……ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਉਡੀਕਦੇ ਰਹਿ ਗਏ ਵਰਕਰ

ss1

……ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਉਡੀਕਦੇ ਰਹਿ ਗਏ ਵਰਕਰ
ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜਕੇ, ਸੱਜਣ ਗੁਆਢੋਂ ਮੁੜ ਗਏ……!!

1-27

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ ਕੱਲ੍ਹ ਦੇਰ ਸ਼ਾਮ ਤਲਵੰਡੀ ਸਾਬੋ ਦੇ ਭਾਜਪਾ ਵਰਕਰਾਂ ਵਿੱਚ ਓਸ ਸਮੇਂ ਨਿਰਾਸ਼ਾ ਅਤੇ ਗੁੱਸੇ ਦੀ ਮਿਲੀ ਜੁਲੀ ਲਹਿਰ ਦੌੜ ਗਈ ਜਦੋਂ ਰਾਤ ਸਾਢੇ ਨੌਂ ਵਜੇ ਤੱਕ ਉਡੀਕ ਕਰਨ ਤੋਂ ਬਾਅਦ ਸਥਾਨਕ ਵਰਕਰਾਂ ਨੂੰ ਇਹ ਪਤਾ ਲੱਗਿਆ ਕਿ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਨਾਥ ਸ਼ਰਮਾ ਤਾਂ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਕੋਲ ਖਾਣਾ ਖਾ ਕੇ ਚਲੇ ਵੀ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕਮਲ ਨਾਥ ਸ਼ਰਮਾ ਬੀਤੀ ਕੱਲ੍ਹ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਲਈ ਚੋਲਾ ਸਾਹਿਬ ਦੀ ਸੇਵਾ ਕਰਵਾਉਣ ਸਮੇਤ ਪਰਿਵਾਰ ਆਏ ਸਨ ਅਤੇ ਤਲਵੰਡੀ ਸਾਬੋ ਦੇ ਇੱਕ ਭਾਜਪਾ ਵਰਕਰ ਦੇ ਘਰ 50-60 ਬੰਦਿਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਸ਼ਾਮ ਛੇ ਵਜੇ ਤੋਂ ਲੈ ਕੇ ਹੀ ਸਥਾਨਕ ਵਰਕਰ ਅਤੇ ਕੁੱਝ ਆਗੂ ਸਥਾਨਕ ਮੰਡਲ ਪ੍ਰਧਾਨ ਦੇ ਹੁਕਮਾਂ ਅਨੁਸਾਰ ਇੱਕ ਵਰਕਰ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿੱਥੇ ਕਮਲ ਨਾਥ ਸ਼ਰਮਾ ਅਤੇ ਉਹਨਾਂ ਦੇ ਨਾਲ ਆਈਆਂ ਹੋਰ ਸਤਿਕਾਰਤ ਸਖਸ਼ੀਅਤਾਂ ਲਈ ਕੋਲਡ ਡਰਿੰਕਸ, ਚਾਹ-ਪਾਣੀ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰੰਤੂ ਪੰਜਾਬੀ ਦੇ ਇੱਕ ਮਕਬੂਲ ਗੀਤ ‘ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜਕੇ, ਸੱਜਣ ਗੁਆਂਢੋਂ ਮੁੜ ਗਏ’ ਅਨੁਸਾਰ ਕੀਤਾ ਹੋਇਆ ਸਾਰਾ ਪ੍ਰਬੰਧ ਉਸ ਵਕਤ ਬੇਕਾਰ ਹੋ ਗਿਆ ਜਦੋਂ ਦੇਰ ਰਾਤ ਨੌਂ ਵਜੇ ਨਵ-ਨਿਯੁਕਤ ਮੰਡਲ ਪ੍ਰਧਾਨ ਤਲਵੰਡੀ ਸਾਬੋ ਸ੍ਰੀ ਨੱਥੂ ਰਾਮ ਲੇਲੇਵਾਲਾ ਨੇ ਇਕੱਠੇ ਹੋਏ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਦੱਸਿਆ ਕਿ ਸਮੇਂ ਦੀ ਘਾਟ ਕਾਰਨ ‘ਸ਼ਰਮਾ ਜੀ’ ਤਾਂ ਜਥੇਦਾਰ ਸਾਹਿਬ ਕੋਲੋਂ ਖਾਣਾ ਕਾ ਕੇ ਚਲੇ ਵੀ ਗਏ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵੱਲੋਂ ਇਸ ਤਰ੍ਹਾਂ ਵਰਕਰਾਂ ਨੂੰ ਅਣਦੇਖਿਆਂ ਕਰਕੇ ਫੁਰਰ ਹੋ ਜਾਣਾ ਪਾਰਟੀ ਲਈ ਜਿੱਥੇ ਮਹਿੰਗਾ ਪੈ ਸਕਦਾ ਹੈ ਉੱਥੇ ਸਥਾਨਕ ਨਵ-ਨਿਯੁਕਤ ਮੰਡਲ ਪ੍ਰਧਾਨ ਦੀ ਵੀ ਵਰਕਰਾਂ ਵਿੱਚ ਕਿਰਕਰੀ ਕਰਵਾ ਗਿਆ ਜਿਸ ਕਾਰਨ ਭਾਜਪਾ ਵਰਕਰਾਂ ਦੀ ਹਾਲਤ “ਨ੍ਹਾਤੀ ਧੋਤੀ ਰਹਿ ਗਈ, ਮੂੰਹ ‘ਤੇ ਮੱਖੀ ਬਹਿ ਗਈ” ਵਾਲੀ ਹੋ ਗਈ।

Share Button

Leave a Reply

Your email address will not be published. Required fields are marked *