ਦਿੱਲੀ ਸਿੰਘਾਂ ਲਈ ਬਹੁਤੀ ਦੂਰ ਨਹੀਂ ਹੈ ਕਿ ਉਹ ਕੌਮ ਦੇ ਸਵੈਮਾਣ ਲਈ ਦਿੱਲੀ ਨਾ ਪਹੁੰਚ ਸਕਣ: ਗਜਿੰਦਰ ਸਿੰਘ ਦਲ ਖਾਲਸਾ

ss1

ਦਿੱਲੀ ਸਿੰਘਾਂ ਲਈ ਬਹੁਤੀ ਦੂਰ ਨਹੀਂ ਹੈ ਕਿ ਉਹ ਕੌਮ ਦੇ ਸਵੈਮਾਣ ਲਈ ਦਿੱਲੀ ਨਾ ਪਹੁੰਚ ਸਕਣ: ਗਜਿੰਦਰ ਸਿੰਘ ਦਲ ਖਾਲਸਾ
ਗਲ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਦੀ, ਉਹਨਾਂ ਦਾ ਫੈਸਲਾ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਜੁੱਤੀ ਵਿੱਚ ਹੈ

ਨਵੀਂ ਦਿੱਲੀ 11 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦਲ ਖਾਲਸਾ ਦੇ ਜਲਾਵਤਨੀ ਭੁਗਤ ਰਹੇ ਆਗੂ ਭਾਈ ਗਜਿੰਦਰ ਸਿੰਘ ਨੇ ਫਿਲਮ ਨਾਨਕ ਸ਼ਾਹ ਫਕੀਰ ਬਾਰੇ ਅਜ ਸ਼ੋਸਲ-ਮੀਡੀਆ ਵਿਚ ਜਾਰੀ ਕੀਤੇ ਨੋਟ ਵਿਚ ਕਿਹਾ ਕਿ ਕੱਲ ਭਾਰਤੀ ਸੁਪਟੀਮ ਕੋਰਟ ਦਾ ਆਇਆ ਫੈਸਲਾ ਅਫਸੋਸਨਾਕ ਤਾਂ ਹੈ, ਪਰ ਉਮੀਦ ਦੇ ਬਹੁਤਾ ਵੱਖਰਾ ਨਹੀਂ ਹੈ । ਭਾਰਤੀ ਸੁਪਰੀਮ ਕੋਰਟ ਤੋਂ ਬਹੁਤੀ ਆਸ ਰੱਖਣੀ ਨਹੀਂ ਬਣਦੀ, ਪਰ ਫਿਰ ਵੀ ਅਗਰ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਫਿਲਮ ਦੇ ਵਿਰੁੱਧ ਪੈਟੀਸ਼ਨ ਦਾਇਰ ਕਰਦੀ ਹੈ, ਤਾਂ ਇਹ ਉਹਨਾਂ ਦੀ ਆਪਣੀ ਸੋਚ ਮੁਤਾਬਕ ਹੈ ।
ਨਵੀਆਂ ਖਬਰਾਂ ਮੁਤਾਬਕ ਫਿਲਮ ਬਣਾਉਣ ਵਾਲੇ ਖੋਟੇ ਸਿੱਕੇ ਨੇ ਪੰਜਾਬ ਵਿੱਚ ਸਿੰਘਾਂ ਦਾ ਗੁੱਸਾ ਦੇਖਦੇ ਹੋਏ, ਪੰਜਾਬ ਵਿੱਚ ਫਿਲਮ ਨਾ ਰਲੀਜ਼ ਕਰਨ ਦਾ ਫੈਸਲਾ ਕੀਤਾ ਹੈ ।
ਸਾਡੇ ਪੱਖ ਤੋਂ ਗੱਲ ਸਿਰਫ ਪੰਜਾਬ ਦੀ ਨਹੀਂ ਹੈ, ਦੁਨੀਆਂ ਵਿੱਚ ਕਿਤੇ ਵੀ ਰਲੀਜ਼ ਕਰਨ ਦੀ ਹੈ । ਗੱਲ ਸਿਧਾਂਤਕ ਹੈ, ਅਤੇ ਸਿਧਾਂਤ ਪੰਜਾਬ ਅਤੇ ਪੰਜਾਬ ਤੋਂ ਬਾਹਰ ਲਈ ਵੱਖ ਨਹੀਂ ਹੋ ਸਕਦਾ । ਸਿੱਖ ਸਿਧਾਂਤ ਤੇ ਰਵਾਇਤ ਮੁਤਾਬਕ, ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ, ਜਾਂ ਭਾਈ ਮਰਦਾਨਾਂ ਜੀ ਵਰਗੇ ਉਹਨਾਂ ਦੇ ਨੇੜ੍ਹਲੇ ਸਾਥੀਆਂ ਨੂੰ ਮਨੁੱਖੀ ਨਾਟਕੀ ਰੂਪ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ । ਇਹ ਫਿਲਮ ਅਗਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਲੀਜ਼ ਕੀਤੀ ਜਾਂਦੀ ਹੈ, ਤਾਂ ਇਹ ਕਾਰਾ ਸਿੱਖ ਸਿਧਾਂਤਾ ਤੇ ਰਵਾਇਤਾਂ ਨੂੰ ਸੱਟ ਮਾਰ ਕੇ ਸਿੱਖ ਜਜ਼ਬਾਤਾਂ ਨੂੰ ਜ਼ਖਮੀ ਕਰਨ ਦਾ ਹੀ ਹੋਵੇਗਾ । ਅਤੇ ਇਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵੱਸਦੇ ਸਿੱਖਾਂ ਲਈ ਕਦੇ ਵੀ ਕਾਬਲੇ ਬਰਦਾਸ਼ਤ ਨਹੀਂ ਹੋਵੇਗਾ ।
ਇਸ ਗਲਤ ਫਿਲਮੀ ਵਰਤਾਰੇ ਨੂੰ ਸ਼ੁਰੂ ਵਿੱਚ ਬਾਦਲ ਦਲ ਦੇ ਲੀਡਰ ਹੀ ਉਤਸ਼ਾਹਿਤ ਕਰਦੇ ਰਹੇ ਹਨ, ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਜਾਂਦਾ । ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਤੇ ਕੁੱਝ ਹੋਰ ਲੀਡਰਾਂ ਦੀਆਂ ਇੱਕ ਤੋਂ ਵੱਧ ਤਸਵੀਰਾਂ ਇੱਸ ਗੱਲ ਦੀ ਗਵਾਹੀ ਲਈ ਸੋਸ਼ਲ ਮੀਡੀਆ ਉਤੇ ਮੌਜੂਦ ਹਨ । ਬਾਦਲਕਿਆਂ ਨੇ ਸਿੱਖੀ ਦੀ ਵਿਲੱਖਣਤਾ ਤੇ ਸਵੈਮਾਣ ਪੰਥ ਵਿਰੋਧੀਆਂ ਦੇ ਪੈਰਾਂ ਵਿੱਚ ਇਸ ਤਰ੍ਹਾਂ ਰੱਖ ਦਿੱਤਾ ਹੋਇਆ ਹੈ ਕਿ ਉਹਨਾਂ ਲਈ ਇਹ ਕੋਈ ਇਸ਼ੂ ਹੀ ਨਹੀਂ ਹੈ । ਉਹਨਾਂ ਲਈ ਇਸ਼ੂ ਓਦੋਂ ਬਣਦਾ ਹੈ, ਜਦੋਂ ਸਿੰਘ ਸੜ੍ਹਕਾਂ ਉਤੇ ਆ ਜਾਂਦੇ ਹਨ, ਤੇ ਬਾਦਲਕਿਆਂ ਨੂੰ ਜ਼ਮੀਨ ਪੈਰਾਂ ਹੇਠੋਂ ਖਿਸਕਦੀ ਮਹਿਸੂਸ ਹੁੰਦੀ ਹੈ । ਬੀਬੀ ਜਗੀਰ ਕੌਰ ਤੇ ਬਾਕੀ ਲੀਡਰਾਂ ਨੂੰ ਆਪਣੀਆਂ ਤਸਵੀਰਾਂ ਬਾਰੇ ਆਪਣੀ ਸਥਿੱਤੀ ਕੌਮ ਸਾਹਮਣੇ ਸਪਸ਼ਟ ਕਰਨੀ ਚਾਹੀਦੀ ਹੈ ।
ਚਾਹੀਦਾ ਤਾਂ ਇਹ ਵੀ ਹੈ ਕਿ ਇਸ ਫਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰ ਵੀ ਜ਼ਖਮੀ ਹੋ ਰਹੇ ਸਿੱਖ ਜਜ਼ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੀ ਭੁੱਲ ਲਈ ਮੁਆਫੀ ਮੰਗਣ ਅਤੇ ਫਿਲਮ ਤੋਂ ਅਲਹਿਦਗੀ ਅਖਤਿਆਰ ਕਰ ਕੇ ‘ਖੋਟੇ ਸਿੱਕੇ’ ਨੂੰ ਫਿਲਮ ਅਗਨ ਭੇਂਟ ਕਰਨ ਲਈ ਮਜਬੂਰ ਕਰਨ ।
ਰਹੀ ਗੱਲ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਦੀ, ਉਹਨਾਂ ਦਾ ਫੈਸਲਾ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਜੁੱਤੀ ਵਿੱਚ ਹੈ । ਸਾਡੇ ਲਈ ਗੁਰੂ ਸਾਹਿਬ ਦੇ ਸਤਿਕਾਰ ਤੇ ਕੌਮ ਦੇ ਸਵੈਮਾਣ ਨਾਲੋਂ ਵੱਧ ਕਿਸੇ ਕੋਰਟ ਦਾ ਕੋਈ ਫੈਸਲਾ ਨਹੀਂ ਹੋ ਸਕਦਾ ।
ਸਿੰਘਾਂ ਲਈ ਦਿੱਲੀ ਕਦੇ ਇੰਨੀ ਦੂਰ ਨਹੀਂ ਰਹੀ ਕਿ ਉਹ ਕੌਮ ਦੇ ਸਵੈਮਾਣ ਲਈ ਦਿੱਲੀ ਨਾ ਪਹੁੰਚ ਸਕਣ । ਸਿੰਘ ਪਹਿਲਾਂ ਵੀ ਦਿੱਲੀ ਤੱਕ ਮਾਰਾਂ ਕਰਦੇ ਰਹੇ ਹਨ, ਤੇ ਹੁਣ ਵੀ ਗੁਰੂ ਦੀ ਕਿਰਪਾ ਨਾਲ ਲੋੜ੍ਹ ਪੈਣ ਤੇ ਕਰ ਸਕਣ ਦੇ ਸਮਰੱਥ ਹੋਣਗੇ, ਇਹ ਮੇਰਾ ਯਕੀਨ ਹੈ।

Share Button

Leave a Reply

Your email address will not be published. Required fields are marked *