Tue. Sep 24th, 2019

ਤਾਇਆ

ਤਾਇਆ

ਤਾਏ ਨੇ ਜਿਉਂ ਹੀ ਸੈਂਕਲ ਤੇ ਜਾਂਦੇ ਨੇ ਭੀੜੀ ਗਲੀ ਆਲਾ ਮੋੜ ਕੱਟਿਆ, ਠਾਹ ਦੇਣੇ ਮੂਹਰੇ ਲੰਬੜਾਂ ਦੀ ਨੂੰਹ ਆ ਗਈ, ਉਹ ਵਿਚਾਰੀ ਲੋਟ ਪੋਟ ਹੋਣੋਂ ਤਾਂ ਬਚ ਗਈ, ਪਰ ਤਾਏ ਦੇ ਸੈਂਕਲ ਦਾ ਹੈਂਡਲ ਪੂਰਾ ਘੁੰਮ ਗਿਆ ਤੇ ਤਾਇਆ ਗਲੀ ਚ ਆਰ ਪਾਰ ਵਿਛ ਗਿਆ। ਤਾਏ ਨੇ ਦੋਨੋ ਹੱਥ ਪੱਗ ਨੂੰ ਪਾਏ ਹੋਏ ਸਨ ਤੇ ਉੱਠਣ ਦੀ ਕੋਸ਼ਿਸ਼ ਕਰਦੇ ਨੇ ਕਿਹਾ, ” ਬੀਬਾ ਸੱਟ ਤਾਂ ਨੀ ਲੱਗੀ? ”
“ਨਾ ਤਾਇਆ ਤੂੰ ਦੱਸ?, ਕਹੇਂ ਤਾਂ ਚੁੱਕਣ ਨੂੰ ਸੱਦ ਕੇ ਲਿਆਵਾਂ ਕਿਸੇ ਨੂੰ ?”
“ਰਹਿਣ ਦੇ ਭਾਈ, ਹਾਲੇ ਕਾਹਨੂੰ ਚੁੱਕਣ ਨੂੰ ਸੱਦਣੇ, ਉੱਠ ਖੜੂੰ ਆਪੇ, ਚਾਰ ਸਾਹ ਆ ਲੈਣ ਦੇ”
ਤਾਏ ਨੇ ਬੈਠ ਕੇ ਕਪੜੇ ਝਾੜੇ, ਪੱਗ ਸਿੱਧੀ ਕੀਤੀ, ਮੁੱਛਾਂ ਨੂੰ ਤਾਅ ਦਿੱਤਾ, ਉੱਠ ਕੇ ਸੈਂਕਲ ਦੇ ਮੂਹਰਲੇ ਚੱਕੇ ਨੂੰ ਦੋਵਾਂ ਲੱਤਾਂ ਚ ਲੈ ਕੇ ਹੈਂਡਲ ਨੂੰ ਘੁਮਾਅ ਕੇ ਸਿੱਧਾ ਕੀਤਾ। ਪਰ ਹੈਂਡਲ ਢਿੱਲਾ ਹੋ ਗਿਆ। ਜਦ ਨੂੰ ਬੀਬੀ ਗਲ਼ੀ ਪਾਰ ਕਰ ਗਈ ਸੀ। ਹੁਣ ਤਾਏ ਨੇ ਸੈਂਕਲ ਨੂੰ ਇਕ ਹੱਥ ਨਾਲ ਫੜਕੇ ਰੋੜ੍ਹ ਲਿਆ ਤੇ ਪੈਦਲ ਹੀ ਤੁਰ ਪਿਆਂ।
“ਓ ਤਾਇਆ, ਆਹ ਸੈਂਕਲ ਕਿ ਘੋੜੀ, ਬੀ ਥੱਕ ਜੂ? ਪੈਦਲ ਹੀ ਘੜੀਸੀ ਜਾਨਾ?”
” ਨਾ ਮਲ੍ਹਾ, ਗੱਲ ਐ ਆ ਬਈ, ਮੇਰਾ ਆ ਚਾਦਰਾ ਨਮਾ, ਮੈਂ ਸੋਚਿਆ, ਹੋਰ ਨਾ ਚੈਨ ਚ ਅੜਕ ਕੇ ਲੀਰ ਨਿਕਲਜੇ, ਤੈਨੂੰ ਪਤਾ ਬੀ ਤਾਈ ਤੇਰੀ ਨੇ ਮੇਰਾ ਕੀ ਹਾਲ ਕਰਨਾ ਫੇ!”
ਮੁੰਡਾ ਜਿਹਨੇ ਦੂਰੋਂ ਤਾਇਆ ਲੁੜਕਦਾ ਦੇਖ ਲਿਆ ਮੁਸਕੜੀ ਹੱਸਦਾ ਗਾਂਹ ਨੂੰ ਤੁਰ ਗਿਆ।
ਤਾਇਆ ਅੱਧਾ ਘੰਟਾ, ਮਿਸਤਰੀ ਦੀ ਦੁਕਾਨ ਤੇ ਬੈਠਾ, ਕਪੜਿਆਂ ਤੋਂ ਲੱਭ ਲੱਭ ਕੇ ਮਿੱਟੀ ਝਾੜਦਾ ਰਿਹਾ।

ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *

%d bloggers like this: