ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੂਟੇ ਲਾ ਕੇ ਹਰਿਆਲੀ ਮੁਹਿੰਮ ਦੀ ਕੀਤੀ ਸ਼ੁਰੂਆਤ

ss1

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੂਟੇ ਲਾ ਕੇ ਹਰਿਆਲੀ ਮੁਹਿੰਮ ਦੀ ਕੀਤੀ ਸ਼ੁਰੂਆਤ

ਮਹਿਤਾ / ਅੰਮ੍ਰਿਤਸਰ 10 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਜ ਮਹਿਤਾ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਾਉਂਦਿਆਂ ਦਮਦਮੀ ਟਕਸਾਲ ਵੱਲੋਂ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਦਮਦਮੀ ਟਕਸਾਲ ਵੱਲੋਂ ਇਸ ਮੁਹਿੰਮ ਤਹਿਤ ਪੂਰੇ ਰਾਜ ਵਿਚ ਲੱਖਾਂ ਬੂਟੇ ਲਗਾਏ ਜਾਣਗੇ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਿਆਂ ਹਰਿਆਲੀ ਲਈ ਵੱਧ ਤੋਂ ਵੱਧ ਰੁਖ ਲਗਾਉਣ ਅਤੇ ਹਰਿਆਲੀ ਮੁਹਿੰਮ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਖ਼ੂਬਸੂਰਤ ਬਣਾਉਣ ਤੇ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਤਹਿਤ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਪਿੰਡਾਂ ਦੇ ਨੌਜਵਾਨਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਹਾ ਹੈ ਅਤੇ ਨੌਜਵਾਨਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਬੂਟਿਆਂ ਦੀ ਸਾਂਭ-ਸੰਭਾਲ ਪੂਰੇ ਤਨ-ਮਨ ਨਾਲ ਕਰਨਗੇ। ਉਨ੍ਹਾਂ ਦਸਿਆ ਕਿ ਹਰਿਆਂ-ਭਰਿਆ ਰੱਖਣ ਦੀ ਚਾਹਤ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਬਚਾਇਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਇਹੋ-ਜਿਹੇ ਉਪਰਾਲੇ ਸਾਰੀਆਂ ਸੰਸਥਾਵਾਂ ਕਰਨੇ ਚਾਹੀਦੇ ਹਨ, ਕਿਉਂਕਿ ਸਾਡਾ ਵਾਤਾਵਰਨ ਦਿਨੋ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੂਸ਼ਿਤ ਵਾਤਾਵਰਨ ਨੂੰ ਇਕ ਵੱਡੀ, ਭਿਆਨਕ ਤੇ ਵਿਨਾਸ਼ਕਾਰੀ ਸਮੱਸਿਆ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਵਿਨਾਸ਼ਕਾਰੀ ਜ਼ਹਿਰੀਲਾ ਵਾਤਾਵਰਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਉਹਨਾਂ ਦਸਿਆ ਕਿ ਗਲੋਬਲ ਵਾਰਮਿੰਗ ਭਾਵ ਆਲਮੀ ਤਪਸ਼ ਨਾਲ ਸਾਡਾ ਵਾਯੂ-ਮੰਡਲ ਦਿਨੋਂ ਦਿਨ ਗਰਮ ਹੋ ਰਿਹਾ ਹੈ। ਜੋ ਕਿ ਵਾਤਾਵਰਨ ਵਿਚ ਪ੍ਰਦੂਸ਼ਣ ਕਾਰਨ ਪੈਦਾ ਹੋ ਰਿਹਾ ਹੈ।
ਮਨੁਖ ਦੀਆਂ ਸਵਾਰਥੀ ਨੀਤੀਆਂ ਨੇ ਹਵਾ, ਪਾਣੀ ਅਤੇ ਧਰਤੀ ਨੂੰ ਦੂਸ਼ਿਤ ਕਰਕੇ ਰਖ ਦਿਤਾ ਹੈ। ਨਤੀਜੇ ਵਜੋਂ ਅੱਜ ਮਨੁਖ ਨੂੰ ਨਾਮੁਰਾਦ ਬਿਮਾਰੀਆਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਵਾ,ਪਾਣੀ ਤੇ ਧਰਤੀ ਤੋਂ ਬਿਨਾਂ ਜੀਵਨ ਸੰਭਵ ਨਹੀਂ, ਇਸੇ ਲਈ ਗੁਰੂ ਸਾਹਿਬ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਕਹਿ ਕੇ ਇਨ੍ਹਾਂ ਕੁਦਰਤੀ ਸੋਮਿਆਂ ਦੀ ਵਡਿਆਈ ਕੀਤੀ ਤੇ ਕੁਦਰਤ ਨਾਲ ਇਕ ਮਿਕ ਹੋਕੇ ਰਹਿਣ ਦਾ ਉਪਦੇਸ਼ ਦਿਤਾ। ਗੁਰੂ ਸਾਹਿਬ ਨੇ ਪਾਣੀ ਨੂੰ ਜੀਵਨ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿਤਾ ਹੈ। ਹਵਾ ਤੋਂ ਬਿਨਾ ਤਾਂ ਬੰਦਾ ਇਕ ਮਿੰਟ ਜੀਉਂਦਾ ਨਹੀਂ ਰਹਿ ਸਕਦਾ। ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈ ਰਖਣ ਵਿਚ ਰੁੱਖ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦਰਖਤ ਹੋਣਗੇ ਤਾਂ ਹੀ ਸਾਡਾ ਵਾਤਾਵਰਨ ਸ਼ੁੱਧ ਰਹਿ ਸਕਦਾ ਹੈ ਅਤੇ ਅਸੀਂ ਹਰ ਤਰਾਂ ਦੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਾਂਗੇ।

Share Button

Leave a Reply

Your email address will not be published. Required fields are marked *