Sun. Jun 16th, 2019

ਤਾਇਆ – 1

ਤਾਇਆ – 1

-ਜਨਮੇਜਾ ਸਿੰਘ ਜੌਹਲ

ਤਾਏ ਕੇ ਪਿੰਡ ਇਕ ਦਿਨ ਸਾਜਰੇ ਹੀ ਦੋ ਬੰਦੇ ਆ ਵੜੇ। ਹਲਕੇ ਨੀਲੇ ਹਰੇ ਜਿਹੇ ਕੁੜਤੇ ਪਜਾਮੇ ਤੇ ਸਿਰ ਤੇ ਡੱਬੀਆਂ ਆਲੇ ਸਾਫ਼ੇ। ਕਿਸੇ ਨੂੰ ਪੁੱਛ ਕੇ ਸਿੱਧੇ ਵੱਡੇ ਦਰਵਾਜ਼ੇ ਤੇ ਪਹੁੰਚ ਗਏ। ਉੱਥੇ ਬਜ਼ੁਰਗ ਬੈਠੇ ਬਾਰ੍ਹਾਂ ਟੈੱਹਣੀ ਖੇਡਣ। ਸਾਸਰੀ ਕਾਲ ਬਲਾਉਣ ਤੋਂ ਬਾਦ ਬੋਲੇ, ” ਅਸੀਂ ਪੁਆਧ ਕੇ ਲਾਕੇ ਕੇ ਰਾਜੇ ਆਂ”
-ਆਓ ਭਾਈ ਬੈਠੋ, ਲੱਸੀ ਪਾਣੀ ਛਕਾਉਨੇ ਆ ਥੋਨੂੰ, ਦੱਸੋ ਕੀ ਕੰਮ ਸੀ?
“ਕੰਮ ਤਾਂ ਛੋਟਾ ਵਾ, ਅਸੀਂ ਕਿਸੇ ਛੜੇ ਨੂੰ ਲੱਭਦੇ ਆਂ, ਇਨ੍ਹਾਂ ਪਿੰਡਾਂ ਵਿਚ”
“ਅੱਛਾ , ਹੈਗਾ ਸਾਡੇ ਵੀ ਇਕ। ”
ਤੇ ਨਾਲ ਹੀ ਖੜ੍ਹੇ ਜੁਆਕ ਨੂੰ ਕਿਹਾ, ‘ “ਜਾਹ ਉਏ, ਆਪਣੀ ਪੱਤੀ ਆਲੇ ਤਾਏ ਨੂੰ ਸੱਦ ਕੇ ਲਿਆ”
ਜਦ ਤਕ ਤਾਇਆ ਆਇਆ , ਰਾਜਿਆਂ ਨੇ ਲੱਸੀ ਪੀ ਪੀ ਬੁੜ੍ਹਿਆਂ ਦਾ ਡੋਲੂ ਪੱਧਰਾ ਕਰ ਦਿੱਤਾ।
” ਆਹ ਮੁੰਡਾ ਭਾਈ”
“ਲਓ ਜੀ ਬਿਲਕੁਲ ਸਹੀ ਆ”
” ਪਰ ਕਰਨਾ ਕੀ ਆ ਇਹਦਾ?”
“ਅਸਲ ਜੀ ਸਾਡੇ ਜਜਮਾਨ ਦੀ ਇਕ ਕੁਆਰੀ ਧੀ ਆ, ਉਹਦੇ ਲਈ ਰਿਸ਼ਤਾ ਲੱਭਦੇ ਫਿਰਦੇ ਸੀ”
ਇਹ ਸੁਣ ਤਾਇਆ ਖਿੜ ਗਿਆ।
“ਨਾ ਫੇਰ ਐਡੀ ਦੂਰ ਕਿਉਂ ਆਏ, ਲਾਗੇ ਹੀ ਲੱਭ ਲੈਂਦੇ!”
” ਲੱਭੇ ਬਥੇਰੇ, ਪਰ ਕੁੜੀ ਜ਼ਰਾ ਅੱਥਰੇ ਸੁਭਾਅ ਦੀ ਆ, ਝੱਟ ਮੁੰਡੇ ਚ ਨੁਕਸ ਕੱਢ ਦੇਂਦੀ ਆ”
“ਫੇ ਤਾਂ ਇਹਦੇ ਚ ਵੀ ਕੱਢ ਦੂ ?”
“ਨਹੀਂ ਕੱਢਦੀ ਜੀ ”
“ਕਿਉ’?
” ਪਹਿਲੋਂ ਉਹ ਹਰੇਕ ਮੁੰਡੇ ਚ ਨੁਕਸ ਕੱਢਦੀ ਸੀ, ਫੇਰ ਰਿਸ਼ਤੇ ਤਮਾਹੀ ਛਮਾਹੀ ਹੀ ਆਉਣ ਲੱਗ ਪਏ, ਫੇਰ ਸਾਲ ਬਾਅਦ ਹੀ ਕਿਸੇ ਆਉਣਾ, ਹੁਣ ਤਾਂ ਪਰਾਰ ਤੋਂ ਕੋਈ ਆਇਆ ਹੀ ਨਹੀਂ, ਹੁਣ ਕਹਿੰਦੀ ਆ, ਬਸ ਛੜਾ ਹੋਵੇ, ਬਾਕੀ ਸਭ ਸ਼ਰਤਾਂ ਖਤਮ”
” ਫੇਰ ਤਾਂ ਖਾਸੀ ਉਮਰ ਹੋਊ ਬੀਬੀ ਦੀ ?”
” ਨਾ ਜੀ ਕਾਹਨੂੰ! ਹਾਲੇ ਤਾਂ ਛੀ ਮਹੀਨੇ ਰਹਿੰਦੇ ਆ, ਚਾਲੀਆਂ ਚੋਂ”
“੫ਰ ਸਾਡਾ ਤਾਂ ਹਾਲੇ ਇਕ ਘੱਟ ਤੀਹ ਦਾ ਆ?”
” ਇਹ ਤਾਂ ਬਾਹਲਾ ਵੱਧੀਆ, ਫੇਰ ਤਾਂ ਬਾਹਲਾ ਸਾਂਭ ਕੇ ਰੱਖੂ, ਛੋਟੇ ਭਾਈ ਆਂਗੂੰ”
ਇਹ ਸੁਣਦੇ ਹੀ ਤਾਏ ਐਸੀ ਛੂਟ ਵਟੀ, ਮੁੜਕੇ ਵਸੋਏ ਆਲੇ ਦਿਨ ਹੀ ਪਿੰਡ ਮੁੜਿਆ।

-ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *

%d bloggers like this: