Fri. Apr 26th, 2019

ਦੇਸ਼ ਨੂੰ ਬੁਲੰਦੀ ਤੇ ਪਹੁੰਚਾਉਣ ਲਈ ਨਾਗਰਿਕਾਂ ਦੀ ਮਾਨਸਿਕਤਾ ਬਦਲਣਾ ਜ਼ਰੂਰੀ

ਦੇਸ਼ ਨੂੰ ਬੁਲੰਦੀ ਤੇ ਪਹੁੰਚਾਉਣ ਲਈ ਨਾਗਰਿਕਾਂ ਦੀ ਮਾਨਸਿਕਤਾ ਬਦਲਣਾ ਜ਼ਰੂਰੀ

ਭਾਰਤ ਦੁਨੀਆਂ ਦਾ ਸੱਭ ਤੋਂ ਤੇਜੀ ਨਾਲ ਵਿਕਸਤ ਹੋਣ ਦੀ ਕਾਬਲੀਅਤ ਰੱਖਣ ਵਾਲਾ ਮੁਲੱਕ ਹੈ। ਦੇਸ਼ ਦੀ 125 ਕਰੋੜ ਦੀ ਅਬਾਦੀ ਹੈ, ਪਰ ਫੇਰ ਵੀ ਕੀ ਕਾਰਨ ਹੈ, ਦੇਸ਼ ਦੀ ਦੁਨੀਆਂ ਦੇ ਨਕਸ਼ੇ ਤੇ ਕੋਈ ਬਹੁਤ ਪ੍ਰਭਾਵਸ਼ਲੀ ਥਾਂ ਨਹੀਂ ਹੈ। ਸਮੇਂ ਸਮੇਂ ਤੇ ਕਈ ਛੋਟੇ ਛੋਟੇ ਦੇਸ਼ ਵੀ ਭਾਰਤ ਨੂੰ ਅੱਖਾਂ ਦਿਖਾਉਣ ਤੋਂ ਬਾਜ਼ ਨਹੀਂ ਆਉਂਦੇ। ਇਹ ਤਾਂ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਭਾਰਤੀ ਸੈਨਾ ਇਸ ਦੀ ਸੁਰੱਖਿਆ ਲਈ ਬਾਰਡਰ ਤੇ ਦਿਨ ਰਾਤ ਚੌਕਸ ਰਹਿੰਦੀ ਹੈ। ਆਪਣੇ ਘਰ ਪਰਿਵਾਰ ਤੋਂ ਦੂਰ ਇਹਨਾਂ ਸੈਨਿਕਾਂ ਦੇ ਕਾਰਨ ਹੀ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੌਂ ਪਾਂਦੇ ਹਾਂ ਅਤੇ ਆਪਣੇ ਰੋਜ਼ਮਰਾ ਦੇ ਕੰਮਕਾਰ ਨਿੱਡਰ ਹੋ ਕੇ ਕਰਦੇ ਹਾਂ। ਜਿੱਥੇ ਸੈਨਾ ਆਪਣਾ ਫਰਜ਼ ਦਿਲੋਂ ਜਾਨ ਨਾਲ ਨਿਭਾਉਂਦੀ ਹੈ, ਉੱਥੇ ਸੋਚਣ ਵਾਲੀ ਗੱਲ ਹੈ, ਸਮਾਜ ਦੇ ਬਾਕੀ ਵਰਗਾਂ ਦਾ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਵਿੱਚ ਕੀ ਰੋਲ ਹੈ ? ਕੀ ਅਸੀਂ ਆਪਣੇ ਸਮਾਜਿਕ ਫਰਜ਼ ਅਤੇ ਜਿੰਮੇਵਾਰੀਆਂ ਖਿੜੇ ਮੱਥੇ ਇਮਾਨਦਾਰੀ ਨਾਲ ਨਿਭਾਉਂਦੇ ਹਾਂ ? ਇਸ ਦਾ ਜਵਾਬ ਬੜਾ ਕੌੜਾ ਹੋ ਸਕਦਾ ਹੈ। ਆਓ ਜ਼ਰਾ ਇਸ ਬਾਰੇ ਕੁੱਝ ਸਥਿਤੀਆਂ ਦਾ ਗਹਿਰਾਈ ਨਾਲ ਚਿੰਤਨ ਕਰੀਏ ਜਿਹਨਾਂ ਨਾਲ ਅਸੀਂ ਰੋਜ਼ਾਨਾ ਰੂਬਰੂ ਹੁੰਦੇ ਹਾਂ।
ਜੇ ਅਸੀਂ ਆਪਣੇ ਪਰਿਵਾਰ ਸਮੇਤ ਆਪਣੇ ਵਾਹਨ ਤੇ ਸਵਾਰ ਕਿਸੇ ਟ੍ਰੈਫਿਕ ਲਾਈਟ ਤੇ ਰੈਡ ਸਿਗਨਲ ਤੇ ਹੋਈਏ ਜਿੱਥੇ ਟ੍ਰੈਫਿਕ, ਕੈਮਰਾ ਜਾਂ ਟ੍ਰੈਫਿਕ ਹਵਲਦਾਰ ਨਾਂ ਹੋਵੇ ਤਾਂ ਸਾਡੇ ਵਿੱਚੋਂ ਕਿੰਨੇ ਹੋਣਗੇ ਜੋ ਰੈਡ ਲਾਈਟ ਜੰਪ ਨਹੀਂ ਕਰਨਗੇ ? ਰੈਡ ਲਾਈਟ ਜੰਪ ਕਰਦੇ ਸਮੇਂ ਭਾਵੇਂ ਅਸੀਂ ਕਿਸੇ ਦੀ ਨਿਗ਼ਾਹ ਵਿੱਚ ਨਾਂ ਵੀ ਆਈਏ ਪਰ ਅਣਜਾਣੇ ਵਿੱਚ ਹੀ ਅਸੀਂ ਆਪਣੇ ਨਾਲ ਬੈਠੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣਾ ਸਿਖਾ ਦੇਂਦੇ ਹਾਂ। ਇਹ ਬੱਚੇ ਹੀ ਅਗੇ ਚੱਲ ਕੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਸਮਝਦੇ ਹੋਏ ਆਪਣੀ ਅਤੇ ਹੋਰਾਂ ਦੀ ਜਾਨ ਖਤਰੇ ਵਿੱਚ ਪਾ ਦੇਂਦੇ ਹਨ।
ਸਾਡਾ ਸਮਾਜਿਕ ਤਾਣਾ ਬਾਣਾ ਕੁੱਝ ਅਜਿਹਾ ਉੱਲਝਿਆ ਹੈ ਕਿ ਰਿਸ਼ਵਤਖੋਰੀ ਜਿਵੇਂ ਹੱਡਾਂ ਵਿੱਚ ਹੀ ਰੱਚ ਵੱਸ ਗਈ ਹੋਵੇ। ਜਿਆਦਾਤਰ ਨਾਗਰਿਕਾਂ ਵਿੱਚ ਆਪਣਾ ਕੋਈ ਵੀ ਜਾਇਜ਼ ਕੰਮ ਕਰਵਾਉਣ ਦੀ ਵੀ ਇੰਨੀ ਜਲਦੀ ਹੁੰਦੀ ਹੈ ਕਿ ਸਿਫਾਰਿਸ਼ ਜਾਂ ਰਿਸ਼ਵਤ ਦੇ ਕੇ ਕੰਮ ਛੇਤੀ ਅਤੇ ਆਊਟ ਆਫ ਟਰਨ ਕਰਾਉਣਾ ਜਿਵੇਂ ਉਹਨਾਂ ਦੀ ਬੇਲੋੜੀ ਜਰੂਰਤ ਬਣ ਗਈ ਹੋਵੇ। ਕਹਿੰਦੇ ਹਨ ਕਿ ਕੋਈ ਵੀ ਇੰਸਾਨ ਉਦੋਂ ਤੱਕ ਹੀ ਇਮਾਨਦਾਰ ਹੁੰਦਾ ਹੈ ਜਦੋਂ ਤੱਕ ਉਸਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਦਾ। ਆਪ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਉਣ ਤੋਂ ਬਾਅਦ ਰਿਸ਼ਵਤਖੋਰੀ ਵਿਰੁੱਧ ਝੂਠਾ ਰੋਸ ਪ੍ਰਗਟ ਕਰਨਾ ਵੀ ਜਿਵੇਂ ਫੈਸ਼ਨ ਬਣ ਗਿਆ ਹੈ। ਸਾਡੀ ਇਸੇ ਮਾਨਸਿਕਤਾ ਕਾਰਨ ਇੱਕ ਅੰਤਰਰਾਸ਼ਟਰੀ ਸਰਵੇ ਅਨੁਸਾਰ ਸਾਡਾ ਮੁਲੱਕ ਦੁਨੀਆਂ ਵਿੱਚ ਇਮਾਨਦਾਰੀ ਪੱਖੋਂ ਬਾਕੀ ਦੇਸ਼ਾਂ ਤੋਂ ਬਹੁਤ ਪਿੱਛੇ 81ਵੇਂ ਨੰਬਰ ਤੇ ਖੜਾ ਹੈ।
ਕਿਸੇ ਵੀ ਸਮਾਜ ਲਈ ਗਿਆਨ ਅਤੇ ਤਜ਼ਰਬੇ ਦਾ ਭੰਡਾਰ ਹੁੰਦੇ ਹਨ, ਉਸਦੇ ਸੀਨੀਅਰ ਸਿਟੀਜ਼ਨ। ਪਰ ਸਮਾਜ ਦੇ ਇਸ ਸੱਭ ਤੋਂ ਮਹੱਤਵਪੂਰਨ ਅੰਗ ਦੀ ਕਿਵੇਂ ਉਹਨਾਂ ਦੇ ਉਮਰ ਦੇ ਆਖਰੀ ਪੜਾਅ ਵਿੱਚ ਬੇਕਦਰੀ ਹੁੰਦੀ ਹੈ, ਇਹ ਗੱਲ ਕਿਸੇ ਤੋਂ ਲੁੱਕੀ ਨਹੀਂ। ਸਮਾਜ ਦੁਆਰਾ ਉਹਨਾਂ ਦੇ ਗਿਆਨ ਦਾ ਲਾਭ ਉਠਾਉਣ ਦੀ ਥਾਂ ਉਹਨਾਂ ਨੂੰ ਨਕਾਰਾ ਸਮਜ ਕੇ ਬਜ਼ੁਰਗਾਂ ਦੇ ਆਸ਼ਰਮ ਵਿੱਚ ਬੱਚਦਾ ਜੀਵਨ ਜਿਉਣ ਲਈ ਮਜਬੂਰ ਕੀਤਾ ਜਾਂਦਾ ਹੈ। ਘਰਾਂ ਵਿੱਚ ਵੀ ਉਹਨਾਂ ਨੂੰ ਖੁੱਡੇ ਲਾਈਨ ਕਰ ਦਿੱਤਾ ਜਾਂਦਾ ਹਾਂ, ਕਿਓਂਕਿ ਨਵੀਂ ਪੀੜੀ ਕੋਲ ਉਹਨਾਂ ਦੀ ਮਿੱਠੀਆਂ ਕੋੜੀਆਂ ਝਿੜਕਾਂ ਵਿੱਚ ਛਿੱਪੇ ਗਿਆਨ ਨੂੰ ਸਮਝਣ ਦਾ ਨਾਂ ਤਾਂ ਸਬਰ ਹੈ ਤੇ ਨਾਂ ਹੀ ਸਮਾਂ।
ਵਿੱਦਿਆਰਥੀ ਕਿਸੇ ਵੀ ਦੇਸ਼ ਦੇ ਭਵਿੱਖ ਦੀ ਨੀਂਹ ਹੁੰਦੇ ਹਨ। ਜੇ ਨੀਂਹ ਖੋਖਲੀ ਰਹਿ ਜਾਵੇ ਤਾਂ ਦੇਸ਼ ਦੇ ਭਵਿੱਖ ਦੀ ਇਮਾਰਤ ਕਮਜ਼ੋਰ ਰਹਿ ਜਾਂਦੀ ਹੈ। ਪੇਪਰਾਂ ਵਿੱਚ ਨਕਲ ਦੇ ਮਿੱਠੇ ਜਹਿਰ ਨਾਲ ਕਈ ਉੱਜਵਲ ਟੈਲੇੰਟ ਵਿਅਰਥ ਹੋ ਜਾਂਦੇ ਹਨ। ਨਕਲ ਕਾਰਨ ਚੰਗੇ ਨੰਬਰਾਂ ਨਾਲ ਪਾਸ ਹੋਏ ਵਿੱਦਿਆਰਥੀ ਜਿੰਦਗੀ ਦੇ ਹਰ ਮੁਕਾਬਲੇ ਵਿੱਚ ਫਾਡੀ ਹੀ ਰਹਿ ਜਾਂਦੇ ਹਨ। ਜਿਆਦਾਤਰ ਵਿੱਧਿਆਰਥੀਆਂ ਦਾ ਸਮਾਂ ਅਤੇ ਉਰਜ਼ਾ ਪਡ਼ ਲਿੱਖ ਕੇ ਪਾਸ ਹੋਣ ਦੀ ਬਜਾਏ ਪਾਸ ਹੋਣ ਦੇ ਸ਼ਾਰਟ ਕੱਟ ਤਰੀਕੇ ਲੱਭਣ ਵਿੱਚ ਹੀ ਖ਼ਰਚ ਹੋ ਜਾਂਦਾ ਹੈ।
125 ਕਰੋੜ ਦੀ ਅਬਾਦੀ ਵਿੱਚੋਂ 6-7 ਕਰੋੜ ਹੀ ਟੈਕਸ ਰਿਟਰਨ ਭਰਨ ਵਾਲੇ ਹਨ। ਇਹਨਾਂ ਦੇ ਸਦਕਾ ਹੀ ਮੁਲੱਕ ਦਾ ਖਜ਼ਾਨਾ ਭਰਦਾ ਹੈ, ਜਿਸ ਨਾਲ ਮੁਲੱਕ ਦੀ ਤਰੱਕੀ ਦੀਆਂ ਯੋਜਨਾਵਾਂ ਬਣਦੀਆਂ ਹਨ। ਕੀ ਬਾਕੀ ਸਾਰੀ ਆਬਾਦੀ ਹੀ ਟੈਕਸ ਭਰਨ ਦੀ ਕੈਟੇਗਰੀ ਵਿੱਚ ਨਹੀਂ ਆਉਂਦੀ ? ਕਿੰਨੇ ਵਪਾਰੀ ਹਨ ਜੋ ਟੈਕਸ ਬਚਾਉਣ ਲਈ ਝੂਠੇ ਸੱਚੇ ਖਰਚੇ ਦਸ ਕੇ ਟੈਕਸ ਤੋਂ ਬਚਣ ਦੇ ਉਪਰਾਲੇ ਨਹੀਂ ਕਰਦੇ ? ਕੀ ਨਾਗਰਿਕਾਂ ਦਾ ਫਰਜ਼ ਨਹੀਂ ਬਣਦਾ ਕੀ ਉਹ ਬਣਦਾ ਟੈਕਸ ਇਮਾਨਦਾਰੀ ਨਾਲ ਚੁੱਕਾ ਕੇ ਦੇਸ਼ ਨਿਰਮਾਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ?
ਫ਼ਿਲਮਾਂ ਦੀ ਵਿਸ਼ਾ ਵਸਤੂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਦਰਪਣ ਹੁੰਦੀਆਂ ਹਨ। ਸਮਾਜ ਇਸ ਤੋਂ ਸਿੱਖਿਆ ਲੈ ਕੇ ਮਾੜੀ ਘਟਨਾਵਾਂ ਪ੍ਰਤਿ ਸਜੱਗ ਹੋ ਸਕਦਾ ਹੈ। ਅਜਿਹੇ ਸਮਾਜਿਕ ਸੁਨੇਹੇ ਦੇਣ ਵਾਲੀਆਂ ਚੰਗੀਆਂ ਫ਼ਿਲਮਾਂ ਨੂੰ ਹੁੰਗਾਰਾ ਦੇਣ ਦੀ ਥਾਂ ਜਿਆਦਾਤਰ ਦਰਸ਼ਕ ਪਾਈਰੇਟਿਡ ਸੀ ਡੀ ਖ਼ਰੀਦ ਕੇ ਫ਼ਿਲਮੀ ਦੁਨੀਆਂ ਨੂੰ ਨਿਰਾਸ਼ ਕਰਨ ਦਾ ਕੰਮ ਕਰਦੇ ਹਨ। ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕ ਉਪਕਰਨਾਂ ਵਿੱਚ ਪਾਈਰੇਟੇਡ ਸੌਫਟਵੇਅਰ ਵਰਤ ਕੇ ਵੀ ਅਸੀਂ ਭ੍ਰਿਸ਼ਟਾਚਾਰ ਦਾ ਅੰਗ ਬਣਦੇ ਹਾਂ।
ਵਿਆਹ ਸ਼ਾਦੀਆਂ ਵਿੱਚ ਝੂਠੀ ਸ਼ਾਨੋ ਵਧਾਉਣ ਲਈ ਬਰਾਤੀਆਂ ਦੇ ਸਵਾਗਤ ਸਤਿਕਾਰ ਲਈ ਲੋੜ ਤੋਂ ਵੱਧ ਪਕਵਾਨ ਪਰੋਸੇ ਜਾਂਦੇ ਹਨ। ਲੋਕ ਵੀ ਅੰਨ ਦੀ ਬੇਦਰਦੀ ਨਾਲ ਬਰਬਾਦੀ ਕਰਦੇ ਹਨ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਇਸ ਅੰਨ ਦਾ ਇੱਕ ਇੱਕ ਦਾਣਾ ਕਿਸੇ ਕਿਸਾਨ ਦੀ ਹੱਡ ਭੰਨਵੀਂ ਮੇਹਨਤ ਸਦਕਾ ਪੈਦਾ ਹੋਇਆ ਹੈ। ਜੇ ਅੰਨ ਦੀ ਬਰਬਾਦੀ ਹੀ ਰੋਕ ਲਈ ਜਾਵੇ ਤਾਂ ਪੂਰੇ ਦੇਸ਼ ਵਿਚੋਂ ਭੁੱਖਮਰੀ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਭਾਰਤੀ ਲੋਕ ਧਰਮ ਦੇ ਮਾਮਲੇ ਵਿੱਚ ਬੜੇ ਸੰਵੇਦਨਸ਼ੀਲ ਹੁੰਦੇ ਹਨ। ਕਈ ਵਾਰ ਧਾਰਮਿਕ ਬਾਬਿਆਂ ਦੇ ਕੂੜ ਪ੍ਰਚਾਰ ਅਤੇ ਬਹਿਕਾਵੇ ਵਿੱਚ ਆ ਕੇ ਦੂਜੇ ਧਰਮ ਨੂੰ ਨਿੰਦਦੇ ਹੋਏ ਭਗਤ ਕਦੋਂ ਖੂਨ ਖਰਾਬੇ ਅਤੇ ਦੇਸ਼ ਦੀ ਬਹੁਮੁੱਲੀ ਸੰਪਤੀ ਨੂੰ ਤਬਾਹ ਕਰਨ ਤੇ ਉਤਾਰੂ ਹੋ ਜਾਂਦੇ ਹਨ, ਇਸ ਦਾ ਪਤਾ ਭੋਲੇ ਭਾਲੇ ਭਗਤਾਂ ਨੂੰ ਵੀ ਨਹੀਂ ਚਲਦਾ। ਜੇ ਹਰ ਧਰਮ ਦੀਆਂ ਮੂਲ ਸਿੱਖਿਆਵਾਂ ਨੂੰ ਹੀ ਸਮਝ ਲਿਆ ਜਾਵੇ ਤਾਂ ਧਾਰਮਿਕ ਦੰਗਿਆਂ ਨਾਲ ਦੇਸ਼ ਕਦੇ ਵੀ ਦਾਗਦਾਰ ਨਾਂ ਹੋਵੇ।
ਜੇ ਸਰਕਾਰੀ ਕਰਮਚਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਜਾੱਬ ਵਿੱਚ ਆਉਣ ਤੋਂ ਪਹਿਲਾਂ ਕਰਮਚਾਰੀ ਜਿੰਨੇ ਕੰਮ ਦੇ ਪ੍ਰਤਿ ਜੋਸ਼ੀਲੇ ਹੁੰਦੇ ਹਨ, ਸਰਕਾਰੀ ਸੇਵਾ ਮਿਲਣ ਤੋਂ ਤੁਰੰਤ ਬਾਅਦ ਇਸਨੂੰ ਆਪਣਾ ਹੱਕ ਮੰਨ ਕੇ ਆਪਣੀ ਡਿਉਟੀ ਅਤੇ ਫਰਜ਼ਾਂ ਪ੍ਰਤਿ ਅਵੇਸਲੇ ਹੋ ਜਾਂਦੇ ਹਨ। ਸਰਕਾਰੀ ਕਰਮਚਾਰੀ ਭਾਵੇਂ ਕਿਸੇ ਵੀ ਵਿਭਾਗ ਦੇ ਹੋਣ ਜੇ ਆਪਣੀ ਡਿਉਟੀ ਨੂੰ ਇੱਕ ਪਵਿੱਤਰ ਸੇਵਾ ਮੰਨ ਕੇ ਨਿਭਾਉਣ ਤਾਂ ਸਰਕਾਰੀ ਸਕੂਲ, ਕਾਲਜ, ਹਸਪਤਾਲ ਅਤੇ ਹੋਰ ਸੰਸਥਾਵਾਂ, ਪ੍ਰਾਈਵੇਟ ਸੰਸਥਾਵਾਂ ਨੂੰ ਬਰਾਬਰੀ ਦੀ ਟੱਕਰ ਦੇ ਸਕਦੇ ਹਨ।
ਜਦੋਂ ਅਸੀਂ ਸੜਕਾਂ ਦਾ ਪ੍ਰਯੋਗ ਆਵਾਜਾਈ ਲਈ ਕਰਦੇ ਹਾਂ ਤਾਂ ਸਰਕਾਰ ਨੂੰ ਸੜਕਾਂ ਦੀ ਮਾੜੀ ਸੰਭਾਲ, ਗੰਦਗੀ ਅਤੇ ਟੋਲ ਟੈਕਸ ਲਈ ਕੋਸਣ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਜਿਆਦਾਤਰ ਯਾਤਰੀ ਕਾਰਾਂ, ਬੱਸਾਂ ਵਿੱਚ ਯਾਤਰਾ ਕਰਦੇ ਸਮੇਂ ਧੜੱਲੇ ਨਾਲ ਸ਼ੀਸ਼ਾ ਹੇਠਾਂ ਕਰ ਕੇ ਬੋਤਲਾਂ ਅਤੇ ਖਾ ਪੀ ਕੇ ਰੈਪਰ ਬਾਹਰ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ। ਕੀ ਅਜਿਹਾ ਅਸੀਂ ਆਪਣੇ ਘਰਾਂ ਵਿੱਚ ਵੀ ਕਰਦੇ ਹਾਂ, ਜੇ ਨਹੀਂ ਤਾਂ ਫਿਰ ਕਿਓਂ ਸਾਰੇ ਮੁਲੱਕ ਵਿੱਚ ਕਚਰਾ ਫੈਲਾਉਣ ਤੇ ਤੁਲੇ ਰਹਿੰਦੇ ਹਾਂ ?
ਸਮਾਜ ਦੇ ਲੋਕਾਂ ਨੂੰ ਜਦੋਂ ਹਰ 5 ਸਾਲ ਬਾਅਦ ਚੁਣਾਵ ਦੁਆਰਾ ਜਦੋਂ ਆਪਣੇ ਨੁਮਾਇੰਦੇ ਚੁਣਨ ਦਾ ਮੌਕਾ ਮਿਲਦਾ ਹੈ ਤਾਂ ਜਾਤ ਪਾਤ, ਲਾਲਚ ਅਤੇ ਆਪਣੀ ਨਾਸਮਝੀ ਕਾਰਨ ਬਹੁਤ ਸਾਰੇ ਵੋਟਰ ਗਲਤ ਚੁਨਾਵ ਕਰ ਬੈਠਦੇ ਹਨ। ਫੇਰ ਅਗਲੇ 5 ਸਾਲ ਸਿਵਾਏ ਪਛਤਾਵੇ ਦੇ ਕੁੱਝ ਹੱਥ ਨਹੀਂ ਆਉਂਦਾ। ਸਹੀ ਨੁਮਾਇੰਦੇ ਚੁਣਨਾ ਵੀ ਇੱਕ ਪਵਿੱਤਰ ਫਰਜ਼ ਹੈ ਜਿਸ ਨੂੰ ਦੇਸ਼ ਸੇਵਾ ਦਾ ਮੌਕਾ ਸਮਝ ਕੇ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ।
ਕੋਈ ਵੀ ਦੇਸ਼ ਆਪਣੇ ਆਪ ਹੀ ਨਹੀਂ ਬਣਦਾ, ਉਸਨੂੰ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਰੋਲ ਸਹੀ ਢੰਗ ਸਮਝ ਕੇ ਪੂਰਾ ਕਰਨਾ ਪੈਂਦਾ ਹੈ। ਜੇਕਰ ਸਮਾਜ ਦਾ ਕੋਈ ਇੱਕ ਵੀ ਅੰਗ ਠੀਕ ਕੰਮ ਨਾਂ ਕਰੇ ਤਾਂ ਇਸਦਾ ਮਾੜਾ ਅਸਰ ਬਾਕੀ ਵਰਗਾਂ ਤੇ ਅਤੇ ਅੰਤ ਵਿੱਚ ਸਾਰੇ ਦੇਸ਼ ਤੇ ਪੈਂਦਾ ਹੈ। ਸਾਨੂੰ ਸੱਭ ਨੂੰ ਚਾਹਿਦਾ ਹੈ ਕਿ ਆਪਸੀ ਮਤਭੇਦ ਭੁੱਲ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਫਰਜ਼ਾਂ ਨੂੰ ਪੂਰਾ ਕਰੀਏ ਅਤੇ ਆਪਣੇ ਦੇਸ਼ ਨੂੰ ਦੁਨੀਆਂ ਦੇ ਨਕਸ਼ੇ ਤੇ ਸਹੀ ਥਾਂ ਦਵਾਈਏ ਜਿਸ ਦਾ ਦੇਸ਼ ਹੱਕਦਾਰ ਹੈ।

ਜੈ ਹਿੰਦ

ਲੇਫ਼ਟੀਨੇਟ ਕੁਲਦੀਪ ਸ਼ਰਮਾ
ਜਲੰਧਰ

8146546260

Share Button

Leave a Reply

Your email address will not be published. Required fields are marked *

%d bloggers like this: