ਦਲਿਤ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ-ਬਾਦਲ

ss1

ਦਲਿਤ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ-ਬਾਦਲ
ਹੁਣ ਤੱਕ ਗਰੀਬਾਂ ਨੂੰ 3415 ਕਰੋੜ ਰੁਪਏ ਦੀ ਕਣਕ ਤੇ ਦਾਲ ਤੇ 900 ਕਰੋੜ ਦੀ ਬਿਜਲੀ ਮੁਫਤ ਮੁਹਈਆ ਕਰਵਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਬੀ ਹਲਕੇ ਦੇ ਕਿੱਲਿਆਂਵਾਲੀ ਵਿਖੇ ਦਲਿਤ ਚੇਤਨਾ ਰੈਲੀ

30-26 (3)
ਮਲੋਟ/ਲੰਬੀ, 30 ਅਗਸਤ (ਆਰਤੀ ਕਮਲ) : ਦਲਿਤ ਭਾਈਚਾਰੇ ਨੂੰ ਸ੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਗੁਰੂਆਂ ਦੀ ਫਿਲਾਸਫੀ ਦੇ ਮੁਤਾਬਿਕ ਅਕਾਲੀ ਦਲ ਵੀ ਹਮੇਸ਼ਾਂ ਹੀ ਦਲਿਤਾਂ ਦਾ ਮੁਦਈ ਰਿਹਾ ਹੈ ਅਤੇ ਅਕਾਲੀ ਦਲ-ਭਾਜਪਾ ਗਠਜੋੜ ਨੇ ਪਿਛਲੇ 10 ਸਾਲਾਂ ਦੌਰਾਨ ਦਲਿਤਾਂ ਦੀ ਭਲਈ ਲਈ ਇਤਿਹਾਸਕ ਕਦਮ ਪੁੱਟੇ ਹਨ।
ਅੱਜ ਸਥਾਨਿਕ ਅਨਾਜ ਮੰਡੀ ਵਿੱਚ ਵਿਸ਼ਾਲ ‘ਦਲਿਤ ਚੇਤਨਾ ਰੈਲੀ’ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਜਾਤ-ਪਾਤ, ਊਚ-ਨੀਚ ਦਾ ਖੰਡਨ ਕੀਤਾ ਹੈ ਅਤੇ ਅਕਾਲੀ ਦਲ ਨੇ ਹਮੇਸ਼ਾਂ ਹੀ ਇਸ ਵਿਚਾਰਧਾਰਾ ‘ਤੇ ਪਹਿਰਾ ਦਿੱਤਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਰਥਿਕ ਤੌਰ ‘ਤੇ ਕਮਜ਼ੋਰ ਤਬਕਿਆਂ ਅਤੇ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਤੇ ਪਹਿਰਾ ਦਿੰਦਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇੇ ਆਟਾ-ਦਾਲ ਸਕੀਮ ਸ਼ੁਰੂ ਕਰਨ ਲਈ ਦੇਸ਼ ਭਰ ਵਿੱਚ ਪਹਿਲਕਦਮੀ ਕੀਤੀ ਅਤੇ ਹੁਣ ਤੱਕ ਗਰੀਬਾਂ ਨੂੰ 3415 ਕਰੋੜ ਰੁਪਏ ਦੀ ਕਣਕ ਅਤੇ ਦਾਲ ਦਿੱਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਜੇ ਉਨਾਂ ਦੀ ਸਰਕਾਰ ਇਹ ਕਦਮ ਨਾ ਚੁੱਕਦੀ ਤਾਂ ਇਹ ਪੈਸਾ ਵੀ ਗਰੀਬ ਲੋਕਾਂ ਦੀਆਂ ਜੇਬਾਂ ਵਿੱਚੋਂ ਹੀ ਨਿਕਲਾ ਸੀ। ਉਨਾਂ ਕਿਹਾ ਕਿ ਹੁਣ ਦੁਨੀਆਂ ਭਰ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਕੋਈ ਪਰਿਵਾਰ ਭੁੱਖਾ ਨਹੀਂ ਸੌਂਦਾ ਅਤੇ ਅੱਜ ਪੰਜਾਬ ਦੇ ਇਕ ਕਰੋੜ 14 ਲੱਖ ਜੀਆਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਸ. ਬਾਦਲ ਨੇ ਗਰੀਬ ਲੋਕਾਂ ਲਈ ਸ਼ੁਰੂ ਕੀਤੀ ਸ਼ਗਨ ਸਕੀਮ ਦੇ ਸਬੰਧ ਵਿੱਚ ਕਿਹਾ ਕਿ ਇਹ ਸਕੀਮ ਵੀ ਸਭ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਸ਼ੁਰੂ ਕੀਤੀ। ਪਹਿਲਾਂ ਸਰਕਾਰ ਨੇ ਇਹ ਸਕੀਮ 5100 ਰੁਪਏ ਸ਼ਗਨ ਦੇ ਨਾਲ ਆਰੰਭ ਕੀਤੀ ਅਤੇ ਹੁਣ ਇਸ ਦੀ ਰਾਸ਼ੀ ਵਧਾ ਕੇ 15000 ਰੁਪਏ ਕਰ ਦਿੱਤੀ ਹੈ ਉਨਾਂ ਦੱਸਿਆ ਕਿ ਸ਼ਗਨ ਸਕੀਮ ਤਹਿਤ ਦਲਿਤ ਭਾਈਚਾਰਾ, ਮੁਸਲਿਮ ਭਾਈਚਾਰਾ, ਇਸਾਈ ਭਾਈਚਾਰਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਇਸ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸੇ ਤਰਾਂ ਹੀ ਸਮਾਜਿਕ ਸੁਰੱਖਿਆ ਦੇ ਹੇਠ ਦਿੱਤੀ ਜਾਂਦੀ ਪੈਨਸ਼ਨ ਦੀ ਰਾਸ਼ੀ 250 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ
ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਘਰੇਲੂ ਬਿਜਲੀ ਦੀ ਖਪਤ ਲਈ ਹਰ ਮਹੀਨੇ 200 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਸਕੀਮ ਲਾਗੂ ਹੋਣ ਤੋਂ ਬਾਅਦ ਦਲਿਤਾਂ ਨੂੰ ਹੁਣ ਤੱਕ 900 ਕਰੋੜ ਰੁਪਏ ਦੀ ਮੁਫਤ ਬਿਜਲੀ ਦਿੱਤੀ ਗਈ ਹੈ ਅਤੇ ਜੇ ਇਹ ਸਕੀਮ ਵੀ ਲਾਗੂ ਨਾ ਹੁੰਦੀ ਤਾਂ ਇਹ ਪੈਸਾ ਵੀ ਲੋਕਾਂ ਦੀ ਜੇਬ ਵਿੱਚੋਂ ਨਿਕਲਣਾ ਸੀ। ਉਨਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀਆਂ ਲਈ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਵਰਤੋਂ ਵਾਸਤੇ ਬਰਤਨ ਵੀ ਸਰਕਾਰ ਵੱਲੋਂ ਮੁਫਤ ਦਿੱਤੇ ਜਾਂਦੇ ਹਨ।
ਉਨਾਂ ਕਿਹਾ ਕਿ ਪਿਛਲੇ ਸਾਲ ਚਿੱਟੀ ਮੱਖੀ ਦੇ ਹਮਲੇ ਨਾਲ ਨੁਕਸਾਨੇ ਗਏ ਨਰਮੇ ਦੀ ਭਰਪਾਈ ਲਈ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਉਥੇ ਪਹਿਲੀ ਵਾਰ ਖੇਤ ਮਜ਼ਦੂਰਾਂ ਨੂੰ 64 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਇਸ ਤੋਂ ਪਹਿਲਾਂ ਫਸਲ ਦੇ ਨੁਕਸਾਨ ਲਈ ਕਿਸੇ ਨੇ ਵੀ ਖੇਤ ਮਜ਼ਦੂਰਾਂ ਨੂੰ ਮੁਆਵਜਾ ਨਹੀਂ ਦਿੱਤਾ ਸੀ। ਸ. ਬਾਦਲ ਨੇ ਅੱਗੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਹੇਠ 28 ਲੱਖ 90 ਹਜ਼ਾਰ ਨੀਲੇ ਕਾਰਡ ਧਾਰਕ ਪਰਿਵਾਰ ਨੂੰ ਬੀਮੇ ਦੀ ਸਹੂਲਤ ਮੁਹਈਆ ਕਰਵਾਈ ਗਈ ਹੈ। ਪਹਿਲੀ ਵਾਰ ਅਕਾਲੀ-ਭਾਜਪਾ ਸਰਕਾਰ ਨੇ ਗਰੀਬਾਂ, ਕਿਸਾਨਾਂ, ਵਪਾਰੀਆਂ ਤੇ ਕਿਰਤੀਆਂ ਨੂੰ ਵੀ ਇਸ ਸਕੀਮ ਹੇਠ ਲਿਆਂਦਾ ਹੈ। ਇਨਾਂ ਵਿੱਚ 2 ਲੱਖ 32 ਹਜ਼ਾਰ ਉਸਾਰੀ ਕਿਰਤੀ ਵੀ ਸ਼ਾਮਲ ਹਨ। ਇਸ ਯੋਜਨਾ ਤਹਿਤ 50,000 ਰੁਪਏ ਤੱਕ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਪਰਿਵਾਰ ਦੇ ਮੁਖੀ ਦੀ ਹਾਦਸੇ ਵਿਚ ਮੌਤ ਹੋ ਜਾਣ ਜਾਂ ਸਰੀਰਕ ਤੌਰ ‘ਤੇ ਨਾਕਾਰਾ ਹੋ ਜਾਣ ਦੀ ਸੂਰਤ ਵਿਚ ਪੰਜ ਲੱਖ ਰੁਪਏ ਦੇ ਬੀਮੇ ਦੀ ਵਿਵਸਥਾ ਕੀਤੀ ਗਈ ਹੈ।
ਸ. ਬਾਦਲ ਨੇ ਆਪਣੇ ਭਾਸ਼ਣ ਵਿੱਚ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਸਕੂਲਾਂ ਵਿੱਚ ਪੜ ਰਹੇ ਗਰੀਬ ਬੱਚਿਆਂ ਨੂੰ ਵਜੀਫ਼ੇ ਦਿੱਤੇ ਜਾ ਰਹੇ ਹਨ ਅਤੇ ਅਨੁਸੂਚਿਤ ਜਾਤੀ ਦੇ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਲੜਕੀਆਂ ਨੂੰ ਸਕੂਲ ਆਉਣ-ਜਾਣ ਲਈ ਸਾਈਕਲ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ ਅਤੇ ਹੁਣ ਤੱਕ ਗਿਆਰਵੀਂ ਤੇ ਬਾਰਵੀਂ ਦੀਆਂ 4 ਲੱਖ ਤੋਂ ਵੱਧ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਹਨ। ਹੋਣਹਾਰ ਤੇ ਗਰੀਬ ਬੱਚਿਆਂ ਲਈ ਸੂਬੇ ਭਰ ਵਿੱਚ 7 ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕੀਤੀ ਗਈ ਜਿੱਥੇ ਬੱਚਿਆਂ ਦੀ ਪੜਾਈ ਤੇ ਰਹਿਣ-ਸਹਿਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਸਿਹਤ ਸਹੂਲਤਾ ਲਈ ਚੁਕੇ ਕਦਮਾਂ ਦੇ ਸਬੰਧ ਵਿੱਚ ਉਨਾਂ ਕਿਹਾ ਕਿ ਕੈਂਸਰ ਦੇ ਰੋਗ ਤੋਂ ਪੀੜਤਾਂ ਲਈ ਇਲਾਜ ਕਰਵਾਉਣ ਵਾਸਤੇ ਆਰਥਿਕ ਤੰਗੀ ਕੋਈ ਰੁਕਾਵਟ ਨਾ ਬਣੇ, ਇਸ ਲਈ ਪੰਜਾਬ ਸਰਕਾਰ ਨੇ ਲਗਪਗ ਪੰਜ ਸਾਲ ਪਹਿਲਾਂ ਜੁਲਾਈ, 2011 ਵਿੱਚ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਚਾਲੂ ਕੀਤੀ ਸੀ। ਇਸ ਸਕੀਮ ਤਹਿਤ ਕੈਂਸਰ ਦੇ ਮਰੀਜ਼ ਨੂੰ ਡੇਢ ਲੱਖ ਰੁਪਏ ਤੱਕ ਦੀ ਸਹਾਇਤਾ ਦੇਣ ਦੇ ਨਾਲ-ਨਾਲ 100 ਤੋਂ ਵੱਧ ਦਵਾਈਆਂ ਘੱਟ ਰੇਟ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ 32 ਹਜ਼ਾਰ ਕੈਂਸਰ ਪੀੜਤ ਮਰੀਜ਼ਾਂ ਨੂੰ 400 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਸਰਕਾਰ ਵੱਲੋਂ ਹੈਪੇਟਾਈਟੇਸ-ਸੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਾਰੇ ਸਰਕਾਰੀ ਹਸਪਤਾਲਾਂ ਮੁਫਤ ਜਾਂਚ ਤੇ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸ. ਬਾਦਲ ਨੇ ਐਲਾਨ ਕੀਤਾ ਕਿ ਅਗਲੇ ਦੋ ਮਹੀਨਿਆਂ ਵਿੱਚ ਲੰਬੀ ਹਲਕੇ ਦੇ ਸਾਰੇ ਪਿੰਡਾਂ ਵਿੱਚ ਸੋਲਰ ਲਾਈਟਾਂ ਲੱਗ ਜਾਣਗੀਆਂ ਅਤੇ ਕੋਈ ਵੀ ਪਿੰਡ ਇਸ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ।
ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਐਸ.ਸੀ.ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਮੈਂਬਰ ਸ: ਬਿੱਕਰ ਸਿੰਘ ਚਨੂੰ, ਟਿੳਬਵੇਲ ਕਾਰਪੋਰੇਸ਼ਨ ਦੇ ਡਾਇਰੈਕਟਰ ਸ: ਹਰਮੇਸ਼ ਸਿੰਘ ਖੁੱਡੀਆ, ਅੰਗਰੇਜ ਸਿੰਘ ਤੱਪਾ ਖੇੜਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਸ: ਕੁਲਬੀਰ ਇੰਦਰ ਸਿੰਘ ਭਾਟੀ, ਸ: ਮਨਦੀਪ ਸਿੰਘ ਪੱਪੀ ਤਰਮਾਲਾ, ਸ: ਪਰਮਿੰਦਰ ਸਿੰਘ ਕੋਲਿਆਂ ਵਾਲੀ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ ਦੀਪ ਸਿੰਘ ਮਿੱਡੂਖੇੜਾ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਮਨਜੀਤ ਸਿੰਘ ਲਾਲਬਾਈ, ਸ: ਪਿੰਦਰ ਸਿੰਘ ਕੰਗ, ਸ: ਜਸਮੇਲ ਸਿੰਘ ਮਿਠੜੀ, ਸ: ਜਗਤਾਰ ਸਿੰਘ, ਸ: ਦਲੀਪ ਸਿੰਘ, ਸ੍ਰੀ ਰਾਕੇਸ਼ ਧੀਂਗੜਾ, ਕਰਮਜੀਤ ਕੌਰ ਸਿੱਖਵਾਲਾ, ਸ: ਭਗਤ ਸਿੰਘ, ਸੁਖਬੀਰ ਸਿੰਘ ਗੱਗੜ ਆਦਿ ਵੀ ਹਾਜਰ ਸਨ।

Share Button