Sat. Aug 24th, 2019

ਤੂੰ ਕੌਣ? ਮੈਂ ਖਾਹ-ਮ-ਖਾਹ… (ਵਿਅੰਗ)

ਤੂੰ ਕੌਣ? ਮੈਂ ਖਾਹ-ਮ-ਖਾਹ… (ਵਿਅੰਗ)

ਦੂਜਿਆਂ ਦੇ ਕੰਮਾਂ ਵਿੱਚ ਜੋ ਐਵੇਂ, ਦਿੰਦੇ ਨੇ ਟੰਗ ਅੜਾ,
ਜੇਕਰ ਪੁੱਛੀਏ ਤੂੰ ਕੌਣ? ਆਖਣ ਮੈਂ ਖਾਹ-ਮ-ਖਾਹ।

ਜੀ ਹਾਂ! ਦੋਸਤੋ ਖਾਹ-ਮ-ਖਾਹ ਦੇ ਬਾਰੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸ ਤੋਂ ਮੇਰਾ ਕੋਈ ਵੀ ਪਾਠਕ ਨਾ-ਵਾਕਿਫ਼ ਨਹੀਂ ਹੋਵੇਗਾ। ਅਸਲ ਵਿਚ ਉਸ ਦੀ ਸਭ ਤੋਂ ਵੱਡੀ ਤੇ ਮਹੱਤਵਪੂਰਨ ਪਹਿਚਾਣ ਇਹ ਹੈ ਕਿ ਉਹ ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈਂ ਦੀ ਕਹਾਵਤ ‘ਤੇ ਖ਼ਰਾ ਉੱਤਰਦਾ ਦਿਖਾਈ ਦਿੰਦਾ ਹੈ। ਅਸਲ ਵਿਚ ਦੇਖਿਆ ਜਾਵੇ ਤਾਂ ਉਸ ਦੀ ਮਾਨਸਿਕ ਭਾਵਨਾ ਕੁਛ ਇਹੋ ਜਿਹੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ‘ਸਕੇ ਬਾਪ ਨੂੰ ਵੀ ਉਸਨੇ ਹੀ ਉਂਗਲ ਫੜ ਕੇ ਤੋਰਿਆ’ ਜਿਹੀ ਪ੍ਰਸਥਿਤੀ ਵਿਚ ਗ੍ਰਸਿਆ ਹੋਇਆ ਮਹਿਸੂਸ ਕਰਦਾ ਹੈ। ਭਾਵ :
ਬਾਪ ਤੋਂ ਵੀ ਪਹਿਲਾਂ ਜਨਮਿਆ, ਡੰਕੇ ਦੀ ਚੋਟ ‘ਤੇ,
ਖਾਣ ਵਿੱਚ ਵੀ ਕਬਜ਼ਾ ਮੰਨਦਾ, ਭਾਪੇ ਦੇ ਰੋਟ ‘ਤੇ।
ਅਜਿਹੇ ਖਾਹ-ਮ-ਖਾਹ ਨੂੰ ਲੱਭਣ ਲਈ ਬਹੁਤਾ ਇਲੈਕਟ੍ਰਾਨਿਕ ਮੀਡੀਆ, ਅਖ਼ਬਾਰਾਂ ਵਿੱਚ ਐਡ ਲਗਾ ਕੇ ਪੈਸੇ ਬਰਬਾਦ ਕਰਨ ਦੀ ਵੀ ਕੋਈ ਲੋੜ ਨਹੀਂ ਪਵੇਗੀ। ਕਿਸੇ ਵੀ ਘਰੇਲੂ, ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਫੰਕਸ਼ਨਾਂ ‘ਤੇ ਚਲੇ ਜਾਓ ਆਪਣੇ ਆਪ ਤੁਹਾਡੇ ਕੋਲ਼ ਆ ਕੇ ਖੜਾ ਹੋਇਆ ਮਿਲੇਗਾ। ਫਿਰ ਰੋਲ ਨੰਬਰ ਐਨਾਂ ਦੀ ਹਾਜ਼ਰੀ ਬੋਲਣ ਤੋਂ ਪਹਿਲਾਂ ਹੀ ਹਾਜ਼ਰ ਆਂ ਦਾ ਜਵਾਬ ਸਾਹਮਣੇ ਆ ਜਾਂਦਾ ਹੈ। ਬੇਸ਼ੱਕ ਉਸ ਫੰਕਸ਼ਨ ‘ਤੇ ਉਸ ਨੂੰ ਸੱਦਿਆ ਹੋਵੇ ਜਾਂ ਨਾ ਪਰ ਦੂਸਰਿਆਂ ਨੂੰ ਸਵਾਲ ਕੱਢ ਮਾਰਦਾ ਹੈ ਕਿ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ, ਉਸ ਵੇਲੇ ਸ਼ਾਇਦ ਉਸ ਦੀ ਸੋਚ ਇਹ ਘਾਹ ਚਰ ਰਹੀ ਹੋਵੇ ਜਿਵੇਂ ਕਿ ਹਰ ਬੰਦੇ ਨੇ ਉਸ ਕੋਲੋਂ ਪੁੱਛ ਕੇ ਸਾਰੇ ਫੰਕਸ਼ਨ ਅਟੈਂਡ ਕਰਨੇ ਹੋਣ ਜਾਂ ਕਿਸੇ ਵੀ ਫੰਕਸ਼ਨ ‘ਤੇ ਜਾਣ ਤੋਂ ਪਹਿਲਾਂ ਉਸ ਖਾ-ਮ-ਖਾਹ ਦੀ ਖਾਲੀ ਅਸਟਾਮ ਪੇਪਰ ‘ਤੇ ਮੋਹਰ ਲਗਾਉਣ ਆਉਣਾ ਹੋਵੇ।
ਅਜਿਹੇ ਖਾ-ਮ-ਖਾਹ ‘ਤੇ ਕਿਸੇ ਸ਼ਾਇਰ ਨੇ ਕੋਈ ਸ਼ੇਅਰ ਪੜਨਾ ਹੋਵੇ ਤਾਂ ਉਹ ਕੁਝ ਇਸ ਤਰਾਂ ਪੜੇਗਾ :
ਖਾਹ-ਮ-ਖਾਹ ਦੀ..
ਖਿਚੜੀ ਪਕਾਇਆਂ
ਅੱਗੋ ਸਰੋਤਾ :- ਸੁਬਾਨ ਅੱਲਾ- ਸੁਬਾਨ ਅੱਲਾ!
ਅਰਜ ਹੈ: ਖਾ-ਮ-ਖਾਹ ਦੀ
ਖਿਚੜੀ ਪਕਾਇਆ..
ਪੱਕਦੀ,
ਕੱਲਮ-ਕੱਲੇ,
ਕਯਾ ਬਾਤ ਹੈ। ਬਹੁਤ ਖੂਬ।
ਅਰਜ ਕੀਆ ਹੈ :-ਖਾਹ-ਮ-ਖਾਹ ਦੀ, ਖਿਚੜੀ ਪੱਕਾਇਆਂ, ਪੱਕਦੀ ਕੱਲਮ-ਕੱਲੇ।
ਏਸ ਤੋਂ ਹੀ ਸੱਜਣੋਂ ਪਿਆਰਿਓ..
ਸਾਡਾ ਦਾਣਾ ਪਾਣੀ ਚੱਲੇ।
ਜੀ ਹਾਂ! ਪਾਪੀ ਪੇਟ ਕਾ ਸਵਾਲ ਹੈ। ਜੇਕਰ ਪੇਟ ਵਾਲੀ ਫ਼ੂਕ ਬਾਹਰ ਕੱਢ ਕੇ ਦੁਬਾਰਾ ਖਾਣ ਲਈ ਪੇਟ ਖਾਲੀ ਨਾ ਕੀਤਾ ਜਾਵੇ ਤਾਂ ਲੱਖ ਲਾਹਣਤ ਜਿਹੀ ਗੱਲ ਹੋ ਨਿਬੜਦੀ ਐ ਨਾ। ਬਾਕੀ ਮੱਲੋ-ਮੱਲੀ ਦੇ ਸਿਆਣੇ ਬਣਨ ਤੇ ਪਾਪੀ ਪੇਟ ਦੀ ਭੁੱਖ ਮਿਟਾਉਣ ਲਈ ਵੀ ਤਾਂ ਕਈ-ਕਈ ਪਾਪੜ ਵੇਲਣੇ ਪੈਂਦੇ ਹਨ ਨੇ ਨਾ..। ਬਾਕੀ ਖਾਹ-ਮ-ਖਾਹ ਦੀ ਕੈਟਾਗਰੀ ਵਿਚ ਆਉਣ ਵਾਲਿਆਂ ਨੇ ਇਹ ਪੰਜਾਬੀ ਬੋਲੀ ਵੀ ਸੁਣੀ ਹੁੰਦੀ ਹੈ –
‘ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈ ਚੀਰੇ ਵਾਲਿਆ ਵੇਖਦਾ ਆਈਂ ਵੇ,
ਮੇਰਾ ਲੌਂਗ ਗੁਆਚਾ ਨਿਗਾ ਮਾਰਦਾ ਆਈ ਵੇਂ।
ਫਿਰ ਰੇਡੀਓ, ਟੀ. ਵੀ. ਦੇ ਪੰਜਾਬੀ ਗੀਤ ਦੇ ਇਹ ਬੋਲ ਉਹਦੇ ਕੰਨਾਂ ਵਿਚ ਵੱਜਦੇ ਰਹਿੰਦੇ ਹਨ ਬੇਚਾਰਾ ਲੌਂਗ ਲੱਭਦਾ ਲੱਭਦਾ ਕਿਸੇ ਵੀ ਥਾਂ ਜਾ ਧਮਕਦਾ ਹੈ। ਬਾਕੀ ਇਹ ਸੋਚ ਵੀ ਮਨ ਵਿਚ ਘਰ ਕਰੀ ਬੈਠੀ ਹੁੰਦੀ ਹੈ ਕਿ ਜੇਕਰ ਲੌਂਗ ਨਾ ਵੀ ਲੱਭੇ ਤਾਂ ਲੱਭਣ ਵਿਚ ਕੀ ਹਰਜ਼ ਹੈ।
ਸੜਕਾਂ ‘ਤੇ ਈ ਦੇਖ ਲਓ ਪਬਲਿਕ ਸੜਕਾਂ ‘ਤੇ ਵੀ ਤੁਹਾਨੂੰ ਅਜਿਹੇ ਖਾਹ-ਖਾ-ਖਾਹਾਂ ਦੀ ਭਰਮਾਰ ਦੇਖਣ ਨੂੰ ਮਿਲੇਗੀ। ਗ਼ਲਤ ਸਾਈਡ ‘ਤੇ ਚੱਲਣ ਵਾਲਾ ਸਹੀ ਸਾਈਡ ‘ਤੇ ਚੱਲਣ ਵਾਲੇ ਨੂੰ ਬੜੇ ਰੋਹਬ ਨਾਲ ਕਹੇਗਾ ਕਿ ਤੂੰ ਤਾਂ ਗ਼ਲਤ ਸਾਈਡ ‘ਤੇ ਜਾ ਰਿਹਾ ਹੈਂ। ਗੱਲ ਕੀ ਜੀ ਪਬਲਿਕ ਸੜਕਾਂ ‘ਤੇ ਲੰਘਣ ਲਈ ਵੀ ਖਾਹ-ਮ-ਖਾਹਾਂ ਕੋਲੋਂ ਮਨਜ਼ੂਰੀ ਨੂੰ ਭਾਰਤ ਦੇਸ਼ ਆਪਣੇ ਆਪ ਬਣਾਇਆ ਨਿਯਮ/ਕਨੂੰਨ ਹੈ ਜਿਸ ਦਾ ਜ਼ਿਕਰ ਦੇਸ਼ ਦੇ ਸੰਵਿਧਾਨ ਦੇ ਕਿਸੇ ਵੀ ਪੰਨੇ ‘ਤੇ ਨਹੀਂ ਹੈ। ਅਸਲ ਵਿਚ ਅਜਿਹੇ ਖਾਹ-ਮ-ਖਾਹ ਆਪਣੀ ਆਦਤ ਤੋਂ ਵੀ ਮਜ਼ਬੂਰ ਹੁੰਦੇ ਹਨ। ਸਬੱਬ ਨਾਲ ਇਸ ਦੇ ਸੰਬੰਧ ਵਿਚ ਕੁਝ ਸਤਰਾਂ ਮੇਰੇ ਧਿਆਨ ਵਿਚ ਆ ਰਹੀਆਂ ਹਨ :
ਜੇਕਰ ਨਾ ਰਾਂਝਾ ਕੰਨ ਪੜਵਾਵੇ, ਪੇਟ ਦੀ ਭੁੱਖ ਵੀ ਨਾਲ ਸਤਾਵੇ,
ਜੇ ਟੰਗ ਅੜਾਉਣਾ ਛੱਡ ਦੇਵੇ ਤਾਂ, ਕਿੱਦਾ ਖਾਹ-ਮ-ਖਾਹ ਕਹਾਵੇ।
ਐਸੇ ਖਾਹ-ਮ-ਖਾਹ ਨੂੰ ਜਿਹੜੀ ਸਭ ਤੋਂ ਵੱਡੀ ਬਿਮਾਰੀ ਨੇ ਗ੍ਵੱਸਿਆ ਹੁੰਦਾ ਹੈ ਉਸ ਦਾ ਨਾਂ ‘ਮੁਫ਼ਤੀ ਚੌਧਰ’ ਜਾਂ ‘ਮੱਲੋ-ਮੱਲੀ ਦੀ ਚੌਧਰ’ ਵੀ ਕਹਿ ਸਕਦੇ ਹਾਂ। ਜਿਸ ਦਾ ਇਲਾਜ਼ ਸ਼ਾਇਦ ਸ੍ਰਿਸ਼ਟੀ ਕਰਤਾ ਦੇ ਕੋਲ਼ ਵੀ ਨਹੀਂ ਹੁੰਦਾ। ਅਜਿਹੇ ਖਾਹ-ਮ-ਖਾਹ ਆਪਣੀ ਘਟੀਆ ਸੋਚ ਨੂੰ ਦੂਜੇ ‘ਤੇ ਲੱਦ ਕੇ ‘ਮਗੈਂਬੋ ਖੁਸ਼ ਹੁਆ’ ਵਾਲਾ ਡਾਇਲਾਗ ਮਨ ਵਿੱਚ ਰੱਖਦੇ ਹੋਏ ਜਾਣੇ-ਆਣਜਾਣੇ ‘ਜੇ ਮੈਂ ਨਾ ਜੰਮਦੀ ਤੂੰ ਕਿਹਦੇ ਨਾਲ ਵਿਆਹ ਕਰਵਾਉਂਦਾ’ ਵਾਲੀ ਬੋਲੀ ਪਾ ਬੈਠਦੇ ਹਨ ਤੇ ਕੁਝ ਹੋਰ ਖਾਹ-ਮ-ਖਾਹਾਂ ਦੀ ਟੋਲੀ ਵੀ ਨਾਲ ਜੁੜ ਕੇ ਮੂੰਹ ਵਿੱਚੋਂ ਅਜਿਹੀ ਸੁਰ, ਜਿਹੜੀ ਬੁੜੀਆਂ ਬੋਲੀ ਪਾਉਣ ਸਮੇਂ, ਕਦੇ ਕੱਸਾਂ ਵਿੱਚ ਹੱਥ ਦੇ ਕੇ, ਕਦੇ ਮੂੰਹ ਰਾਹੀਂ ‘ਫੂ-ਅ-ਫੂ-ਅ-ਫੂ-ਅ…’ ਕਰਦੀਆਂ ਹੋਈਆਂ ਕੰਮ ਚੱਕ ਦਿੰਦੀਆਂ ਹਨ, ਕੱਢਦੇ ਹੋਏ ਆਮ ਨਜ਼ਰੀ ਪੈ ਜਾਂਦੇ ਹਨ।
ਗੱਲ ਕੀ ਜੀ ਇਹ ਖਾਹ-ਮ-ਖਾਹ ਬੁੜੀਆਂ ਦਾ ਹੱਕ ਵੀ ਖੋਹ ਕੇ ਆਪਣੇ ਆਪ ਨੂੰ ਮਰਦ ਕਹਾਉਦੇ ਹੋਏ ਬੇਸ਼ਰਮਾਂ ਦੀ ਤਰਾਂ ਸਮਾਜ ਵਿਚ ਘੁੰਮਦੇ ਹੋਏ ਨਜ਼ਰੀਂ ਪੈਂਦੇ ਹਨ। ਅਜਿਹੇ ਖਾਹ-ਮ-ਖਾਹਾਂ ਦੇ ਮਨ ਵਿੱਚ ਬੁੜੀਆਂ ਵਾਲੀ ਇਕ ਹੋਰ ਬੋਲੀ ਕੁਝ ਇਸ ਤਰਾਂ ਹੁੰਦੀ ਹੈ :
ਜੇ ਮੁੰਡਿਆ ਮੇਰੀ ਤੋਰ ਤੂੰ ਦੇਖਣੀ, ਗੜਵਾ ਲੈ ਦੇ ਚੌਧਰ ਦਾ,
ਇਸ ਬਿਨਾਂ ਮੇਰਾ ਦਿਲ ਬੜਾ ਔਦਰਦਾ। ਇਸ ਬਿਨਾਂ ਮੇਰਾ..
ਕੁਝ ਹੋਰ ਖਾਹ-ਮ-ਖਾਹ ਕੇ ‘ਫੂ-ਅ-ਫੂ-ਅ-ਫੂ-ਅ…’ ਦੀ ਸੁਰ ਕੱਢਦੇ ਹੋਏ ਧਰਤੀ ਪੱਟ ਸੁੱਟਦੇ ਹਨ। ਬਾਕੀ ਧਰਤੀ ਕਦੋਂ ਪੱਟੀ ਜਾਂਦੀ ਹੈ। ਸ਼ਾਇਦ ਇਹ ਬਾਬਤ ਕੋਈ ਵੀ ਅਣਜਾਣ ਨਹੀਂ ਹੈ। ਕਈ ਵਾਰੀ ਆਪਾਂ ਇਹ ਵੀ ਕਹਿ ਦਿੰਦੇ ਹਨ ਆਪਣੇ ਲਈ ਖੱਡਾ ਖੋਦ ਰਿਹਾ ਹੈ। ਅਸਲ ਵਿਚ ਇਹ ਖਾਹ-ਮ-ਖਾਹ ਸ਼ਾਇਦ ਆਪਣੇ ਲਈ ਕਬਰ ਪੁੱਟ ਰਹੇ ਹੁੰਦੇ ਹਨ। ਕਿਉਂਕਿ ਡੂੰਘਾਂ ਟੋਆ ਪੁੱਟਣ ਲਈ ਕਈ ਕਈ ਸਦੀਆਂ ਬੀਤ ਜਾਂਦੀਆਂ ਹਨ। ਖਾਹ-ਮ-ਖਾਹਾਂ ਨੂੰ ਪਤਾ ਹੁੰਦਾ ਹੈ ਕਿ ਜਿੰਨਾਂ ਡੂੰਘਾ ਟੋਆ ਪੱਟਿਆ ਜਾਵੇ ਓਨਾ ਹੀ ਖ਼ਰਾ ਹੈ। ਕਿਉਂਕਿ ਉੱਪਰਲੀ ਦੁਨੀਆਂ ਤੋਂ ਬਾਅਦ ਅੰਦਰਲੀ ਦੁਨੀਆਂ ‘ਤੇ ਵੀ ਜਾ ਕੇ ਅਜਿਹੇ ਇਲੈੱਕਸ਼ਨ ਦੀ ਤਿਆਰੀ ਜ਼ੋਰਾਂ-ਸ਼ੋਰਾਂ ‘ਤੇ ਕਰਨੀ ਹੁੰਦੀ ਹੈ ਜਿਸ ਦਾ ਪ੍ਰਚਾਰ ਤਾ-ਉਮਰ ਚੱਲਦਾ ਰਹਿੰਦਾ ਹੈ।
ਗੱਲ ਕੀ ਜੀ ਅਜਿਹੇ ਖਾਹ-ਮ-ਖਾਹ ਘਗਰੇ ਵੇਚਣ ਵਾਲਿਆਂ ਦੇ ਲਾਭ ਵਿਚ ਵੀ ਖੁਸ਼ ਨਹੀਂ ਹੁੰਦੇ। ਬਈ ਚਲੋ ਜੇਕਰ ਕੱਸਾਂ ਤੇ ਮੂੰਹ ਰਾਹੀਂ ਪੱਦ ਦੀ ਆਵਾਜ਼ ਕੱਢ ਕੇ ‘ਫੂ-ਅ-ਫੂ-ਅ-ਫੂ-ਅ…’ ਕਰਨਾ ਹੀ ਆ ਤਾਂ ਕੁਝ ਤਾਂ ਸ਼ਰਮ ਕਰੋ ਘਗਰਾ ਤਾਂ ਖਰੀਦ ਲਓ। ਚਲੋ ਵਿਅੰਗ ਬਹੁਤਾ ਲੰਬਾ ਨਾ ਕਰਦੇ ਹੋਏ ਆਪਣਾ ਹੋਰ ਜ਼ਿਆਦਾ ਸਮਾਂ ਅਜਿਹੇ ਖਾਹ-ਮ-ਖਾਹ ‘ਤੇ ਨਾ ਬਰਬਾਦ ਕਰਦੇ ਹੋਏ। ਸਭ ਨੂੰ ਖੁਸ਼ਾਮਦੀਦ ਕਹਿੰਦੇ ਹਾਂ ਤੇ ਅਜਿਹੇ ਖਾਹ-ਮ-ਖਾਹਾਂ ਦੇ ਹੋਰ ਵਧਣ-ਫੁੱਲਣ ਲਈ ਭਾਰਤ ਦੇ ਸਭ ਦੇਵੀ-ਦੇਵਤਿਆਂ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਖਾਹ-ਮ-ਖਾਹਾਂ ਨੂੰ ਹੋਰ ਵਧਣ-ਫੁੱਲਣ ਦਾ ਫੁਲਫੁਲਾ ਦੇਣਾ। ਤਥਾਸਥੂ…

ਨੋਟ :- ਇੱਥੇ ਫੁਲਫੁਲਾ ਸ਼ਬਦ ਨੂੰ ‘ਵਰ’ ਸ਼ਬਦ ਵਜੋਂ ਵਰਤਿਆਂ ਗਿਆ ਹੈ ਜੀ।

ਪਰਸ਼ੋਤਮ ਲਾਲ ਸਰੋਏ
92175-44348

Leave a Reply

Your email address will not be published. Required fields are marked *

%d bloggers like this: