Mon. Aug 19th, 2019

ਦਿੱਲੀ ਗੁਰਦੁਆਰਾ ਕਮੇਟੀ ਪੁਰ ਭਾਜਪਾ ਦਾ ਪ੍ਰਛਾਵਾਂ

ਦਿੱਲੀ ਗੁਰਦੁਆਰਾ ਕਮੇਟੀ ਪੁਰ ਭਾਜਪਾ ਦਾ ਪ੍ਰਛਾਵਾਂ

-ਜਸਵੰਤ ਸਿੰਘ ‘ਅਜੀਤ’

ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਸਮੇਂ ਪਾਰਟੀ ਵਲੋਂ ਪ੍ਰਧਾਨਗੀ ਪਦ ਲਈ ਮਨਜਿੰਦਰ ਸਿੰਘ ਸਿਰਸਾ ਸਹਿਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਵਾਂ ਦਾ ਫੈਸਲਾ ਕਰਦਿਆਂ, ਇਸ ਸੋਚ ਨੂੰ ਮੁੱਖ ਰਖਿਆ, ਕਿ ਉਹ ਜਿਸ ਟੀਮ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀਆਂ ਜ਼ਿਮੇਂਦਾਰੀਆਂ ਸੌਂਪਣ ਜਾ ਰਹੇ ਹਨ, ਉਹ ਅਗਲੇ ਦੋ ਵਰ੍ਹਿਆਂ ਵਿੱਚ ਦਿੱਲੀ ਦੇ ਸਿੱਖਾਂ ਵਿੱਚ ਦਲ ਪ੍ਰਤੀ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰਨ ਵਿੱਚ ਸਫਲ ਹੋਵੇਗੀ, ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਬਾਦਲ ਅਕਾਲੀ ਦਲ ਦਾ ਸੱਤਾ ਹੀ ਸਿੱਖੀ ਦੀਆਂ ਧਾਰਮਕ ਮਾਨਤਾਵਾਂ ਸੁਰਖਿਅਤ ਰਹਿ ਸਕਦੀਆਂ ਹਨ, ਜਿਸਦੇ ਫਲਸਰੂਪ ਉਹ ਸੰਨ-2021 ਵਿੱਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧ ਪੁਰ ਦਲ ਦੀ ਵਾਪਸੀ ਨਿਸ਼ਚਿਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣਗੇ। ਉਨ੍ਹਾਂ ਦੇ ਇਸ ਵਿਸ਼ਵਾਸ ਪੁਰ ਅਧਾਰਤ, ਸੁਖਬੀਰ ਸਿੰਘ ਬਾਦਲ ਦਾ ਜੋ ਫੈਸਲਾ ਸਾਹਮਣੇ ਆਇਆ, ਉਸੇ ਸਮੇਂ ਉਸ ਪੁਰ ਟਿਪੱਣੀ ਕਰਦਿਆਂ, ਦਿੱਲੀ ਦੇ ਸਿੱਖ ਰਾਜਸੀ ਮਾਹਿਰਾਂ ਨੇ ਇਹ ਭਵਿਖਬਾਣੀ ਕਰ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਪੁਰ ਭਾਜਪਾ ਦਾ ਪਰਛਾਵਾਂ ਪੱਕਾ ਹੋ ਗਿਆ ਹੈ, ਆਪਣੀ ਇਸ ਭਵਿਖਬਾਣੀ ਦੇ ਪੱਖ ਵਿੱਚ ਉਨ੍ਹਾਂ ਦਸਿਆ ਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਭਾਜਪਾ ਦਾ ਵਿਧਾਇਕ, ਜੂਨੀਅਰ ਮੀਤ ਪ੍ਰਧਾਨ ਪ੍ਰਦੇਸ਼ ਭਾਜਪਾ ਦਾ ਪਦਾਧਿਕਾਰੀ ਤੇ ਭਾਜਪਾ ਪਾਰਸ਼ਦ ਦਾ ਪਤੀ ਹੈ, ਜਨਰਲ ਸਕਤੱਰ ਭਾਜਪਾ ਦਾ ਸਾਬਕਾ ਵਿਧਾਇਕ ਤੇ ਪਾਰਸ਼ਦ ਦਾ ਪਤੀ ਹੈ। ਇਸਤੋਂ ਇਲਾਵਾ ਕਾਰਜ-ਕਾਰਿਣੀ ਵਿੱਚ ਵੀ ਭਾਜਪਾ ਪਾਰਸ਼ਦ ਤੇ ਭਾਜਪਾ ਨਾਲ ਨੇੜਤਾ ਰਖਣ ਵਾਲੇ ਮੈਂਬਰ ਹਨ, ਜਿਸ ਕਾਰਣ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਕਮੇਟੀ ਦੀਆਂ ਚੋਣਾ ਵਿੱਚ ਦਲ ਦੀ ਵਾਪਸੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਇਸਦੇ ਵਿਰੁਧ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਉਹ ਆਪਣੇ ਸਿੱਖ ਪੰਥ ਪ੍ਰਤੀ ਸਮਰਪਿਤ ਕੰਮਾਂ ਸਦਕਾ ਆਉਣ ਵਾਲੇ ਦੋ ਵਰ੍ਹਿਆਂ ਵਿੱਚ ਆਮ ਸਿੱਖਾਂ ਦਾ ਦਲ ਪ੍ਰਤੀ ਭਰੋਸਾ ਜਿਤਣ ਵਿੱਚ ਸਫਲ ਹੋ ਜਾਣਗੇ।
ਪ੍ਰੰਤੂ ਅਜੇ ਸ਼ਾਇਦ ਇੱਕ ਮਹੀਨਾ ਹੀ ਬੀਤਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਜਰਾਤ ਜਾ ਲੋਕਸਭਾ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਹਿਤ ਗੁਜਰਾਤ ਵਿਚਲੇ ਭਾਜਪਾ ਦੇ ਹੋਰ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰ ਅਤੇ ਗੁਜਰਾਤ ਵਿੱਚ ਵਸਦੇ ਪੰਜਾਬੀਆਂ ਨੂੰ ਉਨ੍ਹਾਂ ਦੇ ਹਕ ਵਿੱਚ ਭੁਗਤਣ ਦੀ ਪ੍ਰੇਰਨਾ ਕਰ, ਸਾਬਤ ਕਰ ਦਿੱਤਾ ਕਿ ਉਨ੍ਹਾਂ ਲਈ ਸਿੱਖਾਂ ਦੇ ਹਿਤਾਂ ਅਧਿਕਾਰਾਂ ਦੀ ਰਖਿਆ ਪ੍ਰਤੀ ਸਮਰਪਿਤ ਬਣੇ ਰਹਿਣ ਨਾਲੋਂ ਭਾਜਪਾ ਦੇ ਹਿਤਾਂ ਪ੍ਰਤੀ ਸਮਰਪਿਤ ਹੋਣਾ ਜ਼ਿਆਦਾ ਜ਼ਰੂਰੀ ਹੈ। ਇਸ ਗਲ ਦਾ ਸੰਕੇਤ ਇਸ ਗਲ ਤੋਂ ਵੀ ਮਿਲਿਆ, ਜਦੋਂ ਉਹ (ਸ. ਸਿਰਸਾ) ਭਾਜਪਾ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਅਹਿਮਦਾਬਾਦ ਗਏ ਤਾਂ ਉਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਾਂਗ ਹੀ ਗੁਜਰਾਤ ਦੇ ਉਨ੍ਹਾਂ ਪੰਜਾਬੀ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਹੈ, ਨੂੰ ਮਿਲ ਉਨ੍ਹਾਂ ਦਾ ਦੁਖ-ਦਰਦ ਜਾਣਨ ਤੇ ਸਮਝਣ ਦੀ ਲੋੜ ਨਹੀ ਸਮਝੀ, ਜਿਨ੍ਹਾਂ ਦੇ ਸਿਰ ਤੇ ਗੁਜਰਾਤ ਦੀ ਭਾਜਪਾ ਸਰਕਾਰ ਵਲੋਂ ਉਜਾੜੇ ਦੀ ਤਲਵਾਰ ਲਟਕਾਈ ਗਈ ਹੋਈ ਹੈ। ਇਸਤਰ੍ਹਾਂ ਉਨ੍ਹਾਂ ਸੰਕੇਤ ਦੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨੀਤੀ ਸਪਸ਼ਟ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਅਤੇ ਹੋਰ ਪੰਜਾਬੀ ਉਨ੍ਹਾਂ ਤੋਂ ਕਦੀ ਇਹ ਆਸ ਨਾ ਰਖਣ ਕਿ ਉਹ, ਉਨ੍ਹਾਂ ਨਾਲ ਹੋਣ ਵਾਲੇ ਅਨਿਆਇ ਦੇ ਵਿਰੁਧ ਆਵਾਜ਼ ਉਠਾ, ਇਨਸਾਫ ਦੁਆਉਣ ਵਿੱਚ ਉਨ੍ਹਾਂ ਦੀ ਕੋਈ ਮਦਦ ਕਰਨਗੇ। ਉਨ੍ਹਾਂ ਨੇ ਕੇਵਲ ਆਪਣੇ ਹੀ ਹਿਤ ਸਾਧਣੇ ਹਨ ਤੇ ਉਹ ਵੀ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਕੀਮਤ ਤੇ।
ਜੀਕੇ ਬ੍ਰਤਾਨੀਆ ਦੇ ਹਾਊਸ ਆਫ ਲਾਰਡਜ਼ ਵਿੱਚ : ਸ਼ਾਇਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਨੇ ਇਸ ਗਲ ਦੀ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਜਿਸ ਮਨਜੀਤ ਸਿੰਘ ਜੀਕੇ ਨੂੰ ਉਹ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਤ ਅਕਾਲੀ ਰਾਜਨੀਤੀ ਵਿੱਚ ਹਾਸ਼ੀਏ ਪੁਰ ਧਕ ਰਹੇ ਹਨ ਅਤੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ਪੁਰ ਉਨ੍ਹਾਂ ਦੇ ਦਾਅਵੇ ਤੋਂ ਵੰਚਤ ਕਰ ਰਹੇ ਹਨ, ਉਹ ਮਨਜੀਤ ਸਿੰਘ ਜੀਕੇ, ਨੇੜ ਭਵਿੱਖ ਵਿੱਚ ਹੀ ਅੰਤਰ-ਰਾਸ਼ਟਰੀ ਪਧਰ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਬ੍ਰਤਾਨੀਆ ਦੇ ਉੱਚ ਸਦਨ, ਹਾਊਸ ਆਫ ਲਾਰਡਜ਼ ਵਿੱਚ ਸਮੁਚੇ ਰੂਪ ਵਿੱਚ ਭਾਰਤੀਆਂ ਦੀ ਅਵਾਜ਼ ਬੁਲੰਦ ਕਰਨ ਦਾ ਸਨਮਾਨ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ। ਦਸਿਆ ਗਿਆ ਹੈ ਕਿ ਬੀਤੇੇ ਦਿਨੀਂ ਬ੍ਰਤਾਨੀਆ ਦੇ ਹਾਊਸ ਆਫ ਲਾਰਡਜ਼ ਵਿੱਚ, ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਦੇ ਮੌਕੇ ‘ਤੇ ਜਲਿਆਂਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਦੇਸ਼ਵਾਸੀਆਂ ਦੀ ਪ੍ਰਤੀਨਿਧਤਾ ਕਰਦਿਆਂ, ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ। ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਉਦੇਸ਼ ਨਾ ਕੇਵਲ ਭਾਰਤੀਆਂ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਉਠ ਰਹੀ ਅਵਾਜ਼ ਦੀ ਨੂੰ ਕਤਲ ਕਰਨਾ ਸੀ, ਸਗੋਂ ਸਮੁਚੀ ਮਨੁਖਤਾ ਦੀ ਉਸ ਆਵਾਜ਼ ਨੂੰ ਵੀ ਹਮੇਸ਼ਾਂ ਲਈ ਕੁਚਲ ਦੇਣਾ ਸੀ, ਜੋ ਅਜ਼ਾਦ ਜੀਵਨ ਜੀ, ਆਪਣੇ ਭਵਿੱਖ ਦੀ ਸਿਰਜਨਾ ਆਪ ਕਰਨਾ ਚਾਹੁੰਦੀ ਸੀ। ਇਸਲਈ ਬ੍ਰਤਾਨੀਆ ਸਰਕਾਰ ਨੂੰ ਜਲਿਆਂਵਾਲਾ ਬਾਗ ਕਤਲੇਆਮ ਲਈ ਕੇਵਲ ‘ਅਫਸੋਸ’ ਪ੍ਰਗਟ ਕਰ ਆਪਣੇ-ਆਪਨੂੰ ਆਪਣੀ ਜ਼ਿਮੇਂਦਾਰੀ ਤੋਂ ਮੁਕਤ ਕਰ ਲੈਣ ਦੀ ਕੌਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਇਸਦੇ ਲਈ ਖੁਲ੍ਹੇ ਦਿਲ ਨਾਲ ਮਾਫੀ ਮੰਗ ਸਮੁਚੀ ਮਨੁਖਤਾ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਮਨੁਖਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੇ ਪ੍ਰਤੀ ਦ੍ਰਿੜ੍ਹਤਾ ਨਾਲ ਸਮਰਪਿਤ ਹੈ। ਉਨ੍ਹਾਂ ਨੇ ਇਸ ਮੌਕੇ ਕਨਾਡਾ ਸਰਕਾਰ ਵਲੋਂ ਕਾਮਾਘਾਟਾ ਮਾਰੂ ਕਾਂਡ ਦੀ ਸ਼ਤਾਬਦੀ ਦੇ ਮੌਕੇ ‘ਤੇ ਆਪਣੇ ਬਜ਼ੁਰਗਾਂ ਵਲੋਂ ਕੀਤੀ ਗਈ ਗਲਤੀ ਨੂੰ ਖੁਲ੍ਹੇ ਦਿਲ ਨਾਲ ਸਵੀਕਾਰ ਕਰ, ਮਾਫੀ ਮੰਗ ਲਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਕਨਾਡਾ ਸਰਕਾਰ ਦਾ ਕੱਦ ਛੋਟਾ ਨਹੀਂ ਹੋਇਆ, ਸਗੋਂ ਇਸ ਨਾਲ ਉਸਦਾ ਕੱਦ ਵਧਿਆ ਹੀ ਹੈ। ਇਸਲਈ ਬ੍ਰਤਾਨੀਆ ਸਰਕਾਰ ਨੂੰ ਵੀ ਉਸ ਪਾਸੋਂ ਮਾਰਗ-ਦਰਸ਼ਨ ਲੈਂਦਿਆਂ ਹੋਇਆਂ ਜਲਿਆਂਵਾਲਾ ਬਾਗ ਕਤਲੇਆਮ ਦੇ ਲਈ ਮਾਫੀ ਮੰਗਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣੀ ਚਾਹੀਦੀ।
…ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਿਕ੍ਰਿਸ਼ਨ ਮੈਡੀਕਲ ਫੋਰਮ, ਜਿਸਦੇ ਸੰਬੰਧ ਵਿੱਚ ਚਰਚਾ (ਸੱਚ ਜਾਂ ਝੂਠ) ਹੈ ਕਿ ਇਸ ਫੋਰਮ ਨੂੰ ਬਾਦਲ ਪਰਿਵਾਰ ਦੀ ਸਰਪ੍ਰਸਤੀ ਪ੍ਰਾਪਤ ਹੈ, ਦੇ ਸਹਿਯੋਗ ਨਾਲ ਸਿੱਖ ਮੈਡੀਕਲ ਪ੍ਰੋਫੈਸ਼ਨਲ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਮੇਲਨ ਦੀ ਕਾਰਵਾਈ ਨੂੰ ਅਰੰਭ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕਤੱਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਬਾਲਾ ਸਾਹਿਬ ਹਸਪਤਾਲ ਨੂੰ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਕਰ, ਚਲਾਣਾ ਚਾਹੁੰਦੀ ਹੈ, ਜਿਸ ਨਾਲ ਇਸ ਹਸਪਤਾਲ ਵਿੱਚ ਉਹ ਸਾਰੀਆਂ ਸਹੂਲਤਾਂ ਉਪਲਬੱਧ ਹੋ ਸਕਣ ਜੋ ਇੱਕ ਮਰੀਜ਼ ਲਈ ਲੋੜੀਂਦੀਆਂ ਹਨ। ਇਸਦੇ ਲਈ ਉਹ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਤ ਮਾਹਿਰਾਂ ਵਲੋਂ ਦਿੱਤੇ ਗਏ ਸੁਝਾਵਾਂ ਪੁਰ ਗੰਭੀਰਤਾ ਨਾਲ ਵਿਚਾਰ ਕਰਨ ਪ੍ਰਤੀ ਵਚਨਬੱਧ ਹੋਣਗੇ। ਮੰਨਿਆ ਜਾਂਦਾ ਹੈ ਕਿ ਇਸ ਸੰਮੇਲਨ ਵਿੱਚ ਇਹ ਸੁਝਾਉ ਵੀ ਦਿੱਤਾ ਗਿਆ ਕਿ ਰਾਜਧਾਨੀ ਦਿੱਲੀ ਵਿੱਚ ਪ੍ਰੈਕਟਿਸ ਕਰ ਰਹੇ ਸਾਰੇ ਸਿੱਖ ਡਾਕਟਰਾਂ ਨੂੰ ਅਪੀਲ ਕੀਤੀ ਜਾਏ ਕਿ ਉਹ ਗੁਰੂ ਹਰਿਕ੍ਰਿਸ਼ਨ ਮੈਡੀਕਲ ਫੋਰਮ ਦੇ ਬੈਨਰ ਹੇਠ ਇੱਕ ਜੁਟ ਹੋ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਨੂੰ ਜਨ ਸੇਵਾ ਵਿੱਚ ਸਮਰਪਿਤ ਕਰਨ ਵਿੱਚ ਸਹਿਯੋਗ ਕਰਨ ਤਾਂ ਜੋ ਇਹ ਹਸਪਤਾਲ ਗੁਰੂ ਸਾਹਿਬ ਦੀ ਸੋਚ ਦੇ ਅਧਾਰ ‘ਤੇ ਜਨ ਸੇਵਾ ਵਿੱਚ ਸਮਰਪਿਤ ਹੋ ਸਕੇ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਡਾਕਟਰਾਂ ਦੇ ਸਹਿਯੋਗ ਨਾਲ ਹੀ ਇਸ ਹਸਪਤਾਲ ਨੂੰ ਚਲਾਣਾ ਚਾਹੁੰਦੀ ਹੈ। ਸ. ਸਿਰਸਾ ਅਨੁਸਾਰ ਗੁਰਦੁਆਰਾ ਕਮੇਟੀ ਕਿਸੇ ਵੀ ਨਿਜੀ ਹਸਪਤਾਲ ਨੂੰ ਇਸ ਵਿੱਚ ਹਿਸੇਦਾਰ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਪੱਖ ਵਿੱਚ ਨਹੀਂ ਹੈ। ਪ੍ਰੰਤੂ ਸੁਆਲ ਉਠਦਾ ਹੈ ਕਿ ਜਿਸ ਸੰਕਲਪ ਨੂੰ ਅਧਾਰ ਬਣਾ ਇਸ ਹਸਪਤਾਲ ਦੀ ਸਥਾਪਨਾ ਦਾ ਉਦੇਸ਼ ਸਾਹਮਣੇ ਰਖਿਆ ਗਿਆ, ਕੀ ਉਹ ਉਦੇਸ਼ ਬਿਨਾ ਕਿਸੇ ਪ੍ਰੋਫੈਸ਼ਨਲ ਮੈਡੀਕਲ ਸੰਸਥਾ ਦੇ ਸਹਿਯੋਗ ਨਾਲ ਪੂਰਿਆਂ ਕੀਤਾ ਜਾ ਸਕੇਗਾ?

ਜਸਵੰਤ ਸਿੰਘ ਅਜੀਤ
+91 95 82 71 98 90
jaswantsinghajit@gmail.com
ਸ਼ੀਮਲ ਅਪਾਰਟਮੈਂਟ
ਪਲਾਟ ਨੰਬਜ 12, ਸੈਕਟਰ 14
ਰੋਹਿਨੀ ਦਿੱਲੀ

Leave a Reply

Your email address will not be published. Required fields are marked *

%d bloggers like this: