Sat. Aug 24th, 2019

ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਕਾਰ ਸੇਵਾ ਦਾ ਤਲਖ ਸੱਚ

ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਕਾਰ ਸੇਵਾ ਦਾ ਤਲਖ ਸੱਚ

 -ਨਰਿੰਦਰ ਪਾਲ ਸਿੰਘ

ਸ੍ਰੀ ਦਰਬਾਰ  ਸਾਹਿਬ ਸਥਿਤ ਦਰਸ਼ਨੀ ਡਿਊੜੀ ਦੇ ਇਤਿਹਾਸਕ ਦਰਵਾਜਿਆਂ ਦੀਆਂ  ਹੇਠਲੀਆਂ ਚੂਲਾਂ ਗਲ ਜਾਣ ਅਤੇ ਚੌਗਾਠਾਂ ਖਿਸਕ ਜਾਣ ਕਾਰਣ ਸਾਲ 2010 ਵਿੱਚ ਨਵੀਂ ਜੋੜੀ ਦਰਵਾਜੇ ਤਿਆਰ ਕਰਨ ਦਾ ਜਿੰਮਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਪਿਆ ਗਿਆ ਸੀ।ਕਮੇਟੀ ਵਲੋਂ ਦਾਅਵਾ ਕੀਤਾ  ਗਿਆ ਸੀ ਕਿ ਖਰਾਬ ਹੋ ਚੁਕੇ ਦਰਵਾਜੇ ਮੁਰੰਮਤ ਕਰਨ ਬਾਅਦ ਇਕ ਸਾਲ ਦੇ ਅੰਦਰ ਮੁੜ ਦਰਸ਼ਨੀ ਡਿਊੜੀ ਵਿਖੇ ਸ਼ਸ਼ੋਭਿਤ ਕਰ ਦਿੱਤੇ ਜਾਣਗੇ ਲੇਕਿਨ ਬਾਅਦ ਵਿੱਚ ਕਿਹਾ ਗਿਆ ਕਿ ਪੁਰਾਤਨ ਦਰਵਾਜਿਆਂ ਦੀ ਮੁਰੰਮਤ ਨਹੀ ਹੋ ਸਕਦੀ ਇਸ ਲਈ ਨਵੀਂ ਜੋੜੀ ਤਿਆਰ ਕਰਵਾਕੇੇ 2-3 ਸਾਲ ਅੰਦਰ ਸਥਾਪਿਤ ਕਰ ਦਿੱਤੀ ਜਾਵੇਗੀ ।ਹੁਣ 8 ਸਾਲ ਬੀਤ ਜਾਣ ਤੇ ਵੀ ਨਵੀਂ ਜੋੜੀ ਦਰਵਾਜਿਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਨਾ ਤਾਂ ਕਾਰਸੇਵਾ ਵਾਲੇ ਬਾਬਾ ਜੀ ਤਿਆਰ ਹਨ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਉਹ ਜਿੰਮੇਵਾਰ ਅਧਿਕਾਰੀ ਜਿਨਾਂ ਨੇ ਆਪਣੇ ਹੱਥੀ ਜੁਲਾਈ 2010 ਵਿੱਚ ਪਹਿਲੇ ਇਤਿਹਾਸਕ ਦਰਵਾਜੇ ਡਿਊੜੀ ਤੋਂ ਉਤਾਰ ਕੇ ਰੱਖ ਦਿੱਤੇ ਸਨ ।

ਇਹ ਵੀ ਸਚਾਈ ਹੈ ਕਿ ਉਸ ਵੇਲੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਦੀ ਮੌਜੂਦਗੀ ਵਿੱਚ ,ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਲਗਾਏ ਗਏ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਨੂੰ ਉਤਾਰ ਕੇ ਉਨਾਂ ਦੀ ਜਗਾਹ ਤੇ ਆਰਜੀ ਤੌਰ ਤੇ ਤਿਆਰ ਕਰਵਾਏ ਗਏ ਦਰਵਾਜੇ ਲਗਾ ਦਿੱਤੇ ਗਏ ।ਇਹ ਆਰਜੀ ਦਰਵਾਜੇ ਅੱਜ ਵੀ ਲੱਗੇ ਹੋਏ ਹਨ ।

ਸਾਲ 2012 ਤੀਕ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੁਆਰਾ ਲਗਾਏ ਗਏ ਕਾਰੀਗਰ ਨਵੀਂ ਜੋੜੀ ਦਰਵਾਜਿਆਂ ਦੀ ਚਾਂਦੀ ਆਦਿ ਲਗਾਉਣ ਦੀ ਤਿਆਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਬਣੇ ਬਰਾਂਡਿਆਂ ਦੇ ਇਕ ਵਿਸ਼ਾਲ ਕਮਰੇ ਵਿੱਚ ਕਰਦੇ ਰਹੇ।ਜੋੜੀ ਤਿਆਰ ਕਰਨ ਵਾਲੇੇ ਕਾਰੀਗਰਾਂ ਤੇ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਅਤਿ ਨਿਕਟਵਰਤੀ ਬਾਬਾ ਸੁਖਾ ਸਿੰਘ ਵਲੋਂ ਦਾਅਵਾ ਕੀਤਾ ਗਿਆ ਕਿ ਨਵੇਂ ਪੱਲੇ ਤਿਆਰ ਕਰਦੇ ਵਕਤ ਕਾਫੀ ਸਮਾਂ ਪਹਿਲਾਂ ਖਰੀਦ ਕੀਤੀ ਹੋਈ ਸੁੱਕੀ  ਟਾਹਲੀ ਦੀ ਚੋਣ ਕੀਤੀ ਗਈ,ਇਸਨੂੰ ਕਿਸੇ ਕਿਸਮ ਦੇ ਘੁਣ ਜਾਂ ਕੀੜੇ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦਾ ਲੇਪ ਕੀਤਾ ਗਿਆ ।ਵਧੀਆ ਕਿਸਮ ਦੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ।ਹਾਥੀ ਦੰਦ ਆਦਿ ਦਾ ਕੰਮ ਕਰਨ ਲਈ ਵਿਸ਼ੇਸ਼ ਕਾਰੀਗਰ, ਦੂਸਰੇ ਸੂਬਿਆਂ ਵਿਚੋਂ ਮੰਗਵਾਏ ਗਏ । ਲੇਕਿਨ ਅਚਾਨਕ ਹੀ ਇਸ ਕਮਰੇ ਨੂੰ ਤਾਲੇ ਵੱਜ ਗਏ।

ਸਾਲ 2014 ਤੋਂ ਕਾਰਸੇਵਾ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਹਿ ਰਹੇ ਹਨ ਕਿ ਸਿਰਫ ਹਾਥੀ ਦੰਦ ਦੀ ਘਾਟ ਕਾਰਣ ਹੀ ਮੁਕੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ।

ਹੁਣ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਸਿਖ ਰੈਫਰੈਂਸ ਲਾਇਬਰੇਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਤਬਦੀਲ ਕਰਨ ਦੇ ਕੀਤੇ ਐਲਾਨ ਬਾਅਦ ਇਹ ਚਰਚਾ ਸ਼ੁਰੂ ਹੋਈ ਹੈ ਕਿ ਕਿਧਰੇ ਸ਼੍ਰੋਮਣੀ ਕਮੇਟੀ ਨੇ ਇੱਕ ਸਾਜਿਸ਼ ਤਹਿਤ ਦਰਸ਼ਨੀ ਡਿਊੜੀ ਦੇ ਇਤਿਹਾਸਕ ਦਰਵਾਜਿਆਂ ਨੂੰ ਤਾਂ ਨਹੀ ਸੀ ਡਿਊੜੀ ਤੋਂ ਦੂਰ ਕੀਤਾ।ਇਹ ਸ਼ੰਕਾ ਇਸ ਕਰਕੇ ਵੀ ਤਰਕਸੰਗਤ ਹੈ ਕਿਉਂਕਿ ਕਈ ਦਹਾਕੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਤਕਾਲੀਨ ਪਰਧਾਨ ਮੰਤਰੀ ਮੁਰਾਰ ਜੀ ਦੇਸਾਈ ਨੇ ਤਰਕ ਦਿੱਤਾ ਸੀ ਕਿ ‘ਇਹ ਦਰਵਾਜੇ ਹਿੰਦੂ ਮੰਦਰ ਸੋਮਨਾਥ ਤੋਂ ਗਜ਼ਨਵੀਂ ਵਲੋਂ ਲੁੱਟੇ ਗਏ ਸਨ ਜੋ ਬਾਅਦ ਵਿੱਚ ਸ਼ੇਰੇ ਪੰਜਾਬ ਪਾਸ ਪੁਜ ਗਏ’।ਉਸ ਵੇਲੇ ਤਾਂ ਸ਼੍ਰੋਮਣੀ ਕਮੇਟੀ ਪਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਦੇਸਾਈ ਨੂੰ ਜੁਆਬ ਦੇ ਦਿੱਤਾ ਸੀ ਕਿ ਜਿਸ ਤਰਾਂ ਗਜ਼ਨਵੀ  ਲੈਕੇ ਗਿਆ ਸੀ ਤੇ ਜਿਸ ਤਰਹਾਂ ਸ਼ੇਰੇ ਪੰਜਾਬ ਨੇ ਉਸ ਪਾਸੋਂ ਖੋਹੇ ,ਤੁਸੀਂ ਵੀ ਉਹੀ ਢੰਗ ਅਪਣਾਕੇ ਵੇਖ ਲਵੋ।ਅਜੇਹੇ ਵਿੱਚ ਇਹ ਸਵਾਲ ਬਾਰ ਬਾਰ ਪੁਛਿਆ ਜਾ ਰਿਹਾ ਹੈ ਕਿ ਆਖਿਰ 8 ਸਾਲ ਬੀਤ ਜਾਣ ਤੇ ਵੀ ਕਾਰਸੇਵਾ ਰਾਹੀਂ ਤਿਆਰ ਹੋ ਰਹੇ ਨਵੇਂ ਜੋੜੀ ਦਰਵਾਜੇ ਕਿਥੇ ਹਨ?ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀ ਹਨ ।ਜਦੋਂ ਵੀ ਮੀਡੀਆ ਵਲੋਂ ਉਨਾਂ ਦੇ ਸੇਵਕਾਂ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਜਵਾਬ ਮਿਲਦਾ ‘ਬਾਬਾ ਜੀ ਹੀ ਦੱਸ ਸਕਦੇ ਹਨ’।ਸਾਲ 2015 ਵਿੱਚ  ਦਰਸ਼ਨੀ ਡਿਊੜੀ ਦੇ ਦਰਵਾਜਿਆਂ ਬਾਰੇ ਪੁਛੇ ਜਾਣ ਤੇ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਜਵਾਬ ਦਿੱਤਾ ਸੀ ਕਿ ‘ਜਾਣਦੇ ਤੁਸੀਂ ਵੀ ਹੋ ਤੇ ਅਸੀਂ ਵੀ ਬਾਰ ਬਾਰ ਕਿਉਂ ਪੁਛਦੇ ਹੋ’?

ਸ੍ਰ: ਮੱਕੜ ਵਲੋਂ ਦਿੱਤੇ ਟਕੇ ਵਰਗੇ ਇਸ ਜਵਾਬ ਨੇ ਬਹੁਤ ਕੁਝ ਸਾਫ ਕਰ ਦਿੱਤਾ  ਸੀ ਕਿ ਦਾਲ ਵਿੱਚ ਕੁਝ ਕਾਲਾ ਜਰੂਰ ਹੈ ਕਿ ਪਿਛਲੇ 8ਸਾਲ ਤੋਂ ਦਰਸ਼ਨੀ ਡਿਊੜੀ ਬੇਸ਼ਕੀਮਤੀ ਦਰਵਾਜਿਆਂ ਤੋਂ ਵਿਰਵੀ ਹੈ ।ਇਤਿਹਾਸਕ ਤੇ ਪੁਰਾਤਨ ਦਰਵਾਜਿਆਂ ਦੀ ਜੋੜੀ,ਕਾਰ ਸੇਵਾ ਵਾਲੇ ਸੇਵਾਦਾਰਾਂ ਦੀ ਪਰਕਰਮਾ ਵਿੱਚ  ਬੈਠਣ ਵਾਲੀ ਥਾਂ ਦੇ ਮਗਰ ਵੱਖੀ ਭਾਰ ਖੜੀ ਕੀਤੀ ਹੋਈ ਹੈ।

Leave a Reply

Your email address will not be published. Required fields are marked *

%d bloggers like this: