Thu. Oct 17th, 2019

ਦਮਦਮੀ ਟਕਸਾਲ ਨੇ ਦਿਲੀ ਦੀ ਅਦਾਲਤ ਵੱਲੋਂ ਦੋ ਸਿੱਖ ਹਾਈਜੈਕਰਾਂ ਨੂੰ ਬਰੀ ਕਰਨ ਦਾ ਕੀਤਾ ਸਵਾਗਤ

ਦਮਦਮੀ ਟਕਸਾਲ ਨੇ ਦਿਲੀ ਦੀ ਅਦਾਲਤ ਵੱਲੋਂ ਦੋ ਸਿੱਖ ਹਾਈਜੈਕਰਾਂ ਨੂੰ ਬਰੀ ਕਰਨ ਦਾ ਕੀਤਾ ਸਵਾਗਤ
ਰਾਹੁਲ ਦਾ ’84 ਦੀ ਨਸਲਕੁਸ਼ੀ ਵਿੱਚ ਕਾਂਗਰਸ ਦੀ ਭੂਮਿਕਾ ਤੋਂ ਇਨਕਾਰ ਸਿਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਸੰਤ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 27 ਅਗਸਤ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਦੀ ਇਕ ਅਦਾਲਤ ਵੱਲੋਂ ਹਵਾਈ ਜਹਾਜ਼ ਅਗਵਾ ਕੇਸ ਵਿੱਚ ਹਾਈਜੈਕਰ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਬਰੀ ਕਰਨ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਚੜ੍ਹਦੀਕਲਾ ਲਈ ਸੁਭ ਇੱਛਾਵਾਂ ਦਿੱਤੀਆਂ ਹਨ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਹਨਾਂ ਹਾਈਜੈਕਰਾਂ ਦੇ 37 ਸਾਲ ਪੁਰਾਣੇ ਕੇਸ ਪ੍ਰਤੀ ਦਿਲੀ ਪੁਲੀਸ ਵੱਲੋਂ ਨਵੀਂ ਧਾਰਾਵਾਂ ਤਹਿਤ ਮੁੜ ਮੁਕੱਦਮਾ ਚਲਾਉਣਾ ਡਬਲ ਜੀਓਪਾਰਡੀਆ ( ਇੱਕ ਦੋਸ਼ ਵਿਚ ਦੋ ਵਾਰ ਸਜਾ ਨਹੀਂ ਦਿੱਤੀ ਜਾ ਸਕਦੀ ) ਦੇ ਸਿਧਾਂਤ ਅਤੇ ਜਨੇਵਾ ਕਨਵੈੱਨਸ਼ਨ ਦੀ ਉਲੰਘਣਾ ਸੀ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਵਿਰੁੱਧ 29 ਸਤੰਬਰ 1981 ਨੂੰ ਦਲ ਖ਼ਾਲਸਾ ਦੇ 5 ਹਾਈਜੈਕਰਾਂ ਨੇ ਦਿਲੀ ਤੋਂ ਸ੍ਰੀ ਨਗਰ ਜਾ ਰਹੇ ਏਅਰ ਇੰਡੀਆ ਦੇ ਹਵਾਈ ਜਹਾਜ਼ ਆਈ ਸੀ 423 ਨੂੰ ਅਫ਼ਵਾਹ ਕਰ ਕੇ ਲਾਹੌਰ ਲੈ ਗਏ ਸਨ। ਜਿੱਥੇ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਦਿਆਂ ਉਹਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। 14 ਸਾਲ ਕੈਦ ਦੀ ਸਜਾ ਪਾਕਿਸਤਾਨ ਵਿਚ ਪੂਰੀ ਕਰਨ ਉਪਰੰਤ 1999 ਵਿਚ ਉਕਤ ਹਾਈਜੈਕਰ ਪੰਜਾਬ ਪਰਤ ਕੇ ਸ਼ਾਂਤਮਈ ਜ਼ਿੰਦਗੀ ਬਸਰ ਕਰ ਰਹੇ ਹਨ। ਉਕਤ ਸਿੱਖਾਂ ‘ਤੇ ਉਸੇ ਕਾਰਵਾਈ ਲਈ ਭਾਰਤੀ ਅਦਾਲਤ ਵਿਚ ਵੀ ਮੁਕੱਦਮਾ ਚਲਾਇਆ ਗਿਆ ਜਿੱਥੇ ਉਹਨਾਂ ਨੂੰ ਬਰੀ ਕੀਤਾ ਗਿਆ ਸੀ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਇਨ੍ਹਾਂ ਸਿੱਖਾਂ ਨੂੰ ਮੁੜ ਨਿਸ਼ਾਨਾ ਬਣਾ ਦੇਸ਼ ਧ੍ਰੋਹ ਦੀਆਂ ਨਵੀਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਨਾਲ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਮੁੜ ਉਜਾਗਰ ਹੋਈ।ਉਹਨਾਂ ਦਸਿਆ ਕਿ ਉਕਤ ਕੇਸ ਭਾਰਤੀ ਨਿਆਂ ਪ੍ਰਣਾਲੀ ‘ਤੇ ਇਕ ਵੱਡੇ ਪ੍ਰਸ਼ਨ ਸੀ , ਜਿਸ ਪ੍ਰਤੀ ਸਿੱਖ ਭਾਈਚਾਰੇ ਵਿੱਚ ਵਡਾ ਰੋਸ ਪੈਦਾ ਹੋਇਆ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਲਈ ਇਹ ਇੱਕ ਵਿਡੰਬਣਾ ਹੈ ਕਿ ਇੱਥੇ ਸਿੱਖਾਂ ਲਈ ਹੋਰ ਅਤੇ ਗੈਰ ਸਿੱਖਾਂ ਲਈ ਹੋਰ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਕਾਲੇ ਧੱਬੇ ਵਜੋਂ ਜਾਣੀ ਜਾਂਦੀ ਐਮਰਜੈਂਸੀ ਨੂੰ ਲਾਗੂ ਕਰਨ ਵਾਲੀ ਇੰਦਰਾ ਗਾਂਧੀ ਅਤੇ ਉਸ ਦੇ ਤਾਨਾਸ਼ਾਹ ਪੁੱਤਰ ਸੰਜੇ ਗਾਂਧੀ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲਿਆਂ ਭੋਲਾਨਾਥ ਪਾਂਡੇ ਅਤੇ ਦਵਿੰਦਰ ਪਾਂਡੇ ਦੇ ਨਾ ਕੇਵਲ ਸਾਰੇ ਕੇਸ ਖ਼ਾਰਜ ਕਰ ਦਿਤੇ ਗਏ ਸਗੋਂ ਕਾਂਗਰਸ ਸਰਕਾਰਾਂ ਵੱਲੋਂ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ। ਜਦ ਕਿ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਹਵਾਈ ਜਹਾਜ਼ ਹਾਈਜੈਕ ਕਰਨ ਵਾਲੇ ਸਿੱਖਾਂ ਜਿਨ੍ਹਾਂ ਆਪਣੀ ਉਮਰ ਦੇ 36 ਸਾਲ ਜੇਲ੍ਹਾਂ ਅਤੇ ਉਕਤ ਕੇਸ ਦੀ ਪੈਰਵਾਈ ਕਰਦਿਆਂ ਅਦਾਲਤਾਂ ਵਿਚ ਗੁਜ਼ਰੇ ਹਨ ‘ਤੇ ਨਵਾਂ ਮੁਕੱਦਮਾ ਠੋਕ ਦਿੱਤਾ ਗਿਆ।
ਦਮਦਮੀ ਟਕਸਾਲ ਦੇ ਮੁਖੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਹੋਏ ਇਕ ਸਮਾਗਮ ਦੌਰਾਨ ’84 ਦੇ ਸਿੱਖ ਨਸਲਕੁਸ਼ੀ ਵਿੱਚ ਕਾਂਗਰਸ ਦੀ ਕੋਈ ਭੂਮਿਕਾ ਹੋਣ ਤੋਂ ਇਨਕਾਰ ਬਾਰੇ ਦਿਤੇ ਬਿਆਨ ਨੂੰ ਇਕ ਵੱਡਾ ਡਰਾਮਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਨਹੀਂ ਅਮਰੀਕਾ ਦੇ ਬਰਕਲੇ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਵਿਚ ਵੀ ਰਾਹੁਲ ਸਿੱਖ ਕਤਲੇਆਮ ਵਿੱਚ ਕਾਂਗਰਸ ਦੀ ਭੂਮਿਕਾ ਬਾਰੇ ਚਿੱਟੇ ਦਿਨ ਚਿੱਟਾ ਝੂਠ ਬੋਲ ਚੁੱਕਿਆ ਹੈ। ਉਨਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਇਹ ਫ਼ਰਜ਼ੰਦ ਹੁਣ ਕੌਮਾਂਤਰੀ ਫੋਰਮ ‘ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਲੋਕਾਂ ਨੂੰ ਗੁਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਉਹ ਖੁਦ ਇੱਕ ਨਿੱਜੀ ਟੀ ਵੀ ਚੈਨਲ ‘ਤੇ ਇੱਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਉਹਨਾਂ ਕਿਹਾ ਕਿ ਰਾਹੁਲ ਨੂੰ ਝੂਠ ਬੋਲਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਪਰ ਵਿਸ਼ਵ ਇਹ ਜਾਣ ਚੁਕਾ ਹੈ ਕਿ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਕਤਲੇਆਮ ਮੌਕੇ ”ਇੱਕ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ” ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਾਤਲਾਂ ਨੂੰ ਹੋਰ ਉਕਸਾਇਆ। ਕਤਲੇਆਮ ਦਾ ਦੋਸ਼ੀ ਜਗਦੀਸ਼ ਟਾਈਟਲਰ ਵੀ ਖੁਲਾਸਾ ਕਰ ਚੁੱਕਿਆ ਹੈ ਕਿ ਉਨਾਂ ਦਿਨਾਂ ਵਿੱਚ ਰਾਜੀਵ ਗਾਂਧੀ ਖੁਦ ਉਸ ਨਾਲ ਕਾਰ ਵਿੱਚ ਬੈਠ ਕੇ ਹਾਲਾਤ ਦਾ ਜਾਇਜ਼ਾ ਲੈਦਾ ਰਿਹਾ।ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ। ਨਤੀਜਾ ਇੱਕ ਬਹੁਤ ਵੱਡੇ ਦੁਖਾਂਤ ਵਜੋਂ ਸਾਹਮਣੇ ਆਇਆ। ਉਹਨਾਂ ਕਿਹਾ ਕਿ ਰਾਹੁਲ ਵੱਲੋਂ ਪੀੜਤਾਂ ਨਾਲ ਖੜ੍ਹਨ ਪ੍ਰਤੀ ਦਿੱਤੇ ਗਏ ਝੂਠੇ ਬਿਆਨ ਨਾਲ ਉਹਨਾਂ ਨੂੰ ਕੋਈ ਤਸੱਲੀ ਨਹੀਂ ਮਿਲੀ ਹੈ।ਤਸੱਲੀ ਇਨਸਾਫ਼ ਹੋਣ ਨਾਲ ਹੋਵੇਗੀ ਅਤੇ ਰਾਹੁਲ ਬਤੌਰ ਪ੍ਰਧਾਨ ਉਨਾਂ ਕਤਲੇਆਮ ਲਈ ਮੁਆਫ਼ੀ ਮੰਗੇ ਅਤੇ ਦੋਸ਼ੀਆਂ ਨੂੰ ਕਾਂਗਰਸ ‘ਤੋ ਬਾਹਰ ਦਾ ਰਸਤਾ ਦਿਖਾਵੇ। ਰਾਹੁਲ ਅਜਿਹਾ ਨਹੀਂ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਕਾਂਗਰਸ ਪਾਰਟੀ ਨੇ ਜਾਂਚ ਦੌਰਾਨ ਅਤੇ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜਾਵਾਂ ਦੇਣ ਦਿਵਾਉਣ ਦੀ ਥਾਂ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ।ਜਗਦੀਸ਼ ਟਾਈਟਲਰ, ਸਜਣ ਕੁਮਾਰ, ਕਮਲ ਨਾਥ ਸਮੇਤ ਤਮਾਮ ਦੋਸ਼ੀਆਂ ਨੂੰ ਵੱਡੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ । ਉਹਨਾਂ ਕਾਂਗਰਸ ਦੀ ਸਤਾ ਦੌਰਾਨ ਦੋਸ਼ੀਆਂ ਪ੍ਰਤੀ ਕਲੀਨ ਚਿੱਟ ਦਿਵਾਉਣ ਲਈ ਸੀ ਬੀ ਆਈ ‘ਤੇ ਦਬਾਅ ਪਾਉਣ ਦਾ ਦੋਸ਼ ਵੀ ਲਾਇਆ ਹੈ। ਉਹਨਾਂ ਕਿਹਾ ਕਿ ਰਾਹੁਲ ਨੂੰ ਪ੍ਰਧਾਨ ਵਜੋਂ ਕਾਂਗਰਸ ਦੀ ਕਮਾਂਡ ਸੰਭਾਲ ਲਿਆ ਹੈ , ਰਾਹੁਲ ਦਸੇ ਕਿ ਹੁਣ ਤਕ ਉਹਨਾਂ ਕਿਸੇ ਇੱਕ ਦੋਸ਼ੀ ਨੂੰ ਵੀ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਹਾ ਦਿਖਾਇਆ?। ਉਹਨਾਂ ਕਿਹਾ ਕਿ ’84 ਦਾ ਨਿਰਦੋਸ਼ ਸਿੱਖ ਸਮੂਹਿਕ ਕਤਲੇਆਮ ਕਾਂਗਰਸ ਦੇ ਮੱਥੇ ਲਗਾ ਕਾਲਾ ਕਲੰਕ ਹੈ ਜੋ ਕਿਸੇ ਵੀ ਹਾਲਤ ਵਿਚ ਮਿਟ ਨਹੀਂ ਸਕੇਗਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਸਿੱਖ ਕਦੀ ਵੀ ਨਹੀਂ ਭੁਲਾ ਪਾਉਣਗੇ ਅਤੇ ਅਬਦਾਲੀਆਂ ਦੀ ਤਰਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਕਦੀ ਮੁਆਫ਼ ਨਹੀਂ ਕਰੇਗੀ।

Leave a Reply

Your email address will not be published. Required fields are marked *

%d bloggers like this: