ਦਰਸ਼ਕਾਂ ਦੀ ਕਸਵੱਟੀ ਉੱਤੇ ਖਰੀ ਨਹੀਂ ਉਤਰ ਸਕੀ ” ਰਾਏ ਅਬਦੁੱਲਾ ਭੱਟੀ ”

ਦਰਸ਼ਕਾਂ ਦੀ ਕਸਵੱਟੀ ਉੱਤੇ ਖਰੀ ਨਹੀਂ ਉਤਰ ਸਕੀ ” ਰਾਏ ਅਬਦੁੱਲਾ ਭੱਟੀ ”

Dulla Bhatti
10 ਜੂਨ ਨੂੰ ਰਿਲੀਜ਼ ਨਿਰਦੇਸ਼ਕ ਮੀਨਾਰ ਮਲਹੋਤਰਾ ਦੀ ਫ਼ਿਲਮ “ਦੁੱਲਾ ਭੱਟੀ” ਇਸੇ ਵਰ੍ਹੇ ਬਤੌਰ ਲੀਡ ਐਕਟਰ ਬੀਨੂੰ ਢਿੱਲੋਂ ਦੀ ਇਹ “ਚੰਨੋ ਕਮਲੀ ਯਾਰ ਦੀ” ਤੋਂ ਬਾਅਦ ਦੂਜੀ ਫ਼ਿਲਮ ਹੈ। ਚੰਨੋ ਵਾਂਗ ਇਹ ਫ਼ਿਲਮ ਵੀ ਔਸਤਨ ਕਹਾਣੀ ਵਾਲੀ ਘੱਟ ਬਜਟ ਦੀ ਫ਼ਿਲਮ ਹੈ। ਜਿਸ ਨੂੰ ਫ਼ਿਲਮ ਦੇ ਐਡੀਟਰ ਮੁਨੀਰ ਮਲਹੋਤਰਾ ਨੇ ਹੀ ਪ੍ਰੋਡਿਊਸ ਕੀਤਾ ਹੈ। ਜਿੱਥੋਂ ਤੱਕ ਫ਼ਿਲਮ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਸਮਾਜਿਕ ਨਾਇਕ ਦੁੱਲਾ ਭੱਟੀ ਦੀ ਬਹਾਦਰੀ ਦਾ ਕਿੱਸਾ ਤੇ ਨਾਮ ਏਸ ਫ਼ਿਲਮ ਨਾਲ ਕਿਸੇ ਪਾਸਿਓਂ ਵੀ ਕੋਈ ਤਾਅਲੁੱਕ ਨਹੀਂ ਰੱਖਦਾ।
ਫ਼ਿਲਮ ਦੀ ਕਹਾਣੀ ਹਲਕੇ ਜਿਹੇ ਵਿਸ਼ੇ ਦੁਆਲੇ ਸਿਰਜੀ ਗਈ ਹੈ। ਜਿਸ ਵਿੱਚ ਇਲਾਕੇ ਦਾ ਜਾਗ਼ੀਰਦਾਰ, ਜੰਗੀਰ ਸਿੰਘ (ਸਰਦਾਰ ਸੋਹੀ) ਗ਼ਲਤ ਹੱਥਕੰਡਿਆਂ ਨਾਲ ਗਰੀਬ ਲੋਕਾਂ ਦੀਆਂ ਜ਼ਮੀਨਾਂ ਹਥਿਆਉਂਦਾ ਹੈ ਤੇ ਦਾਰੇ (ਬੀਨੂੰ ਢਿੱਲੋਂ) ਦੇ ਪਿਤਾ (ਮਲਕੀਤ ਰੌਣੀ) ਨੂੰ ਗਰੀਬ ਲੋਕਾਂ ਦੀ ਭਲਾਈ ਕਰਨ ਦੇ ਖ਼ਮਿਆਜ਼ੇ ਵਜੋਂ ਪਿੰਡ ਦੀ ਹਵੇਲੀ ਵਿੱਚ ਕਤਲ ਕਰ ਦਿੰਦਾ ਹੈ। ਦਾਰਾ ਆਪਣੀ ਮਾਂ (ਅਮਰ ਨੂਰੀ) ਦੀ ਕੁੱਖੋਂ ਆਪਣੇ ਬਾਪ ਦੇ ਸਿਵੇ ਤੇ ਹੀ ਜਨਮ ਲੈਂਦਾ ਹੈ ਤੇ ਉਸ ਤੋਂ ਆਪਣੇ ਬਾਪ ਦੀ ਮੌਤ ਦਾ ਰਾਜ਼ ਜਵਾਨ ਹੋਣ ਤੱਕ ਲੁਕਾ ਕੇ ਰੱਖਿਆ ਜਾਂਦਾ ਹੈ। ਨਾਲ ਹੀ ਪਿੰਡ ਦੀ ਦਾਈ ਨਸੀਬ ਕੌਰ (ਨਿਰਮਲ ਰਿਸ਼ੀ), ਜਗੀਰ ਸਿੰਘ (ਸੋਹੀ) ਦੇ ਘਰ ਹੋਏ ਸਤਮਾਹੇ ਮਾਂ ਮਸ਼੍ਹੋਰ ਮੁੰਡੇ ਨੂੰ ਵੀ ਅਮਰ ਨੂਰੀ ਕੋਲ ਸਾਂਭ-ਸੰਭਾਲ ਦਾ ਵਾਸਤਾ ਪਾ ਕੇ ਛੱਡ ਜਾਂਦੀ ਹੈ, ਪਰ ਦੱਸਦੀ ਨਹੀਂ ਕਿ ਇਹ ਬੱਚਾ ਕਿਸਦਾ ਹੈ। ਬਾਅਦ ਵਿੱਚ ਉਹੀ ਬੱਚਾ ਯੋਰਾਵਰ (ਦੇਵ ਖਰੌੜ) ਵਕੀਲ ਬਣਦਾ ਹੈ। ਭਾਂਵੇਂ ਯੋਰਾਵਰ ਦਾਰੇ ਦੇ ਦੁਸ਼ਮਣ ਦੀ ਔਲਾਦ ਸੀ ਪਰ ਬਚਪਨ ਵਿੱਚ ਬੀਤਿਆ ਸਮਾਂ ਤੇ ਇੱਕੋ ਮਾਂ ਦੇ ਪੀਤੇ ਦੁੱਧ ਦਾ ਕਰਜ਼ ਯੋਰਾਵਰ, ਦਾਰੇ ਦੀ ਸਹਾਇਤਾ ਕਰਕੇ ਉਤਾਰਦਾ ਹੈ। ਕਾਨੂੰਨੀ ਦਾਅ-ਪੇਚਾਂ ਨਾਲ ਉਹ ਦਾਰੇ ਨੂੰ ਜ਼ਮੀਨ ਅਤੇ ਆਪਣੇ ਬਾਪੂ ਦੇ ਕਾਤਿਲ ਜਗੀਰ ਨਾਲ ਬਦਲਾ ਲੈਣ ਵਿੱਚ ਦਾਰੇ ਦੀ ਮਦਦ ਕਰਦਾ ਹੈ।
ਕੁੱਲ ਮਿਲਾ ਕੇ ਕਹਾਣੀ ਕਿਸੇ ਵੀ ਤਰ੍ਹਾਂ ਦੁੱਲੇ ਭੱਟੀ ਦੀ ਤਰ੍ਹਾਂ ਸਮਾਜਿਕ ਭਲਾਈ ਦੇ ਸਰੋਕਾਰ ਨਾਲ ਨਾ ਜੁੜ ਕੇ ਜ਼ਾਤੀ ਦੁਸ਼ਮਣੀ ਨਾਲ ਵਧੇਰੇ ਜੁੜੀ ਹੈ। ਤਕਨੀਕੀ ਪੱਖੋਂ ਵੀ ਫ਼ਿਲਮ ਵਿੱਚ ਐਡੀਟਿੰਗ ਤੇ ਆਰਟ ਵਰਕ ਬਹੁਤ ਕਮਜ਼ੋਰ ਰਹੇ। ਸਿੱਟੇ ਵਜੋਂ ਫ਼ਿਲਮ ਦੀ ਗਤੀ ਸਿਰਫ਼ ਸੀਨ ਨਾਲ ਸੀਨ ਜੋੜਨ ਦੀ ਤੇਜ਼ੀ ਤੱਕ ਵਾਪਰਦੀ ਰਹੀ ਤੇ ਦਰਸ਼ਕਾਂ ਦੀ ਫ਼ਿਲਮੀ ਸੁਹਜ-ਸੁਆਦ ਮਾਣਨ ਦੀ ਰੀਝ ਤਕਰੀਬਨ ਅਧੂਰੀ ਜਾਪੀ। ਏਸੇ ਰ੍ਹਾਂ ਫ਼ਿਲਮ ਦੇ ਕਈ ਦ੍ਰਿਸ਼ ਏਨੇ ਨਾਟਕੀ ਢੰਗ ਨਾਲ ਫ਼ਿਲਮਾਏ ਗਏ ਸਨ ਕਿ ਫ਼ਿਲਮ ਵਿੱਚੋਂ ਟੀ.ਵੀ. ਸੀਰੀਅਲ ਦੀ ਝਲਕ ਵਧੇਰੇ ਝਲਕਦੀ ਸੀ ਮਸਲਨ ਜਗੀਰ ਸਿੰਘ (ਸਰਦਾਰ ਸੋਹੀ) ਦੀ ਮੌਤ ਦਾ ਦ੍ਰਿਸ਼। ਇਸ ਤੋਂ ਇਲਾਵਾ ਗੀਤ-ਸੰਗੀਤ ਦਾ ਕੰਮ ਭਵੇਂ ਚੰਗਾ ਰਿਹਾ ਪਰ ਬਤੌਰ ਲੀਡ ਅਦਾਕਾਰ ਬੀਨੂੰ ਢਿੱਲੋਂ ਨੂੰ ਚਾਂਸ ਦੇਣਾ, ਫ਼ਿਲਮ ਇੰਡਸਟਰੀ ਵਿੱਚ ਜੂਆ ਖੇਡਣ ਦੀ ਨਿਆਈਂ ਹੈ ਕਿਉਂਕਿ ਉਹ ਐਕਟਿੰਗ ਵੇਲੇ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਜਿਉਂਦਾ ਤੇ ਨਿਭਾਉਂਦਾ ਹੈ ਪਰ ਬਤੌਰ ਲੀਡ ਅਦਾਕਾਰ ਨੌਜਵਾਨ ਦਾ ਰੋਲ ਜਚਦਾ ਨਹੀਂ ਜਾਪਦਾ।
ਦਿਲਚਸਪ ਗੱਲ ਹੈ ਕਿ ਇਸ ਫ਼ਿਲਮ ਤੇ ਪੈਸੇ ਲਗਾਉਣ ਵਾਲੇ ਮੁਨੀਰ ਮਲਹੋਤਰਾ ਨੇ ਜਿੱਥੇ ਫ਼ਿਲਮ ਦੀ ਐਡੀਟਿੰਗ ਦਾ ਕੰਮ ਆਪ ਕੀਤਾ ਹੈ ਉੱਥੇ ਫ਼ਿਲਮ ਵਿੱਚ ਜਗੀਰ ਸਿੰਘ ਦੇ ਪੁੱਤਰ ਸ਼ੀਰੇ ਦਾ ਕਿਰਦਾਰ ਵੀ ਨਿਭਾਇਆ ਹੈ। ਸੋ, ਇਹ ਫ਼ਿਲਮ ਮੁਨੀਰ ਮਲਹੋਤਰਾ ਵੱਲੋਂ ਫ਼ਿਲਮ ਇੰਡਸਟਰੀ ‘ਚ ਸਥਾਪਿਤ ਹੋਣ ਦੀ ਕੋਸ਼ਿਸ਼ ਹੈ ਜੋ ਕਿ ਆਪਣੀਆਂ ਵਧੇਰੇ ਖ਼ਾਮੀਆਂ ਕਰਕੇ ਜ਼ਿਆਦਾ ਦੇਰ ਤੱਕ ਲੋਕਾਂ ਦੀ ਪਸੰਦ ਨਹੀਂ ਬਣੀ ਰਹਿ ਸਕਦੀ।
ਜ਼ਿਕਰਯੋਗ ਹੈ ਕਿ ਭਾਂਵੇਂ ਇਹ ਘੱਟ ਬਜਟ ਦੀ ਫ਼ਿਲਮ ਹੈ ਪਰ ਫ਼ਿਲਮ ਹਿੱਟ ਜਾਂ ਫ਼ਲਾੱਪ ਹੋਣ ਦੇ ਪੇੈਮਾਨੇ ਬਜਟ ‘ਚ ਨਹੀਂ ਹੁੰਦੇ। ਇਤਿਹਾਸ ਗਵਾਹ ਹੈ ਕਿ ਘੱਟ ਬਜਟ ਦੀਆਂ ਫ਼ਿਲਮਾਂ ਵੀ ਚੰਗਾ ਕਾਰੋਬਾਰ ਤੇ ਅਮਿੱਟ ਛਾਪ ਛੱਡਦੀਆਂ ਹਨ ਜੇਕਰ ਉਹਨਾਂ ਨੂੰ ਫ਼ਿਲਮੀ ਸਮਝ ਨਾਲ ਬਣਾਇਆ ਜਾਵੇ ਤਾਂ। ਬੇਸ਼ੱਕ, ਫ਼ਿਲਮ ਦਾ ਟਰੇਲਰ, ਪੋਸਟਰ ਡਿਜ਼ਾਇਨ ਤੇ ਪ੍ਰੋਮੋਸ਼ਨਲ ਗੀਤ-ਸੰਗੀਤ ਆਕਰਸ਼ਕ ਬਣਾਏ ਗਏ ਪਰ ਅਸਲ ਵਿੱਚ ਫ਼ਿਲਮ ਇਹਨਾਂ ਸਾਰਿਆਂ ਤੋਂ ਉਲਟ ਰਹੀ। ਇਸੇ ਤੋਂ ਸਪੱਸ਼ਟ ਹੈ ਕਿ ਫ਼ਿਲਮ ਟਿਕਟ ਖਿੜਕੀ ਤੇ ਬਹੁਤੇ ਦਿਨ ਆਪਣਾ ਕਮਾਲ ਨਹੀਂ ਦਿਖਾ ਸਕੇਗੀ। ਵਿਚਾਰਨਯੋਗ ਹੈ ਕਿ ਇਸੇ ਦਿਨ ਦੋ ਫ਼ਿਲਮਾਂ ਰਿਲੀਜ਼ ਹੋਣ ਕਾਰਨ ਵੀ ਦੁੱਲਾ ਭੱਟੀ ਫ਼ਿਲਮ ਦਾ ਬਿਜ਼ਨਿਸ ਕਰਨਾ ਥੋੜ੍ਹਾ ਔਖਾ ਹੈ। ਦੂਜੇ ਪਾਸੇ ਦੁੱਲਾ ਭੱਟੀ ਕਹਾਣੀ ਦੀਆਂ ਕਮੀਆਂ ਕਾਰਨ ਫ਼ਿਲਮ ਆਪ ਹੀ ਦਰਸ਼ਕ ਖਿੱਚਣ ‘ਚ ਅਸਮਰੱਥ ਰਹੇਗੀ। ਭਵਿੱਖ ਵਿੱਚ ਐਡੀਟਰ ਮੁਨੀਰ ਮਲਹੋਤਰਾ ਵਰਗੇ ਸਿਖਾਂਦਰੂ ਵਿਅਕਤੀ ਲਈ ਸੁਝਾਅ ਹੈ ਕਿ ਉਹ ਫ਼ਿਲਮ ਤੇ ਪੈਸਾ ਲਗਾਉਣ ਤੋਂ ਪਹਿਲਾਂ ਫ਼ਿਲਮ ਮੇਕਿੰਗ ਦੇ ਤਰੀਕਿਆਂ ਨੂੰ ਬਾਰੀਕਬੀਨੀ ਨਾਲ ਵਿਚਾਰਨ ਤਾਂ ਜੋ ਪ੍ਰੋਡਿਊਸਰ ਦੀ ਪੈਸਾ ਵਸੂਲੀ ਦੇ ਨਾਲ-ਨਾਲ ਦਰਸ਼ਕਾਂ ਦੇ ਵੀ ਟਿਕਟ ਖਿੜਕੀ ਤੇ ਖਰਚੇ ਪੈਸੇ ਵਸੂਲ ਹੋ ਸਕਣ।

ਖੁਸ਼ਮਿੰਦਰ ਕੌਰ, ਲੁਧਿਆਣਾ
98788-89217

Share Button

Leave a Reply

Your email address will not be published. Required fields are marked *

%d bloggers like this: