ਦੀਵਾਲੀ ਦੀ ਰਾਤ

ss1

ਦੀਵਾਲੀ ਦੀ ਰਾਤ

ਚਿੜੀ ਦੇ ਬੋਟਾਂ ‘ਚ ਦੀਵਾਲੀ ਦੀ ਰਾਤ ਦਾ ਬੜਾ ਭੈਅ ਸੀ। ਉਹ ਡੇਕ ‘ਤੇ ਪਾਏ ਆਲ੍ਹਣੇ ‘ਚ ਖ਼ੁਦ ਨੂੰ ਮਹਿਫੂਜ ਮਹਿਸੂਸ ਨਹੀਂ ਸਨ ਕਰ ਰਹੇ।ਬੋਟਾਂ ਨੇ ਚਿੜੀ ਨੂੰ ਕਿਹਾ ਕਿ ਮਾਂ ਤੂੰ ਕੱਲ੍ਹ ਨੂੰ ਚੋਗਾ ਲੈਣ ਨਾ ਜਾਵੀਂ, ਸਾਨੂੰ ਬਹੁਤ ਡਰ ਲੱਗਦਾ। ਦੁਸਹਿਰੇ ਵਾਲੇ ਦਿਨ ਵੀ ਤੂੰ ਮਸਾਂ ਜਾਨ ਬਚਾਈ ਸੀ, ਜਦੋਂ ਪਟਾਕੇ ਦੀ ਅੱਗ ਤੇਰੇ ਉਤੇ ਪੈ ਜਾਣੀ ਸੀ। ਯਾਦ ਕਰ ਕਿਹੜੇ ਹਾਲੀਂ ਵਾਪਸ ਉਪੜੀ ਸੀ।

ਇਹ ਕਹਿ ਕੇ ਬੋਟ ਚਿੜੀ ਦੇ ਸੀਨੇ ਨਾਲ ਲੱਗ ਗਏ। ਚਿੜੀ ਨੇ ਠੰਡਾ ਹੌਂਕਾ ਭਰਦੇ ਹੋਏ ਕਿਹਾ, ਕੋਈ ਨਾ ਬੱਚਿਓ,ਇਥੇ ਤਾਂ ਇਹ ਸਭ ਚੱਲਦਾ ਹੀ ਰਹਿਣਾ। ਦੀਵਾਲੀ ਲੰਘੂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਆ ਜਾਉ। ਭਾਵੇਂ ਪਵਣ ਗੁਰੂ ਉਹਨਾਂ ਦੇ ਹੀ ਬੋਲ ਨੇ ਪਰ ਇਹ ਲੋਕ ਪਵਣ ਜਰੂਰ ਦੂਸ਼ਿਤ ਕਰਨਗੇ। ਮਨੁੱਖ ਆਪਣੀ ਮਰਜੀ ਅਨੁਸਾਰ ਚਲਦਾ,ਤੁਸੀਂ ਕਦੋਂ ਤੱਕ ਭੁੱਖੇ ਰਹੋਗੇ?

ਇਹ ਕਹਿ ਕੇ ਚਿੜੀ ਚੋਗੇ ਦੀ ਭਾਲ ਵਿੱਚ ਉੱਡ ਗਈ। ਭਾਵੇਂ ਲੋਕਾਂ ਨੇ ਪਟਾਕੇ ਚਲਾਉਣੇ ਦਿਨ ਚੜ੍ਹਦੇ ਹੀ ਸੁਰੂ ਕਰ ਦਿੱਤੇ ਸਨ ਪਰ ਫਿਰ ਵੀ ਮਹੌਲ ਕੁੱਝ ਕੁ ਠੀਕ ਸੀ। ਮਨ ਹੀ ਮਨ ਚਿੜੀ ਸੋਚ ਰਹੀ ਸੀ ਕਿ ਪਤਾ ਨਹੀਂ ਹਰ ਵਾਰ ਦੀ ਤਰ੍ਹਾਂ ਕਿੰਨੇ ਕੁ ਪੰਛੀਆਂ ਦੇ ਘਰ ਉਜੜਨਗੇ। ਪਤਾ ਨਹੀਂ ਕਿੰਨੇ ਮਾਪੇ ਆਪਣੇ ਬੱਚਿਆਂ ਤੋਂ ਤੇ ਕਿੰਨੇ ਬੱਚੇ ਆਪਣੇ ਪੰਛੀ ਮਾਪਿਆਂ ਤੋਂ ਸਦਾ ਲਈ ਵਿੱਛੜ ਜਾਣਗੇ। ਇਹ ਸੋਚਦਿਆਂ ਚਿੜੀ ਤੇਜ਼-ਤੇਜ਼ ਉੱਡਣ ਲੱਗੀ।

ਆਲ੍ਹਣੇ ‘ਚ ਪੁੱਜ ਕੇ ਅਜਿਹਾ ਮਹਿਸੂਸ ਕਰਦੀ ਹੈ ਜਿਵੇਂ ਮੌਤ ਨੂੰ ਮਾਤ ਦੇ ਆਈ ਹੋਵੇ। ਬੋਟ ਮਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹਨ। ਐਨੇ ਨੂੰ ਰਾਤ ਪੈ ਗਈ ਤੇ ਪਟਾਕਿਆਂ ਦੀਆਂ ਕੰਨ ਪਾੜਵੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਅਸਮਾਨ ‘ਚ ਆਤਿਸ਼ਬਾਜ਼ੀ ਹੁੰਦੀ ਵੇਖ ਬੋਟਾਂ ਸਮੇਤ ਚਿੜੀ ਦਾ ਵੀ ਦਿਲ ਦਹਿਲ ਗਿਆ।

ਬੋਟਾਂ ਨੂੰ ਨਾ ਡਰਨ ਲਈ ਕਹਿੰਦੀ ਹੋਈ ਉਹਨਾਂ ਦੇ ਮੂੰਹ ‘ਚ ਚੋਗਾ ਪਾਉਣ ਲਈ ਚਿੜੀ ਆਪਣੀ ਚੁੰਝ ਅੱਗੇ ਵਧਾਉਣ ਹੀ ਲੱਗੀ ਕਿ ਅਚਾਨਕ ਇੱਕ ਆਤਿਸ਼ਬਾਜ਼ੀ ਉਹਨਾਂ ਦੇ ‘ਤੇ ਆ ਡਿੱਗੀ
ਆਲ੍ਹਣੇ ਨੂੰ ਅੱਗ ਲੱਗਣ ਨਾਲ ਚਿੜੀ ਸਮੇਤ ਬੋਟ ਅੱਗ ਨਾਲ ਝੁਲਸੇ ਧਰਤੀ ‘ਤੇ ਡਿੱਗ ਪਏ ਅਤੇ ਉਹਨਾਂ ਦੇ ਪ੍ਰਾਣ ਇਸ ਕਾਇਨਾਤ ‘ਚੋਂ ਸਦਾ ਲਈ ਉਡਾਰੀ ਮਾਰ ਗਏ। ਆਤਿਸ਼ਬਾਜ਼ੀ ਦਾ ਡੱਕਾ ਝਾੜੀਆਂ ‘ਚ ਫਸੇ ਪਤੰਗ ਦੀ ਤਰ੍ਹਾਂ ਟਾਹਣੀਆਂ ‘ਚ ਲਮਕਣ ਲੱਗ ਗਿਆ।

ਹਰਪ੍ਰੀਤ ਕੌਰ ਘੁੰਨਸ
97795-20194

Share Button

Leave a Reply

Your email address will not be published. Required fields are marked *