Wed. Jul 17th, 2019

ਦੁਆਬੇ ਦੀ ਧਰਤੀ ਤੋਂ ਘਟ ਰਹੀ ਹੈ ਅੰਬਾਂ ਦੀ ਮਹਿਕ

ਦੁਆਬੇ ਦੀ ਧਰਤੀ ਤੋਂ ਘਟ ਰਹੀ ਹੈ ਅੰਬਾਂ ਦੀ ਮਹਿਕ

ਦੁਆਬੇ ਦੀ ਧਰਤੀ ਨੂੰ ਅੰਬਾਂ ਦਾ ਘਰ ਵੀ ਮੰਨਿਆ ਗਿਆ ਹੈ ਪਰ ਸਮੇਂ ਦੀ ਤੋਰ ਨੇ ਤੇ ਵਧਦੀ ਹੋਈ ਆਬਾਦੀ ਨੇ ਅੰਬਾਂ ਦੇ ਬਾਗਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਅਜਿਹੇ ਗੀਤ ਸੁਣਾਈ ਦੇਣ ਲੱਗੇ ਹਨ :
ਕਿੱਕਰ, ਨਿੰਮ, ਫਲਾਹ ਤੇ ਜਾਮਣ ਜੜ੍ਹੋਂ ਪੁਟਾ ਸੁੱਟੇ,
ਜੰਡ, ਬਰੋਟਾ, ਤੂਤ, ਬੇਰੀਆਂ ਅਸੀਂ ਵਢਾ ਸੁੱਟੇ।
ਨਾ ਪਹਿਲਾਂ ਵਾਲਾ ਰਿਹਾ ਮਾਲਵਾ, ਨਾ ਉਹ ਮਾਝਾ ਜੀ,
ਕਿੱਥੇ ਗਿਆ ਹੁਣ ਅੰਬਾਂ ਵਾਲਾ ਦੇਸ ਦੁਆਬਾ ਜੀ?

ਅੱਜਕਲ ਇਸ ਇਲਾਕੇ ਵਿਚ ਗੇੜਾ ਮਾਰੀਏ ਤਾਂ ਅੰਬਾਂ ਦੇ ਬਾਗ ਕਿਤੇ ਨਹੀਂ ਲੱਭਦੇ। ਜੇਕਰ ਕੋਈ ਅੰਬ ਦਾ ਬੂਟਾ ਬਚਿਆ ਹੈ ਤਾਂ ਉਹ ਸੁੱਕੀ ਜਾ ਰਿਹਾ ਹੈ। ਪੁਰਾਣੇ ਬਾਗ ਕੁਝ ਲੋਕਾਂ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ ਹੋ ਗਏ ਨੇ ਤੇ ਕੁਝ ਚੌੜੀਆਂ ਹੋਈਆਂ ਸੜਕਾਂ ਦੀ ਭੇਟ ਚੜ੍ਹ ਗਏ ਹਨ।  ਅੱਜ ਤੋਂ ਪੰਝੀ-ਤੀਹ ਸਾਲ ਪਹਿਲਾਂ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਦਾ ਸਾਰਾ ਆਲਾ-ਦੁਆਲਾ ਅੰਬਾਂ ਦੇ ਬਾਗਾਂ ਨਾਲ ਭਰਿਆ ਹੁੰਦਾ ਸੀ। ਜਿਸ ਪਾਸੇ ਨੂੰ ਮਰਜ਼ੀ ਚਲੇ ਜਾਓ, ਠੰਡੀਆਂ ਛਾਵਾਂ ਤੇ ਮਿੱਠੇ ਅੰਬਾਂ ਦੀ ਮਹਿਕ ਮਨ ਅੰਦਰ ਅਨੋਖਾ ਰਸ ਘੋਲ ਦਿੰਦੀ ਸੀ। ਸਭ ਸੜਕਾਂ ਅੰਬਾਂ ਦੇ ਭਾਰੇ ਦਰੱਖਤਾਂ ਨਾਲ ਠੰਡੀਆਂ ਠਾਰ ਰਹਿੰਦੀਆਂ। ਮੁਸਾਫਿਰਾਂ ਨੂੰ ਧੁੱਪ ਤੋਂ ਕਦੀ ਪ੍ਰੇਸ਼ਾਨੀ ਨਾ ਹੁੰਦੀ। ਉਹ ਬੜੇ ਆਰਾਮ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ। ਇਸ ਇਲਾਕੇ ਦੀ ਪਛਾਣ ਪੂਰੀ ਦੁਨੀਆ ਵਿਚ ਅੰਬਾਂ ਦਾ ਘਰ ਅਤੇ ਫੁੱਟਬਾਲ ਦੀ ਨਰਸਰੀ ਕਰਕੇ ਹੁੰਦੀ ਸੀ। ਇਸੇ ਤਰ੍ਹਾਂ ਹਰਿਆਣੇ ਭੂੰਗੇ ਲਾਗਲੇ ਇਨਾਮੀ ਬਾਗ ਵੀ ਕੁਲ ਦੁਨੀਆ ਵਿਚ ਮਸ਼ਹੂਰ ਰਹੇ ਹਨ। ਬਾਗਾਂ ਦਾ ਇਲਾਕਾ ਹੁਣ ਬਾਗਾਂ ਦੀਆਂ ਠੰਡੀਆਂ ਛਾਵਾਂ ਦਾ ਆਨੰਦ ਮਾਣਨ ਨੂੰ ਤਰਸ ਰਿਹਾ ਹੈ।
ਅੰਬਾਂ ਨੂੰ ਪਕਾਉਣ ਦੀ ਤਿਆਰੀ : ਫਲਾਂ ਦੇ ਰਾਜੇ ਅੰਬ ਨੂੰ ਨਾ ਤਾਂ ਹੁਣ ਪੁਰਾਣੇ ਤਰੀਕੇ ਨਾਲ ਪਕਾਇਆ ਜਾਂਦਾ ਹੈ ਤੇ ਨਾ ਹੀ ਸੰਭਾਲਿਆ ਜਾਂਦਾ ਹੈ। ਅਸੀਂ ਆਪਣੇ ਬਾਬਾ ਜੀ ਨਾਲ ਟੋਕਰੀਆਂ ਵਿਚ ਅੰਬ ਲਗਾ ਕੇ ਪਕਾਉਣ ਲਈ ਚੋਡੇ (ਜਾਲੀ) ਬੁਣਦੇ ਸਾਂ। ਬੜੀ ਕਲਾਕਾਰੀ ਹੁੰਦੀ ਸੀ ਜਾਲ ਬੁਣਨ ਵਿਚ। ਜਦੋਂ ਤੁੜਾਵਾਂ ਅੰਬ ‘ਤੇ ਚੜ੍ਹ ਕੇ ਅੰਬ ਤੋੜ ਕੇ ਕਾਂਡੂ (ਜਾਲੀਦਾਰ ਬੋਰਾ) ਵਿਚ ਪਾਉਂਦਾ ਤਾਂ ਕੋਈ ਅੰਬ ਧਰਤੀ ‘ਤੇ ਗਿਰ ਜਾਂਦਾ ਤਾਂ ਉਸਨੂੰ ਬਾਕੀ ਅੰਬਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਤਾਂ ਕਿ ਟੋਕਰੀ ਵਿਚ ਪੈ ਕੇ ਬਾਕੀ ਅੰਬ ਵੀ ਗਲ਼ ਨਾ ਜਾਣ। ਬੂਟੇ ਨਾਲੋਂ ਅੰਬਾਂ ਨੂੰ ਕਾਂਡੂ ਛਿੱਕੀ ਨਾਲ ਤੋੜ ਕੇ ਹੇਠਾਂ ਛਾਵੇਂ ਸਿਰਕੀ (ਤੀਲਾਂ ਦੀ ਚਟਾਈ) ‘ਤੇ ਡੰਡੀਆਂ ਤੋੜ ਕੇ ਸੁਕਾਇਆ ਜਾਂਦਾ ਸੀ। ਬਾਅਦ ਦੁਪਹਿਰ ਇਨ੍ਹਾਂ ਅੰਬਾਂ ਨੂੰ ਪਕਾਉਣ ਵਾਸਤੇ ਬਗੜ ਨਾਲ ਟੋਕਰੀਆਂ ਵਿਚ ਭਰਿਆ ਜਾਂਦਾ ਸੀ। ਪਕਾਉਣ ਦਾ ਇਹ ਕੁਦਰਤੀ ਤਰੀਕਾ ਸੀ। ਕਿਸੇ ਵੀ ਮਸਾਲੇ ਆਦਿ ਦੀ ਵਰਤੋਂ ਨਹੀਂ ਸੀ ਹੁੰਦੀ। ਉਸੇ ਅੰਬ ਨੂੰ ਤੋੜਿਆ ਜਾਂਦਾ ਸੀ, ਜਿਸਦੇ ਕੁਦਰਤੀ ਤੌਰ ‘ਤੇ ਪੱਕੇ ਹੋਏ ਅੰਬ ਰੋਜ਼ਾਨਾ ਪੰਜ ਜਾਂ ਸੱਤ ਦੀ ਗਿਣਤੀ ਵਿਚ ਡਿੱਗ ਪੈਂਦੇ ਸਨ, ਜਦਕਿ ਅੱਜਕਲ ਇਨ੍ਹਾਂ ਗੱਲਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ, ਸਗੋਂ ਪੇਟੀਆਂ ਵਿਚ ਬੰਦ ਕਰ ਕੇ ਮਸਾਲਾ ਕੈਲਸ਼ੀਅਮ ਕਾਰਬਾਈਡ ਰੱਖ ਕੇ ਪਕਾ ਲਿਆ ਜਾਂਦਾ ਹੈ, ਜੋ ਸਿਹਤ ਲਈ ਲਾਭਕਾਰੀ ਨਹੀਂ ਹੁੰਦਾ।
ਦੁਆਬੇ ਦੇ ਅੰਬਾਂ ਦੀਆਂ ਪੁਰਾਣੀਆਂ ਕਿਸਮਾਂ : ਦੁਆਬੇ ਦੀ ਧਰਤੀ ‘ਤੇ ਕਈ ਤਰ੍ਹਾਂ ਦੇ ਅੰਬ ਅੱਜ ਤੋਂ 30-40 ਸਾਲ ਪਹਿਲਾਂ ਮਿਲਦੇ ਸਨ, ਜਿਨ੍ਹਾਂ ਨੂੰ ਦੁਸਹਿਰੀ, ਸੌਂਫਿਆ, ਲੰਗੜਾ, ਸੰਧੂਰੀ, ਗਾਜਰੀ, ਲਾਲ ਪਰੀ, ਥਾਣੇਦਾਰ ਆਦਿ ਨਾਂ ਦਿੱਤੇ ਜਾਂਦੇ ਸਨ। ਹੁਣ ਜੇਕਰ ਇਹ ਕਹੀਏ ਕਿ ਅੰਬਾਂ ਦੀ ਮਹਿਕ ਲਈ ਦੁਆਬੀਏ ਵੀ ਤਰਸਣ ਲੱਗੇ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ। ਹੁਸ਼ਿਆਰਪੁਰ ਦੀ ਪੁਰਾਣੀ ਹੱਦਬੰਦੀ ਅਨੁਸਾਰ ਇਹ ਸਾਰਾ ਇਲਾਕਾ ਬਾਗਾਂ ਦਾ ਘਰ ਸੀ। ਹਿਮਾਚਲ ਦਾ ਜ਼ਿਲਾ ਊਨਾ, ਨੰਗਲ ਦਾ ਇਲਾਕਾ ਵੀ ਇਸੇ ਵਿਚ ਹੀ ਗਿਣਿਆ ਜਾਂਦਾ ਰਿਹਾ ਹੈ। ਅਜੇ ਹਿਮਾਚਲ ਦੇ ਇਲਾਕੇ ਵਿਚ ਕੁਝ ਕੁ ਬਾਗਾਂ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ।
ਅੰਬ ਦੀ ਮਹਾਨਤਾ : ਅੰਬ ਸਾਡੇ ਦੇਸ਼ ਸਮੇਤ ਪਾਕਿਸਤਾਨ ਅਤੇ ਫਿਲਪਾਈਨ ਦਾ ਵੀ ਕੌਮੀ ਫਲ ਹੈ। ਪੁਰਾਣੇ ਰਾਜੇ-ਮਹਾਰਾਜਿਆਂ ਨੇ ਅੰਬਾਂ ਦੇ ਬਾਗ ਲਗਾਉਣ ਵਿਚ ਬੜੀ ਦਿਲਚਸਪੀ ਲਈ ਸੀ। ਇਸੇ ਕਰਕੇ ਦੁਆਬੇ ਦੀ ਧਰਤੀ ਅੰਬਾਂ ਦਾ ਘਰ ਬਣ ਗਈ ਸੀ। ਬੰਗਲਾਦੇਸ਼ ਦਾ ਇਹ ਰਾਸ਼ਟਰੀ ਰੁੱਖ ਹੈ। ਵੈਦਿਕ ਗ੍ਰੰਥਾਂ ਅਨੁਸਾਰ ਇਹ ਸਵਰਗ ਦਾ ਫਲ ਹੈ। ਭਾਰਤ ਵਿਚ ਇਸਦੀ ਪੈਦਾਵਾਰ ਪਿਛਲੇ ਲੱਗਭਗ 4 ਹਜ਼ਾਰ ਸਾਲ ਤੋਂ ਕੀਤੀ ਜਾ ਰਹੀ ਹੈ। ਯੂਰਪੀ ਯਾਤਰੀ ਅਲੈਗਜ਼ੈਂਡਰ ਅਤੇ ਉਸਦੀ ਸੈਨਾ ਨੇ ਇਸ ਫਲ ਨੂੰ 327 ਈਸਾ ਪੂਰਵ ਵਿਚ ਦੇਖਿਆ। ਭਾਵੇਂ ਭਾਰਤ ਅੰਬ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ ਪਰ ਇਸ ਦੀ ਬਹੁਤੀ ਖਪਤ ਦੇਸ਼ ਵਿਚ ਹੀ ਹੋ ਜਾਂਦੀ ਹੈ। ਭਾਰਤ ਵਿਚ ਇਸ ਦੀਆਂ 500 ਕਿਸਮਾਂ ਦੱਸੀਆਂ ਗਈਆਂ ਹਨ। ਪ੍ਰਚੱਲਿਤ 35 ਦੇ ਕਰੀਬ ਹੀ ਹਨ। ਅੰਬ ਦਾ ਵਿਗਿਆਨਕ ਨਾਂ ‘ਮੈਂਗੀਫੇਰਾ ਇੰਡੀਕਾ’ ਹੈ। ਅੰਬ ਦੀ ਬਹੁਤੀ ਵਰਤੋਂ ਅਚਾਰ ਵਾਸਤੇ ਕੀਤੀ ਜਾਂਦੀ ਹੈ। ਅੰਬ ਦੀ ਚਟਨੀ, ਮੁਰੱਬਾ, ਮਲਾਂਜੀ, ਬਾਂਜੂ, ਬਾਖੜੀਆਂ ਆਦਿ ਅਨੇਕਾਂ ਪ੍ਰਕਾਰ ਦੇ ਸੁਆਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਸ ਦੀ ਖਟਿਆਈ ਨੂੰ ਜ਼ਾਇਕਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਅੰਬਾਂ ਵਾਲੇ ਇਲਾਕੇ ਵਿਚ ਬਾਂਜੂ ਬੜਾ ਮਸ਼ਹੂਰ ਹੈ ਤੇ ਸਬਜ਼ੀ/ਦਾਲ ਵਜੋਂ ਵਰਤਿਆ ਜਾਂਦਾ ਹੈ।
ਸਿਹਤ ਲਈ ਬੜਾ ਗੁਣਕਾਰੀ : ਡਾਕਟਰੀ ਅੰਦਾਜ਼ੇ ਅਨੁਸਾਰ ਅੰਬ ਇਕ ਅਜਿਹਾ ਫਲ ਹੈ, ਜੋ ਸਰੀਰ ਵਿਚਲੇ ਅਨੇਕਾਂ ਰੋਗਾਂ ਲਈ ਦਾਰੂ ਵਜੋਂ ਵਰਤਿਆ ਜਾਂਦਾ ਹੈ। ਸੌ ਗ੍ਰਾਮ ਭਾਰ ਵਾਲੇ ਅੰਬ ਵਚ 65 ਕਿਲੋ ਕੈਲੋਰੀ ਊਰਜਾ ਦੇਣ ਦੀ ਸਮਰੱਥਾ ਹੁੰਦੀ ਹੈ, ਜਿਸ ਵਿਚ ਸਭ ਤੋਂ ਵੱਧ 17 ਗ੍ਰਾਮ ਕਾਰਬੋਹਾਈਡ੍ਰੇਟ ਅਤੇ 14.8 ਗ੍ਰਾਮ ਖੰਡ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਸਮੇਤ ਵਿਟਾਮਿਨ ਏ, ਬੀ ਤੇ ਸੀ ਵੀ ਮੌਜੂਦ ਹੁੰਦਾ ਹੈ। ਪੱਕੇ ਅੰਬ ਚੂਪਣ ਨਾਲ ਦਿਲ, ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਅੰਬ ਦਾ ਮੰਡੀਕਰਨ : ਜਦੋਂ ਅੰਬ ਦਰੱਖਤ ਉੱਤੇ ਪੱਕ ਕੇ ਹੇਠਾਂ ਡਿੱਗਦਾ ਹੈ ਤਾਂ ਇਸਨੂੰ ਟਪਕਾ ਕਿਹਾ ਜਾਂਦਾ ਹੈ। ਅਸਲ ਵਿਚ ਰਸਿਆ ਹੋਇਆ ਜਾਂ ਦੇਸੀ ਤਰੀਕੇ ਨਾਲ ਪਕਾਇਆ ਹੋਇਆ ਅੰਬ ਹੀ ਸਿਹਤ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ। ਠੰਡੇ ਪਾਣੀ ਵਿਚ ਰੱਖ ਕੇ ਅੰਬਾਂ ਨੂੰ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ। ਅਚਾਰ ਵਾਸਤੇ ਕੱਚਾ ਅੰਬ ਬੋਰੀਆਂ ਵਿਚ ਮੰਡੀਆਂ ਨੂੰ ਭੇਜਿਆ ਜਾਂਦਾ ਹੈ, ਜਦਕਿ ਪਹਿਲੇ ਪਹਿਲ ਵੱਡੀਆਂ ਬੋਰੀਆਂ ਹੀ ਭਰੀਆਂ ਜਾਂਦੀਆਂ ਸਨ। ਇਨ੍ਹਾਂ ਦੇ ਹੇਠਾਂ ਅਤੇ ਉੱਪਰ ਪੱਤੇ ਪਾਏ ਜਾਂਦੇ ਸਨ ਤਾਂ ਕਿ ਫਲ ਨੂੰ ਕਿਸੇ ਤਰ੍ਹਾਂ ਸੱਟ ਨਾ ਲੱਗੇ। ਮੋਗਾ, ਮੁਕਤਸਰ, ਹਿਸਾਰ, ਸਿਰਸਾ, ਗੁੜਗਾਵਾਂ ਆਦਿ ਮੰਡੀਆਂ ਵਿਚ ਚੰਗਾ ਮੁੱਲ ਪੈਣ ਦੇ ਇਰਾਦੇ ਨਾਲ ਬੋਰੀ ਦੇ ਸਭ ਤੋਂ ਹੇਠਾਂ ਬਰੀਕ ਵਿਚਕਾਰ ਦਰਮਿਆਨਾ ਅਤੇ ਉੱਪਰ ਸਭ ਤੋਂ ਮੋਟਾ ਅੰਬ ਪਾਇਆ ਜਾਂਦਾ ਹੈ। ਇਹੀ ਤਰੀਕਾ ਪਕਾਉਣ ਵਾਲੀ ਟੋਕਰੀ ਵਿਚ ਤਿੰਨ ਤਹਿਆਂ ਲਾ ਕੇ ਵਰਤਿਆ ਜਾਂਦਾ ਹੈ। ਅੱਜਕਲ ਪੇਟੀਆਂ ਵਿਚ ਵੀ ਤਹਿਆਂ ਦੀ ਵਰਤੋਂ ਅਖ਼ਬਾਰਾਂ ਵਿਛਾ ਕੇ ਕੀਤੀ ਜਾਂਦੀ ਹੈ ਪਰ ਪਕਾਉਣ ਦਾ ਤਰੀਕਾ ਗੈਰ-ਕੁਦਰਤੀ ਹੈ। ਮੈਂਗੋ ਸ਼ੇਕ, ਮੈਂਗੋ ਫਰੂਟੀ ਨੂੰ ਬੱਚੇ ਬੜੀ ਚਾਹਤ ਨਾਲ ਪੀਂਦੇ ਹਨ, ਜਦਕਿ ਅੰਬਾਂ ਦਾ ਰਸ ਹਰ ਕਿਸੇ ਦੇ ਮੂੰਹ ਵਿਚ ਪਾਣੀ ਲਿਆ ਦਿੰਦਾ ਹੈ। ਹੁਣ ਦੁਆਬੇ ਦੀ ਧਰਤੀ ‘ਚੋਂ ਸੰਧੂਰੀ ਅੰਬਾਂ ਦੀ ਮਹਿਕ ਨਹੀਂ ਆਉਂਦੀ। ਇਸੇ ਕਰਕੇ ਅੱਜਕਲ ਕਿਹਾ ਜਾਣ ਲੱਗਾ ਹੈ :
‘ਹੁਣ ਅੰਬੀਆਂ ਨੂੰ ਤਰਸੇਂਗੀ, ਵਿਚ ਰਹਿ ਕੇ ਦੇਸ ਦੁਆਬਾ’।
(ਮੋ. 9815018947)
– ਬਲਜਿੰਦਰ ਮਾਨ

Leave a Reply

Your email address will not be published. Required fields are marked *

%d bloggers like this: