Mon. Sep 23rd, 2019

ਤਾਇਆ (29)

ਤਾਇਆ (29)

ਤਾਏ ਨੇ ਕਿਤੇ ਸੁਣਿਆ ਸੀ ਬਈ, ਵੱਡੇ ਵੱਡੇ ਲੀਡਰ ਹਰ ਮੁਨਾਫੇ ਵਾਲੇ ਕੰਮ ਚ ਹਿੱਸਾ ਪਾ ਲੈਂਦੇ ਹਨ, ਚਾਹੇ ਧੱਕੇ ਨਾਲ ਹੀ ਸਹੀ। ਉੱਤੋਂ ਦੇਣਾ ਵੀ ਕੁੱਝ ਨਹੀਂ ਪੈਂਦਾ ਤੇ ਮੁਨਾਫੇ ਚੋਂ ਹੀ ਆਪਣੇ ਹਿੱਸੇ ਦੀ ਕਿਸ਼ਤ ਕਟਵਾ ਦੇਂਦੇ ਹਨ। ਤਾਏ ਨੂੰ ਇਹ ਸਕੀਮ ਚੰਗੀ ਲਗੀ। ਸਾਡੇ ਤਾਏ ਵਿਚ ਲੀਡਰੀ ਵਾਲੇ ਗੁਣ ਤਾਂ ਸੀ ਗੇ ਹੀ। ਤਾਂ ਹੀ ਤਾਂ ਤਾਈ ਦੇ ਸਿੱਧੇ ਮਾਰੇ ਨਿਸ਼ਾਨੇ ਵੀ ਖੁੰਝਦੇ ਰਹੇ। ਤਾਏ ਨੇ ਸੋਚਿਆ ਕੇ ਪਹਿਲੇ ਕੰਮ ਛੋਟੇ ਪੱਧਰ ਤੇ ਕੀਤਾ ਜਾਵੇ। ਤਾਏ ਨੂੰ ਲੱਗਾ ਕੇ ਇਸ ਕੰਮ ਲਈ ਪਹਿਲੋਂ ਪਿੰਡ ਦਾ ਕਰਿਆੜ ਹੀ ਠੀਕ ਰਹੂ। ਤਾਏ ਨੇ ਦੁਪਹਿਰ ਜਿਹੇ ਦੁਕਾਨ ਵਿਹਲੀ ਜਹੀ ਦੇਖ ਕੇ ਜਾ ਬਾਣੀਏ ਦੇ ਗੋਡੀਂ ਹੱਥ ਲਾਇਆ। ‘ ਚਾਚਾ ਕਿਮੇਂ ਆ, ਕੰਮ ਲੋਟ ਆ ? ‘
ਬਾਣੀਆਂ ਭਾਂਪ ਗਿਆ ਬਈ ਇਹ ਜ਼ਰੂਰ ਪੈਸਾ ਧੇਲਾ ਮੰਗੂ ਜਾਂ ਫੇਰ, ‘ ਕਿਤੇ ਕਿਰਕ ਤਾਂ ਨੀ?’ ਪੁੱਛ ਕੇ ਗੱਚਕ ਦਾ ਟੁੱਕੜਾ ਲਪੇਟ ਜੂ। ਬਾਣੀਏ ਨੇ ਇਸੇ ਡਰ ਵਿਚ ਕਹਿ ਤਾਂ, ‘ ਮੰਗਾਈ ਬਹੁਤ ਹੋ ਗੀ, ਵੇਚਣ ਨੂੰ ਸੌਦਾ ਹੀ ਨੀ ਖਰੀਦ ਹੁੰਦਾ।’
ਤਾਏ ਦੀਆਂ ਵਾਛਾਂ ਖਿੜ ਗਈਆਂ। ‘ ਲੈ ਚਾਚਾ ਤੇਰੇ ਕੰਮ ਚ ਚੁਆਨੀ ਮੇਰੀ ।’
ਬਾਣੀਆਂ ਹੱਕਾ ਬੱਕਾ ਰਹਿ ਗਿਆ। ਵਪਾਰ ਚ ਧੱਕੇ ਨਾਲ ਹਿੱਸੇਦਾਰ ਆ ਖੜੋਇਆ। ਬਾਣੀਏ ਦੀ ਚੁੱਪ ਨੇ ਤਾਏ ਨੂੰ ਯਕੀਨ ਦੁਆ ਤਾ ਬਈ ਸਕੀਮ ਕਾਮਯਾਬ ਹੋਗੀ।
‘ਹੱਛਾਅ, ਪਰ ਕਾਕਾ ਚੁਆਨੀ ਤਾਂ ਸਰਕਾਰ ਕਦੇ ਦੀ ਬੰਦ ਕਰ ਚੁੱਕੀ ਆ’
‘ ਨਹੀਂ ਚਾਚਾ ਮੇਰਾ ਮਤਲਬ…’
‘ ਮਤਲੁਬ ਮਤਲੁਬ ਮੈਨੂੰ ਨੀ ਪਤਾ, ਆ ਖੋਟੀਆਂ ਚੁਆਨੀਆਂ ਘਰੇ ਰੱਖ ਤੇ ਦੌੜ ਜਾ ਏਥੋਂ।’
ਨਾਲ ਹੀ ਬਾਣੀਏ ਨੇ ਵੇਚਣ ਲਈ ਰੱਖੇ ਬਾਂਸ ਦੇ ਝਾੜੂ ਨੂੰ ਹੱਥ ਪਾ ਲਿਆ। ਤਾਇਆ ਹੁਣ ਉਹਨੂੰ ਲੱਭ ਰਿਹਾ ਸੀ ਜਿਹਨੇ ਚੁਆਨੀ ਆਲੀ ਸਕੀਮ ਦੱਸੀ ਸੀ ।

ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *

%d bloggers like this: