ਦਲਿਤ ਸਾਬਕਾ ਫੌਜੀ ਦਾ ਪਟਰੌਲ ਪੰਪ ਸ਼ਾਤਰ ਧਨਕੁਬੇਰ ਨੇ ਕੀਤਾ ਕਬਜੇ ਵਿੱਚ

ਦਲਿਤ ਸਾਬਕਾ ਫੌਜੀ ਦਾ ਪਟਰੌਲ ਪੰਪ ਸ਼ਾਤਰ ਧਨਕੁਬੇਰ ਨੇ ਕੀਤਾ ਕਬਜੇ ਵਿੱਚ
ਮਾਮਲਾ ਐਸ ਸੀ ਐਸ ਟੀ ਕਮਿਸਨ ਦੀ ਸੁਣਵਾਈ ਅਧੀਨ

ਬਠਿੰਡਾ 6 ਦਸੰਬਰ (ਪਰਵਿੰਦਰ ਜੀਤ ਸਿੰਘ) ਇਹ ਨਿਯਮਾਂ ਦੇ ਨਾਂ ਹੇਠ ਤੇਲ ਕੰਪਨੀਆਂ ਵੱਲੋਂ ਵਛਾਏ ਤੰਦੂਏ ਜਾਲ ਦਾ ਹੀ ਨਤੀਜਾ ਹੈ ਕਿ ਆਰਥਿਕ ਤੌਰ ਤੇ ਕਮਜੋਰ ਉਹ ਲੋਕ ਸ਼ਾਤਰ ਧਨਕੁਬੇਰਾਂ ਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ, ਦਲਿਤ ਕੋਟੇ ਅਧੀਨ ਜਿਹਨਾਂ ਨੂੰ ਪਟਰੌਲ ਪੰਪ ਅਲਾਟ ਹੁੰਦੇ ਹਨ।

         ਕੈਂਸਰ ਤੋਂ ਵੀ ਭੈੜੀ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਸਾਬਕਾ ਫੌਜੀ ਸੁਖਦਰਸਨ ਸਿੰਘ ਨੇ ਦੱਸਿਆ ਕਿ 2001 ਵਿੱਚ ਭਾਰਤ ਆਟੋ ਕੇਅਰ ਦੇ ਨਾਂ ਹੇਠ ਇਸ ਸ਼ਹਿਰ ਦੀ ਫਿਰਨੀ ਤੇ ਸਥਿਤ ਪਿੰਡ ਫੂਸਮੰਡੀ ਵਿਖੇ ਜੀ ਟੀ ਰੋਡ ਉੱਪਰ ਇੰਡੀਅਨ ਆਇਲ ਕਾਰਪੋਰੇਸਨ ਲਿਮ: ਨੇ ਇੱਕ ਪਟਰੌਲ ਪੰਪ ਅਲਾਟ ਕੀਤਾ ਸੀ। ਆਰਥਿਕ ਕਮਜੋਰੀ ਦੇ ਚਲਦਿਆਂ ਇਸ ਪੰਪ ਨੂੰ ਚਲਦਾ ਰੱਖਣ ਲਈ ਉਹ ਕਿਸੇ ਹਿੱਸੇਦਾਰ ਦੀ ਤਲਾਸ ਵਿੱਚ ਸੀ, ਕਿ ਬਠਿੰਡਾ ਕਚਿਹਰੀ ਵਿੱਚ ਤਾਇਨਾਤ ਜੀਤ ਸਿੰਘ ਨਾਂ ਦੇ ਇੱਕ ਜੁਡੀਸੀਅਲ ਕਰਮਚਾਰੀ ਨੇ ਉਸ ਨਾਲ ਆ ਸੰਪਰਕ ਕੀਤਾ।

        ਆਪਣੀ ਗੱਲਬਾਤ ਦੀ ਕਲਾ ਨਾਲ ਜੀਤ ਸਿੰਘ ਨੇ ਉਸਨੂੰ ਇਸ ਕਦਰ ਪ੍ਰਭਾਵਿਤ ਕਰ ਲਿਆ, ਕਿ ਮਾਰਚ 2011 ਵਿੱਚ ਉਹ ਉਸਦੀ ਪਤਨੀ ਕਮਲਾ ਦੇਵੀ ਜੋ ਜਨਰਲ ਸ੍ਰੈਣੀ ਨਾਲ ਸਬੰਧਤ ਹੈ, ਨੂੰ ਇਸ ਪਟਰੌਲ ਪੰਪ ਵਿੱਚ 25 ਫੀਸਦੀ ਦੀ ਹਿੱਸੇਦਾਰ ਬਣਾਉਣ ਦੀ ਗਲਤੀ ਕਰ ਬੈਠਾ। ਕਾਗਜੀ ਪੱਤਰੀਂ ਭਾਵੇਂ ਕਮਲਾ ਦੇਵੀ ਹਿੱਸੇਦਾਰ ਹੈ, ਲੇਕਿਨ ਆਪਣੀ ਪਤਨੀ ਦੇ ਨਾਂ ਹੇਠ ਸਾਰਾ ਕਾਰੋਬਾਰ ਖੁਦ ਜੀਤ ਸਿੰਘ ਹੀ ਕੰਟਰੌਲ ਕਰਦਾ ਹੈ। ਸੁਖਦਰਸਨ ਸਿੰਘ ਦੇ ਦੋਸ਼ ਅਨੁਸਾਰ ਭਾਵੇਂ ਉਹ ਪਟਰੌਲ ਪੰਪ ਦਾ 75 ਫੀਸਦੀ ਹਿੱਸੇਦਾਰ ਹੈ, ਲੇਕਿਨ ਜੀਤ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਮਿਲ ਕੇ ਉਸਨੂੰ ਅਮਲੀ ਤੌਰ ਤੇ ਬੇਦਖਲ ਕਰ ਦਿੱਤਾ।

         ਸੁਖਦਰਸਨ ਅਨੁਸਾਰ ਆਪਣੇ ਨਾਲ ਹੋਈ ਇਸ ਬੇਇਨਸਾਫੀ ਨੂੰ ਦੂਰ ਕਰਵਾਉਣ ਵਾਸਤੇ ਉਸਨੇ ਬਠਿੰਡਾ ਦੀ ਸਿਵਲ ਕੋਰਟ ਵਿਖੇ ਨਵੰਬਰ 2013 ਵਿੱਚ ਇੱਕ ਦਾਅਵਾ ਦਾਇਰ ਕਰ ਦਿੱਤਾ। ਪੰਚਾਇਤੀ ਤੌਰ ਤੇ ਹੋਏ ਸਮਝੌਤੇ ਤਹਿਤ ਜੀਤ ਸਿੰਘ ਵੱਲੋਂ ਕੀਤੇ ਇਸ ਵਾਅਦੇ ਕਿ ਬਕਾਏ ਸਮੇਤ ਉਹ ਉਸਨੂੰ ਕਮਾਈ ਦਾ ਬਣਦਾ ਹਿੱਸਾ 75 ਫੀਸਦੀ ਲਗਾਤਾਰ ਦੇਣ ਦਾ ਪਾਬੰਦ ਹੋਵੇਗਾ, ਤਾਂ ਸੁਖਦਰਸਨ ਉਸ ਵੇਲੇ ਫਿਰ ਧੋਖੇ ਦਾ ਸ਼ਿਕਾਰ ਹੋ ਗਿਆ, ਜਦ ਆਪਣਾ ਕੇਸ ਵਾਪਸ ਲੈ ਲਿਆ। ਇਹ ਦੋਸ਼ ਲਾਉਂਦਿਆਂ ਸੁਖਦਰਸਨ ਨੇ ਅਗਸਤ 2015 ਵਿੱਚ ਐਸ ਐਸ ਪੀ ਬਠਿੰਡਾ ਨੂੰ ਇੱਕ ਲਿਖਤੀ ਸਿਕਾਇਤ ਪੇਸ ਕਰ ਦਿੱਤੀ, ਕਿ ਜੀਤ ਸਿੰਘ ਨੇ ਅਮਲੀ ਤੌਰ ਤੇ ਨਾ ਸਿਰਫ ਉਸਦੇ ਪਟਰੌਲ ਪੰਪ ਤੇ ਕਬਜਾ ਜਮਾ ਲਿਆ ਹੈ, ਬਲਕਿ ਉਹ ਪ੍ਰਾਰਥੀ ਪ੍ਰਤੀ ਜਾਤੀ ਸੂਚਕ ਸ਼ਬਦਾਵਲੀ ਵੀ ਇਸਤੇਮਾਲ ਕਰਦਾ ਹੈ।

          ਪੈਸੇ ਦੀ ਤਾਕਤ ਅਤੇ ਸ਼ਾਤਰਪੁਣੇ ਦੇ ਸਾਹਮਣੇ ਵਿਚਾਰਾ ਸੁਖਦਰਸਨ ਇੱਕ ਵਾਰ ਫਿਰ ਉਦੋਂ ਹਾਰ ਗਿਆ, ਜਦ ਪੁਲਿਸ ਨੇ ਇਸ ਟਿੱਪਣੀ ਨਾਲ ਉਸਦੀ ਸਿਕਾਇਤ ਦਾਖਲ ਦਫ਼ਤਰ ਕਰ ਦਿੱਤੀ, ਕਿ ਪਟਰੌਲ ਪੰਪ ਦਾ ਝਗੜਾ ਇੰਡੀਅਲ ਆਇਲ ਕੰਪਨੀ ਦੇ ਅਧਿਕਾਰ ਹੇਠਲਾ ਵਿਸ਼ਾ ਹੈ, ਜਦ ਕਿ ਜਾਤੀ ਸੂਚਕ ਅਪਰਾਧ ਸਾਬਤ ਨਹੀਂ ਹੁੰਦਾ। ਸੁਖਦਰਸਨ ਵੱਲੋਂ ਕੀਤੀ ਸਿਕਾਇਤ ਦੇ ਅਧਾਰ ਤੇ ਅਨੁਸੂਚਿਤ ਜਾਤੀ ਅਤੇ ਕਬੀਲਿਆਂ ਸਬੰਧੀ ਕੌਮੀ ਕਮਿਸਨ ਵੱਲੋਂ ਕੀਤੀ ਜਵਾਬ ਤਲਬੀ ਦੇ ਸਬੰਧ ਵਿੱਚ ਇੰਡੀਅਨ ਆਇਲ ਕੰਪਨੀ ਨੇ ਜੋ ਲਿਖਤੀ ਉੱਤਰ ਪੇਸ ਕੀਤਾ, ਉਸ ਮੁਤਾਬਿਕ ਪੰਜ ਸਾਲ ਦੀ ਮਿਥੀ ਹੋਈ ਸਮਾਂ ਸੀਮਾ ਤੋਂ ਪਹਿਲਾਂ ਦਲਿਤ ਕੈਟਾਗਰੀ ਅਧੀਨ ਅਲਾਟ ਹੋਏ ਕਿਸੇ ਵੀ ਪਟਰੌਲ ਪੰਪ ਦੇ 25 ਫੀਸਦੀ ਹਿੱਸੇਦਾਰ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਅਲੱਗ ਨਹੀਂ ਕੀਤਾ ਜਾ ਸਕਦਾ।

          ਕੰਪਨੀ ਦੇ ਇਸ ਦਾਅਵੇ ਖਿਲਾਫ ਸੁਖਦਰਸਨ ਵੱਲੋਂ ਦਾਇਰ ਕੀਤੇ ਇਤਰਾਜਾਂ ਦੀ ਸੁਣਵਾਈ ਲਈ ਅਨੁਸੂਚਿਤ ਜਾਤੀਆਂ ਸਬੰਧੀ ਕਮਿਸਨ ਨੇ ਇਸ ਵਰ੍ਹੇ ਦੀ 24 ਅਗਸਤ ਪੇਸੀ ਤਹਿ ਕੀਤੀ ਹੈ। ਦੂਜੇ ਪਾਸੇ ਲੋਕ ਜਨਸ਼ਕਤੀ ਪਾਰਟੀ ਦੇ ਸੁਬਾਈ ਪ੍ਰਧਾਨ ਸ੍ਰੀ ਕਿਰਨਜੀਤ ਸਿੰਘ ਗਹਿਰੀ ਨੇ ਐਸ ਸੀ ਐਸ ਟੀ ਕਮਿਸਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਨਿਸਚਿਤ ਕੀਤਾ ਜਾਵੇ ਕਿ ਧੋਖੇਬਾਜੀ ਦਾ ਸ਼ਿਕਾਰ ਹੋਣ ਤੇ ਦਲਿਤ ਕੈਟਾਗਰੀ ਦਾ ਕੋਈ ਵੀ ਪਟਰੌਲ ਪੰਪ ਮਾਲਕ ਆਪਣੇ ਹਿੱਸੇਦਾਰ ਨੂੰ ਅਲੱਗ ਕਰਨ ਦਾ ਹੱਕਦਾਰ ਹੋਵੇ।

Share Button

Leave a Reply

Your email address will not be published. Required fields are marked *

%d bloggers like this: