ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਹਮਾਇਤ ਦਾ ਐਲਾਨ

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਹਮਾਇਤ ਦਾ ਐਲਾਨ
ਖੇਤੀ ਬਾਰੇ ਕਾਲੇ ਕਾਨੂੰਨ ਤੁਰੰਤ ਰੱਦਦਿਆਂ ਕਿਸਾਨਾਂ ਦੇ ਰਾਏ ਨਾਲ ਕਾਨੂੰਨ ਬਣਾ ਕੇ ਲਾਗੂ ਕਰੇ ਸਰਕਾਰ : ਬਾਬਾ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ , 7 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਬੰਦ ਅਤੇ ਕਿਰਤੀ ਕਿਸਾਨੀ ਦੇ ਸੰਘਰਸ਼ ਨੂੰ ਫ਼ੈਸਲਾਕੁਨ ਅਤੇ ਸਫਲ ਬਣਾਉਣ ਲਈ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਕਿਸਾਨੀ ਨਾਲ ਪਿਆਰ ਕਰਨ ਵਾਲੀ ਸਮੂਹ ਸੰਗਤ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਅੱਗੇ ਆਉਂਦਿਆਂ ਕੇਂਦਰ ਤਕ ਆਪਣੇ ਅਵਾਜ਼ ਪਹੁੰਚਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਿ ਕਿਸਾਨੀ ਸਾਡੀ ਹੀ ਨਹੀਂ ਪੂਰੇ ਵਿਸ਼ਵ ਦੀ ਰੀੜ੍ਹ ਦੀ ਹੱਡੀ ਹੈ। ਗੁਰੂ ਨਾਨਕ ਦੇਵ ਜੀ ਨੇ ਹੱਥੀ ਕਿਰਤ ਕਰਦਿਆਂ ਅਤੇ ਖ਼ੁਦ ਹੱਲ ਵਾਹ ਕੇ ਪੂਰਨੇ ਪਾਏ ਹਨ। ਸਾਡਾ ਵੱਡਾ ਹਿੱਸਾ ਕਿਰਸਾਨੀ ਅਤੇ ਕਿਰਤੀਆਂ ਦੀ ਹੈ। ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਮੋਦੀ ਸਰਕਾਰ ਨੂੰ ਹਠਧਰਮੀ ਛੱਡਣ ਅਤੇ ਕਿਰਸਾਨੀ ਦੇ ਮਸਲੇ ਬਿਨਾ ਦੇਰੀ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਫ਼ ਦਿਲ ਕਿਸਾਨਾਂ ਦੇ ਉਲਟ ਪਾਸ ਕੀਤੇ ਗਏ ਖੇਤੀ ਸੰਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਅਤੇ ਕਿਸਾਨਾਂ ਦੇ ਰਾਏ ਨਾਲ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਹੱਕ ਦਿਵਾਉਣ ਲਈ ਸਾਰੇ ਭਾਰਤ ਦੇ ਕਿਸਾਨ ਮਜ਼ਦੂਰ ਅਤੇ ਖ਼ਾਸ ਕਰਕੇ ਸਿੱਖ ਭਾਈਚਾਰਾ ਜਾਨਾਂ ਕੁਰਬਾਨ ਕਰਦਿਆਂ ਅਤੇ ਠੰਢ ਵਿੱਚ ਜਮਹੂਰੀ ਤਰੀਕੇ ਨਾਲ ਲਈ ਸੰਘਰਸ਼ਸ਼ੀਲ ਹਨ ਤਾਂ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਭ ਬਾਰੇ ਬੇਫ਼ਿਕਰ ਬੇ ਲਿਹਾਜ਼ ਹੋ ਕੇ ’’ਰੋਮ ਜਲ ਰਹਾ ਥਾ ਔਰ ਨੀਰੋ ਬੰਸਰੀ ਵਜਾ ਰਹਾ ਥਾਂ’’ ਨੂੰ ਸਿੱਧ ਕਰਨ ’ਤੇ ਲਗਾ ਹੋਇਆ ਹੈ। ਉਨ੍ਹਾਂ ਭਾਰਤੀ ਹਕੂਮਤ ਨੂੰ ਸਿੱਖ ਇਤਿਹਾਸ ਦਾ ’ ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ’’ ਵਾਲੇ ਵਰਤਾਰੇ ਨੂੰ ਸਦਾ ਯਾਦ ਰੱਖਣ ਅਤੇ ਮੌਜੂਦਾ ਵਰਤਾਰੇ ਨੂੰ ਬੜੇ ਸਹਿਜ ਤੇ ਸੰਜੀਦਗੀ ਨਾਲ ਵੇਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਵੱਲੋਂ ਦਿੱਲੀ ਦੀਆਂ ਬਰੂੰਹਾਂ ’ਤੇ ਸਬਰ ਸਿਦਕ ਨਾਲ ਜਾਰੀ ਜੱਦੋਜਹਿਦ ਤੇ ਵੱਡੇ ਸੰਘਰਸ਼ ਨੇ ਕਿਸਾਨੀ ਤੇ ਕਿਰਤੀਆਂ ਦੇ ਉੱਜਲ ਭਵਿੱਖ ਦੀ ਆਸ ਬੰਨੀ ਹੈ। ਉਨ੍ਹਾਂ ਕਿਹਾ ਕਿ ਦਿਲ ’ਚ ਕਿਸਾਨਾਂ ਦੇ ਸੰਘਰਸ਼ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਦਾ ਵੀ ਕੰਮ ਕੀਤਾ ਹੈ। ਉਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਦੀ ਵਕਾਲਤ ਕਰਦਿਆਂ ਕਿਸਾਨੀ ਸੰਘਰਸ਼ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਿਸਾਨਾਂ ਦੇ ਨਾਲ ਹੈ ਅਤੇ ਸਮੂਹ ਵਿਸ਼ਵ ਭਾਈਚਾਰਾ ਕਿਸਾਨਾਂ ਸੰਘਰਸ਼ ਨੂੰ ਨਾ ਕੇਵਲ ਗ਼ੌਰ ਨਾਲ ਵਾਚ ਰਿਹਾ ਹੈ ਸਗੋਂ ਪੂਰਨ ਸਮਰਥਨ ਵੀ ਦੇ ਰਿਹਾ ਹੈ, ਇਸ ਲਈ ਸਫਲਤਾ ਹੁਣ ਨਿਸ਼ਚਿਤ ਹੈ।
ਤਸਵੀਰ ਨਾਲ ਹੈ।