Fri. Sep 20th, 2019

ਦੇਵ ਖਰੌੜ ਦਾ ਵੱਖਰਾ ਰੂਪ ਨਜ਼ਰ ਆਵੇਗਾ ‘ਬਲੈਕੀਆ’ ‘ਚ

ਦੇਵ ਖਰੌੜ ਦਾ ਵੱਖਰਾ ਰੂਪ ਨਜ਼ਰ ਆਵੇਗਾ ‘ਬਲੈਕੀਆ’ ‘ਚ

ਕਾਮੇਡੀ ਫ਼ਿਲਮਾਂ ਦੀ ਭੀੜ ‘ਚ ਐਕਸ਼ਨ ਫਿਲਮਾਂ ਨਾਲ ਆਪਣੀ ਪਛਾਣ ਸਥਾਪਤ ਕਰਨ ਵਾਲਾ ਦੇਵ ਖਰੌੜ ਅੱਜ ਦੀ ਨੌਜਵਾਨੀਂ ਦਾ ਚਹੇਤਾ ਹੀਰੋ ਹੈ। ਐਕਸ਼ਨ ਫ਼ਿਲਮਾਂ ਦਾ ਇਹ ਨਾਇਕ ਦੇਵ ਖਰੌੜ ਇੰਨੀ ਦਿਨੀਂ ਆਪਣੀ 3 ਮਈ ਨੂੰ ਨਵੀਂ ਰਿਲੀਜ਼ ਹੋ ਰਹੀ ਫ਼ਿਲਮ ‘ਬਲੈਕੀਆ’ ਨਾਲ ਖੂਬ ਚਰਚਾ ਵਿੱਚ ਹੈ। ਜਿਸ ਦੀ ਉਸਦੇ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਪਿਛਲੇ ਸਮਿਆਂ ‘ਚ ਆਈਆਂ ‘ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ’ ਵਰਗੀਆਂ ਫਿਲਮਾਂ ਤੋਂ ਬਾਅਦ ਹੁਣ ‘ਬਲੈਕੀਆ’ ਵਿੱਚ ਦੇਵ ਖਰੋੜ ਦਾ ਇੱਕ ਵੱਖਰਾ ਰੂਪ ਨਜ਼ਰ ਆਵੇਗਾ। ਜਿਵੇਂ ਇਸ ਫ਼ਿਲਮ ਦੇ ਗੀਤ ਅਤੇ ਟਰੇਲਰ ਨੂੰ ਦਰਸ਼ਕਾਂ ਦਾ ਮਣਾਂ ਮੂੰਹੀਂ ਪਿਆਰ ਮਿਲਿਆ ਹੈ, ਉਸੇ ਤਰਾਂ ਫ਼ਿਲਮ ਵੀ ਦਰਸ਼ਕਾਂ ਦੀ ਪਸੰਦ ‘ਤੇ ਖਰੀ ਉੱਤਰੇਗੀ।
ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਡਿਸਟਰੀਬਿਊਟਰ ਤੇ ਨਿਰਮਾਤਾ ਕੰਪਨੀ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਵਿਵੇਕ ਓਹਰੀ ਤੇ ਅਤੁਲ ਓਹਰੀ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਸੁਖਮਿੰਦਰ ਧੰਜਲ ਨੇ ਦਿੱਤਾ ਹੈ। ਫਿਲਮ ਦੀ ਕਹਾਣੀ ਐਕਸ਼ਨ ਤੇ ਰੁਮਾਂਸ ਨਾਲ ਭਰੀ ਹੋਈ ਹੈ। ਦੇਵ ਖਰੌੜ ਤੇ ਇਹਾਨਾ ਢਿੱਲੋਂ ਦੀ ਜੋੜੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।
ਨਿਰਮਾਤਾ ਵਿਵੇਕ ਓਹਰੀ ਨੇ ਦੱਸਿਆ ਕਿ ‘ਬਲੈਕੀਆ’ ਪੰਜਾਬ ਦੇ ਬੀਤੇ ਉਸ ਦੌਰ ਦੀ ਇੱਕ ਕਹਾਣੀ ਹੈ ਜਦੋਂ ਗੈਰ ਕਾਨੂੰਨੀ ਧੰਦਿਆਂ ਦਾ ਵਪਾਰ ਕਰਨ ਵਾਲੇ ਨੂੰ ਬਲੈਕੀਆ ਕਿਹਾ ਜਾਂਦਾ ਸੀ। ਸਰਹੱਦਾਂ ‘ਤੇ ਵਸੇ ਇਹ ਪਿੰਡ ਵੱਖ ਵੱਖ ਬਲੈਕੀਆਂ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਇਹ ਫ਼ਿਲਮ ਕਿਸੇ ਇੱਕ ਨਾਮੀਂ ਬੰਦੇ ਦੀ ਜਿੰਦਗੀ ‘ਤੇ ਕੇਂਦਰਿਤ ਨਹੀਂ ਬਲਕਿ ਵੱਖ ਵੱਖ ਸੱਚੀਆਂ ਘਟਨਾਵਾਂ ‘ਤੇ ਅਧਾਰਤ ਹੈ। ਸੋਨੇ ਚਾਂਦੀ ਵਿਦੇਸ਼ੀ ਘੜੀਆਂ ਤੇ ਨਸ਼ਿਆਂ ਆਦਿ ਦੀ ਸਮੱਗਲਿਗ ਕਰਨ ਵਾਲੇ ਇੰਨਾਂ ਲੋਕਾਂ ਦੀ ਨਿੱਜੀ ਜਿੰਦਗੀ ਕਿਹੋ ਜਿਹੀ ਹੁੰਦੀ ਸੀ, ਇਸ ਦਲਦਲ ‘ਚ ਧਸਿਆ ਬੰਦਾ ਕੀ ਵਾਪਸ ਇੱਕ ਆਮ ਨਾਗਰਿਕ ਦੀ ਜ਼ਿੰਦਗੀ ਜਿਉਣ ਦੇ ਕਾਬਲ ਰਹਿੰਦਾ ਹੈ? ਉਸਦੇ ਪਰਿਵਾਰ ਨੂੰ ਕਿਹੜੇ ਹਾਲਾਤਾਂ ਵਿੱਚ ਲੰਘਣਾ ਪੈਂਦਾ ਹੈ। ਇਹ ਸੱਚਾਈ ‘ਬਲੈਕੀਆ’ ਦੱਸੇਗੀ । ਫ਼ਿਲਮ ਦੀ ਕਹਾਣੀ ਦੇ ਵੱਖ ਵੱਖ ਪਹਿਲੂ ਹਨ ਜੋ ਕਾਮੇਡੀ,ਰੁਮਾਂਸ ਅਤੇ ਐਕਸ਼ਨ ਦੇ ਨਾਲ ਜੁੜੇ ਹੋਏ ਹਨ। ਇਹ ਫ਼ਿਲਮ ਜਿੱਥੇ ਦੇਵ ਖਰੋੜ ਦੀ ਐਕਸ਼ਨ ਫ਼ਿਲਮ ਹੋਣ ਕਰਕੇ ਚਰਚਾ ਵਿੱਚ ਹੈ ਉੱਥੇ ਇਸ ਫ਼ਿਲਮ ‘ਚ ਵਰਤੋ ਕੀਤੀਆਂ 70 ਦੇ ਦਹਾਕੇ ਦੀਆਂ ਕਾਰਾਂ ਮੋਟਰਾਂ, ਜੀਪਾਂ ਆਦਿ ਕਰਕੇ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਨਿਰਮਾਤਾ ਵਿਵੇਕ ਓਹਰੀ ਨੇ ਕਿਹਾ ਕਿ ਇਹ ਫ਼ਿਲਮ 70 ਦੇ ਦਹਾਕੇ ਨਾਲ ਜੁੜੀ ਹੋਣ ਕਰਕੇ ਇਸ ਫ਼ਿਲਮ ਵਿੱਚ ਕਲਾਕਾਰਾਂ ਦਾ ਪਹਿਰਾਵਾ, ਲੋਕਾਂ ਦਾ ਰਹਿਣ ਸਹਿਣ,ਮੋਟਰ ਸਾਇਕਲ, ਕਾਰਾਂ ਜੀਪਾਂ ਟਰੈਕਟਰ ਆਦਿ ਹਰੇਕ ਚੀਜ਼ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਪੀਰਿਅਡ ਫ਼ਿਲਮ ਹੋਣ ਕਰਕੇ ਇਹ ਸੱਭ ਵਿਖਾਉਣਾ ਜਰੂਰੀ ਸੀ, ਜਿਸ ਲਈ ਬਹੁਤ ਮੇਹਨਤ ਨਾਲ ਸਾਰਾ ਕੁਝ ਮਹੁੱਈਆਂ ਕਰਵਾੳਣਾ ਪਿਆ। ਫ਼ਿਲਮ ਦੇ ਨਾਇਕ ਦੇਵ ਖਰੌੜ ਨੇ ਕਿਹਾ ਕਿ ਇਹ ਫ਼ਿਲਮ 70 ਦੇ ਜ਼ਮਾਨੇ ਦੀ ਬਾਲੀਵੁੱਡ ਫ਼ਿਲਮ ‘ਜ਼ੰਜੀਰ’ ਵਰਗਾ ਮਨੋਰੰਜਨ ਕਰੇਗੀ। ਇਸ ਫ਼ਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਵੇਖਦਿਆਂ ਬਹੁਤੇ ਦਰਸ਼ਕਾਂ ਦਾ ਵੀ ਇਹੋ ਕਹਿਣਾ ਹੈ। ਪਹਿਰਾਵਾ ਵੀ ਉਸੇ ਦੌਰ ਦਾ ਹੈ। ਗੀਤ ਸੰਗੀਤ ਵੀ ਸੁਣਨਯੋਗ ਹੈ। ਫ਼ਿਲਮ ਵਿੱਚ ਐਕਸ਼ਨ ਵੀ ਹੈ, ਰੁਮਾਂਸ ਵੀ ਹੈ।
ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਏਕਤਾ ਬੀ ਪੀ ਸਿੰਘ, ਰਾਣਾ ਜੰਗ ਬਹਾਦਰ,ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਨਿਰਦੇਸ਼ਕ ਸੁਖਮੰਦਰ ਧੰਜਲ ਨੇ ਦਿੱਤਾ ਹੈ। ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: