ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਦੁਨੀਆਂ ਵਿੱਚ ਮਿਸਾਲ, ਬਾਬੇ ਨਾਨਕ ਦੀ ‘ਲੰਗਰ ਪ੍ਰਥਾ’

ਦੁਨੀਆਂ ਵਿੱਚ ਮਿਸਾਲ, ਬਾਬੇ ਨਾਨਕ ਦੀ ‘ਲੰਗਰ ਪ੍ਰਥਾ’

ਸਿੱਖ ਧਰਮ ਦੇ ਫਲਸਫੇ ਅੰਦਰ ‘ਲੰਗਰ’ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1500 ਈਸਵੀ ਵਿੱਚ ਇਹ ਪ੍ਰਥਾ ਸ਼ੁਰੂ ਕੀਤੀ ਸੀ। ਇਸ ਪ੍ਰਥਾ ਨੂੰ ਪੰਜਾਬੀਆਂ ਵੱਲੋ ਅੱਜ ਵੀ ਜਿਉਂ ਦਾ ਤਿਉਂ ਚੱਲਦਾ ਰੱਖਿਆ ਹੋਇਆ ਹੈ। ਲੰਗਰ ਪ੍ਰਥਾ ਨੂੰ ਇਸ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਵੀ ਕਈ ਧਰਮਾਂ ਤੇ ਰਾਜਿਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰੰਤੂ ਸਮਾਂ ਪਾ ਕੇ ਇਹ ਪ੍ਰਥਾ ਅਲੋਪ ਹੁੰਦੀ ਗਈ। ਸੱਤਵੀ ਸਦੀ ਵਿੰਚ ਬੋਧੀ ਮੱਤ ਦੇ ਮੋਢੀਆਂ ਵੱਲੋਂ ਜਿੰਨਾਂ ਨੂੰ ‘ਚਿੰਗ’ ਕਿਹਾ ਜਾਂਦਾ ਸੀ ਚੀਨ ਵਿੱਚ ਸ਼ੁਰੂ ਕੀਤਾ ਗਿਆ ਸੀ, ਚੀਨ ਵਿੰਚ ਬੋਧੀ ਮੱਤ ਦੇ ਕੁੱਝ ਮੁੱਖ ਸੰਸਥਾਨ ਹੋਣ ਕਾਰਨ ਉਹਨਾਂ ਦੇ ਪੈਰੋਕਾਰ ਦਰਸ਼ਨਾ ਲਈ ਪੈਦਲ ਯਾਤਰਾਵਾਂ ਕਰਕੇ ਉੱਥੇ ਜਾਂਦੇ ਸਨ, ਪੰਧ ਲੰਬੇਰਾ ਹੋਣ ਕਾਰਨ ਉਹਨਾਂ ਦੇ ਸ਼ਰਧਾਲੂਆਂ ਨੂੰ ਰਸਤੇ ਵਿੱਚ ਲੰਗਰ ਪਾਣੀ ਆਦਿ ਦੀਆਂ ਦਿੱਕਤਾਂ ਆਉਂਦੀਆਂ ਸਨ ਜਿੰਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ‘ਚਿੰਗ’ ਨੇ ਯਾਤਰਾਵਾਂ ਵਾਲੇ ਰਸਤਿਆਂ ਵਿੱਚ ਆਪਣੇ ਮੱਠ ਜਾਂ ਮੰਦਰ ਬਣਵਾਏ ਤੇ ਉਹਨਾਂ ਅੰਦਰ ਯਾਤਰੀਆਂ ਦੇ ਖਾਣੇ ਲਈ ਲੰਗਰ ਪ੍ਰਥਾ ਚਾਲੂ ਕੀਤੀ ਪਰੰਤੂ ਸਮਾਂ ਪਾ ਕੇ ਇਹ ਪ੍ਰਥਾ ਉਹਨਾਂ ਵੱਲੋਂ ਸਿਰਫ਼ ਆਪਣੇ ਧਰਮ ਤੱਕ ਹੀ ਸੀਮਤ ਕਰ ਲਈ ਗਈ ਹੈ।

ਗੁਪਤਰਾਜ ਵਿੱਚ ਚੰਦਰ ਗੁਪਤ ਪਹਿਲਾ, ਸਮੁਦਰ ਗੁਪਤ, ਚੰਦਰ ਗੁਪਤ ਦੂਜਾ ਤੇ ਵਿੱਕਰਮ ਅਦਿਤਿਆ ਵੱਲੋਂ ਧਰਮਸ਼ਾਲਾ ਜਿੰਨਾ ਨੂੰ ਧਰਮ ਸੱਤਰਾ ਕਿਹਾ ਜਾਂਦਾ ਸੀ, ਬਣਵਾਕੇ ਰਾਹੀ ਪਾਧੀਆਂ ਤੇ ਗਰੀਬ ਲੋਕਾਂ ਲਈ ਉੱਥੇ ਲੰਗਰ ਪ੍ਰਥਾ ਚਲਾਈ ਸੀ, ਜਿੰਨਾਂ ਨੂੰ ਚੌਲਥਰੀ, ਸੱਤਰਾਮ ਆਦਿਕ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ ਪਰੰਤੂ ਇਹਨਾਂ ਵੱਲੋਂ ਸ਼ੁਰੂ ਕੀਤਾ ਇਹ ਕਾਰਜ ਬਹੁਤਾ ਲੰਬਾ ਸਮਾਂ ਨਹੀਂ ਚੱਲ ਸਕਿਆ।

ਤੇਹਰਵੀ ਸਦੀ ਦੌਰਾਨ ਬਾਬਾ ਫਰੀਦੁਦੀਨ ਗੰਜ਼ ਸ਼ੱਕਰ ਸੂਫੀ ਫਕੀਰ ਵੱਲੋਂ ਆਪਣੇ ਪੈਰੋਕਾਰਾ ਜਾਂ ਉਹਨਾਂ ਕੋਲ ਆਉਂਦੇ ਲੋਕਾਂ ਨੂੰ ਫਰੀਦ ਜੀ ਵੱਲੋਂ ਮਿਠਾਈਆਂ ਜਾਂ ਖਾਣ ਪੀਣ ਦਾ ਸਮਾਨ ਵੰਡਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ ਜੋ ਕਿ ਫਰੀਦਕੋਟ ਵਿਖੇ ਉਹਨਾਂ ਦੀ ਦਰਗਾਹ ਤੇ ਪੰਜਾਬੀਆਂ ਵੱਲੋਂ ਸਿੱਖ ਧਰਮ ਦੇ ਅਸੂਲਾਂ ਤਹਿਤ ਅੱਜ ਵੀ ਚਾਲੂ ਰੱਖਕੇ ਰੋਜ਼ਾਨਾ ਸੈਕੜੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ।

ਸਿੱਖ ਧਰਮ ਵੱਲੋਂ ਜੋ ਲੰਗਰ ਪ੍ਰਥਾ ਸ਼ੁਰੂ ਕੀਤੀ ਗਈ ਸੀ ਉਹ ਕਿਸੇ ਇੱਕ ਫਿਰਕੇ, ਧਰਮ, ਜਾਤ, ਮਜ਼ਹਬ, ਰੰਗ, ਰੂਪ, ਉਮਰ, ਲਿੰਗ ਅਤੇ ਕਿਸੇ ਖਾਸ ਕਿੱਤੇ ਨਾਲ ਸੰਬਧ ਰੱਖਦਾ ਹੋਵੇ ਲਈ ਨਹੀਂ ਸੀ ਬਲਕਿ ਸੰਗਤ ਤੇ ਪੰਗਤ ਵਾਲਾ ਕਾਨੂੰਨ ਲਾਗੂ ਕਰਦੇ ਹੋਏ ਚਾਹੇ ਰਾਜਾ ਹੋਵੇ ਜਾਂ ਰੰਕ, ਸਾਰੇ ਧਰਮਾਂ ਤੇ ਮਜ਼ਹਬਾ ਨੂੰ ਇੱਕ ਸਮਾਨ ਸਮਝਦੇ ਹੋਏ ਪੰਗਤ ਵਿੱਚ ਬੈਠਕੇ ਵੰਡ ਛੱਕੋਂ ਵਾਲੇ ਫਲਸਫੇ ਨੂੰ ਲਾਗੂ ਕਰਕੇ ਚਾਲੂ ਕੀਤਾ ਸੀ ਜੋ ਅੱਜ ਵੀ ਮੇਰੇ ਬਾਬੇ ਨਾਨਕ ਦੀ ਰਹਿਮਤ ਨਾਲ ਜਿਉਂ ਦੀ ਤਿਉਂ ਚੱਲਦੀ ਆ ਰਹੀ ਹੈ, ਇਸ ਲੰਗਰ ਪ੍ਰਥਾਥਾ ਨੂੰ ਸਾਡੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਚਾਲੂ ਰੱਖਦੇ ਹੋਏ ਇਸ ਵਿੱਚ ਸੁਧਾਰ ਕਰਕੇ ਇਸ ਦੀ ਕਾਰਜਪ੍ਰਣਾਲੀ ਨੂੰ ਹੋਰ ਵੀ ਬਿਹਤਰ ਬਣਾ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਿਸ ਦੇ ਪ੍ਰਮਾਣ ਪਵਿੱਤਰ ਗੁਰਬਾਣੀ ਵਿੱਚ ਹੇਠ ਲਿਖੇ ਅਨੁਸਾਰ ਮਿਲਦੇ ਹਨ : ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪ੍ਰਤਾਲੀ। ਲੰਗਰਿ ਦੋਉਲਤ ਵੰਡੀਐ ਰਸੁ ਅਮ੍ਰਿਤ ਖੀਰਿ ਘਿਆਲੀ। ਗੁਰਸਿਖਾਂ ਕੇ ਮੁੱਖ ਵੁਜਲੇ ਮਨ ਮੁਖ ਥੀਏ ਪਰਾਲੀ।

ਭਾਵ ਅਰਥ : ਬਲਵੰਡ ਦੇ ਆਪਣੇ ਸ਼ਬਦਾ ਵਿੱਚ, ਮਾਤਾ ਖੀਵੀ ਆਪਣੇ ਪਤੀ ਵਾਂਗ ਬਹੁਤ ਹੀ ਭਲੇ ਇਨਸਾਨ ਸੀ। ਉਨ੍ਹਾਂ ਦੀ ਛਾਂ ਪੁਤਰਾ ਵਾਂਗ ਸੰਘਣੀ ਤੇ ਠੰਡੀ ਸੀ। ਜਿਤਨੀ ਮਿਠੀ ਖੀਰ ਸੀ ਉਤਨੇ ਹੀ ਮਿਠੇ ਉਨ੍ਹਾਂ ਦੇ ਬੋਲ ਸਨ। ਹਰ ਇਕ ਨੂੰ ਬੜੇ ਪਿਆਰ ਨਾਲ ਲੰਗਰ ਖੁਆਂਦੇ ਤੇ ਜੇ ਕਿਸੇ ਗਰੀਬ ਗੁਰਬੇ ਨੂੰ ਮਾੜੀ ਹਾਲਤ ਵਿੱਚ ਦੇਖਦੇ ਤਾਂ ਚੁਪ ਚਾਪ ਉਸਦੇ ਜੇਬ ਵਿਚ ਪੈਸੇ ਵੀ ਪਾ ਦਿੰਦੇ।

ਇਸ ਤੋਂ ਬਾਅਦ ਸਾਡੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਇਸ ਨੂੰ ਚੱਲਦਾ ਰੱਖਣ ਦੇ ਨਾਲਨਾਲ ਇਹ ਪੱਕਾ ਨਿਯਮ ਬਣਾਇਆ ਕਿ ਜੋ ਵੀ ਸ਼ਰਧਾਲੂ ਉਹਨਾਂ ਨੁੂੰ ਮਿਲਣ ਆਉਂਦੇ ਸਨ ਸਭ ਤੋਂ ਪਹਿਲਾ ਉਹਨਾਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਂਦਾ ਸੀ ਬਾਅਦ ਵਿੱਚ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਲਈ ਲੈ ਜਾਇਆ ਜਾਂਦਾ ਸੀ। ਸਿੱਖ ਧਰਮ ਦੀਆਂ ਪਰੰਮਪਰਾਵਾ ਅਨੁਸਾਰ ਲੰਗਰ ਵਿੱਚ ਸਾਰਿਆ ਲਈ ਸਾਦਾ, ਸਿਹਤਮੰਤ ਤੇ ਸ਼ਾਕਾਹਾਰੀ ਭੋਜਨ ਇੱਕ ਸਮਾਨ ਵਰਤਾਇਆ ਜਾਂਦਾ ਸੀ ਤੇ ਅੱਜ ਵੀ ਇਸੇ ਤਰ੍ਹਾਂ ਹੀ ਚੱਲਦਾ ਹੈ। ਇਨਸਾਨ ਅੰਦਰ ਪੈਦਾ ਹੋ ਚੁੱਕੀਆਂ ਉਸ ਸਮੇਂ ਛੁਹਾਛੂਤ, ਉਚਨੀਚ ਆਦਿ ਵਰਗੀਆਂ ਬੁਰਾਈਆਂ ਨੁੂੰ ਸਾਡੇ ਗੁਰੂ ਸਾਹਿਬਾਨਾ ਨੇ ਇੱਕੋਂ ਜਗ੍ਹਾ ਪੰਗਤ ਵਿੱਚ ਧਰਤੀ ਤੇ ਬੈਠਾ ਕੇ ਲੰਗਰ ਛਕਾਉਣ ਨਾਲ ਇਹਨਾਂ ਨੂੰ ਸਮਾਜ ਵਿੱਚੋਂ ਜੜੋਂ ਖਤਮ ਕਰਨ ਦੀ ਪਹਿਲ ਕਦਮੀ ਆਪਣੀ ਉੱਚੀ ਤੇ ਸੁੱਚੀ ਸੋਚ ਰਾਹੀਂ ਕੀਤੀ ਹੈ, ਜਿਸਦੀ ਜਿਉਂਦੀ ਜਾਗਦੀ ਮਿਸਾਲ ਅੱਜ ਸਾਡੇ ਗੁਰੂ ਘਰਾਂ ਅੰਦਰ ਆਮ ਹੀ ਦੇਖਣ ਨੂੰ ਮਿਲਦੀ ਹੈ।

ਪਿੱਛਲੇ ਦਿਨੀ ਮੈਂ ਆਪਣੇ ਇੱਕ ਨਜ਼ਦੀਕੀ ਦੋਸਤ ਜੋ ਕਿ ਵਰਕ ਪ੍ਰਮਿਟ ਤੇ ਕਨੇਡਾ ਗਿਆ ਹੋਇਆ ਹੈ ਫੋਨ ਕਰਕੇ ਹਾਲਚਾਲ ਪੁੱਛਣ ਲਈ ਗੱਲਬਾਤ ਕੀਤੀ ਦੁੱਖਸੁੱਖ ਪੁੱਛਣ ਉਪਰੰਤ ਮੈਂ ਉਸਨੂੰ ਅੱਜ ਦੇ ਹਾਲਾਤਾ ‘ਕਰੋਨਾ ਮਹਾਮਾਰੀ’ ਸਬੰਧੀ ਪੁੱਛਣ ਤੇ ਸਵਾਲ ਕੀਤਾ ਕਿ ਜਿਹੜੇ ਸਾਡੇ ਪੰਜਾਬੀ ਸਟੂਡੈਂਟ ਵੀਜੇ ਤੇ ਕਨੇਡਾ ਆਏ ਹੋਏ ਹਨ ਤੇ ਤੁਹਾਡੇ ਜਿਹੇ ਜਿਹੜੇ ਵਰਕ ਪ੍ਰਮਿਟ ਤੇ ਕਨੇਡਾ ਗਏ ਹਨ ਉਹਨਾਂ ਦਾ ਕਨੇਡਾ ਦੀ ਧਰਤੀ ਤੇ ਖਾਣਪੀਣ ਦਾ ਕੀ ਪ੍ਰਬੰਧ ਹੈ ਤਾਂ ਉਸਨੇ ਦੱਸਿਆ ਕਿ ਸਟੂਡੈਂਟ ਵੀਜੇ ਵਾਲੇ ਵਿਦਿਆਰਥੀਆਂ ਦਾ ਹਾਲ ਅੱਜ ਦੇ ਮੌਜੂਦਾ ਸਮੇਂ ਕੋਈ ਬਹੁਤ ਵਧੀਆ ਨਹੀਂ ਹੈ ਸਰਕਾਰ ਨੇ ਹੁਣ ਕੁੱਝ ਐਲਾਨ ਕੀਤੇ ਹਨ ਜੋ ਮਿਤੀ 06042020 ਤੋਂ ਲਾਗੂ ਹੋਣ ਦੀ ਉਮੀਦ ਹੈ ਅਸੀਂ ਵੀ ਕਈ ਜਣੇ ਇੱਕਠੇ ਹੀ ਰਹਿੰਦੇ ਹਾਂ ਜਿਸ ਕੰਪਨੀ ਵਿੱਚ ਮੈਂ ਗਿਆ ਹਾਂ ਕੰਮ ਤਕਰੀਬਨ ਬੰਦ ਹੀ ਹੈ, ਖਾਣ ਪੀਣ ਲਈ ਬਾਬੇ ਨਾਨਕ ਵੱਲੋਂ ਸ਼ੁਰੂ ਕੀਤੀ ਲੰਗਰ ਪ੍ਰਥਾ ਤੇ ਤਹਿਤ ਅਸੀਂ ਸਾਰੇ ਤੇ ਹੋਰ ਪੰਜਾਬੀ ਲੋਕਾਂ ਦੇ ਨਾਲਨਾਲ ਵਿਦੇਸ਼ੀ ਲੋਕ ਵੀ ਗੁਰੂ ਘਰ ਵਿੱਚ ਚੱਲ ਰਹੇ ਲੰਗਰ ਵਿੱਚੋਂ ਲੰਗਰ ਖਾ ਕੇ ਆਪਣੇ ਗੁਜ਼ਾਰਾ ਕਰ ਰਹੇ ਹਨ, ਧੰਨ ਹੈ ਮੇਰਾ ਬਾਬਾ ਨਾਨਕ ਜਿਸ ਵੱਲੋਂ ਸ਼ੁਰੂ ਕੀਤੇ ਇਸ ਮਹਾਨ ਕਾਰਜ਼ ਦੇ ਤਹਿਤ ਪੂਰੀ ਦੁਨੀਆਂ ਵਿੱਚ ਸੱਤ ਸਮੁੰਦਰੋਂ ਪਾਰ ਵੀ ਅੱਜ ਲੋਕ ਮੇਰੇ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇ ਕੇ ਆਪਣੇ ਸਿੱਖ ਵਿਰਸੇ ਨੂੰ ਸੰਭਾਲਦੇ ਹੋਏ ਪੰਜਾਬੀ ਹੋਣ ਦੇ ਨਾਤੇ ਮਾਣ ਮਹਿਸੂਸ ਕਰਦੇ ਹਨ।

ਮੈਂ ਅੱਜ ਲਿਖਦੇ ਸਮੇਂ ਅਚਾਨਕ ਹਾਕਰ ਵੱਲੋਂ ਦਿੱਤੀ ਅਵਾਜ ਤੇ ਜਦ ਅਖਬਾਰ ਚੁੱਕ ਕੇ ਪੜਿਆ ਤਾਂ ਪਤਾ ਲੱਗਾ ਕਿ ਵਿਦੇਸ਼ਾ ਦੀ ਧਰਤੀ ਤੇ ਅੱਜ ਦੇ ਇਸ ਸੰਕਟ ਮਈ ਸਮੇਂ ਵਿੱਚ ਇਨਸਾਨੀਅਤ ਦੀ ਸੇਵਾ ਦਾ ਜੋ ਰਾਹ ਸਿੱਖ ਭਾਈਚਾਰੇ ਵੱਲੋਂ ਪੰਜਾਬੀ ਹੋਣ ਤੇ ਬਾਬੇ ਨਾਨਕ ਵੱਲੋਂ ਗੁੜਤੀ ਵਿੱਚ ਮਿਲੀ ਸਿੱਖਿਆ ਦੇ ਤਹਿਤ ਅਪਣਾਇਆ ਹੈ ਇਸ ਲਈ ਪੰਜਾਬੀਆਂ ਦਾ ਦੁਨੀਆਂ ਵਿੱਚ ਕੋਈ ਸਾਨੀ ਨਹੀਂ ਹੈ ਲੱਖਾਂ ਦੀ ਤਾਦਾਦ ਵਿੱਚ ਲੋੜਵੰਦਾ ਨੂੰ ਦੇਸ਼ਾਵਿਦੇਸ਼ਾ ਦੀ ਧਰਤੀ ਤੇ ਭੋਜਨ ਛਕਾ ਕੇ ਸੇਵਾ ਕਰਨ ਵਾਲੇ ਇਹਨਾ ਯੋਧਿਆ ਦੀ ਉਸਤਤ ਲਈ ਮੇਰੇ ਕੋਲ ਕੋਈ ਲਫਜ਼ ਨਹੀਂ ਹਨ ਸਿਰਫ ਇਹਨਾਂ ਦੀ ਸੇਵਾ ਭਾਵਨਾ ਅੱਗੇ ਮੈਂ ਸਿਰ ਝੁਕਾ ਕੇ ਸਲਾਮ ਕਰ ਸਕਦਾ ਹਾਂ। ਮੈਂ ਆਪਣੇ ਘਰ ਦੀ ਛੱਤ ਤੇ ਅਚਾਨਕ ਚੜਿਆ ਤਾਂ ਗਲੀ ਵਿੱਚ ਉੱਚੀਉੱਚੀ ਅਵਾਜਾ ਦੇ ਕੇ ਸਾਡੇ ਨੌਜੁਆਨ ਵੀਰ ਹੱਥਾਂ ਵਿੱਚ ਲੰਗਰ ਵਾਲੇ ਟੋਕਰੇ ਤੇ ਦਾਲੇ ਦੀਆਂ ਬਾਲਟੀਆਂ ਫੜੀ, ਲੰਗਰ ਲੈ ਲਓ ਬਾਈ ਜੀ ਲੰਗਰ, ਦਾ ਹੋਕਾ ਲਗਾ ਕੇ ਲੋੜਵੰਦਾ ਨੂੰ ਲੰਗਰ ਵੰਡ ਰਹੇ ਸਨ ਉਦੋਂ ਦਿਲ ਵਿੱਚ ਜੋਸ਼ ਭਰ ਆਇਆ ਤੇ ਉਹਨਾਂ ਨੂੰ ਫਤਿਹ ਬੁਲਾਈ ਤੇ ਬਾਬੇ ਨਾਨਕ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਇਹਨਾਂ ਤੇ ਇਹਨਾਂ ਦੇ ਪਰਿਵਾਰਾ ਦੀ ਸੰਭਾਲ ਕਰਨਾ। ਕਿਉਂਕਿ ‘ਕਰੋਨਾਂ ਵਾਇਰਸ’ ਕੋਈ ਜਾਤ ਧਰਮ, ਮਜ਼ਹਬ, ਕਿੱਤਾ ਜਾ ਸੇਵਾ ਨਹੀਂ ਦੇਖਦਾ ਸਿਰਫ ਆਪਣੀ ਤਾਕਤ ਦਿਖਾਉਂਦਾ ਹੈ।

ਇਤਿਹਾਸ ਅਨੁਸਾਰ ਪੜਿਆ ਗਿਆ ਹੈ ਕਿ ਸਿੱਖ ਕੌਮ ਤੇ ਆਦਿ ਕਾਲ ਵਿੱਚ ਕਈ ਧਰਮਾਂ ਤੇ ਫਿਰਕਿਆਂ ਵੱਲੋਂ ਜ਼ੁਲਮ ਢਾਹੇ ਗਏ ਪਰੰਤੂ ਇਹਨਾਂ ਸਿਰਲੱਥ ਯੋਧਿਆ ਵੱਲੋਂ ਉਹ ਸਭ ਕੁੱਝ ਭੁੱਲ ਕੇ ਲੰਗਰ ਪ੍ਰਥਾ ਤਹਿਤ ਕਦੇ ਅੱਜ ਤੱਕ ਇਹ ਨਹੀਂ ਦੇਖਿਆ ਕਿ ਲੋੜਵੰਦ ਕਿਹੜੇ ਧਰਮ, ਜਾਤ, ਮਜ਼ਹਬ ਨਾਲ ਸਬੰਧ ਰੱਖਦਾ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨਾ ਵੱਲੋਂ ਸਾਨੂੰ ਸਿੱਖਿਆ ਹੀ ਇਹ ਦਿੱਤੀ ਗਈ ਹੈ ਕਿ : ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ।। ਦੇ ਤਹਿਤ ਸਭ ਦਾ ਭਲਾ ਹੀ ਮੰਗਿਆ ਹੈ।

ਪਿੱਛਲੇ ਦਿਨੀ ਸ਼ੋਸ਼ਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਸਿੱਖ ਵੀਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਦੱਸਿਆ ਗਿਆ ਕਿ ਕਾਰਪੋਰੇਸ਼ਨ ਕਮਿਸ਼ਨਰ ਲੁਧਿਆਣਾ ਵੱਲੋਂ ਸਾਰੇ ਸ਼ਹਿਰ ਦੀਆਂ ਐਨ.ਜੀ.ਓ. ਨਾਲ ਮੀਟਿੰਗ ਕੀਤੀ ਗਈ ਤੇ ਗਰਾਉਂਡ ਜ਼ੀਰੋ ਦੇ ਹਾਲਤਾਂ ਨੂੰ ਅੱਖੀ ਦੇਖਣ ਉਪਰੰਤ ਵਿਚਾਰ ਕੀਤਾ ਗਿਆ ਤੇ ਸਿੱਟਾ ਇਹ ਕੱਢਿਆ ਗਿਆ ਕਿ ਬਾਬੇ ਨਾਨਕ ਦੇ ਲੰਗਰਾਂ ਦੀ ਕੁੱਝ ਸ਼ਰਾਰਤੀ ਕਿਸਮ ਦੇ ਅਨਸਰਾਂ ਵੱਲੋਂ ਦੁਰਵਰਤੋਂ ਦੇ ਤਹਿਤ ਕਿਸੇ ਇੱਕ ਫਿਰਕੇ ਜਾਂ ਕੁਝ ਹੋਰ ਚੀਜਾਂ ਨੂੰ ਮੁੱਖ ਰੱਖ ਕੇ ਹੀ ਲਗਾਤਾਰ ਘਰ ਭਰੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਰੋਜ਼ਾਨਾ ਜ਼ਰੂਰਤ ਤੋਂ ਜ਼ਿਆਦਾ ਲੰਗਰ ਪੱਕ ਰਿਹਾ ਹੈ, ਲੋਕ ਇੰਨੀ ਗਿਰਾਵਟ ਤੱਕ ਜਾ ਚੁੱਕੇ ਹਨ ਕਿ ਪਹਿਲਾ ਪੁੱਛਦੇ ਹਨ ਕਿ ਖਾਣ ਲਈ ਲੰਗਰ ਦੇ ਨਾਲ ਸਬਜ਼ੀ ਕੀ ਹੈ ਢਿੱਡ ਭਰਨ ਲਈ ਲੰਗਰ ਨਹੀਂ ਲਿਆ ਜਾਂਦਾ ਬਲਕਿ ਜੀਭ ਦੇ ਸਵਾਦ ਲਈ ਪਨੀਰ ਆਦਿ ਦੇਖਿਆ ਜਾਂਦਾ ਹੈ ਅੱਜ ਇਨਸਾਨੀ ਕਦਰਾਂ ਕੀਮਤਾ ਤੇ ਜ਼ਮੀਰਾ ਲੱਗਭਗ ਬਹੁੱਤੇ ਲੋਕਾਂ ਦੀਆਂ ਮਰ ਹੀ ਚੁੱਕੀਆਂ ਹਨ ਅਜਿਹਾ ਉਸ ਵੀਰ ਵੱਲੋਂ ਪਾਈ ਵੀਡੀਓ ਦੇਖਣ ਤੋਂ ਭਲੀਭਾਂਤ ਪਤਾ ਲੱਗਦਾ ਹੈ।

ਲੋਕਾਂ ਵੱਲੋਂ ਅਜਿਹਾ ਕਰਕੇ ਆਪਣੇ ਘਰਾਂ ਅੰਦਰ ਲੰਗਰ ਨੂੰ ਸਟੋਰ ਕਰਕੇ ਲੰਗਰ ਚਲਾਉਣ ਵਾਲਿਆ ਦਾ ਦਿਲ ਤੋੜਨ ਵਾਲਾ ਕੰਮ ਹੈ, ਬਾਬੇ ਨਾਨਕ ਦੀ ਭਾਵਨਾ ਦੇ ਉਲਟ ਜੇਕਰ ਲੋਕ ਅਜਿਹਾ ਕਰਨਗੇ ਤਾਂ ਉਹ ਸਹੀ ਨਹੀਂ ਹੈ। ਕਿਉਕਿ ਸਾਡੇ ਗੁਰੂਆਂ ਵੱਲੋਂ ਤਾਂ ਇਹ ਲੰਗਰ ਪ੍ਰਥਾ ਲੋੜਵੰਦਾ ਤੇ ਭੁੱਖਿਆ ਲਈ ਸੀ ਤੇ ਬਾਬੇ ਨਾਨਕ ਵੱਲੋਂ ਤਾਂ ਦਸ ਨਹੂਆਂ ਦੀ ਕਿਰਤ ਕਰੋ ਤੇ ਵੰਡ ਛੱਕੋ ਦਾ ਸਿਧਾਂਤ ਬਣਾਇਆ ਸੀ। ਜਿਸ ਨਾਲ ਸੇਵਾਦਾਰਾ ਦੀ ਭਾਵਨਾ ਬਣੀ ਰਹੇ, ਅਜਿਹਾ ਕਰਕੇ ਬਾਬੇ ਦੀ ਮੂਲ ਸਿੱਖਿਆ ਨੂੰ ਢਾਹ ਨਾ ਲਗਾਓ, ਮੇਰੇ ਬਾਬੇ ਦੀ ਇਹ ਸੋਚ ਸਮੁੱਚੀ ਇਨਸਾਨੀਅਤ ਲਈ ਲਾਹੇਵੰਦ ਹੈ।

ਅੱਜ ਜਰੂਰਤਮੰਦ ਲੋਕਾਂ ਨੂੰ ਲੰਗਰ ਛਕਾਉਣ ਲਈ ਵੱਖਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾ ਨੇ ਆਪੋਆਪਣੀ ਪਹੁੰਚ ਮੁਤਾਬਿਕ ਆਪੋਆਪਣੇ ਤਰੀਕੇ ਨਾਲ ਲੰਗਰ ਬਨਾਉਣ ਲਈ ਆਪਣੀਆਂ ਰਸੋਈਆਂ ਚਾਲੂ ਕੀਤੀਆ ਹਨ ਇਸ ਭਾਵਨਾ ਨੂੰ ਦਿਲੋਂ ਸਲਾਮ ਹੈ, ਪਰੰਤੂ ਲੰਗਰ ਬਣਾਉਣ ਸਮੇਂ, ਲੰਗਰ ਪੈਕ ਕਰਨ ਸਮੇਂ ਤੱਕ ਤੇ ਇਸ ਨੂੰ ਵਰਤਾਉਣ ਤੱਕ ਪੰਜਾਬ ਸਰਕਾਰ ਜਾ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਜੋ ਕਾਨੂੰਨ ਜਾਂ ਨਿਯਮ ਬਣਾਏ ਗਏ ਹਨ ਉਹਨਾਂ ਨੁੰ ਬਿਨ੍ਹਾਂ ਕਿਸੇ ਕਿਸਮ ਦੀ ਅਣਗਹਿਲੀ ਤੋਂ ਲਾਗੂ ਕਰਕੇ ਹੀ ਲੰਗਰ ਬਣਾਇਆ ਜਾਵੇ ਤੇ ਲੰਗਰ ਵਰਤਾਉਣ ਵਾਲੇ ਸੇਵਾਦਾਰਾ ਦੀ ਸਿਹਤ ਸਬੰਧੀ ਬਕਾਇਦਾ ਸਮੇਂਸਮੇਂ ਸਿਰ ਡਾਕਟਰੀ ਜਾਂਚ, ਮਾਸਕ, ਸੈਨੇਟਾਈਜ਼ਰ, ਸ਼ੋਸ਼ਲ ਡਿਸਟੈਸ ਆਦਿਕ ਦਾ ਖਾਸ ਖਿਆਲ ਰੱਖਕੇ ਹੀ ਸੇਵਾ ਕੀਤੀ ਜਾ ਕਰਵਾਈ ਜਾਵੇ।

ਅੱਜ ਮੌਜੂਦਾ ਹਾਲਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰਾ ਵੱਲੋਂ ਲੰਗਰਾਂ ਦੀ ਰਸਦ ਤੇ ਲਗਾਏ ਟੈਕਸ ਤੁਰੰਤ ਹਟਾਉਣੇ ਬਣਦੇ ਹਨ ਕਿਉਕਿ ਅੱਜ ਤਾਂ ਸਾਡੀ ਪੰਜਾਬ ਸਰਕਾਰ ਵੀ ਪੰਜਾਬ ਦੇ ਲੋੜਵੰਦ ਪਰਿਵਾਰਾ ਨੂੰ ਖੁਦ ਰਾਸ਼ਨ ਵੰਡਣ ਵਿੱਚ ਆਪਣੀ ਅਹਿਮ ਭੁਮਿਕਾ ਨਿਭਾ ਰਹੀ। ਜੋ ਲੰਗਰ ਕਮੇਟੀਆਂ ਅੱਜ ਹੌਂਦ ਵਿੱਚ ਆਈਆ ਹਨ ਜਾਂ ਪਹਿਲਾ ਤੋਂ ਹੀ ਲੰਗਰ ਪ੍ਰਥਾ ਚਲਾ ਰਹੀਆਂ ਹਨ ਉਹ ਲੰਗਰਾਂ ਵਿੱਚ ਆ ਰਹੇ ਰਸਦ ਪਾਣੀ ਤੇ ਨਗਦੀ ਦਾ ਹਿਸਾਬ ਕਿਤਾਬ ਕਿਸੇ ਮਾਹਿਰ ਜਾ ਪੜੇਲਿਖੇ ਸੇਵਾਦਾਰ ਕੋਲ ਜਰੂਰ ਲਿਖਤੀ ਰੂਪ ਵਿੱਚ ਰੱਖ ਕੇ ਖਰੜਾ ਸਪਤਾਹਿਕ ਜਾ ਮਹੀਨਾਵਾਰ ਜਰੂਰ ਤਿਆਰ ਕਰਨ ਕਿਉਕਿ ਅੱਜ ਦੇ ਸਮੇਂ ਅਨੁਸਾਰ ਦਾਨੀ ਘੱਟ ਤੇ ਹਿਸਾਬ ਮੰਗਣ ਵਾਲੇ ਬਹੁਤੇ ਹਨ, ਇਸ ਲਈ ਇਹ ਸਿਸਟਮ ਪਾਰਦਰਸ਼ੀ ਰੱਖ ਕੇ ਕਿਸੇ ਕਲੰਕ ਤੋਂ ਬੱਚਿਆ ਜਾ ਸਕਦਾ ਹੈ ਜਿਸ ਨਾਲ ਬਾਬੇ ਨਾਨਕ ਦੀ ਤੱਕੜੀ ਤੇਰਾਂਤੇਰਾਂ ਤੋਲਦੀ ਰਹੇ ਤੇ ਲੋਕ ਤੁਹਾਡੀ ਇਮਾਨਦਾਰੀ ਦੀਆਂ ਆਪਣੇ ਬੱਚਿਆਂ ਨੂੰ ਮਿਸਾਲਾ ਦੇਣ।

ਦੇਖਣ ਵਿੱਚ ਆਇਆ ਹੈ ਕਿ ਦਾਨੀ ਪੁਰਸ਼ ਕਦੇ ਹਿਸਾਬ ਨਹੀਂ ਮੰਗਦੇ, ਕੁੱਝ ਲੋਕਾਂ ਦਾ ਕੰਮ ਹੀ ਚਿੱਕੜ ਉਛਾਲੀ ਕਰਨਾ ਹੁੰਦਾ ਹੈ ਉਹਨਾਂ ਦਾ ਮੂੰਹ ਬੰਦ ਕਰਨ ਲਈ ਹਿਸਾਬਕਿਤਾਬ ਵੀ ਜਰੂਰੀ ਹੈ ਕਿਉਕਿ ਸਮਾਂ ਲੰਘਣ ਦੇ ਬਾਅਦ ਅਕਸਰ ਹੀ ਅਜਿਹੇ ਵਿਵਾਦ ਖੜੇ ਹੋ ਜਾਂਦੇ ਹਨ ਫਿਰ ਅਜਿਹੀ ਸੇਵਾ ਕਿਸੇ ਕੰਮ ਦੀ ਨਹੀਂ ਰਹਿੰਦੀ ਕਿਉਕਿ ਸ਼ੰਕਾਵਾਦੀ ਲੋਕਾਂ ਦਾ ਕੰਮ ਦੂਸਰਿਆਂ ਦੀ ਆਡਿਟ ਕਰਕੇ ਬਦਨਾਮੀ ਕਰਨਾ ਹੁੰਦਾ ਹੈ।

ਅੱਜ ਇੰਨਫਰਮੇਸ਼ਨ ਟੈਕਨਾਲੌਜੀ ਕਾਰਨ ਸਹੀ ਜਾ ਗਲਤ ਸੂਚਨਾਵਾਂ ਬਹੁਤ ਜਲਦੀ ਵਿਦੇਸ਼ਾ ਤੱਕ ਵਾਇਰਲ ਹੋ ਜਾਂਦੀਆਂ ਹਨ ਇਸ ਤੋਂ ਬਚਣਾ ਹੀ ਭਲਾਈ ਹੈ। ਇਸ ਲਈ ਸਾਨੂੰ ਆਲੇਦੁਆਲੇ ਤੋਂ ਸੁਚੇਤ ਹੋ ਕੇ ਸੱਚੀ ਭਾਵਨਾ ਨਾਲ ਇਨਸਾਨੀਅਤ ਦੀ ਸੇਵਾ ਕਰਦੇ ਹੋਏ ਬਾਬੇ ਨਾਨਕ ਵੱਲੋਂ ਚਲਾਈ ਇਸ ਲੰਗਰ ਪ੍ਰਥਾ ਨੂੰ ਹੋਰ ਵੀ ਸੁਚੱਜੇ ਤੇ ਬਿਹਤਰ ਢੰਗ ਨਾਲ ਚਲਾਉਣ ਲਈ ਉਪਰਾਲੇ ਕਰਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਅੱਜ ਦੇ ਇਹਨਾਂ ਹਾਲਾਤਾ ਵਿੱਚ ਲੋੜਵੰਦਾ ਨੂੰ ਮੱਦਦ ਪਹੁੰਚਾ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣੀਏ ਤੇ ਲੋੜਵੰਦ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਸ ਦਾ ਨਜਾਇਜ਼ ਫਾਇਦਾ ਨਾ ਉਠਾਇਆ ਜਾਵੇ ਤਾਂ ਜੋ ਕਿਸੇ ਹੋਰ ਲੋੜਵੰਦ ਤੱਕ ਵੀ ਮੱਦਦ ਪਹੁੰਚ ਸਕੇ।

ਜਗਜੀਤ ਸਿੰਘ ਕੰਡਾ
ਕੋਟਕਪੂਰਾ
9646200468

Leave a Reply

Your email address will not be published. Required fields are marked *

%d bloggers like this: