ਤਲਵੰਡੀ ਸਾਬੋ ਦੇ ਨੌਜਵਾਨ ਡਰਾਈਵਰ ਦੀ ਰੋਹਤਕ ਲਾਗੇ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼, ਗੱਡੀ ਲਾਪਤਾ

ਤਲਵੰਡੀ ਸਾਬੋ ਦੇ ਨੌਜਵਾਨ ਡਰਾਈਵਰ ਦੀ ਰੋਹਤਕ ਲਾਗੇ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼, ਗੱਡੀ ਲਾਪਤਾ
ਰਿਫਾਇੰਨਰੀ ਦੇ ਅਧਿਕਾਰੀ ਨੂੰ ਦਿੱਲੀ ਛੱਡਣ ਉਪਰੰਤ ਪਰਤ ਰਿਹਾ ਸੀ ਵਾਪਿਸ

28-33

ਤਲਵੰਡੀ ਸਾਬੋ , 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜੇ ਬਣੀ ਤੇਲ ਸੋਧਕ ਰਿਫਾਇੰਨਰੀ ਵਿੱਚ ਬਤੌਰ ਡਰਾਈਵਰ ਵਜੋਂ ਕੰਮ ਕਰਦੇ ਤਲਵੰਡੀ ਸਾਬੋ ਦੇ ਇੱਕ ਨੌਜਵਾਨ ਦੀ ਰੋਹਤਕ ਲਾਗੇ ਭੇਦਭਰੀ ਹਾਲਤ ਵਿੱਚ ਲਾਸ਼ ਮਿਲੀ ਹੈ ਜਦੋਂ ਕਿ ਉਸ ਦੀ ਗੱਡੀ ਲਾਪਤਾ ਹੈ। ਉਕਤ ਵਿਅਕਤੀ ਦੀ ਲਾਸ਼ ਅੱਜ ਤਲਵੰਡੀ ਸਾਬੋ ਲਿਆਂਦੀ ਗਈ ਜਿੱਥੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਚਾਚੇ ਬੱਲਮ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦਾ ਨੌਜਵਾਨ ਡਰਾਈਵਰ ਚਰਨਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਵਿੱਚ ਐੱਚਐੱਮਈਐੱਲ ਨਾਂ ਦੀ ਕੰਪਨੀ ਵਿੱਚ ਬਤੌਰ ਡਰਾਈਵਰ ਕੰਮ ਕਰਦਾ ਸੀ ਤੇ ਬੀਤੀ 25 ਜੁਲਾਈ ਨੂੰ ਉਹ ਕੰਪਨੀ ਦੇ ਇੱਕ ਅਧਿਕਾਰੀ ਨੂੰ ਛੱਡਣ ਲਈ ਦਿੱਲੀ ਗਿਆ ਸੀ। ਤੀਜੇ ਦਿਨ ਵੀ ਉਕਤ ਡਰਾਈਵਰ ਵਾਪਸ ਨਾ ਆਇਆ ਤਾਂ ਘਰਦਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤੇ ਸੰਪਰਕ ਨਾ ਹੋਣ ‘ਤੇ ਉਸਦੀ ਭਾਲ ਕੀਤੀ ਗਈ। ਡਰਾਈਵਰ ਦੀ ਗੱਡੀ ਵਿੱਚ ਜੀਪੀਆਰਐੱਸ ਸਿਸਟਮ ਲੱਗਿਆ ਹੋਣ ਕਾਰਨ ਸਰਚ ਕਰਨ ‘ਤੇ ਉਸਦੀ ਆਖਰੀ ਲੋਕੇਸ਼ਨ ਰੋਹਤਕ ਦੇ ਮੰਨਤ ਢਾਬੇ ਕੋਲ ਆਉਂਦੀ ਰਹੀ ਉਥੇ ਜਾ ਕੇ ਮ੍ਰਿਤਕ ਦੇ ਵਾਰਸਾਂ ਵੱਲੋਂ ਕੀਤੀ ਤਲਾਸ਼ ਤੋਂ ਪਤਾ ਲੱਗਿਆ ਕਿ ਨੌਜਵਾਨ ਦੀ ਲਾਸ਼ ਰੋਹਤਕ ਲਾਗਲੇ ਪਿੰਡ ਚਮਾਲ ਵਾਲੀ ਕੋਲੋ ਰੋਹਤਕ ਪੁਲਿਸ ਨੂੰ ਬਰਾਮਦ ਹੋਈ ਹੈ। ਪੁਲਿਸ ਨੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਭਾਵੇਂ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਸੰਭਾਵਨਾ ਇਹ ਕੀਤੀ ਜਾ ਰਹੀ ਹੈ ਕਿ ਵਾਪਸ ਪਰਤਦੇ ਸਮੇਂ ਗੱਡੀ ਤੇ ਕਿਸੇ ਨੇ ਲਿਫਟ ਲਈ ਹੋਵੇਗੀ ਤੇ ਗੱਡੀ ਲੁੱਟਣ ਦੇ ਇਰਾਦੇ ਨਾਲ ਰਸਤੇ ਵਿੱਚ ਉਸਦਾ ਕਤਲ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਉਕਤ ਘਟਨਾ ਤੋਂ ਬਾਅਦ ਮ੍ਰਿਤਕ ਦੀ ਗੱਡੀ ਲਾਪਤਾ ਹੈ ਤੇ ਉਸਦਾ ਜੀਪੀਆਰਐਸ ਸਿਸਟਮ ਵੀ ਹੁਣ ਕੰਮ ਨਹੀ ਕਰ ਰਿਹਾ। ਪਤਾ ਲੱਗਾ ਹੈ ਕਿ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ ਡਾਕਟਰਾਂ ਵੱਲੋਂ ਦਿੱਤੇ ਜਾਣ ਤੋਂ ਬਾਅਦ ਹੀ ਸਹੀ ਤੱਥ ਸਾਹਮਣੇ ਆ ਸਕਣਗੇ। ਅੱਜ ਉਕਤ ਨੌਜਵਾਨ ਡਰਾਈਵਰ ਦੀ ਲਾਸ਼ ਤਲਵੰਡੀ ਸਾਬੋ ਲਿਆਂਦੀ ਗਈ ਜਿਥੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਛੇ ਕੁ ਮਹੀਨਿਆਂ ਦੀ ਇੱਕ ਬੱਚੀ ਛੱਡ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੇ ਰਿਫਾਇੰਨਰੀ ਪ੍ਰਬੰਧਕਾਂ ਤੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਹੈ ਕਿਉਂਕਿ ਉਸਦੀ ਮੌਤ ਵੀ ਡਿਊਟੀ ਸਮੇਂ ਦੌਰਾਨ ਹੀ ਹੋਈ ਹੈ। ਉੱਧਰ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਨੌਜਵਾਨ ਦੀ ਮੌਤ ਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: