ਦੇਸ਼ ਦੇ 14ਵੇਂ ਰਾਸ਼ਟਰਪਤੀ ਬਣੇ ਕੋਵਿੰਦ

ss1

ਦੇਸ਼ ਦੇ 14ਵੇਂ ਰਾਸ਼ਟਰਪਤੀ ਬਣੇ ਕੋਵਿੰਦ

ਨਵੀਂ ਦਿੱਲੀ (ਨਿਰਪੱਖ ਆਵਾਜ਼ ਬਿਊਰੋ): ਜਿਵੇਂ ਕਿ ਸੰਭਵ ਹੀ ਸੀ, ਭਾਜਪਾ ਗੱਠਜੋੜ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ ਅਤੇ ਉਹ ਦੇਸ਼ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਕਾਂਗਰਸੀ ਗੱਠਜੋੜ ਦੀ ਵਿਰੋਧੀ ਉਮੀਦਵਾਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਉਂਦਿਆਂ 65.65 ਫੀਸਦੀ ਵੋਟ ਹਾਸਲ ਕੀਤੇ। ਮੀਰਾ ਕੁਮਾਰ ਨੇ ਕੁਲ 34.35 ਫੀਸਦੀ ਵੋਟ ਮਿਲੇ। ਬੀਤੇ ਸੋਮਵਾਰ ਰਾਸ਼ਟਰਪਤੀ ਚੋਣ ਲਈ ਹੋਈਆਂ ਵੋਟਾਂ ਦੀ ਗਿਣਤੀ 8 ਗੇੜਾਂ ਵਿੱਚ ਕੀਤੀ ਗਈ। ਹਰ ਗੇੜ ਵਿੱਚ ਰਾਮਨਾਥ ਕੋਵਿੰਦ ਨੇ ਵੱਡੇ ਫਰਕ ਨਾਲ ਮੀਰਾ ਕੁਮਾਰ ਤੋਂ ਬੜਤ ਬਣਾਈ ਰੱਖੀ। ਇਸ ਵਾਰ ਦੇਸ਼ ਵਿੱਚ 99ਫੀਸਦੀ ਵੋਟਿੰਗ ਹੋਈ ਸੀ। ਸੰਸਦ ਭਵਨ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 32 ਵੋਟਿੰਗ ਕੇਂਦਰ ਬਣਾਏ ਗਏ ਸਨ। ਕੁੱਲ 4896 ਲੋਕਾਂ (4120 ਵਿਧਾਇਕਾਂ ਅਤੇ 776 ਚੁਣੇ ਹੋਏ ਸੰਸਦ ਮੈਂਬਰਾਂ) ਨੇ ਵੋਟਾਂ ਪਾਈਆਂ। ਕੋਵਿੰਦ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਸਭ ਤੋਂ ਪਹਿਲੀ ਵਧਾਈ ਕਾਂਗਰਸੀ ਗੱਠਜੋੜ ਦੀ ਪ੍ਰਮੁੱਖ ਧਿਰ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਤੀ। ਮਮਤਾ ਬੈਨਰਜੀ ਨੇ ਕੋਵਿੰਦ ਨੂੰ ਆਪਣਾ ਵਧਾਈ ਮੈਸੇਜ ਭੇਜਦਿਆਂ ਕਿਹਾ ਕਿ ਦੇਸ਼ ਦੇ ਨਵੇਂ ਬਣ ਰਹੇ ਰਾਸ਼ਟਰਪਤੀ ਨੂੰ ਵਧਾਈ । ਕੋਵਿੰਦ ਦੇਸ਼ ਦੇ ਦੂਸਰੇ ਦਲਿਤ ਰਾਸ਼ਟਰਪਤੀ ਬਣ ਰਹੇ ਹਨ। ਇਸ ਤੋਂ ਪਹਿਲਾਂ ਕੇ.ਆਰ. ਨਰਾਇਣਨ ਭਾਰਤ ਦੇ ਪਹਿਲੇ ਦਲਿਤ ਰਾਸ਼ਟਰਪਤੀ ਸਨ। ਕੋਵਿੰਦ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕੇਂਦਰੀ ਪ੍ਰਮੁੱਖ ਸਖਸ਼ੀਅਤਾਂ, ਮੰਤਰੀਆਂ, ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ, ਮੁੱਖ ਮੰਤਰੀਆਂ, ਸਾਬਕਾ ਮੁੱਖ ਮੰਤਰੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁੱਖੀਆਂ ਨੇ ਵਧਾਈ ਦਿੱਤੀ ਹੈ। ਕੋਵਿੰਦ ਦੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਨੂੰ ਦੇਖਦਿਆਂ ਉਸ ਦੇ ਪਰਿਵਾਰਕ ਮੈਂਬਰ ਨਵੀਂ ਦਿੱਲੀ ਆ ਪਹੁੰਚੇ ਹਨ। ਰਾਮਨਾਥ ਕੋਵਿੰਦ ਪ੍ਰਣਬ ਮੁਖਰਜੀ ਦਾ 24 ਜੁਲਾਈ ਨੂੰ ਕਾਰਜਕਾਲ ਖਤਮ ਹੋਣ ਤੋਂ ਬਾਅਦ 25 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਵੱਜੋਂ ਅਹੁਦਾ ਸੰਭਾਲਣਗੇ। ਉਸੇ ਦਿਨ ਹੀ ਸ੍ਰੀ ਪ੍ਰਣਬ ਮੁਖਰਜੀ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਇਸ ਮੌਕੇ ਮੁੱਖ ਭਾਸ਼ਣ ਦੇਵੇਗੀ ਅਤੇ ਪ੍ਰਣਬ ਮੁਖਰਜੀ ਨੂੰ ਇੱਕ ਯਾਦਗਾਰੀ ਚਿੰਨ੍ਹ ਅਤੇ ਸਾਰੇ ਸੰਸਦ ਮੈਂਬਰਾਂ ਦੇ ਦਸਤਖਤਾਂ ਵਾਲੇ ਇੱਕ ਕਿਤਾਬ ਭੇਂਟ ਕੀਤੀ ਜਾਵੇਗੀ। ਰਾਸ਼ਟਰਪਤੀ ਅਹੁਦੇ ਤੋਂ ਰਿਟਾਇਰ ਹੋਣ ਉਪਰੰਤ ਪ੍ਰਣਬ ਮੁਖਰਜੀ ਉਸੇ ਬੰਗਲੇ ਵਿੱਚ ਸ਼ਿਫਟ ਹੋਣਗੇ, ਜਿੱਥੇ ਪਹਿਲਾਂ ਸਾਬਕਾ ਰਾਸ਼ਟਰਪਤੀ ਸ੍ਰੀ ਏ.ਪੀ.ਜੇ ਅਬਦੁਲ ਕਲਾਮ ਰਹਿੰਦੇ ਸੀ। ਸ੍ਰੀ ਪ੍ਰਣਬ ਮੁਖਰਜੀ ਰਿਟਾਇਰਮੈਂਟ ਤੋਂ ਬਾਅਦ ਆਪਣੀ ਸਵੈ ਜੀਵਨੀ ਦਾ ਤੀਸਰਾ ਭਾਗ ਲਿਖਣ ਦੀ ਯੋਜਨਾ ਬਣਾ ਰਹੇ ਹਨ।

ਅਸੀਂ ਤਾਂ ਸਿਧਾਂਤਾਂ ਦੀ ਲੜਾਈ ਲੜੀ ਹੈ-ਮੀਰਾ ਕੁਮਾਰ
ਰਾਸ਼ਟਰਪਤੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਮੀਰਾ ਕੁਮਾਰ ਨੇ ਕਿਹਾ ਕਿ ਸਾਡੇ ਲਈ ਚੋਣ ਜਿੱਤਣੀ ਜ਼ਰੂਰੀ ਨਹੀਂ ਸੀ, ਸਾਡੇ ਲਈ ਆਪਣੀ ਵਿਚਾਰਧਾਰਾ ਦੀ ਲੜਾਈ ਨੂੰ ਅੱਗੇ ਤੋਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਉਂਂਝ ਵੀ ਅੱਜ ਜਿੱਤ ਹਾਰ ਬਾਰੇ ਸਵਾਲ ਪੁੱਛਿਆ ਜਾਣਾ ਸਹੀ ਨਹੀਂ ਹੈ। ਰਾਸ਼ਟਰਪਤੀ ਚੋਣ ਦੌਰਾਨ ਕੱਟੜ ਕਾਂਗਰਸੀ ਗੱਠਜੋੜ ਸਾਥੀਆਂ ਵੱਲੋਂ ਕਰਾਸਿੰਗ ਵੋਟਿੰਗ ਕਰਦਿਆਂ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਏ ਜਾਣ ਬਾਰੇ ਪੁੱਛਣ ‘ਤੇ ਮੀਰਾ ਕੁਮਾਰ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਵੋਟਾਂ ਪਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਸਾਨੂੰ ਪਸੰਦ ਨਹੀਂ ਕੀਤਾ ਤਾਂ ਇਸ ਨੂੰ ਮੈਂ ਕਰਾਸ ਵੋਟਿੰਗ ਦਾ ਨਾਂਅ ਨਹੀਂ ਦੇ ਸਕਦੀ।

ਜੋ ਵੀ ਹੈ ਸਾਡਾ ਹੈ-ਮਾਇਆਵਤੀ
ਹਾਲ ਹੀ ਵਿੱਚ ਰਾਜ ਸਭਾ ਤੋਂ ਅਸਤੀਫਾ ਦੇਣ ਨੂੰ ਲੈ ਕੇ ਚਰਚਾ ਵਿੱਚ ਆਈ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਜਿਸ ਨੇ ਪਹਿਲਾਂ ਭਾਜਪਾ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਹਮਾਇਤ ਦਿੱਤੀ ਸੀ, ਪਰ ਬਾਅਦ ਵਿੱਚ ਕਾਂਗਰਸ ਵੱਲੋਂ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕਰ ਦੇਣ ਤੋਂ ਬਾਅਦ ਇਹ ਹਮਾਇਤ ਮੀਰਾ ਕੁਮਾਰ ਨੂੰ ਦੇ ਦਿੱਤੀ ਸੀ, ਨੇ ਅੱਜ ਕੋਵਿੰਦ ਦੀ ਜਿੱਤ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਜੋ ਵੀ ਜਿੱਤਿਆ ਹੈ, ਉਹ ਸਾਡਾ ਹੈ। ਮਾਇਆਵਤੀ ਨੇ ਕਿਹਾ ਕਿ ਸਾਡੇ ਲਈ ਕੌਣ ਜਿੱਤਿਆ, ਕੌਣ ਹਾਰਿਆ? ਇਸ ਦਾ ਕੋਈ ਮਤਲਬ ਨਹੀਂ। ਸਾਡੇ ਲਈ ਇਹੋ ਮਹੱਤਵਪੂਰਨ ਹੈ ਕਿ ਜੋ ਵੀ ਜਿੱਤਿਆ ਹੈ, ਉਹ ਸਾਡੇ ਦਲਿਤ ਭਾਈਚਾਰੇ ਵਿੱਚੋਂ ਜਿੱਤਿਆ ਹੈ ਅਤੇ ਰਾਸ਼ਟਰਪਤੀ ਦੀ ਇਹ ਜਿੱਤ ਸਾਡੇ ਦਲਿਤ ਅੰਦੋਲਨ ਦੀ ਸਭ ਤੋਂ ਵੱਡੀ ਜਿੱਤ ਹੈ।

37 ਸਾਲਾਂ ‘ਚ ਭਾਜਪਾ ਦਾ ਆਗੂ ਸਭ ਤੋਂ ਉੱਚੇ ਅਹੁਦੇ ‘ਤੇ
6 ਅਪ੍ਰੈਲ 1980 ਨੂੰ ਹੋਂਦ ਵਿੱਚ ਆਈ ਭਾਰਤੀ ਜਨਤਾ ਪਾਰਟੀ ਦਾ 37 ਸਾਲਾਂ ਵਿੱਚ ਪਹਿਲੀ ਵਾਰ ਕੋਈ ਨੇਤਾ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਉੱਪਰ ਬੈਠਣ ਜਾ ਰਿਹਾ ਹੈ। 1990 ਵਿੱਚ ਭਾਜਪਾ ਦੀ ਸਭ ਤੋਂ ਪਹਿਲੀ ਸੂਬਾ ਸਰਕਾਰ ਰਾਜਸਥਾਨ ਵਿੱਚ ਬਣੀ ਸੀ। 1997 ਵਿੱਚ ਭਾਜਪਾ ਦੀ ਸਭ ਤੋਂ ਪਹਿਲੀ ਸਰਕਾਰ ਕੇਂਦਰ ਵਿੱਚ ਬਣੀ। ਸ੍ਰੀ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਸਨ। ਉਸ ਸਮੇਂ ਭਾਜਪਾ ਦੀ ਨਹੀਂ, ਭਾਜਪਾ ਗੱਠਜੋੜ ਦੀ ਪਸੰਦ ਸ੍ਰੀ ਅਬਦੁਲ ਕਲਾਮ ਦੇਸ਼ ਦੇ ਰਾਸ਼ਟਰਪਤੀ ਬਣੇ ਸਨ। ਸ੍ਰੀ ਅਬਦੁਲ ਕਲਾਮ ਭਾਜਪਾ ਦੀ ਪਸੰਦ ਸਨ, ਪਰ ਉਹ ਭਾਜਪਾ ਨਾਲ ਸਬੰਧਤ ਨਹੀਂ ਸਨ। ਰਾਮਨਾਥ ਕੋਵਿੰਦ ਪਹਿਲੇ ਭਾਜਪਾ ਆਗੂ ਹਨ, ਜੋ ਭਾਜਪਾ ਨਾਲ ਸਬੰਧਤ ਹਨ ਅਤੇ ਦੇਸ਼ ਦੇ ਰਾਸ਼ਟਰਪਤੀ ਬਣ ਰਹੇ ਹਨ। ਭੈਰੋ ਸਿੰਘ ਸ਼ੇਖਾਵਤ ਜੋ ਦੇਸ਼ ਦੇ ਉਪ-ਰਾਸ਼ਟਰਪਤੀ ਸਨ, ਭਾਜਪਾ ਨਾਲ ਸਬੰਧਿਤ ਸਨ। ਇਹ ਵੀ ਮਹੱਤਵਪੂਰਨ ਹੈ ਕਿ ਦੇਸ਼ ਨੂੰ 9 ਪ੍ਰਧਾਨ ਮੰਤਰੀ ਦੇਣ ਵਾਲੇ ਯੂ.ਪੀ.ਨਾਲ ਸਬੰਧਤ ਰਾਮਨਾਥ ਕੋਵਿੰਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹੋਣਗੇ।

ਰਾਮਨਾਥ ਕੋਵਿੰਦ : ਮੁਰਾਰ ਜੀ ਦਿਸਾਈ ਦੇ ਨਿੱਜੀ ਸਕੱਤਰ ਤੋਂ ਰਾਸ਼ਟਰਪਤੀ ਤੱਕ ਦਾ ਸਫਰ
ਰਾਮਨਾਥ ਕੋਵਿੰਦ ਦਾ ਜਨਮ 1 ਅਕਤੂਬਰ 1945 ਨੂੰ ਯੂ.ਪੀ. ਦੇ ਕਾਨਪੁਰ ਦਿਹਾਤ ਜਿਲ੍ਹੇ ਦੇ ਪਰੌਂਖ ਪਿੰਡ ਵਿੱਚ ਹੋਇਆ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਸੁਪਰੀਮ ਕੋਰਟ ਦੇ ਵਕੀਲ ਦੇ ਤੌਰ ‘ਤੇ ਕੀਤੀ। 1977 ਵਿੱਚ ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦਿਸਾਈ ਦੇ ਨਿੱਜੀ ਸਕੱਤਰ ਬਣੇ। ਉਨ੍ਹਾਂ ਦੋ ਵਾਰ ਲੋਕ ਸਭਾ ਲਈ ਚੋਣਾਂ ਵੀ ਲੜੀਆਂ ਪਰ ਹਾਰ ਗਏ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਬੇਟੀ ਹੈ। ਸ਼ੁਰੂ ਤੋਂ ਹੀ ਮਿਲਣਸਾਰ ਸੁਭਾਅ ਦੇ ਕੋਵਿੰਦ ਬੀ.ਜੇ.ਪੀ. ਦੇ ਦਲਿਤ ਮੋਰਚੇ ਦੇ ਕੌਮੀ ਪ੍ਰਧਾਨ ਵੀ ਰਹੇ। 1994 ਤੋਂ 2000 ਤੱਕ ਅਤੇ ਬਾਅਦ ਵਿੱਚ 2000 ਤੋਂ 2006 ਤੱਕ ਉਹ ਰਾਜ ਸਭਾ ਮੈਂਬਰ ਵੀ ਰਹੇ। ਉਹ ਭਾਜਪਾ ਦੇ ਕੌਮੀ ਬੁਲਾਰੇ ਵੀ ਰਹੇ, ਪਰ ਮੀਡੀਆ ਵਿੱਚ ਰਹਿਣ ਦੀ ਖਾਹਿਸ਼ ਤੋਂ ਇੰਨਾ ਦੂਰ ਰਹੇ ਕਿ ਉਨ੍ਹਾਂ ਨੂੰ ਕਦੇ ਵੀ ਕਿਸੇ ਨੇ ਟੀ.ਵੀ. ਉੱਪਰ ਨਹੀਂ ਦੇਖਿਆ। 2015 ਵਿੱਚ ਉਹ ਬਿਹਾਰ ਦੇ ਰਾਜਪਾਲ ਨਿਯੁਕਤ ਕੀਤੇ ਗਏ। ਬਿਹਾਰ ਦੇ ਰਾਜਪਾਲ ਰਹਿਣ ਦੌਰਾਨ ਉੱਥੋਂ ਦੀ ਸਰਕਾਰ ਨੂੰ ਉਸਾਰੂ ਸਹਿਯੋਗ ਦੇਣ ਕਾਰਨ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਗੱਠਜੋੜ ਦੀ ਪ੍ਰਵਾਹ ਨਾ ਕਰਦਿਆਂ ਅਤੇ ਬਿਹਾਰ ਦੀ ਜੰਮਪਲ ਕਾਂਗਰਸ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਛੱਡ ਕੇ ਭਾਜਪਾ ਦੇ ਉਮੀਦਵਾਰ ਬਣਾਏ ਰਾਮਨਾਥ ਕੋਵਿੰਦ ਵੱਲੋਂ ਕੀਤੇ ਚੰਗੇ ਕੰਮਾਂ ਕਰਕੇ ਉਸ ਨੂੰ ਪਾਰਟੀ ਵੱਲੋਂ ਹਮਾਇਤ ਦੇਣ ਦਾ ਐਲਾਨ ਕੀਤਾ।

Share Button

Leave a Reply

Your email address will not be published. Required fields are marked *