ਚੀਨ ਨੇ ਦਲਾਈਲਾਮਾ ਨੂੰ ਲੈ ਕੇ ਹੁਣ ਸਾਰੀ ਦੁਨੀਆਂ ਦੇ ਨੇਤਾਵਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਚੀਨ ਨੇ ਵਿਸ਼ਵ ਨੇਤਾਵਾਂ ਨੂੰ ਦਲਾਈ ਲਾਮਾ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਦਲਾਈ ਲਾਮਾ ਨਾਲ ਮੁਲਾਕਾਤ ਕਰਦੇ ਹਨ ਤਾਂ ਇਸ ਨੂੰ ਵੱਡਾ ਜ਼ੁਰਮ ਮੰਨਿਆ ਜਾਵੇਗਾ। ਚੀਨ ਦਲਾਈਲਾਮਾ ਨੂੰ ਵੱਖਵਾਦੀ ਦੱਸਦਾ ਹੈ, ਕਿਉਂਕਿ ਉਹ ਤਿੱਬਤ ਨੂੰ ਚੀਨ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਲਗਾਤਾਰ ਦਲਾਈਲਾਮਾ ਦਾ ਵਿਰੋਧ ਕਰਦਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਡਿਪਲੋਮੈਟਿਕ ਰਿਸ਼ਤੇ ਰੱਖਣ ਵਾਲੇ ਦੇਸ਼ਾਂ ਲਈ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਣਾ ਜ਼ਰੂਰੀ ਹੈ।

ਕਮਿਊਨਿਸਟ ਪਾਰਟੀ ਆਫ ਚਾਈਨਾ ਲੀਡਰ ਜੈਂਗ ਯੂਜੀਓਂਗ ਨੇ ਕਿਹਾ ਕਿ ਕੋਈ ਵੀ ਦੇਸ਼ ਅਤੇ ਕੋਈ ਵੀ ਸੰਸਥਾ ਜੋ ਦਲਾਈਲਾਮਾ ਨਾਲ ਮੁਲਾਕਤ ਕਰੇਗਾ, ਚੀਨ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਵੱਡਾ ਜ਼ੁਰਮ ਹੋਵੇਗਾ। ਚੀਨ ਨੂੰ ਜਾਇਜ਼ ਸਰਕਾਰ ਦੇ ਤੌਰ ‘ਤੇ ਮੰਨਣ ਵਾਲੇ ਦੇਸ਼ਾਂ ਲਈ  ਇਨ੍ਹਾਂ ਨਿਯਮਾਂ ਦਾ ਵੱਡਾ ਉਲੰਘਣ ਹੋਵੇਗਾ। ਅਸੀਂ ਦੂਸਰੇ ਦੇਸ਼ਾਂ ਅਤੇ ਉਥੇ ਦੇ ਲੀਡਰਾਂ ਦਾ ਇਹ ਤਰਕ ਨਹੀਂ ਮੰਨਾਂਗੇ ਕਿ ਉਨ੍ਹਾਂ ਨੇ ਦਲਾਈਲਾਮਾ ਨਾਲ ਧਾਰਮਿਕ ਲੀਡਰ ਦੇ ਤੌਰ ‘ਤੇ ਮੁਲਾਕਾਤ ਕੀਤੀ। ਜੈਂਗ ਯੂਜੀਓਂਗ ਨੇ ਕਿਹਾ ਕਿ 14ਵੇਂ ਦਲਾਈਲਾਮਾ, ਜਿਨ੍ਹਾਂ ਨੂੰ ਬੁੱਧ ਕਿਹਾ ਜਾਂਦਾ ਹੈ, ਧਰਮ ਦੇ ਚੋਲੇ ਵਿੱਚ ਇਕ ਰਾਜਨੀਤਕ ਵਿਅਕਤੀ ਹੈ। ਉਨ੍ਹਾਂ ਨੇ ਭਾਰਤ ਦਾ ਨਾਮ ਲਏ ਬਗੈਰ ਕਿਹਾ ਕਿ ਦਲਾਈਲਾਮਾ ਦੂਸਰੇ ਦੇਸ਼ ਚਲੇ ਗਏ। ਆਪਣੀ ਮਾਂ-ਭੂਮੀ ਦੇ ਨਾਲ ਧੋਖਾ ਕੀਤਾ ਅਤੇ ਆਪਣੀ ਕਥਿਤ ਸਰਕਾਰ ਨੂੰ ਵੀ ਬਰਖਾਸਤ ਕਰ ਦਿੱਤਾ। ਇਸ ਕਥਿਤ ਸਰਕਾਰ ਦਾ ਵੱਖਵਾਦੀ ਏਜੰਡਾ ਤਿੱਬਤ ਨੂੰ ਚੀਨ ਤੋਂ ਵੱਖ ਕਰਨਾ ਹੈ। ਦਹਾਕਿਆਂ ਤੋਂ ਦਲਾਈਲਾਮਾ ਦਾ ਗਰੁੱਪ ਇਸ ਉਦੇਸ਼ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਸਾਲ ਅਪ੍ਰੈਲ ਵਿੱਚ ਦਲਾਈਲਾਮਾ ਅਰੁਣਾਚਲ ਦੇ ਦੌਰੇ ‘ਤੇ ਗਏ ਸਨ। ਚੀਨ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਅਰੁਣਾਚਲ ਦੇ ਮੈਪ ਵਿੱਚ 6 ਥਾਵਾਂ ਦੇ ਨਾਮ ਬਦਲ ਦਿੱਤੇ ਸੀ। ਚੀਨ ਦੀ ਫਾਰਨ ਮਨਿਸਟਰੀ ਦੇ ਸਪੋਕਸਪਰਸਨ ਲੂ ਕਾਂਗ ਨੇ ਇਸ ਭੜਕਾਊ ਫੈਸਲੇ ਨੂੰ ਲੈਜਿਸਲੇਟਿਵ (ਕਾਨੂੰਨਨ ਸਹੀ) ਦੱਸਿਆ ਸੀ ਅਤੇ ਕਿਹਾ ਸੀ ਕਿ ਦਲਾਈ ਲਾਮਾ ਦੀ ਐਕਟੀਵਿਟੀ ਭਾਰਤ ਦੇ ਚੀਨ ਨਾਲ ਕੀਤੇ ਗਏ ਵਾਅਦਿਆਂ ਦੇ ਖਿਲਾਫ ਹੈ।