Thu. Apr 25th, 2019

ਦਮਦਮੀ ਟਕਸਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ‘ਤੇ ਅਮਰੀਕ ਸਿੰਘ ਚੰਡੀਗੜ੍ਹੀਆਂ ਦੀ ਖੁਲ ਕੇ ਤਰਫ਼ਦਾਰੀ ‘ਤੇ ਉਤਰੇ ਬੀਬੀ ਕਿਰਨਜੋਤ ਕੌਰ ਨੂੰ ਕੁੱਝ ਸਵਾਲ

ਦਮਦਮੀ ਟਕਸਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ‘ਤੇ ਅਮਰੀਕ ਸਿੰਘ ਚੰਡੀਗੜ੍ਹੀਆਂ ਦੀ ਖੁਲ ਕੇ ਤਰਫ਼ਦਾਰੀ ‘ਤੇ ਉਤਰੇ ਬੀਬੀ ਕਿਰਨਜੋਤ ਕੌਰ ਨੂੰ ਕੁੱਝ ਸਵਾਲ

ਪੰਥਕ ਅਤੇ ਸਿਆਸੀ ਖੇਤਰ ‘ਚ ਬੀਬੀ ਕਿਰਨਜੋਤ ਕੌਰ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ ਹੈ। ਪੰਥ ਦੇ ਮਰਹੂਮ ਨੇਤਾ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਦੀ ਦੋਹਤੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੋਂ ਇਲਾਵਾ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਹਨ। ਆਪ ਲੰਮੇ ਸਮੇਂ ਤੋਂ ਜ਼ਿੰਮੇਵਾਰ ਅਹੁਦਿਆਂ ‘ਤੇ ਸੇਵਾ ਨਿਭਾਉਂਦੇ ਆ ਰਹੇ ਹਨ। ਪਰ ਅਫ਼ਸੋਸ ਕਿ ਉਨ੍ਹਾਂ ਦੀ ਦਮਦਮੀ ਟਕਸਾਲ ਬਾਰੇ ਲਿਖੀ ਗਈ ਉਕਤ ਪੋਸਟ ਨੂੰ ਮੈਂ ਇਕ ਸੂਝਵਾਨ ਦੀ ਗੈਰ ਜ਼ਿੰਮੇਵਾਰ ਹਰਕਤ ਹੀ ਕਹਾਂਗਾ। ਜਿਸ ਵਿਚ ਉਨ੍ਹਾਂ ਬਿਨਾ ਸਿਆਣਪ ‘ਤੇ ਦਮਦਮੀ ਟਕਸਾਲ ਵੱਲੋਂ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਵਰਗੇ ਪੰਥਕ ਮਾਮਲਿਆਂ ਪ੍ਰਤੀ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਨੂੰ ਸਿਖੀ ਦੇ ਨਾਂਅ ‘ਤੇ ਗੁੰਡਾਗਰਦੀ ਦੇ ਹਾਮੀ ਭਾਵ ਵਰਤਾਰਾ ਕਰਾਰ ਦੇ ਦਿਤਾ। ਜੇ ਅਕਾਲ ਤਖਤ ਸਾਹਿਬ ਨੂੰ ਪੰਥ ਮਾਮਲਿਆਂ ਪ੍ਰਤੀ ਅਪੀਲ ਕਰਨੀ ਗੁੰਡਾਗਰਦੀ ਦੀ ਸ਼੍ਰੇਣੀ ‘ਚ ਆਉਂਦਾ ਹੈ ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਾਪਤ ਕਈ ਪੰਥਕ ਮਾਮਲਿਆਂ ਪ੍ਰਤੀ ਪੜਤਾਲ ਅਤੇ ਸਲਾਹਕਾਰ ਸਭ ਕਮੇਟੀਆਂ ਵਿਚ ਬੀਬੀ ਜੀ ਤੁਸੀਂ ਇਕ ਵਾਰ ਨਹੀਂ ਕਈ ਵਾਰ ਬਤੌਰ ਮੈਂਬਰ ਸ਼ਾਮਿਲ ਹੋ ਚੁਕੇ ਹੋ। ਉਸ ਨੂੰ ਕਿਸ ਖਾਤੇ ਪਾਇਆ ਜਾਵੇ।
ਹੈਰਾਨ ਵਾਲੀ ਗਲ ਹੈ ਕਿ ਪੁਰਾਤਨ ਸੰਪਰਦਾਵਾਂ ਨੂੰ ਡੇਰਾਵਾਦ ਦੇ ਖਾਤੇ ਪਾ ਕੇ ਪੁਰਾਤਨ ਸਿਖ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਸਾਥ ਤੁਸੀਂ ਕਿਸ ਲਈ ਦੇਣਾ ਚਾਹੁੰਦੇ ਹੋ? ਬੀਬੀ ਜੀ, ਚੰਡੀਗੜੀਏ ਦੀ ਵਕਾਲਤ ਵਾਲੀ ਤੁਹਾਡੀ ਉਕਤ ਟਿੱਪਣੀ ਦਸ ਰਹੀ ਹੈ ਕਿ ਤੁਸੀਂ ਪੰਥ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਲਲਕਾਰਨ ਵਾਲਿਆਂ ਪ੍ਰਤੀ ਨਾ ਕੇਵਲ ਨਰਮੀ ਸਗੋਂ ਸਮਰਪਿਤ ਸੋਚ ਵੀ ਰੱਖਦੇ ਹੋ। ਮੈਨੂੰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹੀ ਸੋਚ ਪੰਥ ਲਈ ਹੋਰ ਵੀ ਮਹਿੰਗੀ ਪੈ ਸਕਦੀ ਹੈ ਜਦ ਤੁਹਾਡੇ ਵਰਗਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ ‘ਚ ਪੜਾਏ ਜਾਂਦੇ ਸਿਖ ਇਤਿਹਾਸ ਪ੍ਰਤੀ ਘੋਖ ਦੀ ਜ਼ਿੰਮੇਵਾਰੀ ਦੇ ਦਿਤੀ ਜਾਂਦੀ ਹੈ।
ਬੀਬੀ ਜੀ, ਕੀ ਸਿਖੀ ਦੇ ਪ੍ਰਚਾਰ ਦੇ ਨਾਮ ‘ਤੇ ਸਿਖੀ ਸਿਧਾਂਤਾਂ ਪਰੰਪਰਾਵਾਂ ਰਵਾਇਤਾਂ ਦਾ ਖੰਡਨ ਕਰਨ ਵਾਲੇ ਭਾਈ ਅਮਰੀਕ ਸਿੰਘ ਵਿਰੁੱਧ ਅਪੀਲ ਕਰਨੀ ਗੁਨਾਹ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ‘ਚ ਸਥਿਤ ਲੱਖਾਂ ਸ਼ਰਧਾਲੂਆਂ ਦੀਆਂ ਸ਼ਰਧਾ ਭਾਵਨਾਵਾਂ ਦੀ ਪ੍ਰਤੀਕ ਦੁਖ ਭੰਜਨੀ ਬੇਰੀ ਜਿਸ ਦੇ ਹੇਠਾਂ ਤੁਸੀਂ ਅਤੇ ਤੁਹਾਡੇ ਸਤਿਕਾਰਯੋਗ ਨਾਨਾ ਜੀ ਵੱਲੋਂ ਅੰਮ੍ਰਿਤ ਸਰੋਵਰ ਤੋਂ ਕਈ ਵਾਰ ਅੰਮ੍ਰਿਤ ਦੇ ਚੁਲੇ ਲਏ ਹੋਣਗੇ, ਉਸ ਪ੍ਰਤੀ ਭਾਈ ਅਮਰੀਕ ਸਿੰਘ ਨੇ ਹੀ ਪੰਥ ਦੀ ਮੂਰਖਤਾ ਗਰਦਾਨਦਿਆਂ ਕਿਹਾ ਕਿ ਉਸ ਅਸਥਾਨ ਨੂੰ ਉਸ ਬੇਰੀ ਨੂੰ ਇਹਨਾਂ ਦੁਖ ਭੰਜਨੀ ਬੇਰੀ ਬਣਾ ਦਿਤਾ। ਇਤਿਹਾਸ ਗਵਾਹ ਹੈ ਕਿ ਇਸ ਬਰੀ ਥਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਤੋਂ ਲਿਆਂਦੀਆਂ ਪਾਵਨ ਪੋਥੀਆਂ ਸੁਸ਼ੋਭਿਤ ਕਰਦਿਆਂ ਪਹਿਲਾ ਰੈਣ ਭਾਈ ਕੀਰਤਨ ਕਰਾਇਆ । ਇਹਨਾਂ ਹੀ ਬੇਰੀਆਂ ਹੇਠ ਬੈਠ ਕੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਫਿਰ ਸੀ ਗੁਰੂ ਅਰਜਨ ਦੇਵ ਜੀ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਦੀ ਨਿਗਰਾਨੀ ਕਰਦੇ ਰਹੇ। ਜਿਥੇ ਸਤਿਗੁਰੂ ਸਾਹਿਬਾਨ ਬਿਰਾਜਮਾਨ ਹੋਏ ਉਹ ਅਸਥਾਨ ਤਾਂ ਵੇਸ ਹੀ ਪੂਜਣਯੋਗ ਹਨ।
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ £ ( ਅੰਗ ੩੧੦)
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ £ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ £ ( ਅੰਗ ੪੫੦)
ਬੀਬੀ ਜੀ ਕੀ ਤੁਸੀ ਭਾਈ ਅਮਰੀਕ ਸਿੰਘ ਦੀ ਹਮਾਇਤ ‘ਤੇ ਉੱਤਰਦਿਆਂ ਉਸ ਵੱਲੋਂ ਕੀਤੇ ਗਏ ਗਲਤ ਪ੍ਰਚਾਰ ਨਾਲ ਸਹਿਮਤੀ ਪ੍ਰਗਟਾ ਕੇ ਉਸ ਨੂੰ ਹਲਾਸ਼ੇਰੀ ਨਹੀਂ ਦੇ ਰਹੇ? ਕੀ ਇਸ ਅਖੌਤੀ ਪ੍ਰਚਾਰਕ ਵੱਲੋਂ ਗੁਰੂ ਸਾਹਿਬਾਨ ਦੇ ਸਰਬ ਸਾਂਝੀਵਾਲਤਾ ਦੇ ਉਲਟ ਈਰਖਾ ਵੱਸ ਪੰਥ ‘ਚ ਪ੍ਰਵੇਸ਼ ਹੋ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਵਾਸੀ ਵੀਰਾਂ ਨੂੰ ਭਈਏ ( ਜਾਹਲ ਭਾਸ਼ਾ) ਕਹਿ ਕੇ ਅਤੇ ਗੁਰੂ ਦੀ ਬਾਤ ਸੁਣਾਉਣ ਵਾਲੇ ਇਸਲਾਮ ਨੂੰ ਮੰਨਣ ਵਾਲੇ ਗ਼ੁਲਾਮ ਕਾਦਰੀ ਦਾ ਅਪਮਾਨ ਕਰਨਾ ਤੁਹਾਨੂੰ ਨਜ਼ਰ ਨਹੀਂ ਆਉਂਦਾ? ਜਿਸ ਬਾਰੇ ਉਸ ਨੇ ਕਿਹਾ ਕਿ ਜੇ ਕਾਦਰੀ ਨੂੰ ਗੁਰੂ ਇਨਾ ਹੀ ਪਿਆਰਾ ਲਗਦਾ ਤਾਂ ਉਹ ਸਿਖ ਕਿਉ ਨਹੀਂ ਸੱਜ ਜਾਂਦਾ? ਕੀ ਕਿਸੇ ਨੂੰ ਈਰਖਾ ਵੱਸ ਧਰਮ ਪਰਿਵਰਤਨ ਲਈ ਕਹਿਣਾ ਸਹੀ ਹੈ? ਕੀ ਕਿਸੇ ਪ੍ਰਚਾਰਕ ਪ੍ਰਤੀ ਅਯੋਗਤਾ ਦੀ ਪਰਖ ਯੂ ਪੀ ਜਾਂ ਬਿਹਾਰ ਦੇ ਵਾਸੀ ਹੋਣ ਨਾਲ ਸੰਬੰਧਿਤ ਹੈ? ਕੀ ਉਸ ਵੱਲੋਂ ਕਾਲਜ ਜਾਂਦੀਆਂ ਕੁੜੀਆਂ ਨੂੰ ਨਸ਼ੇਈ (ਵੈਲਣ) ਕਹਿਣਾ ਤੁਹਾਨੂੰ ਸੁਣਾਈ ਨਹੀਂ ਦਿੰਦਾ?। ਅਜ ਕਹਿ ਰਿਹਾ ਹੈ ਕਿ ਲੱਖਾਂ ਰੁਪੈ ਫੂਕ ਕੇ ਛਬੀਲਾਂ ਲਾਉਣ ਦਾ ਕੀ ਫ਼ਾਇਦਾ, ਲੋਕਾਂ ‘ਚ ਸ਼ੂਗਰ ਦਾ ਕਾਰਨ ਬਣ ਰਿਹਾ । ਫਿਰ ਤਾਂ ਕੜਾਹ ਪ੍ਰਸ਼ਾਦ ‘ਚ ਵੀ ਖੰਡ ਪਾਈ ਜਾਂਦੀ ਹੈ, ਉਸ ਬਾਰੇ ਕੀ ਵਿਚਾਰ ਹੋਵੇਗਾ? ਇਹ ਕਹਿਣ ਦੀ ਗੁਸਤਾਖ਼ੀ ਕਿ ( ਆਰ ਐੱਸ ਐੱਸ ਵਾਲੇ) ਕਲ ਨੂੰ ਕਹਿਣਗੇ ਕਿ ਤੁਹਾਡਾ ਗੁਰੂ ਇਨਾ ਹੀ ਸਮਰੱਥਾਵਾਨ ਹੈ ਤਾਂ ਬੇ ਅਦਬੀ ਕਰਨ ਵਾਲਿਆਂ ਨੂੰ ਪਕੜ ਕਿਉ ਨਹੀਂ ਸਕਿਆ? ਮੱਸਿਆ ਸੰਗਰਾਂਦ ਦੀ ਵਿਰੋਧਤਾ ਗੁਰਬਾਣੀ ‘ਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਉਚਾਰੇ ਗਏ ਦੋ ਬਾਰਾਂਮਾਹ ਦੇ ਹੋਂਦ ਦੇ ਬਾਵਜੂਦ ਜਾਇਜ਼ ਕਿਹਾ ਜਾ ਸਕਦਾ ਹੇ? ਕੇਸੀ ਇਸ਼ਨਾਨ ਨੂੰ ਬਲ ਕੇ ਇਸ਼ਨਾਨ ਕਰ ਕੇ ਸਰੀਰ ਦੀ ਸਾਫ਼ ਸਫ਼ਾਈ ਰਖਣ ਨੂੰ ਫੋਕਟ ਕਰਮ ਕਾਂਡ ਕਹਿਣਾ ਅੰਮ੍ਰਿਤ ਵੇਲੇ ਦੇ ਇਸ਼ਨਾਨ ਪ੍ਰਤੀ ਉਗਲ ਉਠਾਉਣਾ ਨਹੀਂ? ਗੁਰਦਵਾਰਾ ਬਾਬਾ ਬਕਾਲਾ ਸਾਹਿਬ ਦੇ ਭੋਰੇ ‘ਚ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਤਪ ਸਾਧਨਾ ਨਾ ਕਰਨ ਦਾ ਪ੍ਰਚਾਰ ਕਰਨ ਵਾਲੇ ਦੀ ਗਲ ਸਹੀ ਹੈ ਤਾਂ ਆਪ ਜੀ ਮੈਂਬਰ ਹੋ ਸ਼੍ਰੋਮਣੀ ਕਮੇਟੀ ਦੇ ਅਤੇ ਜਨਰਲ ਸਕੱਤਰ ਦੇ ਸਮੇਂ ਉਸ ਅਸਥਾਨ ‘ਤੇ ਲਗੇ 26 ਸਾਲ9 ਮਹੀਨੇ 13 ਦਿਨ ਵਾਲੇ ਬੋਰਡ ਨੂੰ ਕਿਉ ਨਾ ਹਟਾ ਹੋਇਆ?
ਰਹੀ ਗਲ ਦਮਦਮੀ ਟਕਸਾਲ ਵੱਲੋਂ ਪੰਥ ਪਰਵਾਨਿਤ ਰਹਿਤ ਮਰਿਆਦਾ ਦੇ ਪ੍ਰਚਾਰਕਾਂ ਨੂੰ ਹੀ ਨਿਸ਼ਾਨਾ ਬਣਾਉਣ ਬਾਰੇ ਤਾਂ ਤੁਸੀ ਦਸ ਸਕਦੇ ਹੋ ਦਮਦਮੀ ਟਕਸਾਲ ਨੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਕਿਥੇ ਠੇਸ ਪਹੁੰਚਾਈ ਹੈ। ਕੀ ਤੁਸੀ ਇਹ ਦਸ ਸਕਦੇ ਹੋ ਕਿ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਪ੍ਰੋ: ਰਾਗੀ ਦਰਸ਼ਨ ਸਿੰਹੁ, ਕਾਲਾ ਅਫਗਾਨਾ ਜਾਂ ਹਰਨੇਕ ਨੇਕੀ ਨਿਉਜੀਲੈਡ ਵਰਗਿਆਂ ਖ਼ਿਲਾਫ਼ ਤੁਹਾਡੀ ਜ਼ੁਬਾਨ ਬੰਦ ਕਿਉ ਰਹਿੰਦੀ ਹੈ? ਦੂਜ ਗਲ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਸਵਾਲ ਤਾਂ ਅਜ ਤਕ ਪੰਥ ‘ਚ ਇਸ ਬਾਰੇ ਅੰਤਿਮ ਫ਼ੈਸਲਾ ਹੋਇਆ ਹੀ ਨਹੀਂ , ਜੇ ਹੋਇਆ ਤਾਂ ਉਸ ਦਾ ਸਬੂਤ ਮੈਨੂੰ ਵੀ ਦੇਂਦਿਓ ਤਾਂ ਕਿ ਮੈ ਵੀ ਆਪਣੇ ਗਿਆਨ ‘ਚ ਵਾਧਾ ਕਰ ਸਕਾਂ। ਕੀ ਤੁਹਾਡੀਆਂ ਨਜ਼ਰਾਂ ‘ਚ ਦਮਦਮੀ ਟਕਸਾਲ , ਨਿਹੰਗ ਸਿੰਘ ਜਥੇਬੰਦੀਆਂ, ਨਾਨਕ ਸਰ ਸੰਪਰਦਾਈ, ਰਾੜਾ ਸਾਹਿਬ, ਨਿਰਮਲੇ ਅਤੇ ਉਦਾਸੀਨ ਸੰਪਰਦਾਵਾਂ ਪੰਥ ਦਾ ਅੰਗ ਹਨ ? ਜੇ ਇਹ ਪੰਥ ਦਾ ਅਨਿੱਖੜਵਾਂ ਅੰਗ ਹਨ ਤਾਂ ਕੀ ਇਹਨਾਂ ਸੰਸਥਾਵਾਂ ਜਥੇਬੰਦੀਆਂ ਨੇ ਰਹਿਤ ਮਰਿਆਦਾ ਜਿਸ ਨੂੰ ਤੁਸੀ ਪੰਥ ਪ੍ਰਵਾਨਿਤ ਕਿਹਾ ਨੂੰ ਪ੍ਰਵਾਨਗੀ ਦੇ ਦਿਤੀ ਹੈ? ਜੇ ਜਵਾਬ ਨਹੀਂ ‘ਚ ਹੈ ਤਾਂ ਫਿਰ ਪੰਥ ਪ੍ਰਵਾਨਿਤ ਕਿਵੇਂ ਹੋਈ? ਰਹੀ ਗਲ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵੱਲੋਂ ਟਕਸਾਲ ਦੀ ਮਰਿਆਦਾ ਨੂੰ ਪੰਥ ਤੇ ਥੋਪਣ ਦੀ ਕਦੀ ਵੀ ਕੋਸ਼ਿਸ਼ ਨਾ ਕਰਨ ਬਾਰੇ ਤਾਂ ਦਮਦਮੀ ਟਕਸਾਲ ਅਜ ਵੀ ਆਪਣੀ ਮਰਜ਼ੀ ਕਿਸੇ ਉੱਤੇ ਥੋਪਣ ਦੇ ਹੱਕ ਬਿਲਕੁਲ ਨਹੀਂ ਹੈ। ਦਮਦਮੀ ਟਕਸਾਲ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸੁਯੋਗ ਅਗਵਾਈ ‘ਚ ਕੌਮ ਦੀ ਚੜ੍ਹਦੀ ਕਲਾ ਲਈ ਨਿਰੰਤਰ ਯਤਨਸ਼ੀਲ ਹੈ।” ਧੰਨਵਾਦ:

ਤੁਹਾਡਾ ਆਪਣਾ ਵੀਰ ਸਰਚਾਂਦ ਸਿੰਘ

Share Button

Leave a Reply

Your email address will not be published. Required fields are marked *

%d bloggers like this: