ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੇ ਫ਼ੈਸਲੇ ‘ਤੇ ਲੱਗੀ ਰੋਕ, ਅਕਾਲੀ ਦਲ ਨੇ ਕੀਤਾ ਧੰਨਵਾਦ

ss1

ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੇ ਫ਼ੈਸਲੇ ‘ਤੇ ਲੱਗੀ ਰੋਕ, ਅਕਾਲੀ ਦਲ ਨੇ ਕੀਤਾ ਧੰਨਵਾਦ

Decision rename Dyal Singh

ਦਿੱਲੀ ਸਥਿਤ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲੇ ਜਾਣ ਨੂੰ ਲੈ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਸੀ। ਦੱਸ ਦੇਈਏ ਕਿ ਦਿਆਲ ਸਿੰਘ ਕਾਲਜ ਮੌਰਨਿੰਗ ਅਤੇ ਇਵਨਿੰਗ ਦੋ ਸ਼ਿਫ਼ਟਾਂ ਵਿਚ ਚਲਦਾ ਹੈ। ਕਾਲਜ ਮੈਨੇਜਮੈਂਟ ਨੇ ਇਵਨਿੰਗ ਕਾਲਜ ਦਾ ਨਾਂਅ ਬਦਲ ਕੇ ‘ਵੰਦੇ ਮਾਤਰਮ’ ਕੀਤੇ ਜਾਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਅਕਾਲੀ ਦਲ ਸਮੇਤ ਹੋਰ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਸਰਕਾਰ ਕੋਲ ਗੁਹਾਰ ਲਗਾਈ ਸੀ। ਆਖ਼ਰਕਾਰ ਹੁਣ ਮੈਨੇਜਮੈਂਟ ਨੂੰ ਇਹ ਫ਼ੈਸਲਾ ਵਾਪਸ ਲੈਣਾ ਲਿਆ ਪਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦਾ ਫ਼ੈਸਲਾ ਵਾਪਸ ਲੈਣ ‘ਤੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਲਜ ਦਾ ਨਾਮ ਬਦਲਣ ਦਾ ਫ਼ੈਸਲਾ ਵਾਪਸ ਲਏ ਜਾਣ ‘ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕਾਲਜ ਦੇ ਨਾਮ ਬਦਲਣ ਦੇ ਫ਼ੈਸਲੇ ਨੂੰ ਵਾਪਸ ਲਿਆ ਹੈ।
ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਾਲਜ ਪ੍ਰਿੰਸੀਪਲ ਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਤੁਸੀਂ ਸ਼ੁਰੂ ਕੀਤੀ ਸੀ ਅਤੇ ਜਿੱਤ ਅਸੀਂ ਹਾਸਲ ਕੀਤੀ ਹੈ। ਉਨ੍ਹਾਂ ਆਖਿਆ ਕਿ ਅਸੀਂ ‘ਵੰਦੇ ਮਾਤਰਮ’ ਦਾ ਸਤਿਕਾਰ ਕਰਦੇ ਹਾਂ ਪਰ ਦੇਸ਼ ਦੇ ਹਿੱਤ ‘ਚ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਨਹੀਂ ਵਿਸਾਰਨਾ ਚਾਹੀਦਾ।
ਇਸ ਦੇ ਨਾਲ ਹੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿਆਲ ਸਿੰਘ ਮਜੀਠੀਆ ਸਾਡੇ ਹੀਰੋ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਅਤੇ ਕਾਰਜਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੋ ਆਪਣੀ ਕੌਮ ਦੇ ਹੀਰੋ ਨੂੰ ਭੁੱਲ ਜਾਂਦੇ ਹਨ, ਉਹਨਾਂ ਦਾ ਇਤਿਹਾਸ ਖ਼ਤਮ ਹੋ ਜਾਂਦਾ ਹੈ।
‍ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਦਿੱਲੀ ਦੇ ਦਿਆਲ ਸਿੰਘ ਇਵਨਿੰਗ ਕਾਲਜ ਦੀ ਨਾਂ ਬਦਲੀ ਰੁਕਵਾਉਣ ਲਈ ਵਿਧਾਨ ਸਭਾ ਅੰਦਰ ਇੱਕ ਮਤਾ ਪੇਸ਼ ਕਰਨ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਮੁੱਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਇਕਸੁਰ ਹਨ, ਇਸ ਲਈ ਇਸ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।
ਅਕਾਲੀ ਦਲ ਵੱਲੋਂ ਪੇਸ਼ ਕੀਤੇ ਮਤੇ ਵਿਚ ਕਿਹਾ ਗਿਆ ਸੀ ਕਿ ਦੇਸ਼ ਦੀ ਵੰਡ ਮਗਰੋਂ ਸਾਲ 1958 ਵਿੱਚ ਦਿੱਲੀ ਵਿੱਚ ਦਿਆਲ ਸਿੰਘ ਕਾਲਿਜ ਸਥਾਪਿਤ ਕੀਤਾ ਗਿਆ ਸੀ। 1978 ਵਿੱਚ ਇਸਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਮਾਨਤਾ ਵੀ ਪ੍ਰਾਪਤ ਹੈ ਪਰ ਹੁਣ ਦਿੱਲੀ ਵਿੱਚ ਇਸ ਕਾਲਿਜ ਨੂੰ ਚਲਾ ਰਹੀ ਪ੍ਰਬੰਧਕ ਕਮੇਟੀ ਨੇ ਇਸਦਾ ਨਾਂ ਬਦਲਣ ਕੇ ਇਸਦਾ ਨਾਂ ‘ਵੰਦੇ ਮਾਤਰਮ’ ਕਾਲਜ ਰੱਖਣਾ ਚਾਹੁੰਦੀ ਹੈ। ਅਕਾਲੀ ਦਲ ਵੱਲੋਂ ਇਸ ਫ਼ੈਸਲੇ ਨਾਲ ਹਰ ਪਾਸੇ ਹੈਰਾਨੀ ਅਤੇ ਗਲਤ ਸੁਨੇਹਾ ਜਾਣ ਦੀ ਗੱਲ ਆਖੀ ਗਈ ਸੀ।
ਮਤੇ ਵਿਚ ਅੱਗੇ ਕਿਹਾ ਗਿਆ ਸੀ ਕਿ ਸਾਲ 1898 ਵਿੱਚ ਸਰਦਾਰ ਦਿਆਲ ਸਿੰਘ ਟਰੱਸਟ ਵੱਲੋਂ ਲਾਹੌਰ ਵਿੱਚ ਇੱਕ ਸ਼ਾਨਦਾਰ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ ਅਤੇ ਸਾਲ 1910 ਵਿੱਚ ਲਾਹੌਰ ਵਿੱਚ ਹੀ ਦਿਆਲ ਸਿੰਘ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਇਹ ਦੋਵੇਂ ਸੰਸਥਾਵਾਂ ਬੜੇ ਸੁਚੱਜੇ ਢੰਗ ਨਾਲ ਚੱਲ ਰਹੀਆਂ ਹਨ। ਮਤੇ ਵਿੱਚ ਅੱਗੇ ਕਿਹਾ ਗਿਆ ਸੀ ਦਿਆਲ ਸਿੰਘ ਮਜੀਠੀਆ ਦਾ ਪਿਛੋਕੜ ਬੜਾ ਹੀ ਅਮੀਰ ਵਿਰਸੇ ਵਾਲਾ ਹੈ। ਉਨ੍ਹਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸੈਨਾਪਤੀ ਸਨ।
ਅਕਾਲੀ ਦਲ ਨੇ ਕਿਹਾ ਸੀ ਕਿ ਦਿਆਲ ਸਿੰਘ ਮਜੀਠੀਆ ਦੇ ਪਿਤਾ ਲਹਿਣਾ ਸਿੰਘ ਆਪਣੇ ਜੀਵਨ ਵਿੱਚ ਇੱਕ ਉੱਘੀ ਸਿੱਖ ਸ਼ਖਸੀਅਤ ਸਨ। ਦਿਆਲ ਸਿੰਘ ਮਜੀਠੀਆ ਨੇ ਬੜੀ ਮਿਹਨਤ ਨਾਲ ਕਮਾਈ ਕੀਤੀ ਤੇ ਆਪਣਾ ਬਹੁਤ ਸਾਰਾ ਪੈਸਾ ਸਿੱਖਿਆ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਖ਼ਰਚ ਕੀਤਾ। ਉਨ੍ਹਾਂ ਨੇ 1881 ਵਿੱਚ ਲਾਹੌਰ ਤੋਂ “ਟ੍ਰਿਬਿਊਨ’ ਵਰਗੀ ਉੱਚ ਪੱਧਰ ਦੀ ਅਖ਼ਬਾਰ ਵੀ ਚਲਾਈ। ਪੰਜਾਬ ਨੈਸ਼ਨਲ ਬੈਂਕ ਦੇ ਵੀ ਉਹ ਬਾਨੀ ਚੇਅਰਮੈਨ ਸਨ।
ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੇ ਵੀ ਦਿਆਲ ਸਿੰਘ ਕਾਲਜ ਦਾ ਨਾਂਅ ਤਬਦੀਲ ਕਰਨ ਦਾ ਫ਼ੈਸਲਾ ਵਾਪਸ ਨਾ ਲੈਣ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਸੀ। ਦਿਆਲ ਸਿੰਘ ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਅਮਿਤਾਭ ਸਿਨ੍ਹਾ ਦੀ ਅਗਵਾਈ ਵਿਚ ਕਮੇਟੀ ਨੇ ਇਵਨਿੰਗ ਕਾਲਜ ਦਾ ਨਾਂਅ ਬਦਲ ਕੇ ਵੰਦੇ ਮਾਤਰਮ ਕਾਲਜ ਰੱਖਣ ਦੇ ਫ਼ੈਸਲੇ ਦੇ ਬਾਅਦ ਤੋਂ ਵਿਵਾਦ ਪੈਦਾ ਹੋ ਗਿਆ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਸਮਾਜ ਅਤੇ ਦੁਨੀਆ ਭਰ ਵਿਚ ਰਹਿਣ ਵਾਲੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ਼ ਨਾਂਅ ਤਬਦੀਲੀ ਦਾ ਮਾਮਲਾ ਨਹੀਂ ਹੈ ਬਲਕਿ ਸਮਾਜ ਸੇਵਕ ਦਿਆਲ ਸਿੰਘ ਮਜੀਠੀਆ ਦੀ ਵਿਰਸਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਰਾਸ਼ਟਰ ਨਿਰਮਾਣ ਅਤੇ ਲੋਕਾਂ ਦੀ ਭਲਾਈ ਵਿਚ ਲਗਾ ਦਿੱਤਾ ਸੀ।
ਉੱਧਰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਰਾਜ ਸਭਾ ‘ਚ ਬਿਆਨ ‘ਤੇ ਬੋਲਦਿਆਂ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਵੰਦੇ ਮਾਤਰਮ ਮਹਾਵਿੱਦਿਆਲਆ ਰੱਖਣ ਦੇ ਫ਼ੈਸਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਹੁਣ ਇਸ ਫ਼ੈਸਲੇ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *