Thu. Jun 20th, 2019

ਤਿੰਨ ਦੋਸਤਾਂ ਦੀ ਦੋਸਤੀ ਦੀ ਦਿਲਚਸਪ ਕਹਾਣੀ ਫ਼ਿਲਮ ‘ਹਾਈ ਐਂਡ ਯਾਰੀਆਂ’

ਤਿੰਨ ਦੋਸਤਾਂ ਦੀ ਦੋਸਤੀ ਦੀ ਦਿਲਚਸਪ ਕਹਾਣੀ ਫ਼ਿਲਮ ‘ਹਾਈ ਐਂਡ ਯਾਰੀਆਂ’

ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ ‘ਤੇ ਇੱਕ ਵੱਖਰੀ ਪਛਾਣ ਦਿੱਤੀ ਹੈ ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ ‘ਹਾਈ ਐਂਡ ਯਾਰੀਆਂ’ ਵਿੱਚ ਆਪਣੇ ਸਿੱਧੇ ਸਾਦੇ, ਦੇਸੀ ਕਿਰਦਾਰ ਵਿੱਚ ਮੁੜ ਨਜ਼ਰ ਆਵੇਗਾ। ਆਪਣੇ ਕਿਰਦਾਰ ਤੋਂ ਰਣਜੀਤ ਬਾਵਾ ਕਾਫ਼ੀ ਉਤਸ਼ਾਹਿਤ ਹੈ।ਗਾਇਕ ਨਿੰਜਾ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਉਸ ਦੀਆਂ ਪਹਿਲਾਂ ਵੀ ਇੱਕ-ਦੋ ਫ਼ਿਲਮਾਂ ਆ ਚੁੱਕੀਆਂ ਹਨ ਅਤੇ ਦਰਸ਼ਕਾਂ ਵੱਲੋਂ ਉਸ ਦੀ ਅਦਾਕਾਰੀ ਦੀ ਕਾਫੀ ਸਰਹਾਣਾ ਕੀਤੀ ਜਾ ਚੁੱਕੀ ਹੈ।’ਹਾਈ ਐਂਡ ਯਾਰੀਆਂ’ ਵਿੱਚ ਨਿਰਦੇਸ਼ਕ ਪੰਕਜ ਬਤਰਾ ਨੇ ਉਸਦੇ ਕਿਰਦਾਰ ਨੂੰ ਇੱਕ ਨਵੇਂ ਰੂਪ ਵਿੱਚ ਤਰਾਸ਼ਿਆ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।
ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ,ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਦੀ ਇਸ ਫ਼ਿਲਮ ‘ਹਾਈ ਐਂਡ ਯਾਰੀਆਂ’ ਵਿੱਚ ਸੰਗੀਤ ਅਤੇ ਫ਼ਿਲਮ ਜਗਤ ਦੇ ਤਿੰਨ ਵੱਡੇ ਕਲਾਕਾਰ ਰਣਜੀਤ ਬਾਵਾ, ਜੱਸੀ ਗਿੱਲ ਅਤੇ ਨਿੰਜਾਂ ਪਹਿਲੀ ਵਾਰ ਇਕੱਠੇ ਗੂੜ੍ਹੇ ਮਿੱਤਰਾਂ ਦੀ ਯਾਰੀ ਨਿਭਾਉਂਦੇ ਨਜ਼ਰ ਆਉਣਗੇ। ਮਿਆਰ ਅਤੇ ਤਕਨੀਕੀ ਪੱਖੋਂ ਅਨੇਕਾਂ ਕਾਮਯਾਬ ਫ਼ਿਲਮਾਂ ਦੇਣ ਵਾਲਾ ਨਿਰਦੇਸ਼ਕ ਪੰਕਜ ਬੱਤਰਾ ਇਸ ਫ਼ਿਲਮ ਦਾ ਨਿਰਮਾਤਾ ਵੀ ਹੈ ਤੇ ਨਿਰਦੇਸ਼ਕ ਵੀ। ਆਮ ਫ਼ਿਲਮਾਂ ਤੋਂ ਹਟਕੇ ਬਿਲਕੁੱਲ ਨਵੇਂ ਵਿਸ਼ੇ ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੀ ਪਿਆਰ,ਹਾਸੇ ਮਜ਼ਾਕ ਅਤੇ ਮਜਬੂਰੀਆਂ ਭਰੀ ਜ਼ਿੰਦਗੀ ਅਧਾਰਤ ਹੈ। ਨਿਰਦੇਸ਼ਕ ਪੰਕਜ ਬਤਰਾ ਨੇ ਦੱਸਿਆ ਕਿ ਇਹ ਫ਼ਿਲਮ ਦੋਸਤਾਂ ਦੀ ਗੂੜੀ ਯਾਰੀ ਅਧਾਰਤ ਹੈ ਜੋ ਇੱਕ ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਵਿਦੇਸ਼ ਪੜ੍ਹਾਈ ਕਰਨ ਗਏ ਇਹ ਦੋਸਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹਨ। ਇਹ ਫ਼ਿਲਮ ਜਿੱਥੇ ਦੋਸਤੀ ਦੀ ਇੱਕ ਨਵੀਂ ਮਿਸ਼ਾਲ ਕਾਇਮ ਕਰੇਗੀ ਉੱਥੇ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਅਤੇ ਚੰਗੇ ਗੀਤ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਇਸ ਫ਼ਿਲਮ ਵਿੱਚ ਦੋਸਤੀ ਪਿਆਰ ਮੁਹੱਬਤ ਰਿਸ਼ਤਿਆਂ ਦੀ ਤੜਫ਼ ਅਤੇ ਇੱਕ ਦੂਜੇ ਲਈ ਮਰ ਮਿੱਟਣ ਦਾ ਜਨੂੰਨ ਹੈ। ਫ਼ਿਲਮ ਵਿੱਚ ਦਰਸ਼ਕ ਜਿੱਥੇ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਦੀ ਦੋਸਤੀ ਨੂੰ ਵੇਖਣਗੇ ਉੱਥੇ ਇੰਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਿੰਨ ਖੂਬਸੁਰਤ ਅਭਿਨੇਤਰੀਆਂ ਨਵਨੀਤ ਢਿੱਲੋਂ,ਆਰੂਸ਼ੀ ਸ਼ਰਮਾਂ ਅਤੇ ਮੁਸ਼ਕਾਨ ਸੇਠੀ ਦੇ ਅਦਾਕਾਰੀ ਜ਼ਲਵੇ ਵੀ ਵੇਖ ਸਕਣਗੇ। ‘ਕਾਕਾ ਜੀ ਤੋਂ ਬਾਅਦ ਆਰੂਸ਼ੀ ਸਰਮਾਂ ਦੀ ਇਹ ਦੂਸਰੀ ਫ਼ਿਲਮ ਹੈ। ਯਕੀਨਣ ਇਹ ਤਿੰਨੇ ਅਭਿਨੇਤਰੀਆਂ ਪੰਜਾਬੀ ਪਰਦੇ ‘ਤੇ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਵਿੱਚ ਸਫ਼ਲ ਹੋਣਗੀਆਂ।
ਇਸ ਫ਼ਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਜਬਰਦਸ਼ਤ ਹੈ ਜੋ ਬੀ ਪਰੈਕ, ਮਿਊਜ਼ੀਕਲ ਡੌਕਟਰਜ਼, ਜੈਦੇਵ ਕੁਮਾਰ ਅਤੇ ਗੋਲਡ ਬੁਆਏਜ਼ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ ਜਾਨੀ, ਬੱਬੂ,ਨਿਰਮਾਣ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। 22 ਫਰਵਰੀ ਨੂੰ ਇਹ ਫ਼ਿਲਮ ਓਮ ਜੀ ਗਰੁੱਪ ਵਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ
ਪਟਿਆਲਾ
97795 91482

Leave a Reply

Your email address will not be published. Required fields are marked *

%d bloggers like this: