ਤੱਤੀਆਂ ਹਵਾਵਾਂ

ss1

ਤੱਤੀਆਂ ਹਵਾਵਾਂ

ਤੱਤੀਆਂ ਹਵਾਵਾਂ ਅੱਜ, ਪੂਰਿਆਂ ਜ਼ੋਰਾਂ ਤੇ
ਭੱਖਦਿਆਂ ਕੋਲਿਆਂ ਤੇ, ਪੈਰ ਕਿੱਦਾਂ ਤੋਰਾਂ ਵੇ?
ਪੰਜ ਆਬਾਂ ਨੂੰ ਏ ਅੱਜ, ਖਾਣ ਲੱਗ ਪਿਆ ਘੁਣ
ਲੁੱਟੀ ਜਾਂਦੇ ਆਣ ਵੈਰੀ, ਨਸ਼ਿਆਂ ਦਾ ਜਾਲ ਬੁਣ
ਪੰਜਾਬ ਦੀ ਜਵਾਨੀ ਨੂੰ, ਖਾਣ ਪਏ ਅੱਜ ਨਸ਼ੇ
ਵੇਚ ਵੱਟ ਖਾਣ ਜਿਹੜੇ, ਘਰ ਓਨ੍ਹਾਂ ਕਿੱਦਾ ਵਸੇ?
ਦੇ ਦਿੱਤੀ ਧੀ ਮਾਪੇ, ਹੋਰ ਰੱਖ ਲਿਆ ਕੀ?
ਦਾਜ ਦੇ ਲੋਭੀ ਚੰਦਰੇ, ਭੈੜੇ ਖਾ ਜਾਂਦੇ ਧੀ
ਤਿਲ ਫੁੱਲ ਹੰੁਦੀ ਜਿੰਨੀ, ਮਾਪੇ ਪੂਰਾ ਜ਼ੋਰ ਲਾਉਂਦੇ
ਵੱਡੇ ਦੀਨ ਧਰਮਾਂ ਵਾਲੇ, ਨੂੰਹ ਸਾੜ ਸੁਆਹ ਬਣਾਉਂਦੇ
ਹੱਸਣ-ਖੇਡਣ ਦੀ ਉਮਰ, ਢਾਬਿਆਂ ਤੇ ਕੰਮ ਕਰਦੇ
ਕੇਹਾ ਆਣ ਪਿਆ ਕੋੜ੍ਹ, ਲੱਖਾਂ ਏ ਚ ਹਾਸੇ ਖਰਦੇ
ਘਰ ਦੇ ਹਾਲਾਤਾਂ ਅੱਗੇ, ਬਹੁਤੇ ਨੇ ਨਿੱਤ ਹਰਦੇ
ਭਾਂਡੇ ਮਾਂਜਣ ਤੋਂ ਵਹਿਲ ਨਾ, ਦੱਸੋ ਏ ਕਿੱਦਾਂ ਪੜ੍ਹਦੇ?
ਕਰ-ਕਰ ਕਮਾਈਆਂ ਇਹਨਾਂ, ਨਾ ਸਵਾਦ ਚੱਖ ਦੇਖਿਆ
ਢਿੱਡ ਬੰਨ ਪਾਲਣ ਮਾਪੇ, ਦਰਦ ਉਮਰਾਂ ਦਾ ਸੇਕਿਆ
ਹੋ ਗਏ ਨੇ ਵੱਡੇ ਬੋਟ, ਮੁਖ਼ਤਿਆਰੀ ਆਈ ਇਹਨਾਂ ਹੱਥ
ਝਿੜਕ ਦੇ ਕੇ ਬਿਠਾ ਦਿੰਦੇ, ਬਾਬਲ ਦੀ ਪੱਗ ਲੱਥ!
ਰੱਬ ਦੀ ਮੂਰਤ ਮਾਂ, ਕੀ ਅੱਜ ਕਰੀਂ ਜਾਂਦੀ
ਮਾਰੀ ਜਾਂਦੀ ਕੁੱਖ ਵਿੱਚ, ਜੱਗ ਅੱਗੇ ਹਰੀ ਜਾਂਦੀ
ਤੂੰ ਵੀ ਧੀ ਕਿਸੇ ਦੀ, ਪਾਪ ਕਿਉਂ ਕਮਾਇਆ ਏ
ਭਰੂਣ ਹੱਤਿਆ ਕਰ ਕਿਉਂ, ਕਲੰਕ ਮਮਤਾ ਨੂੰ ਲਾਇਆ ਏ?
ਗੱਦੀ ਉੱਤੇ ਬੈਠੇ ਅੰਨ੍ਹੇ, ਲੁੱਟੀ ਜਾਂਦੇ ਵਾਰੋ-ਵਾਰੀ
ਉਂਝ ਸਾਰ ਲੈਂਦੇ ਨਾ, ਵੋਟਾਂ ਵੇਲੇ ਫੁੱਲ ਤਿਆਰੀ
ਕੀਦੇ ਬਦਲੇ ਵੋਟ ਮਿਲੂ, ਸਭ ਜਾਣਦੇ ਨੇ ਕਾਢੀ
ਮੂਰਖ ਲੋਕ ਸੁੱਤੇ ਪਏ, ਉੱਤੋਂ ਕਹਿਣ ਸਰਕਾਰ ਸਾਡੀ?
ਲਿਖ-ਲਿਖ ਵਰਕੇ ਇੱਥੇ, ਬੜੀਆਂ ਭਰ ਦਿੱਤੀਆਂ ਪੋਥੀਆਂ
ਕਾਨੂੰਨ ਦਾ ਨਾਂ ਦਿੱਤਾ, ਪਰ ਅਮਲਾਂ ਤੋਂ ਸੋਥੀਆਂ
ਮਨੁੱਖ ਹੱਥੋਂ ਲੁੱਟ ਇੱਥੇ, ਮਨੁੱਖ ਦੀ ਹੋਈ ਜਾਂਦੀ
ਭ੍ਰਿਸ਼ਟਾਚਾਰ ਸਿਖ਼ਰਾਂ ਤੇ, ਇਮਾਨਦਾਰੀ ਰੋਈ ਜਾਂਦੀ!
ਹੋਰ ਨਾਂਹ ਤੂੰ ਛਿੜਕ ਲੂਣ, ਪੱਕੀਆਂ ਕੋਰਾਂ ਤੇ
ਤੱਤੀਆਂ ਹਵਾਵਾਂ ਅੱਜ, ਪੂਰਿਆਂ ਜ਼ੋਰਾਂ ਤੇ
ਭੱਖਦਿਆਂ ਕੋਲਿਆਂ ਤੇ, ਪੈਰ ਕਿੱਦਾਂ ਤੋਰਾਂ ਵੇ?

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

Share Button

Leave a Reply

Your email address will not be published. Required fields are marked *