ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ ਆਪ: ਅਕਾਲੀ ਦਲ

ss1

ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ ਆਪ: ਅਕਾਲੀ ਦਲ

ਚੰਡੀਗੜ੍ਹ/19 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਸ਼ਣਬਾਜ਼ੀ ਕਰਨ ਦੀ ਥਾਂ ਇਹ ਤੱਥ ਸਵੀਕਾਰ ਕਰਨ ਲਈ ਆਖਿਆ ਹੈ ਕਿ ਉਸ ਨੇ ਲਾਭ ਵਾਲੇ ਅਹੁਦਿਆਂ ਉੱਤੇ ਸੰਬੰਧਿਤ ਐਕਟ ਵਿਚ ਸੋਧ ਕੀਤੇ ਬਿਨਾਂ ਵਿਧਾਇਕਾਂ ਦੀ ਨਿਯੁਕਤੀ ਕਰਕੇ ਇੱਕ ਭਾਰੀ ਗਲਤੀ ਕੀਤੀ ਹੈ ਅਤੇ ਉਸ ਨੂੰ ਲੋਕਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਹੋ ਚੁੱਕੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ 21 ਵਿਧਾਇਕਾਂ ਦੀ ਲਾਭ ਵਾਲੇ ਅਹੁਦਿਆਂ ਉੱਤੇ ਨਿਯੁਕਤੀ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਕਾਰਵਾਈ ਨੂੰ ਗੈਰਸੰਵਿਧਾਨਿਕ ਠਹਿਰਾਇਆ ਹੈ। ਇਸ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਥਾਂ ਆਪ ਇਹ ਦਾਅਵਾ ਕਰ ਰਹੀ ਹੈ ਕਿ ਇਸ ਦੇ ਮੁੱਖ ਸੰਸਦੀ ਸਕੱਤਰਾਂ ਕੋਈ ਸਰਕਾਰੀ ਸਹੂਲਤਾਂ ਨਹੀਂ ਮਾਣੀਆਂ ਸਨ ਜਦੋਂਕਿ ਸੂਬੇ ਦੇ ਮੁੱਖ ਸਕੱਤਰ ਨੇ ਇਸ ਦੇ ਉਲਟ ਰਿਪੋਰਟ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਚੁਣੀ ਹੋਈ ਸਰਕਾਰ ਨੂੰ ਇਸ ਤਰ੍ਹਾਂ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਫੜੀ ਜਾਣ ਉੱਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਕਿਸਮ ਦਾ ਵਿਵਹਾਰ ਨਿੰਦਣਯੋਗ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਆਪ ਅਜਿਹੇ ਹੋਛੇ ਹਥਕੰਡੇ ਇਸ ਲਈ ਇਸਤੇਮਾਲ ਕਰ ਰਹੀ ਹੈ, ਕਿਉਂਕਿ ਇਹ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ। ਉਹਨਾਂ ਕਿਹਾ ਕਿ ਜੇ ਆਪ ਨੇ ਕੁਝ ਵੀ ਗਲਤ ਨਹੀਂ ਕੀਤਾ, ਇਸ ਨੂੰ ਲੋਕਾਂ ਦੀ ਕਚਿਹਰੀ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਆਪ 20 ਸੀਟਾਂ ਉੱਤੇ ਦੁਬਾਰਾ ਚੋਣ ਲੜਣ ਤੋਂ ਬਚਣ ਲਈ ਇਸ ਫੈਸਲੇ ਖ਼ਿਲਾਫ ਹਾਈਕੋਰਟ ਵਿਚ ਜਾਣ ਵਰਗੇ ਰਸਤੇ ਤਲਾਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਨੂੰ ਇਸ ਮਾਮਲੇ ਵਿਚ ਹਾਈਕੋਰਟ ਜਾਣ ਦੀ ਥਾਂ ਲੋਕਾਂ ਦੀ ਕਚਿਹਰੀ ਵਿਚ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਦਿੱਲੀ ਦੇ ਵੋਟਰਾਂ ਦੇ ਮੂਡ ਦੀ ਝਲਕ ਮਿਲ ਗਈ ਸੀ। ਉਸ ਸਮੇਂ ਤੋਂ ਲੈ ਕੇ ਆਪ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ। ਉਹਨਾਂ ਕਿਹਾ ਕਿ ਹੁਣ ਇਹ ਇਹਨਾਂ 20 ਸੀਟਾਂ ਉਤੇ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇਗੀ।
ਇਹ ਟਿੱਪਣੀ ਕਰਦਿਆਂ ਕਿ ਆਪ ਨੂੰ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਅਤੇ ਆਪਣੀ ਹੋਂਦ ਸਾਬਿਤ ਕਰਨ ਲਈ ਬਹੁਤ ਸਮਾਂ ਦਿੱਤਾ ਜਾ ਚੁੱਕਿਆ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਹ ਪਾਰਟੀ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਖੁਦ ਨੂੰ ਪੀੜਤ ਵਿਖਾਉਣ ਲਈ ਦੂਸ਼ਣਬਾਜ਼ੀ ਕਰਨ ਦੀ ਆਦਤ ਹੈ। ਪਰ ਇਹ ਤਰੀਕਾ ਇਸ ਵਾਰ ਕਾਮਯਾਬ ਨਹੀਂ ਹੋਵੇਗਾ, ਕਿਉਂਕਿ ਲੋਕ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਬਹੁਤ ਵੇਖ ਚੁੱਕੇ ਹਨ।  ਉਸ ਨੂੰ ਇਹਨਾਂ 20 ਸੀਟਾਂ ਉੱਤੇ ਤੁਰੰਤ ਚੋਣਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਦਿੱਲੀ ਦੇ ਲੋਕਾਂ ਨੂੰ ਉਸ ਦੀ ਕਿਸਮਤ ਦਾ ਫੈਸਲਾ ਕਰਨ ਦੇਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *