ਦੀਵਾਲੀ ਤੇ ਫਜੂਲ ਖਰਚ ਕਰਨ ਤੋਂ ਪਰਹੇਜ਼ ਕਰੋ

ss1

ਦੀਵਾਲੀ ਤੇ ਫਜੂਲ ਖਰਚ ਕਰਨ ਤੋਂ ਪਰਹੇਜ਼ ਕਰੋ

    043-diwali2-300   ਤਿਉਹਾਰ ਖ਼ਤਮ ਹੁੰਦਿਆਂ ਹੀ ਜੋ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਹੁੰਦੀ ਹੈ ਰੁਪਏ-ਪੈਸੇ ਦੀ ਸਮੱਸਿਆ।ਫਿਰ ਕਿਉਂ ਤਿਉਹਾਰਾਂ ’ਤੇ ਇੰਨਾ ਖਰਚ ਕੀਤਾ ਜਾਵੇ ਕਿ ਜੋ ਤਿਉਹਾਰ ਲੰਘ ਜਾਣ ਤੋਂ ਬਾਅਦ ਮੁਸ਼ਕਿਲਾਂ ਖੜ੍ਹੀਆਂ ਹੋ ਜਾਣ। ਤਿਉਹਾਰ ’ਤੇ ਖਰਚ ਤਾਂ ਹੁੰਦਾ ਹੀ ਹੈ।ਇਸ ਸਮੱਸਿਆ ਨਾਲ ਨਿਪਟਣ ਲਈ ਚੰਗਾ ਰਸਤਾ ਹੈ ਪੈਸੇ ਨੂੰ ਜਮ੍ਹਾਂ ਕਰਕੇ ਰੱਖਣਾ।ਘਰ ਵਿੱਚ ਔਰਤ ਹਰ ਰੋਜ਼ ਦੇ ਖਰਚ ਦੇ ਬਾਵਜੂਦ ਜੇਕਰ ਕੁਝ ਰੁਪਏ ਬਚਾਅ ਕੇ ਰੱਖਦੀ ਹੈ ਤਾਂ ਉਹ ਉਨ੍ਹਾਂ ਨੂੰ ਤਿਉਹਾਰ ’ਤੇ ਖਰਚ ਕਰ ਸਕਦੀ ਹੈ।ਆਪਣੀ ਘਰੇਲੂ ਬੱਚਤ ਦੇ ਰੁਪਏ ਨਾਲ ਤਿਉਹਾਰ ਮਨਾਉਣ ਨਾਲ ਤਿਉਹਾਰ ਜਾਣ ਦੇ ਪਿੱਛੋਂ ਤੁਹਾਨੂੰ ਘਰ ਦਾ ਖਰਚ ਚਲਾਉਣ ਵਿਚ ਇੰਨੀ ਮੁਸ਼ਕਿਲ ਨਹੀਂ ਆਵੇਗੀ,ਜਿੰਨੀ ਪਹਿਲਾਂ ਆਉਂਦੀ ਹੋਵੇਗੀ।ਦੀਵਾਲੀ ਦੇ ਤਿਉਹਾਰ ਤੇ ਸਭ ਤੋਂ ਵੱਧ ਖਰਚਾ ਹੁੰਦਾ ਹੈ, ਕਿਉਂਕਿ ਇਸ ’ਚ ਘਰ ਦੀ ਸਫਾਈ,ਖਰੀਦਦਾਰੀ, ਮਠਿਆਈ, ਬੰਬ-ਪਟਾਕੇ ਅਤੇ ਤੋਹਫੇ ਆਦਿ ਸ਼ਾਮਿਲ ਹਨ। ਸਭ ਤੋਂ ਪਹਿਲਾਂ ਸਵਾਲ ਉਠਦਾ ਹੈ ਘਰ ਦੀ ਸਫਾਈ ਦਾ ਅਰਥਾਤ ਸਫੈਦੀਆਂ ਅਤੇ ਘਰ ਦੀ ਮੁਰੰਮਤ ਦਾ। ਜੇਕਰ ਘਰ ਦੀ ਮੁਰੰਮਤ ਜ਼ਰੂਰੀ ਹੋਵੇ ਤਾਂ ਜ਼ਰੂਰ ਕਰਵਾਓ, ਫਜ਼ੂਲ ਮੁਰੰਮਤ ਵਿੱਚ ਪੈਸਾ ਨਾ ਖਰਚ ਕਰੋ। ਘਰ ਦੀਆਂ ਦੀਵਾਰਾਂ, ਦਰਵਾਜ਼ਿਆਂ ਆਦਿ ਨੂੰ ਰੰਗਣ ਦੀ ਪ੍ਰੰਪਰਾ ਨੇ ਵੀ ਸਾਡੇ ਇਸ ਤਿਉਹਾਰ ਨੂੰ ਬਹੁਤ ਖਰਚੀਲਾ ਬਣਾ ਦਿੱਤਾ ਹੈ। ਇਸ ਲਈ ਇਹ ਦੇਖ ਕੇ ਚੱਲਣਾ ਜ਼ਰੂਰੀ ਹੈ ਕਿ ਕੀ ਵਾਕਿਆ ਹੀ ਘਰ ਦੀ ਰੰਗਾਈ ਜ਼ਰੂਰੀ ਹੈ।ਜੇਕਰ ਹੈ ਤਾਂ ਅਜਿਹੇ ਰੰਗਾਂ ਦਾ ਇਸਤੇਮਾਲ ਕਰੋ ਜੋ ਇਕ ਨਹੀਂ, ਕਈ ਸਾਲਾਂ ਤੱਕ ਸਾਫ-ਸੁਥਰੇ ਰਹਿਣ, ਜਿਸ ਨਾਲ ਅਗਲੇ ਸਾਲਾਂ ਦਾ ਖਰਚ ਕੁਝ ਘੱਟ ਹੋ ਸਕੇ। ਘਰ ਨੂੰ ਸਾਫ-ਸੁਥਰਾ ਬਣਾਉਣ ਦੇ ਬਾਅਦ ਵਾਰੀ ਆਉਂਦੀ ਹੈ ਉਸ ਨੂੰ ਸਜਾਉਣ ਦੀ। ਵੈਸੇ ਤਾਂ ਦੀਵਾਲੀ ਦੇ ਮੌਕੇ ’ਤੇ ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੀ ਸਜਾਵਟ ਦੀਆਂ ਚੀਜ਼ਾਂ ਮਿਲਦੀਆਂ ਹਨ, ਇਸ ਲਈ ਉਹ ਚੀਜ਼ਾਂ ਖਰੀਦੋ ਜੋ ਸਸਤੀਆਂ ਹੋਣ, ਬਹੁਤੀਆਂ ਮਹਿੰਗੀਆਂ ਨਾ ਹੋਣ ਅਤੇ ਤੁਹਾਡੇ ਬਜਟ ਦੇ ਅੰਦਰ ਹੋਣ। ਚਾਹੋ ਤਾਂ ਤੁਸੀਂ ਆਪ ਦੀਵਾਲੀ ’ਤੇ ਖਰਚ ਕਰਨ ਲਈ ਪੈਸਿਆਂ ਦਾ ਹਿਸਾਬ ਲਿਖ ਕੇ ਰੱਖ ਲਓ।ਜੋ ਖਰਚਾ ਤੁਸੀਂ ਕਰਨਾ ਹੈ,ਉਸ ਨੂੰ ਲਿਖ ਲਵੋ,ਜਿਸ ਨਾਲ ਤੁਹਾਡਾ ਬਜਟ ਨਾ ਵਿਗੜੇ। ਅਜਿਹਾ ਨਾ ਹੋਵੇ ਕਿ ਘਰ ਦੀ ਸਜਾਵਟ ਵਿੱਚ ਤੁਸੀਂ ਏਨਾ ਖਰਚਾ ਕਰ ਲਵੋ ਕਿ ਤਿਉਹਾਰ ਦੇ ਲਈ ਮਠਿਆਈ,ਕੱਪੜੇ, ਪਟਾਕੇ ਕੁਝ ਵੀ ਨਾ ਖਰੀਦ ਸਕੋ। ਇਨ੍ਹਾਂ ਚੀਜ਼ਾਂ ’ਤੇ ਖਰਚ ਹੋਣ ਵਾਲੇ ਰੁਪਏ ਨੂੰ ਜੋੜ ਕੇ ਦੇਖੋ ਕਿ ਕਿਤੇ ਇਹ ਤੁਹਾਡੇ ਬਜਟ ਤੋਂ ਬਾਹਰ ਦੀ ਗੱਲ ਨਾ ਹੋ ਜਾਵੇ।ਦੀਵਾਲੀ ’ਤੇ ਜੇਕਰ ਨਵੇਂ ਕੱਪੜੇ ਖਰੀਦਣ ਦੀ ਗੱਲ ਚੱਲੀ ਹੈ ਤਾਂ ਏਨਾ ਜ਼ਰੂਰ ਧਿਆਨ ਰੱਖੋ ਕਿ ਰੇਸ਼ਮੀ ਕੱਪੜੇ ਨਾ ਖਰੀਦੋ।ਇਸ ਦੇ ਪਿੱਛੇ ਦੋ ਕਾਰਨ ਹਨ। ਪਹਿਲਾ, ਤੁਹਾਡੀ ਸੁਰੱਖਿਆ ਦਾ ਸਵਾਲ ਹੈ।ਬੱਚੇ ਹੋਣ ਜਾਂ ਵੱਡੇ, ਦੀਵਾਲੀ ’ਤੇ ਪਟਾਕੇ ਅਤੇ ਚਿੰਗਾੜੀਆਂ ਤੋਂ ਕੋਈ ਵੀ ਦੂਰ ਨਹੀਂ ਰਹਿ ਸਕਦਾ। ਇਸ ਸਮੇਂ ਕੱਪੜਿਆਂ ’ਤੇ ਚਿੰਗਾੜੀਆਂ ਦਾ ਡਿੱਗਣਾ ਰੋਕਿਆ ਨਹੀਂ ਜਾ ਸਕਦਾ।ਇਸ ਲਈ ਰੇਸ਼ਮੀ, ਟੈਰੀਕਾਟ ਵਗੈਰਾ ਵਿਚ ਚਿੰਗਾੜੀ ਬਹੁਤ ਹੀ ਜਲਦੀ ਅੱਗ ਵਿਚ ਬਦਲ ਜਾਂਦੀ ਹੈ।ਇਸ ਲਈ ਆਪਣੀ ਸਹੂਲਤ ਦਾ ਧਿਆਨ ਰੱਖੋ। ਦੂਸਰਾ, ਇਸ ਤਰ੍ਹਾਂ ਦੇ ਕੱਪੜੇ ਮਹਿੰਗੇ ਆਉਂਦੇ ਹਨ,ਇਸ ਲਈ ਬਜਟ ਦੇ ਅੰਦਰ ਹੀ ਰਹਿ ਕੇ ਕੱਪੜਿਆਂ ਦੀ ਚੋਣ ਅਤੇ ਖਰੀਦਦਾਰੀ ਕਰੋ। ਹੁਣ ਵਾਰੀ ਆਉਂਦੀ ਹੈ ਉਸ ਚੀਜ਼ ਦੀ ਜਿਸ ਦੇ ਲਈ ਸਭ ਨੂੰ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ ਅਰਥਾਤ ਮਠਿਆਈਆਂ ਦੀ। ਕੀ ਤੁਸੀਂ ਬਾਜ਼ਾਰ ਤੋਂ ਮਠਿਆਈਆਂ ਖਰੀਦਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਆਪਣੇ ਇਸ ਪ੍ਰੋਗਰਾਮ ਨੂੰ ਟਾਲ ਦਿਓ। ਇਹ ਇਕ ਤਾਂ ਤੁਹਾਡੀ ਸਿਹਤ ਅਤੇ ਦੂਜਾ ਤੁਹਾਡੇ ਬਜਟ, ਦੋਵਾਂ ਲਈ ਹਾਨੀਕਾਰਕ ਹੈ।ਜੇਕਰ ਤੁਹਾਡੇ ਕੋਲ ਮਠਿਆਈਆਂ ਬਣਾਉਣ ਦਾ ਸਮਾਂ ਨਹੀਂ ਹੈ ਜਾਂ ਮਠਿਆਈਆਂ ਬਣਾਉਣੀਆਂ ਨਹੀਂ ਆਉਂਦੀਆਂ ਤਾਂ ਆਪਣੀਆਂ ਦੋਵਾਂ ਆਦਤਾਂ ਨੂੰ ਸੁਧਾਰੋ, ਨਹੀਂ ਤਾਂ ਤਿਉਹਾਰ ਲੰਘਣ ਦੇ ਮਗਰੋਂ ਤੁਹਾਨੂੰ ਡਾਕਟਰਾਂ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਦੀਵਾਲੀ ’ਤੇ ਨਾਲ-ਨਾਲ ਖਰੀਦਦਾਰੀ ਨਹੀਂ ਕਰਨੀ ਚਾਹੀਦੀ। ਧਨਤਰੇਸ ਵਾਲੇ ਦਿਨ ਭਾਂਡੇ ਖਰੀਦਣਾ, ਦੀਵਾਲੀ ਵਾਲੇ ਦਿਨ ਹੀ ਪਟਾਕੇ ਖਰੀਦਣਾ ਆਪਣੇ ਬਜਟ ਨੂੰ ਵਿਗਾੜਨਾ ਹੈ। ਜੇਕਰ ਤੁਸੀਂ ਕੋਈ ਵੱਡਾ ਜਾਂ ਮਹਿੰਗਾ ਭਾਂਡਾ ਇਸ ਸ਼ੁੱਭ ਅਵਸਰ ’ਤੇ ਖ੍ਰੀਦਣਾ ਚਾਹੁੰਦੇ ਹੋ ਤਾਂ ਇਹ ਠੀਕ ਨਹੀਂ ਹੈ, ਕਿਉਂਕਿ ਇਸ ਦਿਨ ਇਹ ਤੁਹਾਨੂੰ ਦੁੱਗਣੀ ਕੀਮਤ ’ਤੇ ਮਿਲੇਗਾ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਤੁਸੀਂ ਤਿਉਹਾਰ ਤੋਂ ਪਹਿਲਾਂ ਖਰੀਦ ਲਵੋ ਅਤੇ ਧਨਤਰੇਸ ’ਤੇ ਤੁਸੀਂ ਕੋਈ ਛੋਟਾ ਜਾਂ ਹਲਕਾ ਭਾਂਡਾ ਖਰੀਦ ਕੇ ਤਿਉਹਾਰ ਨੂੰ ਮਨਾ ਲਵੋ ਅਤੇ ਬਜਟ ਵੀ ਬਚਾ ਲਵੋ।ਇਸੇ ਤਰਾਂ ਹੀ ਪਟਾਕਿਆਂ ਨੂੰ ਵੀ ਖਰੀਦੋ।ਜ਼ਿਆਦਾ ਤਾਕਤ ਅਤੇ ਵਿਸਫੋਟ ਦੇ ਪਟਾਕੇ ਨਾ ਖਰੀਦੋ। ਮਹਿੰਗੇ ਪਟਾਕੇ ਬਿਲਕੁਲ ਨਾ ਖਰੀਦੋ।ਤੁਹਾਡਾ ਬਜਟ ਵੀ ਬਣਿਆ ਰਹੇ ਅਤੇ ਤਿਉਹਾਰ ਵੀ ਮਨਾਇਆ ਜਾਵੇ, ਇਸ ਤੋਂ ਚੰਗਾ ਕੀ ਹੋ ਸਕਦਾ ਹੈ? ਘਰ ਦੇ ਮੈਂਬਰ ਵੀ ਚੰਗੇ-ਭਲੇ ਰਹਿਣ, ਇਸ ਤੋਂ ਜ਼ਿਆਦਾ ਇਕ ਗ੍ਰਹਿਣੀ ਨੂੰ ਕੀ ਚਾਹੀਦਾ ਹੈ। ਸਿਰਫ ਤਿਉਹਾਰ ’ਤੇ ਖਰਚ ਹੋਣ ਵਾਲੇ ਰੁਪਿਆਂ ਦਾ ਲੇਖਾ-ਜੋਖਾ ਤਿਆਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਡਾ ਤਿਉਹਾਰ, ਤੁਹਾਨੂੰ ਖੁਸ਼ੀ ਦੇ ਸੱਤ ਰੰਗਾਂ ਵਿਚ ਡੁਬੋ ਦੇਵੇਗਾ।

ਰਣ ਸਿੰਘ ਚੱਠਾ picsart_10-01-07-40-18
ਜਿਲ੍ਹਾ ਮੀਡੀਆ ਚੀਫ ਕੰਟਰੋਲਰ

ਹਿਉਮਨ ਰਾਈਟਸ ਮੰਚ (ਪੰਜਾਬ)
ਮੋਬਾ: 98159-32006
ਪਿੰਡ ਚੱਠਾ ਨੰਨਹੇੜਾ (ਸੰਗਰੂਰ)

Share Button

Leave a Reply

Your email address will not be published. Required fields are marked *