ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਦੀਵਾਲੀਏਪਨ ਦੀ ਕਗਾਰ ‘ਤੇ ਖੜ੍ਹਾ ਢਾਈਆਬਾ !

ਦੀਵਾਲੀਏਪਨ ਦੀ ਕਗਾਰ ‘ਤੇ ਖੜ੍ਹਾ ਢਾਈਆਬਾ !

ਪੰਜਾਬ ! ਜੋ ਭਾਰਤ ਦੀ ਖੜਗ ਭੁਜਾ ਰਿਹਾ, ਜਿਸ ਨੇ ਹਰ ਵਾਰ ਸਭ ਤੋਂ ਪਹਿਲਾਂ ਤੇ ਮੂਹਰੇ ਹੋ ਕੇ ਵਿਦੇਸ਼ੀ ਹਮਲਾਵਰਾਂ ਦੇ ਨਾਲ ਲੋਹਾ ਲਿਆ, ਉਹਨਾ ਦੇ ਦੰਦ ਖੱਟੇ, ਆਪਣਾ ਸਭ ਕੁਝ ਲੁਟਾ ਕੇ ਵੀ ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ ਸਮਝ ਕੇ ਮੁੜ ਜੀਵਨ ਨੂੰ ਲੀਹੇ ਪਾਉਣ ਦੀ ਚਾਹਤ ਰੱਖੀ, ਹਰੀ ਕਰਾਂਤੀ ਲਿਆਂਦੀ, ਠੂਠਾ ਲੈ ਕੇ ਦਰ ਦਰ ਦੀ ਭੀਖ ਮੰਗ ਰਹੇ ਭਾਰਤ ਦੀ ਝੋਲੀ ਖਾਧ ਪਦਾਰਥਾਂ ਨਾਲ ਭਰੀ, ਚਿੱਟੀ ਕਰਾਂਤੀ ਲਿਆਂਦੀ ਤੇ ਦੁੱਧ ਦੀਆਂ ਨਦੀਆਂ ਵਹਾਈਆਂ, ਜਿੱਥੋਂ ਦੇ ਲੋਕਾਂ ਨੇ ਹਮੇਸ਼ਾ ਹੀ ਸਰਬੱਤ ਦਾ ਭਲਾ ਚਾਹਿਆ ਤੇ ਜਿਹਨਾਂ ਲੋਕਾਂ ਦੀ ਬੋਲੀ ਨੇ ਹਿੰਦੂ, ਮੁਸਲਮ, ਸਿੱਖ, ਪਾਰਸੀ, ਬੋਧੀ ਤੇ ਜੈਨੀ ਦੇ ਫਿਰਕੂ ਮਜ਼੍ਹਬੀ ਭਿੰਨ ਭੇਦ ਤੋਂ ਉੱਪਰ ਉਠਕੇ ਪੂਰੀ ਮਨੁੱਖਤਾ ਨੂੰ ਸਾਝੀਵਾਲਤਾ ਦੇ ਇਕ ਸੂਤਰ ਵਿੱਚ ਬੱਝਣ ਦਾ ਪ੍ਰਤੱਖ ਪ੍ਰਮਾਣ ਸਹਿਤ ਸੰਦੇਸ਼ ਦਿੱਤਾ, ਅਫ਼ਸੋਸ ਸਦ ਅਫ਼ਸੋਸ ਕਿ ਅੱਜ ਉਹ ਪੰਜਾਬ ਨਾ ਹੀ ਪੰਜਾਬ ਰਿਹਾ ਤੇ ਨਾ ਹੀ ਖੜਗ ਭੁਜਾ, ਨਾ ਹੀ ਖੁਸ਼ ਹਨ ਤੇ ਨਾ ਹੀ ਖੁਸ਼ਹਾਲ, ਉਹਨਾਂ ਦੇ ਆਸ ਪਾਸ ਨਾ ਹੀ ਲਹਿਰਾਂ ਬਹਿਰਾਂ ਹਨ ਤੇ ਨਾ ਹੀ ਤੰਦਰੁਸਤੀ ਸਗੋਂ ਚਾਰੇ ਪਾਸੇ ਬੀਮਾਰੀਆਂ, ਜ਼ਹਿਰਾਂ ਤੇ ਮੌਤ ਦਾ ਤਾਂਡਵ ਹੈ । ਉਹਨਾ ਦੀ ਜ਼ਿੰਦਗੀ ਜ਼ਲਾਲਤ ਬਣ ਚੁੱਕੀ ਹੈ ਤੇ ਉਹ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ । ਇਸ ਤੋਂ ਵੀ ਹੋਰ ਅੱਗੇ ਹਾਲਾਤ ਦਿਨ ਪੁਰ ਦਿਨ ਵਿਗੜਦੇ ਜਾ ਰਹੇ ਹਨ ।
ਭਾਰਤੀ ਹਿੱਸੇ ਵਿਚਲਾ ਬਿਨਾ ਸਿਰ, ਧੜ ਤੇ ਹੱਥ ਪੈਰ ਵਾਲਾ ਢਾਈਆਬਾ ਅੱਜ ਬੁਰੇ ਹਾਲੀਂ ਹੈ । ਇਥੋਂ ਦੀਆ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਸਰਕਾਰੀ ਕੁਨੀਤੀਆਂ ਕਾਰਨ ਹੁਣ ਇਸ ਨੂੰ ਬੇਰੁਜ਼ਗਾਰੀ, ਲਾ ਇਲਾਜ ਭਿਆਨਕ ਬਿਮਾਰੀਆਂ ਦੀ ਮਹਾਮਾਰੀ, ਨਸ਼ਿਆਂ ਦਾ ਤਾਂਡਵ, ਵਾਤਾਵਰਨ ਪ੍ਰਦੂਸ਼ਣ, ਸੱਭਿਆਚਾਰਕ ਪਰਦੂਸਣ, ਮਾਨਸਿਕ ਦੀਵਾਲੀਆਪਨ, ਸਮਾਜਿਕ ਅਰਾਜਕਤਾ ਤੇ ਅਨਰਥ ਵਰਗੀਆਂ ਅਮਰ ਵੇਲ ਰੂਪੀ ਅਲਾਮਤਾਂ ਬਹੁਤ ਬੁਰੀ ਤਰਾਂ ਚੰਬੜ ਚੁਕੀਆਂ ਹਨ ।
ਇਕ ਹੋਰ ਬੁਰੀ ਖ਼ਬਰ ਇਹ ਆਈ ਹੈ ਕਿ ਇਹ ਢਾਈਆਬਾ ਜੋ ਕਿ ਪਹਿਲਾਂ ਹੀ ਤਿੱਨ ਲੱਖ ਕਰੋੜ ਤੋਂ ਵੱਧ ਦਾ ਕਰਜਈ ਹੈ ਤੇ ਜਿਸ ਦੀ ਮੌਜੂਦਾ ਹੱਦਬੰਦੀ ਚ ਜਨਮ ਲੈਣ ਵਾਲਾ ਹਰਇਕ ਬੱਚਾ ਆਪਣੇ ਸਿਰ ਤਿੰਨ ਹਜ਼ਾਰ ਰੁਪਏ ਦਾ ਕਰਜਈ ਹੋ ਕੇ ਜਨਮਦਾ ਹੈ ਤੇ ਉਹਨਾਂ ਚੋਂ ਬਹੁਤੇ ਵੱਡੇ ਹੋ ਕੇ ਪੜ੍ਹ ਲਿਖ ਕੇ ਬੇਰੁਜ਼ਗਾਰ ਹੋ ਕੇ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੁੰਦੇ ਹਨ ਤੇ ਕੁਝ ਕੁ ਉਹ ਜੋ ਸਿਫ਼ਾਰਸ਼ ਜਾਂ ਚਾਂਦੀ ਦੀ ਜੁੱਤੀ ਦੇ ਜ਼ੋਰ ਨਾਲ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਕਈ ਕਈ ਮਹੀਨੇ ਬਿਨ ਤਨਖਾਹੋਂ ਕੰਮ ਕਰਕੇ ਬਾਅਦ ਚ ਤਨਖਾਹਾਂ ਦੇ ਬਕਾਏ ਲੈਣ ਲਈ ਧਰਨੇ ਮੁਜ਼ਾਹਰੇ ਕਰਕੇ ਸੰਘਰਸ਼ ਕਰਦਿਆਂ ਸਰਕਾਰੀ ਡਾਂਗਾਂ, ਸੋਟੇ ਤੇ ਠੁੱਡੇ ਖਾਣੇ ਪੈਂਦੇ ਹਨ, ਰੋਸ ਵਜੋਂ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ, ਆਪਣਾ ਹੱਕ ਮੰਗ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਾਰ ਵਾਰ ਬੇਇੱਜ਼ਤ ਤੇ ਜ਼ਲੀਲ ਹੋਣਾ ਪੈਂਦਾ ਹੈ ਜਾਂ ਫੇਰ ਸਰਕਾਰੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਸ ਢਾਈਆਬੇ ਦੀ ਮਾਲੀ ਹਾਲਤ ਬਹੁਤ ਖਸਤੇਹਾਲ ਹੈ ਤੇ ਗਰਕਣ ਦੀ ਹੱਦ ਤੱਕ ਜਾ ਪਹੁੰਚੀ ਹੈ ।
ਇਸ ਮਾੜੀ ਹਾਲਤ ਚ ਭਾਰਤ ਵਿਚਲੇ ਢਾਈਆਬੇ ਦਾ ਮੁੱਖ ਮੰਤਰੀ ਇਸ ਨੂੰ ਰੱਬ ਆਸਰੇ ਛੱਡਕੇ ਪੰਦਰਾਂ ਦਿਨ ਦੀ ਛੁੱਟੀ ‘ਤੇ ਯੂ ਕੇ ਚ ਬੈਠਾ ਹੈ ਤੇ ਇਧਰ ਪਰਦੇਸ ਦਾ ਗ੍ਰਹਿਮੰਤਰੀ ਮਨਪ੍ਰੀਤ ਸਿੰਘ ਉਸ ਨੂੰ ਚਿੱਠੀਆਂ ਲਿਖਕੇ ਇਸ ਦੇ ਦੀਵਾਲੀਏਪਨ ਦੀ ਸੂਚਨਾ ਦੇ ਕੇ ਜਲਦੀ ਤੋ ਜਲਦੀ ਵਾਪਸ ਪਰਤ ਆਉਣ ਦੀਆਂ ਬੇਨਤੀਆਂ ਕਰ ਰਿਹਾ ਇਹ ਕਹਿ ਰਿਹਾ ਹੈ ਕਿ ਇਸ ਸੰਕਟ ਦਾ ਹੱਲ ਕੱਢਣ ਵਾਸਤੇ ਵਿਧਾਨ ਸਭਾ ਕਾਰਜਕਾਰੀ ਕਮੇਟੀ ਦੀ ਹੰਗਾਮੀ ਤੇ ਸੰਕਟ-ਕਾਲੀਨ ਮੀਟਿੰਗ ਸੱਦੀ ਜਾਵੇ । ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਨੂੰ ਚਾਰ ਹਜਾਰ ਕਰੋੜ ਦੀ ਜੀ ਐਸ ਟੀ ਦੀ ਰਾਸ਼ੀ ਦੇਣ ਦੀ ਗੁਹਾਰ ਲਗਾ ਰਿਹਾ ਹੈ ।

ਵੈਸੇ ਜੇਕਰ ਦੇਖਿਆ ਜਾਵੇ ਤਾਂ ਢਾਈਆਬੇ ਦੀ ਇਸ ਨਿੱਘਰੀ ਹੋਈ ਮਾਲੀ ਹਾਲਤ ਦੇ ਮਾੜੇ ਹਾਲਾਤ ਰਾਤੋ ਰਾਤ ਪੈਦਾ ਨਹੀਂ ਹੋਏ । ਇਸ ਦੇ ਅਸਲ ਕਾਰਨ ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ ਪਰ ਸਭ ਤੋ ਵੱਡਾ ਤੇ ਅਹਿਮ ਕਾਰਨ ਸਰਕਾਰੀ ਕੁਨੀਤੀਆਂ ਹਨ । ਮੌਜੂਦੀ ਸਰਕਾਰ ਨੇ ਪਿਛਲੇ ਸਮੇਂ ਚ ਵਿਧਾਨਕਾਰਾਂ ਦੀਆਂ ਤਨਖਾਹਾਂ ਚ ਵੱਡਾ ਵਾਧਾ ਕਰਕੇ ਸਰਕਾਰੀ ਖਜਾਨੇ ਚੋਂ ਚਿੱਟੇ ਦਿਨ ਧੜੀਆਂ ਭਰੀਆਂ, ਕਈ ਸਾਬਕਾ ਤੇ ਮੌਜੂਦਾ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸਨਾਂ ਦਾ ਮਾਮਲਾ, ਮੰਤਰੀਆਂ ਨੂੰ ਨਵੀਆਂ ਚਮ ਚਮਾਉਂਦੀਆ ਕਾਰਾਂ, ਪੈਟਰੋਲ ਤੇ ਰੋਜਾਨਾ ਭੱਤੇ, ਜੀਰੋ ਉਦਯੋਗਿਕ ਵਿਕਾਸ, ਕਿਸਾਨਾਂ ਦੀ ਪੱਕੀ ਹੋਈ ਫਸਲ ਦਾ ਮੰਡੀਆਂ ਚ ਰੁਲਣਾ, ਗਲਤ ਵਿੱਦਿਅਕ ਤੇ ਆਰਥਿਕ ਨੀਤੀਆਂ ਆਦਿ ਹਨ ਸਮੇਤ ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਮੁਫ਼ਤ ਸਹੂਲਤਾਂ ਦੇ ਕੇ ਖ਼ਜ਼ਾਨੇ ‘ਤੇ ਬੇਤਹਾਸ਼ਾ ਬੋਝ ਪਾਉਣਾ ਤੇ ਲੋਕਾਂ ਨੂੰ ਨਿਕੱਮੇ ਬਣਾਉਣਾ ਆਦਿ ਹਨ ।
ਉਂਜ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਉਤਸ਼ਵ ਦਾ ਢਾਈਆਬੇ ਦੀ ਮਾਲੀ ਹਾਲਤ ਨਾਲ ਬੇਸ਼ਕ ਸਿੱਧਾ ਉਕਾ ਹੀ ਕੋਈ ਸਬੰਧ ਨਹੀਂ ਹੈ ਪਰ ਫੇਰ ਵੀ ਇਸ ਸ਼ੁਭ ਮੌਕੇ ‘ਤੇ ਪਾਕਿਸਤਾਨ ਵਲੋਂ ਖੋਹਲੇ ਗਏ ਕਰਤਾਰ ਪੁਰ ਸਾਹਿਬ ਦੇ ਲਾਂਘੇ ਸਬੰਧੀ ਮੁੱਖ ਮੰਤਰੀ ਦਾ ਇਹ ਬਿਆਨ ਕਿ “ਲਾਂਘੇ ਸਬੰਧੀ ਵੀਹ ਡਾਲਰ ਦੀ ਫੀਸ ਦਾ ਭੁਗਤਾਨ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਕਰੇ” ਕਹਿਣਾ ਇਹ ਸਾਫ਼ ਦਰਸਾਉਂਦਾ ਹੈ ਕਿ ਸਰਕਾਰ ਆਪਣਾ ਝੱਗਾ ਚੁੱਕ ਵੀ ਰਹੀ ਹੈ ਤੇ ਝਾੜ ਵੀ ਰਹੀ ਹੈ । ਇਸ ਦੇ ਨਾਲ ਹੀ ਇਹ ਨੁਕਤਾ ਵੀ ਮਹੱਤਵਪੂਰਨ ਹੈ ਕਿ ਸਰਕਾਰ ਤੇ ਸ਼ਰੋਮਣੀ ਕਮੇਟੀ ਦੀ ਆਪਸੀ ਗ਼ੈਰ ਤਾਲਮੇਲ ਦੀ ਹਾਊਮੈਂ ਗ੍ਰਸੀ ਨਾਲਾਇਕੀ ਹੀ ਸਮਝਿਆ ਜਾਵੇਗਾ ਕਿ ਢਾਈਆਬੇ ਦੀ ਮਾੜੀ ਮਾਲੀ ਹਾਲਤ ਨੂੰ ਅਣਗੌਲਿਆਂ ਕਰਕੇ ਇਸ ਮੌਕੇ ਦੋਹਾਂ ਨੇ ਆਪੋ ਆਪਣੀ ਜਿੱਦ ਪੁਗਾਉਣ ਵਾਸਤੇ ਤੇ ਆਪਣੀ ਹਾਊਮੈਂ ਨੂੰ ਪੱਠੇ ਪਾਉਣ ਵਾਸਤੇ ਲੋਕਾਂ ਦੇ ਕਰੋੜਾਂ ਰੁਪਏ ਪਾਣੀ ਵਾਂਗ ਬਹਾ ਕੇ ਕਬਾੜਾ ਕੀਤਾ ਜਦ ਕਿ ਜੇਕਰ ਇਕੱਠਿਆਂ ਹੋ ਕੇ ਗੁਰੂ ਬਾਬੇ ਦੇ ਪ੍ਰਕਾਸ਼ ਦਿਵਸ ਦੇ ਸਮਾਗਮ ਕਰਦੇ ਤਾਂ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਦੀ ਅਖਾਣ ਮੁਤਾਬਿਕ ਥੋੜੇ ਖਰਚੇ ਨਾਲ ਬਹੁਤਾ ਕੀਤਾ ਜਾ ਸਕਦਾ ਸੀ ।

ਸੋ ਢਾਈਆਬੇ ਦੀ ਮਾਲੀ ਹਾਲਤ ਦਾ ਇਸ ਵੇਲੇ ਦੀਵਾਲਾ ਨਿਕਲਣ ਦੇ ਕੰਢੇ ਹੈ । ਵੱਖ ਵੱਖ ਵਿਭਾਗਾਂ ਦੇ ਮੁਲਾਜਮਾ ਤੇ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਕਈ ਕਈ ਮਹੀਨੇ ਦਾ ਬੈਕਲਾਗ ਚੱਲ ਰਿਹਾ ਹੈ । ਮੁੱਖ ਮੰਤਰੀ ਵਿਦੇਸ਼ਾਂ ਚ ਐਸ ਪਰਸਤੀ ਕਰਨ ਚ ਮਗ੍ਹਨ ਹੈ । ਰੋਮ ਜਲ ਰਿਹਾ ਹੈ ਤੇ ਨੀਰੂ ਬੰਸਰੀ ਵਜਾਊਣ ਚ ਮਸ਼ਰੂਫ ਹੈ । ਅਖੀਰ ਚ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ ਕਿ ਜਿਹਨਾਂ ਪਰਵਾਸੀ ਪੰਜਾਬੀਆਂ ਨੂੰ ਇਥੋਂ ਦੇ ਸਿਆਸਤਦਾਨ ਹਰ ਵੇਲੇ ਪਾਣੀ ਪੀ ਪੀ ਕੇ ਕੋਸਦੇ ਰਹਿੰਦੇ ਹਨ ਤੇ ਢਾਈਆਬੇ ਦੇ ਕਿਸੇ ਵੀ ਤਰਾਂ ਦੇ ਮਾਮਲਿਆਂ ਚ ਦਖਲ ਅੰਦਾਜੀ ਕਰਨ ਤੋਂ ਵਰਜਦੇ ਰਹਿੰਦੇ ਹਨ, ਇਥੋਂ ਦੇ ਸਿਆਸੀਤੰਤਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਢਾਈਆਬਾ ਅਜ ਤੋ ਕਈ ਦਹਾਕੇ ਪਹਿਲਾਂ ਗਰਕ ਚੁਕਾ ਹੁੰਦਾ ਜੇਕਰ ਪਰਵਾਲੀ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ ਹਿੱਸਾ ਚੋਂ ਆਪਣੀ ਮਾਤ ਭੂਮੀ ਦੀ ਬੇਹਤਰੀ ਵਾਸਤੇ ਕਿਸੇ ਨਾ ਕਿਸੇ ਹਿੱਸਾ ਨਾ ਪਾਉਂਦੇ ਰਹਿੰਦੇ ।
ਬਹੁਤ ਅਫਸੋਸ ਹੈ ਕਿ ਇਕ ਬਿਲਕੁਲ ਛੋਟਾ ਜਿਹਾ, ਚਿੜੀ ਦੇ ਪਹੁੰਚੇ ਜਿੰਨਾ ਸੂਬਾ ਸਿਆਸੀਤੰਤਰ ਦੀ ਨਾਲਾਇਕੀ ਕਰਕੇ ਨੱਕੋ ਨੱਕ ਕਰਜੇ ਦੀ ਦਲਦਲ ਚ ਧਸ ਚੁੱਕਾ ਹੈ । ਰੱਬ ਖੈਰ ਕਰੇ ਕਿ ਢਾਈਆਬੇ ਦੇ ਸਿਆਸੀਤੰਤਰ ਨੂੰ ਤੇ ਲੋਕਾਂ ਨੂੰ ਸਦਬੁੱਧੀ ਬਖਸ਼ੇ ਤਾਂ ਕਿ ਦੀਵਲੀਏਪਨ ਦੀ ਕਗਾਰ ‘ਤੇ ਖੜ੍ਹੇ ਇਸ ਸੂਬੇ ਨੂੰ ਇਸ ਖਸਤਾ ਮਾਲੀ ਹਾਲਤ ਦੀ ਦਲਦਲ ਚੋਂ ਬਾਹਰ ਕੱਢਣ ਦਾ ਕੋਈ ਢੁਕਵਾਂ ਬਾਨਣੂ ਬੰਨ੍ਹਿਆ ਜਾ ਸਕੇ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: