Tue. Jul 23rd, 2019

ਦੁਨੀਆ ਦੇ ਸਭ ਤੋਂ ਮਸ਼ਹੂਰ ਵੈਨਕੂੂਵਰ ਪਾਈਪ ਬੈਂਡ` ਚੋ ਹੁਣ ਢੋਲ ਵੀ ਵੱਜੇਗਾ

ਦੁਨੀਆ ਦੇ ਸਭ ਤੋਂ ਮਸ਼ਹੂਰ ਵੈਨਕੂੂਵਰ ਪਾਈਪ ਬੈਂਡ` ਚੋ ਹੁਣ ਢੋਲ ਵੀ ਵੱਜੇਗਾ

ਅੰਮ੍ਰਿਤਸਰ, 13 ਅਪ੍ਰੈਲ: ਆਪਣੇ ਗੋਲਡਨ ਜੁਬਲੀ ਵਰ੍ਹੇ ਵਿਚ ਸ਼ਾਮਲ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ੳਦੋਂ ਇਕ ਇਤਿਹਾਸ ਰਚਿਆ ਗਿਆ ਜਦੋਂ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਮਸਹੂਰ ਵੈਨਕੂਵਰ ਪੁਲਿਸ ਪਾਈਪ ਬੈਂਡ ਨੇ ਆਪਣੇ ਪੇਸ਼ਕਾਰੀ ਦੇ ਵਿਚ ਢੋਲ ਤੇ ਡੱਗਾ ਹੀ ਨਹੀ ਲਾਇਆ ਸਗੋਂ ਹਮੇਸ਼ਾ ਦੇ ਲਈ ਇਸ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਉਹਨਾਂ ਦੀਆਂ ਕੁਰਬਾਨੀਆ ਦੀ ਯਾਦ ਵਜੋਂ ਇਸ ਨੂੰ ਸ਼ਾਮਲ ਕਰਨ ਦਾ ਵੀ ਐਲਾਨ ਕਰ ਦਿੱਤਾ।
100 ਸਾਲ ਤੋਂ ਪੁਰਾਣਾ ਇਹ ਬੈਂਡ ਹੁਣ ਜਿੱਥੇ ਵੀ ਗੂੰਜੇਗਾ ਉੱਥੇ ਹੀ ਢੋਲ ਦੀ ਧਮਕ ਵੀ ਸੁਣਾਈ ਦੇਵੇਗੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਦਿਹਾੜੇ, ਜ਼ਲ੍ਹਿਆਂ ਵਾਲਾ ਬਾਗ ਦੀ 100 ਸਾਲਾਂ ਸ਼ਤਾਬਦੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਵਰ੍ਹੇ ਨੂੰ ਇਤਿਹਾਸਕ ਬਣਾਉਣ ਲਈ ਦੁਨੀਆ ਵਿਚ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਨਿਕਲੇ ਵੈਨਕੂਵਰ ਪੁਲਿਸ ਪਾਈਪ ਬੈਂਡ ਵੱਲੋਂ ਆਪਣੀ ਇਤਿਹਾਸਕ ਪੇਸ਼ਕਾਰੀ ਕੀਤੀ ਗਈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਚਾ-ਖਚ ਭਰੇ ਹਾਕੀ ਸਟੇਡੀਅਮ ਦੇ ਵਿਚ ਦਰਸ਼ਕਾਂ ਨੇ ਆਪਣੇ ਸਾਹ ਰੋਕ ਕੇ ਵੈਨਕੂਵਰ ਪੁਲਿਸ ਬੈਂਡ ਦੀ ਕਰੀਬ ਇਕ ਘੰਟੇ ਦੀ ਪੇਸ਼ਕਾਰੀ ਦਾ ਅਨੰਦ ਲਿਆ।34 ਮੈਬਰੀ ਇਸ ਬੈਂਡ ਦੇ ਵਿਚ ਵੱਖ ਵੱਖ ਸੱਭਿਆਚਾਰਾਂ ਅਤੇ ਵੈਨਕੂਵਰ ਦੀ ਵਿਰਾਸਤ ਨੂੰ ਦਰਸਾਉਦੀਆਂ ਧੁਨਾਂ ਹੀ ਨਹੀ ਪੇਸ਼ ਕੀਤੀਆਂ ਜਾਂਦੀਆਂ ਸਗੋਂ ਇਸ ਵਿਚ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਵੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਮੇਂ ਵੈਨਕੂਵਰ ਪੁਲਿਸ ਪਾਈਪ ਬੈਂਡ ਦੇ ਬੋਰਡ ਮੈਂਬਰ ਵਜੋਂ ਜਿੱਥੇ ਬਲਜਿੰਦਰ ਸਿੰਘ ਢਾਹਾਂ ਆਪਣੀ ਜਿੰਮੇਵਾਰੀ ਨੂੰ ਬੇਖੂਬੀ ਨਿਭਾ ਰਹੇ ਹਨ, ਉੱਥੇ ਡਿਪਟੀ ਚੀਫ਼ ਵਜੋਂ ਸਟੀਵ ਰਾਏ ਅਤੇ ਚੀਫ਼ ਵਜੋਂ ਐਡਮ ਪਾਲਮਰ ਕੰਮ ਕਰ ਰਹੇ ਹਨ।

ਨਿਸ਼ਿਚਤ ਸਮੇਂ ਤੇ ਜਦੋਂ ਬੈਂਡ ਟੀਮ ਆਪਣੇ ਪ੍ਰੰਪਰਕ ਪਹਿਰਾਵੇ ਅਤੇ ਵਿਰਾਸਤੀ ਧੁੰਨਾਂ ਵਜਾਉਦੀ ਸਟੇਡੀਅਮ ਦੇ ਅੰਦਰ ਦਾਖਲ ਹੋਈ ਤਾਂ ਤਾਲੀਆਂ ਦੀ ਗੂੰਜ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਚੋ ਜਦੋਂ ਬੈਂਡ ਗੂੰਜ ਰਿਹਾ ਸੀ ਤਾਂ ਇਕ ਰੋਮਾਂਚਿਕ ਸ਼ਾਤੀ ਵੇਖਣ ਨੂੰ ਮਿਲ ਰਹੀ ਸੀ।ਵਿਦਿਆਰਥੀਆਂ ਫੈਕਲਟੀ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਇਹਨਾਂ ਪਲਾ ਨੂੰ ਇਤਿਸਾਹਕ ਪਲਾਂ ਵਜੋਂ ਮਹਿਸੂਸ ਕਰ ਰਹੇ ਸਨ, ਜਦੋਂ ਦੁਨੀਆ ਦਾ ਸਭ ਤੋਂ ਪੁਰਾਣਾ ਬੈਂਡ ਉਹਨਾਂ ਦੇ ਸਾਹਮਣੇ ਆਪਣੀ ਲਾਈਵ ਪੇਸ਼ਕਾਰੀ ਕਰ ਰਿਹਾ ਸੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਉਹ ਅੱਜ ਦੇ ਦਿਨ ਦੁਨੀਆ ਦੇ ਇਤਿਹਾਸਕ ਦਿਨ ਵਜੋਂ ਵੇਖਦੇ ਹਨ ਕਿਉਕਿ ਅੱਜ ਦੇ ਦਿਨ ਜ਼ਲ੍ਹਿਆ ਵਾਲਾ ਬਾਗ ਵਿਚ ਜੋ ਸਾਝਾਂ ਖੂਨ ਡੁੱਲਿਆ ਉਹ ਦੁਨੀਆ ਨੂੰ ਇਕ ਹੋਣ ਦਾ ਸ਼ੰਦੇਸ ਦੇਂਦਾ ਹੈ।ਉਹਨਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਅਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਦਿਹਾੜੇ ਤੇ ਉਹਨਾਂ ਵੱਲੋਂ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕਰ ਰਹੇ ਹਾਂ ਉੱਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਵੀ ਨਤਮਸਤਕ ਹਾਂ।ਉਨ੍ਹਾਂ ਕਿਹਾ ਕਿ ਇਸ ਪ੍ਰੋਗ੍ਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਜਿੱਥੇ ਦੂਜੇ ਦੇਸ਼ਾਂ ਦੇ ਸਭਿਆਚਾਰਾਂ ਤੋਂ ਜਾਣੂ ਕਰਵਾਉਣਾ ਹੈ ਉੱਥੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਲਈ ਅੱਗੇ ਆਉਣ ਲਈ ਪ੍ਰੇਰਤ ਕਰਨਾ ਵੀ ਹੈ। ਉਨ੍ਹਾਂ ਨੇ ਇਸ ਸਮੇਂ ਢੋਲ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਵਾਉਣ ਲਈ ਸ਼ਾਮਲ ਕੀਤੇ ਜਾਣ ਤੇ ਧੰਨਵਾਦ ਵੀ ਕੀਤਾ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲੇ ਪੋ੍ਰ: ਸਰਬਜੋਤ ਸਿੰਘ ਬਹਿਲ ਨੇ ਸਵਾਗਤ ਕਰਦਿਆਂ ਕਿਹਾ ਕਿ ਉਹ ਅੱਜ ਦੇ ਇਤਿਹਾਸਕ ਮੌਕੇ ਤੇ ਦੁਨੀਆ ਦੇ ਟੂਰ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਲਈ ਨਿਕਲੇ ਹੋਏ ਵੈਨਕੂਵਰ ਪੁਲਿਸ ਦਾ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ: ਸੰਧੂ ਦਾ ਵੀ ਧੰਨਵਾਦ ਕੀਤਾ ਜਿਹਨਾਂ ਉਪਰਾਲਿਆ ਦੇ ਸਦਕਾ ਪਹਿਲੀ ਵਾਰ ਇਹ ਬੈਂਡ ਵੈਨਕੂਵਰ ਦੀ ਥਾਂ ਤੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖ਼ਾਲਸੇ ਦੀ ਸਿਰਜਨਾ ਨੂੰ ਸਮਰਪਿਤ ਦਿਹਾੜੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਪਣੀ ਲਾਈਵ ਪੇਸ਼ਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਬੈਂਡ 1914 ਤੋਂ ਹੀ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ ਅਤੇ 2014 ਵਿਚ ਇਸ ਬੈਂਡ ਨੇ ਆਪਣਾ ਸ਼ਤਾਬਦੀ ਵਰ੍ਹਾਂ ਬੜੀ ਧੂਮ ਧਾਮ ਨਾਲ ਮਨਾਉਣ ਤੋਂ ਬਾਅਦ ਵਿਸ਼ਵ ਚੋ ਆਪੋ ਆਪਣੇ ਭਾਈਚਾਰੇ ਤੇ ਮਾਣ ਕਰਨ ਦਾ ਸ਼ੰਦੇਸ ਦੇਣ ਦੇ ਲਈ ਨਿਕਲਿਆ ਹੋਇਆ ਹੈ।
ਬੈਂਡ ਦੀ ਅਗਵਾਈ ਕਰ ਰਹੇ ਵੈਨਕੂਵਰ ਪੁਲਿਸ ਵਿਭਾਗ ਦੇ ਚੀਫ ਕਾਂਸਟੇਬਲ ਐਡਮ ਪਾਮਰ ਡਿਪਟੀ ਚੀਫ਼ ਕਾਂਸਟੇਬਲ ਸਟੀਵ ਰਾਏ, ਵੈਨਕੂਵਰ ਪੁਲਿਸ ਪਾਈਪ ਬੈਂਡ ਬੋਰਡ ਦੇ ਮੈਂਬਰ ਬਲਜਿੰਦਰ ਸਿੰਘ ਢਾਹਾਂ ਨੇ ਵੀ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਦੁਨੀਆ ਦੇ ਕਈ ਦੇਸ਼ਾ ਵਿਚ ਉਹ ਹੁਣ ਤੱਕ ਹਜ਼ਾਰਾਂ ਪੇਸ਼ਕਾਰੀਆਂ ਕਰ ਚੁੱਕੇ ਹਨ, ਪਰ ਜੋ ਜੋੋਸ਼, ਅਨੰਦ ਅਤੇ ਸਨਮਾਨ ਗੁਰਾਂ ਦੀ ਨਗਰੀ ਵਿਚ ਮਿਲਿਆ ਹੈ ਹੁਣ ਤੱਕ ਸਾਨੂੰ ਕਿਤੇ ਨਹੀ ਮਿਲਿਆ। ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਦਿੱਤੇ ਗਏ ਮੌਕੇ ਦਾ ਬਾਰ ਬਾਰ ਧੰਨਵਾਦ ਕੀਤਾ।ਯੂਨੀਵਰਸਿਟੀ ਵੱਲੋਂ ਉਹਨਾਂ ਸਮੇਤ ਸਾਰੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਵੱਲੋਂ ਇਸ ਮੌਕੇ ਧੰਨਵਾਦ ਕਰਦਿਆ ਕਿਹਾ ਕਿ ਅੱਜ ਦਾ ਇਹ ਦਿਨ ਯੂਨੀਵਰਸਿਟੀ ਦੇ ਇਤਿਹਾਸ ਵਿਚ ਸਦਾ ਲਈ ਦਰਜ਼ ਹੋ ਗਿਆ ਹੈ।ਇਸ ਸਮੇਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਢਾਹਾਂ, ਡਾ. ਹਰਭਜਨ ਸਿੰਘ ਭਾਟੀਆ,ਡਾ. ਮਨਜਿੰਦਰ ਸਿੰਘ, ਡਾ. ਮਨੋਜ ਕੁਮਾਰ, ਡਾ. ਗੀਤਾ ਹੁੰਦਲ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪਰਵੀਨ ਪੁਰੀ, ਪ੍ਰਧਾਨ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਆਪਕ, ਨਾਨ ਟੀਚਿੰਗ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਵੱਡੀ ਸੰਖਿਆ ਦੇ ਵਿਚ ਵਿਦਿਆਰਥੀ ਹਾਜ਼ਰ ਸਨ।ਵੈਨਕੂਵਰ ਪੁਲਿਸ ਬੈਂਡ ਦੀ ਟੀਮ ਵੱਲੋਂ ਯੂਨੀਵਰਸਿਟੀ ਵਿਚ ਪੇਸ਼ਕਾਰੀ ਦੇਣ ਤੋਂ ਪਹਿਲਾ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਮੁੜ ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਵੀ ਦਿੱਤੀ ਗਈ।ਵਿਦਿਆਰਥੀਆਂ ਨੇ ਜਿੱਥੇ ਬੈਂਡ ਟੀਮ ਦੇ ਨਾਲ ਗਰੁੱਪ ਫੋਟੋਆਂ ਖਿਚਵਾਈਆਂ ੳੱਥੇ ਉਹ ਸੈਲਫ਼ੀਆਂ ਲੈਣੀਆਂ ਵੀ ਨਹੀ ਭੁਲੇ।

Leave a Reply

Your email address will not be published. Required fields are marked *

%d bloggers like this: