ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਅਤੇ ਸਕੂਲੀ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਗ਼ਾਇਬ ਕਰਨਾ ਸਿੱਖ ਕੌਮ ਨਾਲ ਵਡਾ ਧੋਖਾ: ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ

ss1

ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਅਤੇ ਸਕੂਲੀ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਗ਼ਾਇਬ ਕਰਨਾ ਸਿੱਖ ਕੌਮ ਨਾਲ ਵਡਾ ਧੋਖਾ: ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ
ਸਿੱਖ ਕੌਮ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ, ਨਹੀ ਤਾਂ ਇਹ ਅਵੱਸ਼ ਹੀ ਇਸਲਾਮਿਕ ਸਟੇਟ ਹੁੰਦਾ
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੇਸ਼ ਦੇ ਹਿਤ ‘ਚ ਨਹੀਂ ਹੋਵੇਗਾ

ਅੰਮ੍ਰਿਤਸਰ 2 ਮਈ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਦੇ ਵਿਰਾਸਤੀ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਕੱਢ ਕੇ ਇਸ ਦੀ ਥਾਂ ਕਾਂਗਰਸ ਦਾ ਇਤਿਹਾਸ ਪਾ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਿੱਖੀ ਵਿਰਾਸਤ,ਸਿੱਖ ਕੌਮ ਦੇ ਸਰਦਾਰਾਂ ਦੀ ਦੇਣ ਅਤੇ ਇਤਿਹਾਸ ਨੂੰ ਛੁਟਿਆਉਣ ਦੀ ਕੋਝੀ ਚਾਲ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦਾ ਸਿੱਖ ਭਾਈਚਾਰੇ ਨਾਲ ਕੀਤਾ ਜਾ ਰਿਹਾ ਮੌਜੂਦਾ ਵਰਤਾਰਾ ਸਿੱਖ ਭਾਈਚਾਰੇ ਅੰਦਰ ਪਨਪ ਰਹੀ ਬੇਗਾਨਗੀ ਦੀ ਭਾਵਨਾ ਨੂੰ ਹੋਰ ਪਰਪੱਕ ਕਰਨ ਦਾ ਵਸੀਲਾ ਬਣੇਗਾ। ਭਾਰਤ ‘ਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰਾਂ ਨੂੰ ਰੌਦੇ ਜਾਣ ਕਾਰਨ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਦੀ ਲਹਿਰ ਹੈ।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਨਾ ਬਦਲਣ ਪ੍ਰਤੀ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਦੇਸ਼ ਨੂੰ ਦੁਆਏ ਗਏ ਭਰੋਸੇ ਅਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਵੱਲੋਂ ਇਸ ਬਾਬਤ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਜੇ ਕਾਲਜ ਦਾ ਨਾਮ ਬਦਲ ਦਿਤਾ ਗਿਆ ਹੈ ਤਾਂ ਫਿਰ ਇਸ ਸ਼ਰਾਰਤ ਪ੍ਰਤੀ ਸਿੱਖ ਪੰਥ ਕੀ ਸਮਝਿਆ ਜਾਵੇ? ਉਨ੍ਹਾਂ ਸਵਾਲ ਕੀਤਾ ਕਿ ਕੀ ਕਾਲਜ ਦੇ ਚੇਅਰਮੈਨ ਅਮਿਤਾਭ ਸਿਨਹਾ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਸਰਕਾਰ ਵੱਲੋਂ ਦਿਤੇ ਗਏ ਭਰੋਸਿਆਂ ਤੋਂ ਉੱਪਰ ਹਨ? ਜਾਂ ਉਹ ਖ਼ਾਸ ਫ਼ਿਰਕੂ ਜਮਾਤ ਦੇ ਲੁਕਵੇਂ ਏਜੰਡੇ ਅਤੇ ਫ਼ਿਰਕੂ ਸੋਚ ਨੂੰ ਲਾਗੂ ਕਰਨ ਪ੍ਰਤੀ ਸਰਕਾਰ ਵੱਲੋਂ ਬੇਲਗ਼ਾਮ ਕੀਤੇ ਹੋਏ ਹਨ? ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਅਮਿਤਾਭ ਸਿਨਹਾ ਅਤੇ ਯੋਗੇਸ਼ ਤਿਆਗੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜੇ ਸਿੱਖ ਕੌਮ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਤੁਸੀ ‘ਵੰਦੇ ਮਾਤਰਮ’ ਕਹਿਣ ਦੀ ਗਲ ਤਾਂ ਦੂਰ ਹਿੰਦੁਸਤਾਨ ਦਾ ਨਾਮ ਵੀ ਭਾਰਤ ਹੋਣ ਦੀ ਥਾਂ ਅਵੱਸ਼ ਹੀ ਕੋਈ ਇਸਲਾਮਿਕ ਸਟੇਟ ਹੋਣਾ ਸੀ।ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਦੇਸ਼ ਦੇ ਹਿਤ ‘ਚ ਨਹੀਂ ਹੋਵੇਗਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਾਰਤ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਗੁਰੂ ਸਾਹਿਬਾਨ ਅਤੇ ਸਿੱਖ ਸੂਰਬੀਰਾਂ ਦਾ ਬਹੁਤ ਵੱਡਾ ਬਲੀਦਾਨ ਰਿਹਾ ਹੈ।ਅਜ ਸਿੱਖੀ ਪਰੰਪਰਾਵਾਂ ਅਤੇ ਇਤਿਹਾਸ ਨੂੰ ਢਾਹ ਲਾਉਣ ਵਿਚ ਲੱਗੇ ਲੋਕਾਂ ਅਤੇ ਸ਼ਕਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ: ਦਿਆਲ ਸਿੰਘ ਮਜੀਠੀਆ ਇੱਕ ਮਹਾਨ ਤੇ ਰੌਸ਼ਨ ਦਿਮਾਗ਼ ਸਿੱਖ ਸਰਦਾਰ ਸਨ ਜਿਨ੍ਹਾਂ ਦੀਆਂ ਦੇਸ਼ ਕੌਮ ਪ੍ਰਤੀ ਸੇਵਾਵਾਂ ਭੁਲਾਈਆਂ ਨਹੀਂ ਜਾ ਸਕਦੀਆਂ। ਜਿਨਾਂ੍ਹ ਨੇ ਆਧੁਨਿਕ ਸਿੱਖਿਆ ਪ੍ਰਣਾਲੀ ਰਾਹੀਂ ਨੌਜਵਾਨ ਵਰਗ ਨੂੰ ਸਮੇਂ ਦਾ ਹਾਣੀ ਬਣਾਇਆ, ਅਦਬੀ ਅਤੇ ਸਿਆਸੀ ਖੇਤਰ ਵਿਚ ਆਪਣੀ ਪਛਾਣ ਸਥਾਪਿਤ ਕਰਨ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਕ ਰਾਹੀ ਬੈਂਕਿੰਗ ਅਤੇ ਟ੍ਰਿਬਿਊਨ ਅਦਾਰੇ ਰਾਹੀਂ ਮੀਡੀਆ ਦੇ ਖੇਤਰ ‘ਚ ਅਹਿਮ ਯੋਗਦਾਨ ਪਾਇਆ। ਦਿਆਲ ਸਿੰਘ ਕਾਲਜ ਦਾ ਨਾਮ ਬਦਲਣਾ ਉਨ੍ਹਾਂ ਦੇ ਅਧਿਕਾਰਾਂ ਦਾ ਹਨਨ ਹੈ ਅਤੇ ਪ੍ਰਬੰਧਕਾਂ ਵੱਲੋਂ ਅਕ੍ਰਿਤਘਣ ਹੋਣ ਦਾ ਸਬੂਤ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਾ ਕੇਵਲ ਸ: ਮਜੀਠੀਆ ਨਾਲ ਅਨਿਆਂ ਸੰਗਤ ਹੈ ਸਗੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋ ਵਧ ਕੁਰਬਾਨੀਆਂ ਦੇਣ ਵਾਲੀ ਘਟ ਗਿਣਤੀ ਸਿੱਖ ਕੌਮ ਨਾਲ ਇੱਕ ਹੋਰ ਵਿਸ਼ਵਾਸਘਾਤ ਹੈ।ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਲਜ ਦੇ ਨਾਂ ਦੀ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹਰ ਪੱਧਰ ‘ਤੇ ਇਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ, ਭਾਈ ਸਤਨਾਮ ਸਿੰਘ , ਭਾਈ ਪਰਨਾਮ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *