ਦਾਸਤਾਨ-ਏ-ਦਸਤਾਰ

ss1

ਦਾਸਤਾਨ-ਏ-ਦਸਤਾਰ

ਭਾਵੇਂ ਕਿ ਨਿਸ਼ਚਿਤ ਤੌਰ ਤੇ ਇਹ ਕਹਿਣਾ ਤਾਂ ਔਖਾ ਹੈ ਕਿ ਦਸਤਾਰ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਪਰੰਤੂ ਪ੍ਰਾਪਤ ਖੋਜ ਸਾਧਨਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਸਤਾਰ ਕਿਸੇ ਨਾ ਕਿਸੇ ਰੂਪ ਵਿੱਚ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਬੱਝਣੀ ਸ਼ੁਰੂ ਹੋ ਚੁੱਕੀ ਸੀ। ਡਾ. ਗੌਤਮ ਚੈਟਰਜੀ ਦੀ ਖੋਜ ਅਨੁਸਾਰ ਪੱਗੜੀ (ਦਸਤਾਰ) ਦੁਨੀਆਂ ਨੂੰ ਭਾਰਤ ਦੀ ਦੇਣ ਹੈ ਤੇ ਇਸ ਦੇ ਸਭ ਤੋਂ ਪੁਰਾਣੇ ਪ੍ਰਮਾਣ ਭਰਰੂਤ, ਭਜਾ, ਬੋਧਗਯਾ, ਸਾਂਚੀ, ਮਥੁਰਾ ਅਤੇ ਮਹਾਂਬਲੀਪੁਰਮ ਸਥਾਨਾਂ ਦੇ ਪੱਥਰ ਚਿੱਤਰਾਂ ਅਤੇ ਮੂਰਤੀਆਂ ਤੋਂ ਪੁਰਾਤੱਤਵ ਵਿਭਾਗ ਨੇ ਖੋਜੇ ਹਨ।ਬਸਤਰ ਇਤਿਹਾਸ ਦੇ ਮਹਾਨ ਖੋਜੀ ਡਾ. ਜੀ.ਐੱਸ. ਗੁਰੀਆ ਅਨੁਸਾਰ ਹਿੰਦੁਸਤਾਨੀ ਇਸਤ੍ਰੀਆਂ ਵੀ ਮਰਦਾਂ ਵਾਂਗ ਸਿਰ ਤੇ ਪੱਗੜੀਆਂ ਬੰਨ੍ਹਦੀਆਂ ਸਨ ਭਾਵੇਂ ਕਿ ਉਨ੍ਹਾਂ ਦਾ ਪੱਗੜੀ ਢੰਗ ਵੱਖਰਾ ਹੁੰਦਾ ਸੀ। ਬਾਨ ਭੱਟ ਦੀ ਕ੍ਰਿਤ ‘ਕਦੰਬਰੀ’ ਵਿੱਚ ਵੀ ਦਸਤਾਰ ਦਾ ਉਲੇਖ ਹੈੇ।
ਦਸਤਾਰ ਫ਼ਾਰਸੀ ਦਾ ਲਫ਼ਜ ਹੈ, ਜਿਸਦਾ ਭਾਵ ਹੈ ਹੱਥਾਂ ਨਾਲ ਸੰਵਾਰਕੇ ਬੰਨ੍ਹਿਆ ਹੋਇਆ ਬਸਤਰ। ਦਸਤਾਰ ਲਈ ਬਹੁਤ ਸਾਰੇ ਨਾਂਅ ਵੱਖਵੱਖ ਜ਼ੁੁਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ ਜਿਵੇਂ ਇਮਾਮਾ, ਪੱਗ, ਸਾਫ਼ਾ, ਚਮਲਾ, ਚੀਰਾ, ਦੁਲਬੰਦ, ਉਸ਼ਣੀਕ, ਟਰਬਨ, ਤੁਰਬਾਂਤੇ, ਆਦਿ। ਪੱਗ ਨੂੰ ਪੰਜਾਬੀ ਵਿੱਚ ਸਾਫ਼ਾ, ਪੱਗੜੀ ਜਾਂ ਦਸਤਾਰ ਆਖਿਆ ਜਾਂਦਾ ਹੈ। ਫ਼ਾਰਸੀ ਵਿੱਚ ਦੁਲਬੰਦ , ਤੁਰਕੀ ਵਿੱਚ ਤਾਰਬੁਸ਼, ਆਖਿਆ ਜਾਂਦਾ ਹੈ। ਅਸਲ ਵਿੱਚ ਪੰਜਾਬੀ ਦਾ ਸ਼ਬਦ ਦਸ਼ਤਾਰ, ਦੁਲਬੰਦ ਤੋਂ ਅਤੇ ਦੁਲਬੰਦ, ਤਾਰਬੁਸ਼ ਤੋਂ ਪੈਦਾ ਹੋਇਆ ਹੈ। ਇਸ ਨੂੰ ਅੰਗਰੇਜ਼ੀ ਵਿੱਚ ਟਰਬਨ, ਫ਼ਰਾਂਸੀਸੀ ਵਿੱਚ ਟਬੰਦ, ਜਰਮਨੀ, ਸਪੇਨ, ਪੁਰਤਗੇਜ਼ੀ ਇਤਾਲਵੀ ਵਿੱਚ ਟਰਬਾਂਦੇ, ਰੁਮਾਨੀ ਵਿੱਚ ਤੂਲੀਪਾਨ, ਇਰਾਨੀ ਵਿੱਚ ਸੁਰਬੰਦ, ਅਤੇ ਮਲਾਈ ਵਿੱਚ ਸਰਬਾਨ ਆਖਿਆ ਜਾਂਦਾ ਹੈ। ਸੋ ਦਸਤਾਰ ਨੂੰ ਵੱਖਵੱਖ ਦੇਸ਼ਾਂ ਵਿੱਚ ਵੱਖਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ।
ਸਿੱਖ ਧਰਮ ਤੋਂ ਬਿਨਾਂ ਹੋਰ ਬਹੁਤ ਸਾਰੇ ਧਰਮਾਂ ਵਿੱਚ ਦਸਤਾਰ ਸਜਾਉਣ ਦਾ ਰਿਵਾਜ ਹੈ, ਧਾਰਮਿਕ ਅਤੇ ਸਮਾਜਿਕ ਪੱਖ ਤੋਂ ਮਹੱਤਵਪੂਰਨ ਵੀ ਮੰਨੀ ਜਾਂਦੀ ਹੈ। ਸੰਸਾਰ ਦੇ ਮੁੱਖ ਧਰਮਾਂ ਵਿੱਚ ਪ੍ਰਭੂ ਦਰਬਾਰ ਵਿੱਚ ਹਾਜ਼ਰੀ ਸਮੇਂ ਸਿਰ ਉੱਪਰ ਦਸਤਾਰ ਸਜਾਉਣਾ ਜ਼ਰੂਰੀ ਸਮਝਿਆ ਗਿਆ ਹੈ। ਬਾਕੀ ਧਰਮਾਂ ਨਾਲੋਂ ਸਭ ਤੋਂ ਪਹਿਲਾਂ ਇਸਲਾਮ ਧਰਮ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਸਲਾਮ ਧਰਮ ਵਿੱਚ ਨਮਾਜ਼ ਅਦਾ ਕਰਨ ਸਮੇਂ ਸਿਰ ਤੇ ਬਸਤਰ ਹੋਣਾ ਜ਼ਰੂਰੀ ਹੈ। ਹਜ਼ਰਤ ਮੁਹੰਮਦ ਸਾਹਿਬ ਆਪ ਖੁਦ ਪੱਗ ਬੰਨ੍ਹਦੇ ਹੀ ਨਹੀਂ ਸਨ ਸਗੋਂ ਪੱਗਾਂ ਦਾ ਵਪਾਰ ਵੀ ਕਰਦੇ ਸਨ। ਅਰਬ ਦੇਸ਼ਾਂ ਦੇ ਮੁਸਲਮਾਨ ਦਸਤਾਰ ਨੂੰ ਤਾਜ਼ ਕਹਿੰਦੇ ਹਨ। ਕਈ ਮੁਸਲਮਾਨ ਜਦੋਂ ਆਪਣੇ ਬਾਦਸ਼ਾਹਾਂ ਨੂੰ ਦਫ਼ਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਕਬਰਾਂ ਵਿੱਚ ਪੱਗਾਂ ਵੀ ਰੱਖੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਮੁਸਲਮਾਨ ਨੇਤਾ ਅੱਜ ਵੀ ਪੱਗ ਬੰਨ੍ਹਦੇ ਹਨ। ਜਦੋਂ ਮੁਸਲਮਾਨ ਹੱਜ ‘ਤੇ ਜਾਂਦੇ ਤਾਂ ਪੱਗ ਬੰਨ੍ਹ ਕੇ ਜਾਣਾ ਉਹ ਚੰਗਾ ਸਮਝਦੇ ਹਨ। ‘ਇਨਸਾਈਕਲੋਪੀਡੀਆ ਆੱਫ਼ ਇਸਲਾਮ’ ਸਫ਼ਾ 94 (94) ਅਨੁਸਾਰ ਤੁਰਕੀ, ਸੀਰੀਆ, ਮਿਸਰ ਆਦਿ ਦੇਸ਼ਾਂ ਵਿੱਚ ਪੱਗ ਦਾ ਬਹੁਤ ਸਤਿਕਾਰ ਸੀ। ਵਿਸ਼ਵ ਬੁੱਕ ‘ਇਨਸਾਈਕਲੋਪੀਡੀਆ’ ਭਾਗ 14 ਦੇ ਅਨੁਸਾਰ : ਇੱਕ ਤੁਰਕੀ ਦਾ ਸੁਲਤਾਨ ਪੱਗ ਉੱਪਰ ਸਾਰਸ ਦੇ ਤਿੰਨ ਖੰਭ ਲਾਉਂਦਾ ਸੀ ਅਤੇ ਕੀਮਤੀ ਹੀਰੇ ਸਜਾਉਂਦਾ ਸੀ। ਉਸਦੇ ਸ਼ਾਹੀ ਵਜ਼ੀਰ ਦੋ ਖੰਭ ਜਦਕਿ ਸਧਾਰਨ ਸਰਕਾਰੀ ਅਫ਼ਸਰ ਸਿਰਫ਼ ਇੱਕ ਖੰਭ ਲਗਾਉਂਦੇ ਸਨ।
ਇਸਾਈ ਧਰਮ ਦੀ ਧਾਰਮਿਕ ਪੁਸਤਕ ‘ਬਾਈਬਲ’ ਵਿੱਚ ਪੱਗ ਬੰਨ੍ਹਣ ਦਾ ਜ਼ਿਕਰ ਅਨੇਕਾਂ ਵਾਰ ਆਉਂਦਾ ਹੈ, ਜਿਸ ਤੋਂ ਜ਼ਾਹਰ ਹੈ ਕਿ ਈਸਾ ਮਸੀਹ ਤੋਂ 1300 ਸਾਲ ਪਹਿਲਾਂ ਤੋਂ ਯਹੂਦੀ ਤੇ ਈਸਰਾਈਲੀ ਲੋਕ ਪੱਗਾਂ ਸਜਾਉਂਦੇ ਸਨ ਅਤੇ ਅਜਿਹਾ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਸੀ। ਦਸਤਾਰ ਯਹੂਦੀ ਪਾਦਰੀਆਂ ਦੀ ਯੂਨੀਫਾਰਮ ਦਾ ਇੱਕ ਅਹਿਮ ਹਿੱਸਾ ਸੀ, ਜਿਸ ਦਾ ਜ਼ਿਕਰ ਯਹੂਦੀਆਂ ਤੇ ਇਸਾਈਆਂ ਦੀ ਧਰਮ ਪੁਸਤਕ ‘ਬਾਈਬਲ’ ਵਿੱਚ ਮਿਲਦਾ ਹੈ ਕਿ ਮਨੁੱਖ ਨੂੰ ਮਲਮਲ ਦੀ ਦਸਤਾਰ ਸਜਾ ਕੇ ਦਰਬਾਰ ਵਿੱਚ ਜਾਣਾ ਚਾਹੀਦਾ ਹੈ। ਬਾਈਬਲ ਦੀ ਪੋਥੀ ‘ਕੂਚ’ ਦੇ 28 ਨੰ: ਪੰਨੇ ‘ਤੇ ਅੰਕਿਤ ਹੈ : ਤੂੰ ਆਪਣੇ ਭਰਾ ਲਈ ਪੁਰੋਹਿਤਾਈ ਦੇ ਕੱਪੜੇ ਬਣਾ ਜੋ ਵੇਖਣ ਵਿੱਚ ਗੌਰਵਸ਼ਾਲੀ ਅਤੇ ਸੁੰਦਰ ਹੋਣ…. ਉਹ ਕੱਪੜੇ ਇਹ ਹਨ ;ਛਾਤੀ ਤੇ ਬੰਨ੍ਹਣ ਵਾਲਾ ਇੱਕ ਪਟਕਾ , ਇੱਕ ਟਿਊਨਿਕ, ਇੱਕ ਕੱਢਿਆ ਹੋਇਆ ਕੁੜਤਾ, ਇੱਕ ਪੱਗੜੀ ਅਤੇ ਇੱਕ ਲੱਕ ਦੁਆਲੇ ਬੰਨ੍ਹਣ ਵਾਲੀ ਪੇਟੀ…..।ਇਸਾਈ ਧਰਮ ਵਿੱਚ ਬਪਤਿਸਮੇਂ, ਰਾਜਗੱਦੀ ਸਮੇਂ ਅਤੇ ਹੋਰ ਅਜਿਹੀਆਂ ਰਸਮਾਂ ਸਮੇਂ ਪੱਗ ਬੰਨ੍ਹਣੀ ਲਾਜ਼ਮੀ ਸੀ। ਬਾਈਬਲ ਵਿੱਚ ਜ਼ਿਕਰ ਹੈ ਕਿ ਬੇਬੀਲੋਨੀਆ ਦੇ ਜੁਆਨਾਂ ਦੀਆ ਦਾੜ੍ਹੀਆਂ ਅਤੇ ਪੱਗਾਂ ਨਾਲ ਸਜੀਆਂ ਸਖ਼ਸ਼ੀਅਤਾਂ ਦੇ ਕੰਧਚਿੱਤਰ ਜਦ ਦੂਰ ਬੈਠੀਆਂ ਇਸਤਰੀਆਂ ਨੇ ਦੇਖੇ ਤਾਂ ਉਹ ਮੰਤਰ ਮੁਗਧ ਹੋ ਗਈਆਂ।
ਹਿੰਦੂ ਧਰਮ ਵਿੱਚ ਵੀ ਧਾਰਮਿਕ ਰਸਮਾਂ ਸਮੇਂ ਸਿਰ ਉੱਪਰ ਦਸਤਾਰ ਦਾ ਹੋਣਾ ਜ਼ਰੂਰੀ ਸੀ ਜਿਵੇਂ ਕਿ ਪਿਤਾ ਦੇ ਮਰਨ ਤੋਂ ਬਾਅਦ ਘਰ ਦੇ ਵੱਡੇ ਪੁੱਤਰ ਨੂੰ ਪੱਗ ਬੰਨ੍ਹਣ ਦੀ ਰਸਮ ਕੀਤੀ ਜਾਂਦੀ ਸੀ। ਜਦੋਂ ਵੀ ਕਿਸੇ ਹਿੰਦੂ ਪਰਿਵਾਰ ਵਿੱਚ ਵਿਆਹ ਹੁੰਦਾ ਤਾਂ ਲਾੜੇ ਦੇ ਸਿਰ ਤੇ ਪੱਗ ਜ਼ਰੂਰ ਸਜਾਈ ਜਾਂਦੀ ਸੀ (ਬੇਸ਼ੱਕ ਹੁਣ ਇਹ ਟੋਪੀ ਦੀ ਤਰ੍ਹਾਂ ਹੀ ਰਹਿ ਗਈ ਹੈ)। ਇਸ ਸ਼ੁਭ ਅਵਸਰ ਤੇ ਹੋਰ ਪ੍ਰਮੁੱਖ ਰਿਸ਼ਤੇਦਾਰ ਵੀ ਪੱਗ ਬੰਨ੍ਹਣੀ ਜ਼ਰੂਰੀ ਸਮਝਦੇ ਸਨ। ਰਿਗਵੇਦ ਦੇ ਜ਼ਮਾਨੇ ਵਿੱਚ ਵੀ ਯੱਗਪੂਜਾ ਸਮੇਂ ਵੱਖਵੱਖ ਰੰਗਾਂ ਦੇ ਸਿਰ ਪਹਿਰਾਵੇ ਦਾ ਜ਼ਿਕਰ ਮਿਲਦਾ ਹੈ।ਜਿਸ ਨੂੰ ਸੰਸਕ੍ਰਿਤ ਵਿੱਚ ਸ਼ਿਰੋਸਤਾਰਾ ਕਹਿੰਦੇ ਹਨ।
ਸਿੱਖ ਧਰਮ ਵਿੱਚ ਵੀ ਦਸਤਾਰ ਦੇ ਸਤਿਕਾਰ ਦੀ ਕਹਾਣੀ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ।ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪਾਂਧੇ ਪਾਸ ਪੜ੍ਹਨ ਲਈ ਭੇਜਿਆ ਤਾਂ ਉਸ ਸਮੇਂ ਵੀ ਗੁਰੂ ਸਾਹਿਬ ਦੇ ਸਿਰ ਉੱਪਰ ਸੁੰਦਰ ਦਸਤਾਰ ਸਜਾਈ ਹੋਈ ਸੀ। ਇਸ ਬਾਰੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ‘ਸ੍ਰੀ ਨਾਨਕ ਪ੍ਰਕਾਸ਼’ ਵਿੱਚ ਜ਼ਿਕਰ ਕੀਤਾ ਹੈ ਕਿ:
‘ਜਲ ਲੋਚਣ ਕੰਜ ਬਿਸਾਲ ਭਲੇ ਸਿਰ ਪੈ ਉਸਨੀਕਹਿ ਨੀਕ ਬਨ੍ਹਾਇ।
ਚਟਸਾਰ ਜਹਾਂ ਅਤਿ ਚਾਰ ਬਨੀ ਬਹੁ ਬਾਰਿਕ ਬਾਰਹਿ ਬਾਰ ਅਲਾਈ।’
ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਗੁਰੂ ਅਮਰਦਾਸ ਜੀ ਜੁਟੇ ਰਹਿੰਦੇ, ਗੁਰੂ ਜੀ ਸਾਲ ਬਾਅਦ ਦਸਤਾਰ ਦਾ ਸਿਰਪਾਉ ਦਿੰਦੇ ਸਨ। ਸ਼ਾਹ ਜਹਾਂਗੀਰ ਦੇ ਮੁਕਾਬਲੇ ‘ਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰੀ ਢਾਡੀ ਅਬਦੁੱਲੇ ਨੇ ਉਨ੍ਹਾਂ ਦੀ ਪੱਗੜੀ ਨੂੰ ਸੋਹਣੇ ਬੰਧੇਜ ਦੀ ਨਿਸ਼ਾਨੀ ਸਮਝ ਕੇ ਇਨ੍ਹਾਂ ਸ਼ਬਦਾਂ ਨਾਲ ਸਲਾਹਿਆ ਹੈ :
‘ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।…………
ਪੱਗ ਤੇਰੀ, ਕੀ ਜਹਾਂਗੀਰ ਦੀ।’
1699 ਈ: ਵਿੱਚ ਜਦ ਖਾਲਸਾ ਪੰਥ ਸਾਜਿਆ ਤਾਂ ਰਹਿਤਨਾਮਿਆਂ ਅਨੁਸਾਰ ਦਸਤਾਰ ਸਿੱਖ ਪੰਥ ਦਾ ਇੱਕ ਲਾਜ਼ਮੀ ਅੰਗ ਕਰਾਰ ਦਿੱਤੀ ਗਈ ਤੇ ਹੁਕਮ ਦਿੱਤਾ ਕਿ ਜੋ ਸਿੱਖ ਦਸਤਾਰਹੀਨ ਅਥਵਾ ਨੰਗੇ ਸਿਰ ਰਹੇ ਸੋ ਤਨਖਾਹੀਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਬਤ ਸੂਰਤਿ ਦਸਤਾਰ ਸਿਰਾ ਕਹਿ ਕੇ ਦਸਤਾਰ ਦੀ ਮਹਿਮਾ ਕੀਤੀ ਗਈ ਹੈ।
‘ਇਨਸਾਈਕਲੋਪੀਡੀਆ ਆੱਫ਼ ਬਰਟੈਨਿਕਾ’ ਹਿਦੁਸਤਾਨੀ ਪੱਗ ਦੀ ਗੱਲ ਕਰਦਿਆਂ ਕਈ ਪੱਗ ਸਟਾਇਲਾਂ ਦਾ ਜ਼ਿਕਰ ਕਰਦਾ ਹੈ। ਪੱਗ ਬੰਨ੍ਹਣ ਦੇ ਢੰਗ ਅਨੁਸਾਰ ਇਸ ਨੂੰ ਵਿਸ਼ੇਸ਼ ਨਾਂਅ ਦਿੱਤਾ ਗਿਆ ਹੈ। ਪੱਗ ਅਰਬੀ, ਮਨਸਵੀ, ਮੁਸੈਖੀ, ਚਕਰੀਦਾਰ, ਖਿੜਕੀਦਾਰ, ਲਾਟੂਦਾਰ, ਜੋੜੀਦਾਰ, ਸਿਪਰਾਲੀ, ਮੁੜੱਸਾ, ਅਤੇ ਲਟਾਪਟੀ ਵੀ ਹੋ ਸਕਦੀ ਹੈ। ਇੱਕ ਅੰਗਰੇਜ਼ ਵਿਦਵਾਨ ਅਨੁਸਾਰ ਪੂਰਬੀ ਮੁਲਕਾਂ ਵਿੱਚ ਪੱਗ ਬੰਨ੍ਹਣ ਦੇ ਘੱਟੋਘੱਟ ਇੱਕ ਹਜ਼ਾਰ (1000) ਸਟਾਇਲ ਹਨ।
ਦਸਤਾਰ ਹਰ ਵਿਅਕਤੀ ਦੀ ਇੱਜ਼ਤ ਹੁੰਦੀ ਹੈ, ਜਿਸ ਦੇ ਸਿਰ ਉੱਤੇ ਪੱਗ ਨਹੀਂ ਉਸ ਦੀ ਇੱਜ਼ਤ ਵੀ ਨਹੀਂ। ਇਸ ਗੱਲ ਦਾ ਪ੍ਰਮਾਣ ਸਾਡੇ ਅਮੀਰ ਸੱਭਿਆਚਾਰ ਵਿੱਚੋਂ ਵੀ ਮਿਲਦਾ ਹੈ, ਜਿਵੇਂ ਕੁੱਝ ਮੁਹਾਵਰੇ ਸੁਣਨ ਵਿੱਚ ਆਉਂਦੇ ਹਨ : ਮੇਰੀ ਪੱਗ ਨਾ ਰੋਲੀਂ, ਪੱਗ ਤੇ ਦਾਗ਼ ਨਾ ਲੱਗਣ ਦੇਵੀਂ, ਪੱਗ ਦੀ ਲਾਜ਼ ਰੱਖੀਂ, ਪੱਗ ਨਾ ਲਹਿਣ ਦੇਈਂ ਆਦਿ। ਪੈਰਾਂ ਵਿੱਚ ਪੱਗ ਰੱਖਣ ਨੂੰ ਮੁਆਫ਼ੀ ਮੰਗਣ ਦਾ ਅਹਿਸਾਸ ਸਮਝਿਆ ਜਾਂਦਾ ਹੈ। ਸਿਰ ਤੇ ਪੱਗ ਰੱਖਣ ਨੂੰ ਇੱਜ਼ਤ ਰੱਖੀ ਸਮਝਿਆ ਜਾਂਦਾ ਹੈ। ਇੱਕ ਪ੍ਰਸਿੱਧ ਗੀਤ ਜੋ ਕਵੀ ਲਾਲਾ ਬਾਂਕੇ ਦਿਆਲ ਨੇ ਲਿਖਿਆ ‘ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਉਏ’। ਇਸ ਗੀਤ ਤੋਂ ਪੱਗ ਇੱਜ਼ਤ ਜਾਂ ਸਰਦਾਰੀ ਦੇ ਪ੍ਰਤੀਕ ਹੋਣ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ। ਇੱਕ ਪੁਰਾਣਾ ਅਖਾਣ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਪਹਿਚਾਣ ਕਰਨੀ ਹੋਵੇ ਤਾਂ ਉਸ ਵਿਅਕਤੀ ਦੀ ਪਹਿਚਾਣ ਰਫ਼ਤਾਰ ,ਗੁਫ਼ਤਾਰ ਅਤੇ ਦਸਤਾਰ ਤੋਂ ਕੀਤੀ ਜਾ ਸਕਦੀ ਹੈ।
ਉਪਰੋਕਤ ਤੋਂ ਸ਼ਪੱਸ਼ਟ ਹੈ ਕਿ ਦਸਤਾਰ (ਪੱਗ) ਸਦਾ ਹੀ ਇੱਜ਼ਤ ਸਤਿਕਾਰ ਤੇ ਭਰੇੋਸੇ ਦਾ ਚਿੰਨ੍ਹ ਹੈ। ਸ਼ੇਖ ਸ਼ਾਅਦੀ ਈਰਾਨ ਦਾ ਮੁਖੀ ਸਾਹਿਤਕਾਰ ਪੱਗ ਨੂੰ ਕੇਵਲ ਲਿਬਾਸ ਦਾ ਪ੍ਰਤੀਕ ਹੀ ਨਹੀਂ ਮੰਨਦਾ ਸਗੋਂ ਚੰਗੇਮੰਦੇ ਆਚਰਣ ਦੇ ਅੰਦਾਜ਼ੇ ਦਾ ਇੱਕ ਪੱਖ ਵੀ ਨਿਯਤ ਕਰਦਾ ਹੈ:
‘ਮਰਦੁਮ ਰਾ ਮੇ ਸ਼ਨਾਸ੍ਵਦ ਅਜ਼, ਰਫ਼ਤਾਰੋ ਗੁਫ਼ਤਾਰੋ ਦਸਤਾਰ।’
ਪੰਜਾਬੀ ਦੇ ਮੋਢੀ ਕਿੱਸਾਕਾਰ ਦਮੋਦਰ ਨੇ ਆਪਣੀ ‘ਹੀਰ’ ਵਿੱਚ ਵੀ ਪੱਗ ਦਾ ਜ਼ਿਕਰ ਕੀਤਾ ਹੈ:
‘ਜਣੇ ਖਣੇ ਨੂੰ ਪੱਗੜੀ, ਮੰਗਤੇ ਇੱਕ ਇੱਕ ਖੇਸ ਦਿਵਾਏ।’
ਕਵੀ ਨਜ਼ਾਵਤ ਨੇ ‘ਨਾਦਰ ਸ਼ਾਹ ਦੀ ਵਾਰ’ ਵਿੱਚ ਵੀ ਪੱਗ ਦਾ ਉਲੇਖ ਕੀਤਾ ਹੈ:
‘ਜਿਨ੍ਹਾਂ ਨੁੰ ਪੱਗ ਦਾੜ੍ਹੀ ਦੀ ਸ਼ਰਮ ਹੈ, ਲੱਜ ਮਾਤ ਪਿਤਾ ਦੀ।
ਦਿੱਤਾ ਗੁਸਲ ਫਰਿਸ਼ਤਿਆਂ, ਭੱਜ ਰਲੇ ਜਨਾਜੀ।’
ਅੰਤ ਵਿੱਚ ਅਸੀਂ ਇਸ ਆਖ ਸਕਦੇ ਹਾਂ ਕਿ ਦਸਤਾਰ ਪੰਜਾਬੀਆਂ ਦੇ ਸੱਭਿਆਚਾਰ ਅਤੇ ਵਿਰਸੇ ਦਾ ਅੰਗ ਹੁੰਦੀ ਹੋਈ ਸ਼ਾਨ ਦਾ ਪ੍ਰਤੀਕ ਹੈ। ਇਹ ਸਿੱਖਾਂ ਲਈ ਜਿੱਥੇ ਖਾਸ ਮਹੱਤਵ ਰੱਖਦੀ ਹੈ, ਉਥੇ ਹੋਰਨਾਂ ਧਰਮਾਂ ਵਿੱਚ ਵੀ ਇਸਦਾ ਆਪਣਾ ਸਥਾਨ ਹੈ, ਪਰ ਹੌਲੀਹੌਲੀ ਸਮਾਂ ਬੀਤਣ ਨਾਲ ਕਈ ਇਸਦੇ ਮਹੱਤਵ ਨੂੰ ਭੁੱਲ ਗਏ ਅਤੇ ਕਈ ਧਰਮਾਂ ਤੇ ਕੌਮਾਂ ਵਿੱਚ ਇਹ ਕੇਵਲ ਰਸਮ ਜਾਂ ਮਜ਼ਬੂਰੀ ਬਣ ਕੇ ਹੀ ਰਹਿ ਗਈ।

ਅਮਨਦੀਪ ਸਿੰਘ
ਮੋ. 8146715791

Share Button

Leave a Reply

Your email address will not be published. Required fields are marked *