ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਥੜ੍ਹਾ ਸਾਹਿਬ ‘ਤੇ ਨਵਾਂ ਸੁਨਹਿਰਾ ਨਿਸ਼ਾਨ ਸਾਹਿਬ ਸਥਾਪਿਤ

ss1

ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਥੜ੍ਹਾ ਸਾਹਿਬ ‘ਤੇ ਨਵਾਂ ਸੁਨਹਿਰਾ ਨਿਸ਼ਾਨ ਸਾਹਿਬ ਸਥਾਪਿਤ
ਦਮਦਮੀ ਟਕਸਾਲ ਵੱਲੋਂ ਉੱਸਾਰੀਆਂ ਗਈਆਂ ਯਾਦਗਾਰਾਂ ਤੋਂ ਕੌਮ ਨੂੰ ਸਦੀਵੀ ਪ੍ਰੇਰਨਾ ਮਿਲੇਗੀ : ਜਥੇਦਾਰ ਗਿਆਨੀ ਗੁਰਬਚਨ ਸਿੰਘ
ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ ਜਿੱਥੇ ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਨੂੰ ਵੀ ਦਿੱਤੀ ਗਈ ਜਗਾ
ਗੁਰਦੁਆਰਾ ਥੜ੍ਹਾ ਸਾਹਿਬ ਦੀ ਕਾਰਸੇਵਾ ਜਲਦ ਮੁਕੰਮਲ ਹੋਣ ਜਾ ਰਿਹਾ ਹੈ : ਸੰਤ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 27 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਉਤਰ ਦੀ ਤਰਫ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ‘ਚ ਨਵ ਨਿਰਮਾਣ ਅਧੀਨ ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਅੱਜ ਨਵਾਂ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਸੰਗਤਾਂ ਵੱਲੋਂ ਪੂਰੀ ਸ਼ਰਧਾ ਸਹਿਤ ਸਥਾਪਿਤ ਕੀਤੇ ਗਏ ਨਿਸ਼ਾਨ ਸਾਹਿਬ ਜਿਸ ਦੀ ਲੰਬਾਈ 53 ਫੁੱਟ 7 ਇੰਚ ਹੈ ਅਤੇ ਜਿਸ ‘ਤੇ ਸੋਨੇ ਦਾ ਭਾਲੇ ਦੇ ਰੂਪ ਵਿੱਚ ਖ਼ਾਲਸੇ ਦਾ ਰਵਾਇਤੀ ਤੇ ਪਰੰਪਰਾਗਤ ਨਿਸ਼ਾਨ ਲਗਾਇਆ ਗਿਆ ਹੈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੀ ਸੇਵਾ ਤਹਿਤ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਹੋਣ ਜਾ ਰਿਹਾ ਹੈ। ਉਹਨਾਂ ਤਨ ਮਨ ਧੰਨ ਨਾਲ ਸੇਵਾ ਵਿੱਚ ਹਿੱਸਾ ਪਾਉਣ ਲਈ ਸੰਗਤ ਦਾ ਧੰਨਵਾਦ ਕੀਤਾ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਨਿਸ਼ਾਨ ਸਾਹਿਬ ਝੁਲਾਉਣ ਪ੍ਰਤੀ ਵਧਾਈ ਦਿੱਤੀ।
ਇਸ ਮੌਕੇ ਬੋਲਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਮਦਮੀ ਟਕਸਾਲ ਵੱਲੋਂ ਕੌਮ ਦੀ ਚੜ੍ਹਦੀ ਕਲਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਸਲਾਉਦਿਆਂ ਕਿਹਾ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਉਹ ਮਹਾਨ ਜਥੇਬੰਦੀ ਹੈ ਜਿਸ ਦੀ ਗੁਰਮਤਿ ਵਿੱਦਿਆ ਅਤੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਦੇਸ਼ ਵਿਦੇਸ਼ ਵਿੱਚ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੀ ਸ਼੍ਰੋਮਣੀ ਕਮੇਟੀ ਅਤੇ ਦਿਲੀ ਸਿੱਖ ਗੁਰਦਵਾਰਾ ਕਮੇਟੀ ਵੱਲੋਂ ਇਤਿਹਾਸਕ ਗੁਰਧਾਮਾਂ ਦੇ ਨਵ ਨਿਰਮਾਣ ਦੀਆਂ ਸੇਵਾਵਾਂ ਦਮਦਮੀ ਟਕਸਾਲ ਨੂੰ ਸੌਂਪਿਆਂ ਗਈਆਂ ਹਨ। ਉਹਨਾਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਵੱਡੇ ਕਾਰਜ ਕਰਦਿਆਂ ਉਹ ਇਤਿਹਾਸ ਕਾਇਮ ਕੀਤਾ ਹੈ ਜੋ ਸਦੀਆਂ ਤਕ ਉਹਨਾਂ ਅਸਥਾਨਾਂ ਤੋਂ ਸਿੱਖ ਕੌਮ ਨੂੰ ਪ੍ਰੇਰਨਾ ਮਿਲਦੀ ਰਹੇਗੀ। ਉਹਨਾਂ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਅਤੇ ਜਨਰਲ ਸੁਬੇਗ ਸਿੰਘ ਸਮੇਤ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੀ ਗਈ। ਸ਼ਹੀਦੀ ਗੈਲਰੀ ਤਿਆਰ ਹੋ ਰਹੀ ਹੈ ਅਤੇ ਗੁਰਦਵਾਰਾ ਥੜ੍ਹਾ ਸਾਹਿਬ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸੁੰਦਰ ਅਸਥਾਨ ਸੰਪੂਰਨਤਾ ਵਲ ਵਧ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਪੁਰਾਤਨ ਮਰਿਆਦਾ ਅਨੁਸਾਰ ਭਾਲੇ ਵਾਲਾ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ। ਉਨ੍ਹਾਂ ਦਮਦਮੀ ਟਕਸਾਲ ਦੇ ਨਿੰਦਕਾਂ ਨੂੰ ਸੁਮੱਤ ਬਖਸ਼ਿਸ਼ ਕਰਨ ਦੀ ਸਤਿਗੁਰਾਂ ਪਾਸ ਅਰਜੋਈ ਕੀਤੀ। ਇਸ ਮੌਕੇ ਸੰਗਤਾਂ ਦਾ ਜੋਸ਼ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਇਸ ਮੌਕੇ ਦਮਦਮੀ ਟਕਸਾਲ ਮੁਖੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਹੱਥੀਂ ਸੰਗਤ ਨੂੰ ਪ੍ਰਸ਼ਾਦ ਵੰਡਣ ਦੀ ਸੇਵਾ ਨਿਭਾਈ ਗਈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਅਰਦਾਸੀਆ ਭਾਈ ਰਾਜਦੀਪ ਸਿੰਘ, ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲੇ ਬਧਨੀਕਲਾਂ, ਭਾਈ ਇੰਦਰਜੀਤ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਜਾਇਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਜਥੇਦਾਰ ਅਜੀਤ ਸਿੰਘ ਮਹਿਤਾ ਚੌਕ, ਬਾਬਾ ਨਿਰਵੈਰ ਸਿੰਘ, ਜਥੇਦਾਰ ਜਰਨੈਲ ਸਿੰਘ, ਭਾਈ ਜਸਪਾਲ ਸਿੰਘ ਚੇਅਰਮੈਨ ਮੁੰਬਈ, ਬਾਬਾ ਜੀਵਾ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *