ ਕਿ ਬੇਟਾ ਪੀਜਨ ਦੇ ਹਾਈ ਹੋਈ ਸੀ ਤਾਂ ਰਾਤੀਂ ਉਸਦੀ ਮੰਮਾਂ ਆਏ ਤੇ ਨਾਲ ਲੈ ਗਏ। ਕਹਿੰਦੇ ਸੀ ਜਦੋਂ ਪੀਜਨ ਦੀ ਹਾਈ ਠੀਕ ਹੋਈ ਤਾਂ ਉਹ ਫਿਰ ਤੋਂ ਆਪਣੇ ਵਿਹੜੇ ਵਿੱਚ ਛੱਡ ਜਾਵੇਗੀ। ਬੇਟਾ ਬੜੀ ਅਸਾਨੀ ਨਾਲ ਇਹ ਸਾਰੀ ਗੱਲ ਨੂੰ ਸੱਚ ਮੰਨ ਕੇ ਫਿਰ ਤੋਂ ਆਪਣੀਆਂ ਖੇਡਾਂ ਵਿੱਚ ਰੁੱਝ ਗਿਆ।
ਥੋੜੀ- ਥੋੜੀ ਦੇਰ ਬਾਅਦ ਪੀਜਨ ਦੀ ਮੰਮਾਂ ਬਾਰੇ ਵੱਖ ਵੱਖ ਸਵਾਲ ਕਰ ਰਿਹਾ ਸੀ ।ਬੇਟੇ ਦੇ ਮਾਸੂਮ ਸਵਾਲਾਂ ਵਿੱਚ ਉਸਦਾ ਦੁੱਖ ਸਾਫ ਨਜ਼ਰ ਆ ਰਿਹਾ ਸੀ।ਕਈ ਦਿਨ ਉਹ ਇਸ ਤਰ੍ਹਾਂ ਦੇ ਸਵਾਲ ਕਰਦਾ ਰਿਹਾ।ਹੁਣ ਉਸਨੂੰ ਇਹ ਵੀ ਲੱਗ ਰਿਹਾ ਸੀ ਉਹ ਕਿਤੇ ਦੂਰ ਚਲੇ ਗਏ ਹਨ ਤੇ ਸਾਡੇ ਘਰ ਦਾ ਰਸਤਾ ਭੁੱਲ ਗਏ ਹੋਣਗੇ।

ਦੀਪ ਚੋਹਾਨ “ਫਿਰੋਜ਼ਪੁਰ”
ਸੰਪਰਕ 94642-12566

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: