ਦਮਦਮੀ ਟਕਸਾਲ ਨੇ ਐਸ.ਜੀ.ਪੀ.ਸੀ. ਨੂੰ ਕਿਹਾ ਕੁਲਦੀਪ ਨਈਅਰ ਨੂੰ ਦਿੱਤਾ ਸਨਮਾਨ ਵਾਪਸ ਲਿਆ ਜਾਵੇ

ss1

ਦਮਦਮੀ ਟਕਸਾਲ ਨੇ ਐਸ.ਜੀ.ਪੀ.ਸੀ. ਨੂੰ ਕਿਹਾ ਕੁਲਦੀਪ ਨਈਅਰ ਨੂੰ ਦਿੱਤਾ ਸਨਮਾਨ ਵਾਪਸ ਲਿਆ ਜਾਵੇ

ਅੰਮ੍ਰਿਤਸਰ-ਦਮਦਮੀ ਟਕਸਾਲ ਨੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ‘ਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਨਾਲ ਸਬੰਧਿਤ 400 ਵੀਂ ਵਰ੍ਹੇਗੰਢ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ 3 ਜੁਲਾਈ, 2006 ਨੂੰ ਪ੍ਰਸਿੱਧ ਕਾਲਮਨਵੀਸ ਕੁਲਦੀਪ ਨੱਈਅਰ ਨੂੰ ਜੋ ਸਨਮਾਨ ਦਿੱਤਾ ਗਿਆ ਸੀ ਉਹ ਵਾਪਿਸ ਲਿਆ ਜਾਵੇ ਕਿਉਂਕਿ ਕੁਲਦੀਪ ਨੱਈਅਰ ਨੇ ਪਿੱਛਲੇ ਦਿਨੀਂ ਸਿੱਖ ਕੌਮ ਦੇ ਸ਼ਹੀਦਾਂ ਅਤੇ ਸਿੱਖ ਸਖਸ਼ੀਅਤਾਂ ਸਬੰਧੀ ਇਤਰਾਜਯੋਗ ਟਿੱਪਣੀ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਨੱਈਅਰ ਦੀ ਆਤਮਕਥਾ ‘ਬਿਓਡ ਦਿ ਲਾਈਨਜ਼’ ‘ਤੇ ਪਾਬੰਦੀ ਲਗਾਉਣ ਲਈ ਪੰਜਾਬ ਸਰਕਾਰ ਨੂੰ ਲਿਖਣ ਅਤੇ ਸੜਕਾਂ ‘ਤੇ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਜਾਵੇ।
ਉਨ੍ਹਾਂ ਨੇ ਸਿੱਖ ਸ਼ਹੀਦਾਂ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅਕਸ ਨੂੰ ਖਰਾਬ ਕਰਨ ਖਿਲਾਫ ਕੁਲਦੀਪ ਨੱਈਅਰ ਦੀ ਤਿੱਖੀ ਅਲੋਚਨਾ ਕੀਤੀ।
‘ਇਤਿਹਾਸਕਾਰਾਂ , ਲੇਖਕਾਂ ਅਤੇ ਨੱਈਅਰ ਸਮੇਤ ਸਿੱਖ ਸ਼ਹੀਦਾਂ ਖਿਲਾਫ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਕੌਮ ਆਪਣੇ ਨਾਇਕਾਂ ਦਾ ਅੱਜ ਵੀ ਪੂਰਾ ਮਾਨ ਸਤਿਕਾਰ ਕਰ ਰਹੀ ਹੈ। ਸਿੱਖਾਂ ਦੇ ਮਨ ਵਿੱਚ ਆਪਣੇ ਮਹਾਨ ਆਗੂਆਂ ਤੇ ਸ਼ਹੀਦਾਂ ਜਿਨ੍ਹਾਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਭਾਈ ਅਮਰੀਕ ਸਿੰਘ ਵੀ ਸ਼ਾਮਲ ਹਨ ਪ੍ਰਤੀ ਪਿਆਰ, ਸਤਿਕਾਰ ਅੱਜ ਵੀ ਕਾਇਮ ਹੈ, ਜਿਨ੍ਹਾਂ ਨੇ ਕੌਮ ਨੂੰ ਜਗਾਇਆ ਅਤੇ ਸਰਕਾਰੀ ਤੰਤਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਸੰਘਰਸ਼ ਕੀਤਾ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਪ੍ਰਸਿੱਧ ਕਾਲਮਨਵੀਸ ਕੁਲਦੀਪ ਨੱਈਅਰ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਇਤਰਾਜਯੋਗ ਸ਼ਬਦਾਵਲੀ ਵਰਤਣ ਅਤੇ ਸੰਤਾਂ ਦੀ ਤੁਲਣਾ ਸਿਰਸਾ ਦੇ ਡੇਰਾ ਮੁਖੀ ਨਾਲ ਕਰਨ ਦਾ ਵੀ ਸਖਤ ਨੋਟਿਸ ਲਿਆ। ਉਨ੍ਹਾਂ ਨੇ ਕਿਹਾ ਕਿ ਨੱਈਅਰ ਵਰਗੇ ਫਿਰਕੂ ਲੋਕਾਂ ਨੇ ਅਤੀਤ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ, ਉਨ੍ਹਾਂ ਨੇ ਫਿਰਕੂ ਲਿਖਤਾਂ ਰਾਹੀਂ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਅੱਗੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਲਈ ਨੱਈਅਰ ਦੁਆਰਾ ਵਰਤੇ ਗਏ ਗਲਤ ਸ਼ਬਦ ਰਾਜ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰ ਸਕਦੇ ਹਨ, ਕਿਉਂਕਿ ਸਿੱਖ ਭਾਈਚਾਰਾ ਸੰਤ ਭਿੰਡਰਾਂਵਾਲਿਆਂ ਨੂੰ ਆਪਣਾ ਨਾਇਕ ਮੰਨਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਨੂੰ 20 ਵੀਂ ਸਦੀ ਦਾ ਮਹਾਨ ਯੋਧਾ ਅਤੇ ਸ਼ਹੀਦ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਬਹੁਤ ਮਹਾਨ ਕੰਮ ਕੀਤਾ ਹੈ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਪ੍ਰਤੀਨਿੱਧਤਾ ਕੀਤੀ ਹੈ, ਉਹਨਾਂ ਦੀ ਕੁਰਬਾਨੀ ਨਾਲ ਸੁੱਤੇ  ਪਏ ਸਿੱਖ ਭਾਈਚਾਰੇ ਨੂੰ ਜਗਾਉਣ ਵਿਚ ਮੱਦਦ ਮਿਲੀ। ਨੱਈਅਰ ਨੇ ਸੰਤ ਭਿੰਡਰਾਂਵਾਲਿਆਂ ਨੂੰ ਦਹਿਸ਼ਤਗਰਦ ਲਿਖ ਕੇ ਆਪਣੀ ਸੌੜੀ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ ਅਤੇ ਇਹੀਂ ਕੁਲਦੀਪ ਨੱਈਅਰ ਲੰਮੇ ਸਮੇਂ ਤੋਂ ਸੰਤਾਂ ਦੇ ਖਿਲਾਫ ਕੂੜ ਪ੍ਰਚਾਰ ਕਰਦਾ ਰਿਹਾ ਹੈ ਪਰ ਅੱਜ ਤੱਕ ਉਹ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕਰ ਸਕਿਆ, ਜੋ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਸਾਬਤ ਕਰ ਸਕੇ।
ਉਹਨਾਂ ਨੱਈਅਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਰਤੀ ਗ੍ਰਹਿ ਵਿਭਾਗ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਆਰ.ਟੀ.ਆਈ. ਦੇ ਜਵਾਬ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ 6 ਜੂਨ 1984 ਤਕ ਕਿਸੇ ਵੀ ਥਾਣੇ ਵਿਚ ਸੰਤ ਭਿੰਡਰਾਂਵਾਲਿਆ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਨੱਈਅਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਨਾ ਤਾਂ ਕਿਸੇ ਸੂਬੇ ਅਤੇ ਨਾ ਹੀ ਕੇਂਦਰ ਸਰਕਾਰ ਨੇ ਸੰਤ ਭਿੰਡਰਾਂਵਾਲਿਆਂ ਨੂੰ ਅਪਰਾਧੀ ਐਲਾਨ ਕੀਤਾ ਹੈ, ਨਾ ਹੀ ਸੰਤਾਂ ਖਿਲਾਫ ਕਿਸੇ ਕਿਸਮ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਿਕ ਗਤੀਵਿਧੀਆਂ ‘ਤੇ ਕੋਈ ਇਤਰਾਜ ਉਠਾਇਆ ਗਿਆ ਸੀ।
ਕਿਸੇ ਵੀ ਸਰਕਾਰ ਜਾਂ ਅਦਾਲਤ ਨੇ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਰਾਰ ਨਹੀਂ ਦਿੱਤਾ। ਉਹ ਇਸ ਗੱਲ ਤੋਂ ਵੀ ਇਨਕਾਰ ਕਰਦੇ ਹਨ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਪਾਰਟੀ ਤੋਂ ਕੋਈ ਰਾਜਨੀਤਿਕ ਸਹਾਇਤਾ ਪ੍ਰਾਪਤ ਹੋਈ ਅਤੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਕਾਂਗਰਸ ਦੇ ਅੱਤਵਾਦ ਵਿਰੁੱਧ ਆਵਾਜ਼ ਉਠਾਈ ਅਤੇ ਇਸ ਲੜਾਈ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ।
ਆਪਣੀ ਆਤਮਕਥਾ ਵਿਚ ਨੱਈਅਰ ਨੇ ਇਕ ਕਾਂਗਰਸੀ ਸੰਸਦ ਮੈਂਬਰ ਕਮਲ ਨਾਥ ਦਾ ਹਵਾਲਾ ਦਿੱਤਾ ਹੈ ਜਿਸ ਨੇ ਦਾਅਵਾ ਕੀਤਾ ਕਿ ‘ਸੰਤ ਭਿੰਡਰਾਂਵਾਲਿਆਂ ਨੂੰ ਅਕਾਲੀ ਸਰਕਾਰ ਨੂੰ ਚੁਣੌਤੀ ਦੇਣ ਲਈ ਪੈਸਾ ਦਿੱਤਾ ਜਾਂਦਾ ਰਿਹਾ ਸੀ। ਕਮਲ ਨਾਥ ਅਜੇ ਜਿੰਦਾ ਹੈ ਇਸ ਲਈ ਕਮਲ ਨਾਥ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਸਪੱਸ਼ਟ ਪ੍ਰਗਟਾਵਾ ਕਰੇ ਕਿ ਜਿਵੇਂ ਕੁਲਦੀਪ ਨੱਈਅਰ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਉਸਨੇ ਸੰਤ ਭਿੰਡਰਾਂਵਾਲਿਆਂ ਦੀ ਇੰਟਰਵਿਊ ਕਦੋਂ ਕੀਤੀ ਸੀ ਅਤੇ ਉਸ ਮੌਕੇ ਓਥੇ ਹੋਰ ਕੌਣ-ਕੌਣ ਮੌਜੂਦ ਸੀ ਅਤੇ ਉਹਨਾਂ ਸੰਤ ਭਿੰਡਰਾਂਵਾਲਿਆਂ ਨੂੰ ਕਿੰਨੀ ਰਕਮ, ਕਿੰਨੇ ਸਮੇਂ ਤੱਕ ਦਿੱਤੀ ਸੀ। ਕੁਲਦੀਪ ਨੱਈਅਰ ਅਤੇ ਕਮਲ ਨਾਥ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਉਹ ਆਪਣੇ ਬੇਬੁਨਿਆਦ ਦੋਸ਼ ਸਾਬਤ ਕਰਨ ਲਈ ਘੱਟੋ-ਘੱਟ ਕੋਈ ਇਕ ਠੋਸ ਸਬੂਤ ਤਾਂ ਪੇਸ਼ ਕਰਨ। ਉਹਨਾਂ ਕੁਲਦੀਪ ਨੱਈਅਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸਨੇ ਆਪਣੇ ਗਲਤ, ਨਿਰਆਧਾਰ ਸ਼ਬਦਾਂ ਨੂੰ ਵਾਪਸ ਲੈ ਕੇ ਸਥਿਤੀ ਸਾਫ਼ ਨਾ ਕੀਤੀ ਤਾਂ ਭੱਵਿਖ ਵਿੱਚ ਉਸਨੂੰ ਭਾਰੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Share Button

Leave a Reply

Your email address will not be published. Required fields are marked *