Fri. Jul 19th, 2019

ਦੇਸ਼ ਵਿਦੇਸ਼ ਵਿਚ ਪੰਜਾਬੀਅਤ ਰੁਤਬੇ ਨੂੰ ਹੋਰ ਬੁਲੰਦ ਕਰੇਗੀ ਪੰਜਾਬੀ ਫਿਲਮ ‘ਦੂਰਬੀਨ’

ਦੇਸ਼ ਵਿਦੇਸ਼ ਵਿਚ ਪੰਜਾਬੀਅਤ ਰੁਤਬੇ ਨੂੰ ਹੋਰ ਬੁਲੰਦ ਕਰੇਗੀ ਪੰਜਾਬੀ ਫਿਲਮ ‘ਦੂਰਬੀਨ’
ਅਜਿਹੀਆਂ ਫੈਮਲੀ ਉਰੀਐਂਨਟਿਡ ਫਿਲਮਜ਼ ਦਾ ਹੀ ਨਿਰਮਾਣ ਕੀਤਾ ਜਾਵੇਗਾ , ਜਿੰਨਾਂ ਨੂੰ ਪੂਰਾ ਪਰਿਵਾਰ ਇਕੱਠਿਆ ਬੈਠ ਕੇ ਵੇਖ ਸਕੇ ਨਿਰਮਾਤਾ: ਸੁਖਰਾਜ਼ ਰੰਧਾਵਾ

ਅੰਤਰਰਾਸ਼ਟਰੀ ਪੱਧਰ ਤੇ ਨਵੀਆਂ ਉਚਾਈਆਂ ਹਾਸਿਲ ਕਰਨ ਵੱਲ ਵਧ ਰਿਹਾ ਪੰਜਾਬੀ ਸਿਨੇਮਾਂ ਪੜਾਅ ਦਰ ਪੜਾਅ ਮਾਣਮੱਤੇ ਆਯਾਮ ਤੈਅ ਕਰ ਰਿਹਾ ਹੈ, ਜਿਸ ਨੂੰ ਮੌਜੂਦਾ ਮੁਕਾਮ ਦਾ ਹਾਣੀ ਬਣਾਉਣ ਵਿਚ ਇਸ ਖਿੱਤੇ ਨਾਲ ਜੁੜੀਆਂ ਕਈ ਅਹਿਮ ਸਖ਼ਸੀਅਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਅਤੇ ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਵਿਚ ਜੁਟੀਆਂ ਅਜਿਹੀਆਂ ਹੀ ਹਸਤੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਸੁਖਰਾਜ਼ ਰੰਧਾਵਾ, ਜੁਗਰਾਜ਼ ਗਿੱਲ , ਯਾਦਵਿੰਦਰ ਵਿਰਕ , ਜੋ ਆਪਣੇ ਮਾਂ ਬੋਲੀ ਸਿਨੇਮਾਂ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੰਜਾਬੀ ਫ਼ਿਲਮ ‘ਦੂਰਬੀਨ’ ਦਾ ਨਿਰਮਾਣ ਕਰ ਰਹੇ ਹਨ। ਪੰਜਾਬੀ ਫ਼ਿਲਮ ਜਗਤ ਵਿਚ ਨਿਰਮਾਣ ਅਧੀਨ ਫ਼ਿਲਮਜ਼ ਪੜਾਅ ਤੋਂ ਹੀ ਵਿਲੱਖਣਤਾਂ ਦਾ ਅਹਿਸਾਸ ਕਰਵਾ ਰਹੀ ਅਤੇ ਚੰਡੀਗੜ ਆਸ ਪਾਸ ਫਿਲਮਾਈ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ‘ਅਜ਼ਾਦ ਪਰਿੰਦੇ ਫ਼ਿਲਮਜ਼’ ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਦਾ ਲੇਖਣ ਸੁਖਰਾਜ ਸਿੰਘ ਅਤੇ ਨਿਰਦੇਸ਼ਨ ਇਸ ਸਿਨੇਮਾਂ ਵਿਚ ਪ੍ਰਤਿਭਾਵਾਨ ਨੌਜਵਾਨ ਨਿਰਦੇਸ਼ਕ ਵਜੋਂ ਚੋਖੀ ਭੱਲ ਬਣਾ ਰਹੇ ਇਸ਼ਾਨ ਚੋਪੜਾ ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਈ.ਪੀ ਜਿੰਮੇਵਾਰੀ ਸੁਖਜੀਤ ਜੈਤੋ ਸੰਭਾਲ ਰਹੇ ਹਨ।

ਪੰਜਾਬੀ ਫ਼ਿਲਮਾਂ ਨੂੰ ਕੰਟੈਂਟ, ਤਕਨੀਕੀ ਪੱਖੋਂ ਹੋਰ ਉਚ ਦਰਜ਼ਾ ਦਵਾਉਣ ਦਾ ਪੂਰਾ ਦਮਖ਼ਮ ਰੱਖਦੀ ਇਸ ਫਿਲਮ ਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾ ਜੋ ਪਿੰਡ ਮਾਨਾਵਾਲਾ ਕਲਾਂ , ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਊ, ਨਿਮਰ ਅਤੇ ਵਿਕਾਸ ਕਾਰਜਾਂ ਵਿਚ ਮੋਹਰੀ ਰਹਿਣ ਵਾਲੇ ਸਰਪੰਚ ਵਜੋਂ ਵੀ ਮਾਝੇ ਭਰ ਵਿਚ ਮਾਣਮੱਤੀ ਪਹਿਚਾਣ ਰੱਖਦੇ ਹਨ, ਨੇ ਦੱਸਿਆ ਕਿ ਇਸ ਫਿਲਮ ਸਨਅਤ ਵਿਚ ਉਨਾਂ ਦੇ ਆਉਣ ਦਾ ਮਕਸਦ ਪੈਸੇ ਕਮਾਉਣਾ ਨਹੀਂ ਹੈ, ਬਲਕਿ ਇਹ ਹੈ ਕਿ ਅਜਿਹੀਆਂ ਪੰਜਾਬੀ ਫਿਲਮਜ਼ ਦਾ ਨਿਰਮਾਣ ਆਪਣੀ ਮਿੱਟੀ ਦੇ ਸਿਨੇਮਾਂ ਲਈ ਕੀਤਾ ਜਾਵੇ, ਜਿਸ ਨਾਲ ਦੇਸ਼, ਵਿਦੇਸ਼ ਵਿਚ ਵਸੇਂਦੀ ਨੌਜਵਾਨ ਪੀੜੀ ਆਪਣੀਆਂ ਅਸਲ ਜੜਾ ਅਤੇ ਕਦਰਾਂ, ਕੀਮਤਾਂ ਨਾਲ ਜੁੜ ਸਕੇ। ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਕਹਾਣੀ , ਭਾਵਪੂਰਨ ਜਜਬਾਂਤਾਂ ਅਧੀਨ ਬਣਾਈ ਜਾ ਰਹੀ ਇਹ ਫਿਲਮ ਪੰਜਾਬੀਅਤ ਦੀ ਪੂਰਨ ਤਰਜਮਾਨੀ ਕਰੇਗੀ, ਜਿਸ ਵਿਚ ਲੀਡ ਭੂਮਿਕਾਵਾਂ ਨਿੰਜ਼ਾ, ਵਾਮਿਕਾ ਗੱਬੀ, ਜਸ ਬਾਜਵਾ, ਨਵਾਂ ਚਿਹਰਾ ਜੈਸਮੀਨ ਬਾਜਵਾ ਆਦਿ ਨਿਭਾ ਰਹੇ ਹਨ, ਜਿੰਨਾਂ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ, ਪ੍ਰਕਾਸ ਗਾਦੂ ਆਦਿ ਵੀ ਅਹਿਮ ਯੋਗਦਾਨ ਪਾਉਣਗੇ।

ਪੰਜਾਬੀ ਸਿਨੇਮਾਂ ਖਿੱਤੇ ਵਿਚ ਵਿਲੱਖਣ ਪੈੜਾ ਸਿਰਜਣ ਦੀ ਤਾਂਘ ਰੱਖਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾਂ ਨੇ ਮਨ ਦੇ ਜਜਬਾਂਤ ਸਾਂਝੇ ਕਰਦਿਆਂ ਦੱਸਿਆ ਕਿ ” ਧੰਨ ਧੰਨ ਬਾਬਾ ਬੁੱਢਾ ਸਿੰਘ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਇਸ ਫਿਲਮ ਦੇ ਨਿਰਮਾਣ ਨਾਲ ਮਾਣ ਭਰੇ ਪੜਾਅ ਵੱਲ ਵਧੇ ਉਨਾਂ ਦੇ ਪ੍ਰੋਡੋਕਸ਼ਨ ਹਾਊਸਜ਼ ਅਧੀਨ ਕੇਵਲ ਅਜਿਹੀਆਂ ਫੈਮਲੀ ਉਰੀਐਂਨਟਿਡ ਫਿਲਮਜ਼ ਦਾ ਹੀ ਨਿਰਮਾਣ ਕੀਤਾ ਜਾਵੇਗਾ , ਜਿੰਨਾਂ ਨੂੰ ਪੂਰਾ ਪਰਿਵਾਰ ਇਕੱਠਿਆ ਬੈਠ ਕੇ ਵੇਖ ਸਕੇ ਅਤੇ ਨੌਜਵਾਨ ਵਰਗ ਇੰਨਾਂ ਤੋਂ ਵੀ ਸੇਧ ਵੀ ਲੈ ਸਕੇ। ਉਨਾਂ ਅੱਗੇ ਕਿਹਾ ਕਿ ਫੁੱਲ ਕਾਮੇਡੀ, ਰੋਮਾਟਿਕ ਅਤੇ ਸਮਾਜਿਕ ਮੈਸੇਜਾਂ ਨਾਲ ਔਤ ਪੋਤ ਇਹ ਫਿਲਮ ਇਸ ਸਿਨੇਮਾਂ ਦੀਆਂ ਬੇਹਤਰੀਣ ਫਿਲਮਜ਼ ਵਿਚ ਆਪਣਾ ਸ਼ੁਮਾਰ ਕਰਵਾਏਗੀ, ਜੋ ਇਸ ਗੱਲ ਦਾ ਵੀ ਸਿਹਰਾ ਹਾਸਿਲ ਕਰਨ ਜਾ ਰਹੀ ਹੈ ਕਿ ਇਸ ਨਾਲ ਜੁੜੇ ਜਿਆਦਾਤਰ ਟੀਮ ਮੈਂਬਰਜ਼ ਪਹਿਲੀ ਵਾਰ ਪ੍ਰਭਾਵੀ ਰੂਪ ਵਿਚ ਆਪਣੀ ਆਪਣੀ ਕਾਬਲੀਅਤ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ।ਉਨਾਂ ਦੱਸਿਆ ਕਿ ਫਿਲਮ ਦੇ ਲਈ ਬਤੌਰ ਸਿਨੇਮਾਟੋਗ੍ਰਾਫਰ ਆਪਣੀਆਂ ਸੇਵਾਵਾਂ ਦੇ ਰਹੇ ਮਨੋਜ਼ ਸਾਹ ਬਾਲੀਵੁੱਡ ਦੇ ਦਿਗਜ਼ ਕੈਮਰਾਮੈਨ ਵਜੋਂ ਆਪਣਾ ਮੁਕਾਮ ਰੱਖਦੇ ਹਨ, ਜੋ ਇਸ ਤੋਂ ਪਹਿਲਾ ਕਈ ਵੱਡੀਆਂ ਹਿੰਦੀ ਫਿਲਮਜ਼ ਦੀ ਫੋਟੋਗ੍ਰਾਫ਼ਰੀ ਕਰ ਚੁੱਕੇ ਹਨ , ਜਦਕਿ ਪੰਜਾਬੀ ਸਿਨੇਮਾਂ ਵਿਚ ਉਹ ਪਹਿਲੀ ਵਾਰ ਉਨਾਂ ਦੀ ਹੀ ਉਕਤ ਫਿਲਮ ਦੁਆਰਾ ਕਦਮ ਰੱਖਣ ਜਾ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੇ ਨੌਜਵਾਨ ਨਿਰਦੇਸ਼ਕ ਇਸ਼ਾਨ ਚੋਪੜਾ , ਜੋ ਵੀ ਲਹੋਰੀਏ, ਦਿਲ ਦੀ ਗੱਲਾਂ ਜਿਹੀਆਂ ਸ਼ਾਨਦਾਰ ਫਿਲਮਜ਼ ਬਤੌਰ ਐਸੋਸੀਏਟ ਨਿਰਦੇਸ਼ਕ ਕਰ ਚੁੱਕੇ ਹਨ, ਦੀ ਵੀ ਅਜਾਦ ਨਿਰਦੇਸ਼ਕ ਦੇ ਤੌਰ ਤੇ ਇਹ ਪਹਿਲੀ ਫਿਲਮ ਹੈ ।

ਸੋ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਫਿਲਮ ਦੂਰਬੀਨ ਰਾਹੀਂ ਕਈ ਪ੍ਰਤਿਭਾਵਾਨ ਲੋਂਗ ਮਾ ਬੋਲੀ ਸਿਨੇਮਾਂ ਵਿਚ ਆਪਣੀ ਆਪਣੀ ਕਲਾਂ ਦਾ ਲੋਹਾ ਮੰਨਵਾਉਣਗੇ। ਉਨਾਂ ਅੱਗੇ ਕਿਹਾ ਕਿ ਅਜਾਦ ਪਰਿੰਦੇ ਬੈਨਰਜ਼ ਲਈ ਇਹ ਬੇਹੱਦ ਖੁਸ਼ੀ ਭਰੇ ਅਤੇ ਸਕੂਨਦਾਇਕ ਲਮਹਾਂਤ ਹਨ ਕਿ ਉਨਾਂ ਦੀ ਫਿਲਮ ਲਈ ਹਰ ਟੀਮ ਮੈਂਬਰਜ਼ ਦਿਨ ਰਾਤ ਸਰਦੀ ਅਤੇ ਖਰਾਬ ਮੌਸਮ ਵਿਚ ਵੀ ਤਨਦੇਹੀ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ, ਜਿਸ ਨਾਲ ਫਿਲਮ ਦਾ ਹਰ ਫਰੇਮ ਖੂਬਸੂਰਤ ਸਾਂਚੇ ਵਿਚ ਢਲ ਰਿਹਾ ਹੈ। ਉਨਾ ਅੱਗੇ ਕਿਹਾ ਕਿ ਉਕਤ ਨਿਰਮਾਣ ਹਾਊਸ ਦੀ ਕੋਸ਼ਿਸ਼ ਲੋਕ ਮਸਲਿਆਂ ਤੇ ਅਧਾਰਿਤ ਅਜਿਹੀਆਂ ਫਿਲਮਜ਼ ਬਣਾਉਣ ਦੀ ਹੀ ਰਹੇਗੀ, ਜਿਸ ਨਾਲ ਟੁੱਟ, ਤਿੜਕ ਰਹੇ ਸਮਾਜਿਕ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦਿੱੱਤੀ ਜਾ ਸਕੇ ਅਤੇ ਨਸ਼ਿਆਂ ਜਿਹੀਆਂ ਅਲਾਮਤਾਂ ਵਿਚ ਫਸੇ ਨੌਜਵਾਨ ਵਰਗ ਨੂੰ ਹੀ ਸਹੀ ਦਿਸਾਵਾਂ ਵਿਚ ਤੋਰਿਆ ਜਾ ਸਕੇ, ਜਿਸ ਲਈ ਸਾਲ ਵਿਚ ਦੋ ਫਿਲਮਜ਼ ਦਾ ਨਿਰਮਾਣ ਕੀਤਾ ਜਾਵੇਗਾ , ਜੋ ਹਰ ਪੱਖੋਂ ਬੇਹਤਰੀਣ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦੀਆਂ ਹੋਣਗੀਆਂ। ਉਨਾਂ ਦੱਸਿਆ ਕਿ ਇਸੇ ਸਾਲ ਮਈ ਮਹੀਨੇ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਉਨਾਂ ਦੀ ਇਸ ਫਿਲਮ ਦਾ ਪਲਸ ਪੁਆਇੰਟ ਇਸ ਦਾ ਮਿਊਜਿਕ ਵੀ ਹੋਵੇਗਾ, ਜਿਸ ਦੇ ਗੀਤਾਂ ਸਬੰਧਤ ਫਿਲਮਾਂਕਣ ਨੂੰ ਖੂਬਸੂਰਤ ਰੂਪ ਦੇਣ ਵਿਚ ਹਿੰਦੀ ਫਿਲਮਾਂ ਦੇ ਮਸ਼ਹੂਰ ਕੋਰਿਓਗ੍ਰਾਫਰ ਰਾਕਾ ਵੀ ਖਾਸਾ ਅਤੇ ਸਿਰੜੀ ਯੋਗਦਾਨ ਪਾ ਰਹੇ ਹਨ।

ਪਰਮਜੀਤ
ਫ਼ਰੀਦਕੋਟ, ਮੁੰਬਈ
9855820713

Leave a Reply

Your email address will not be published. Required fields are marked *

%d bloggers like this: