ਤਲਵੰਡੀ ਸਾਬੋ ਤੋਂ ਤਿੰਨੇ ਦਾਅਵੇਦਾਰਾਂ ਨੂੰ ਲੱਗ ਸਕਦੀ ਹੈ ਠਿੱਬੀ

ਤਲਵੰਡੀ ਸਾਬੋ ਤੋਂ ਤਿੰਨੇ ਦਾਅਵੇਦਾਰਾਂ ਨੂੰ ਲੱਗ ਸਕਦੀ ਹੈ ਠਿੱਬੀ
ਸ਼੍ਰੋਮਣੀ ਅਕਾਲੀ ਦਲ ‘ਚ ਬੈਠਾ ਪੁਰਾਣਾ ਕਾਂਗਰਸੀ ਮਾਰ ਸਕਦਾ ਹੈ ਮੋਰਚਾ

ਤਲਵੰਡੀ ਸਾਬੋ, 13 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਪੰਜਾਬ ਵਿੱਚ ਹੀ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਪੰਜਾਬ ਕਾਂਗਰਸ ਦੇ ਧੜ੍ਹਿਆਂ ਅਧਾਰਿਤ ਦਾਅਵੇਦਾਰਾਂ ਦੀ ਆਪਸੀ ਖਿੱਚੋਤਾਣ ਜਿੱਥੇ ਕਾਂਗਰਸ ਪਾਰਟੀ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਉੱਥੇ ਜ਼ਿਆਦਾਤਰ ਹਲਕਿਆਂ ਅੰਦਰ ਆਪ ਆਦਮੀ ਪਾਰਟੀ ਦੇ ਐਲਾਨੇ ਜਾ ਚੁੱਕੇ ਉਮੀਦਵਾਰਾਂ ਦੇ ਪਾਰਟੀ ਅੰਦਰਲੇ ਵਿਰੋਧ ਨਾਲ ਵੀ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਨੂੰ ਵੱਡਾ ਸਿਆਸੀ ਲਾਹਾ ਮਿਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਤਖਤ ਸ੍ਰੀ ਦਮਦਮਾ ਸਾਹਿਬ ਵਾਲੀ ਹਲਕਾ ਵਿਧਾਨ ਸਭਾ ਸੀਟ ਮੁੱਢੋਂ ਹੀ ਅਕਾਲੀ ਦਲ ਅਤੇ ਕਾਂਗਰਸ ਲਈ ਵੱਕਾਰੀ ਸੀਟ ਵਜੋਂ ਜਾਣੀ ਜਾਂਦੀ ਹੈ ਜਿਸ ਕਾਰਨ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਵਿਰੋਧੀ ਐਮ ਐਲ ਏ ਚੁਣਿਆ ਜਾਂਦਾ ਹੋਣ ਕਾਰਨ ਮੌਜ਼ੂਦਾ ਪੰਜਾਬ ਸਰਕਾਰ ਦੇ ਮਾਲਕਾਂ ਵੱਲੋਂ ਪਹਿਲਾਂ ਆਜ਼ਾਦ ਅਤੇ ਫਿਰ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਕੇ ਜਿਮਨੀ ਚੋਣ ਕਰਵਾਈ ਗਈ ਜਿਸ ਵਿੱਚ ਵੀ ਸ. ਸਿੱਧੂ ਦੀ ਹਰਮਨ ਪਿਆਰਤਾ ਨੂੰ ਕੋਈ ਚੈਲੇਂਜ ਨਹੀਂ ਕਰ ਸਕਿਆ। ਮੌਜ਼ੂਦਾ ਸਮੇਂ ਦੇ ਚੋਣ ਮਾਹੌਲ ਅੰਦਰ ਭਾਵੇਂ ਅਕਾਲੀ ਦਲ ਵੱਲੋਂ ਟਿਕਟ ਇੱਥੋਂ ਕਿਸਨੂੰ ਦਿੱਤੀ ਜਾਣੀ ਹੈ ਬਾਰੇ ਅੰਦਾਜ਼ਾ ਲਾਉਣਾ ਸੌਖਾ ਨਹੀਂ ਪ੍ਰੰਤੂ ਕਾਂਗਰਸ ਪਾਰਟੀ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਸਿੱਧ ਕਰਨ ਜਿੱਥੇ ਦੋ ਆਗੂ ਆਪਣੇ ਪਿਛਲੱਗਾਂ ਨੂੰ ਗੋਲੀਬਾਰੀ ਕਰਨ ਤੱਕ ਦੀਆਂ ਛੁੱਟੀਆਂ ਦੇਈ ਫਿਰਦੇ ਹਨ ਉੱਥੇ ਪੀਪਲਜ਼ ਪਾਰਟੀ ਭੰਗ ਕਰਕੇ ਕਾਂਗਰਸ ਦੀ ਬਾਂਹ ਫੜ੍ਹਕੇ ਆਏ ਸ. ਮਨਪ੍ਰੀਤ ਸਿੰਘ ਬਾਦਲ ਦੇ ਨਾਲ ਰਹੇ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਟਾਇਰਡ ਅਧਿਕਾਰੀ ਨੂੰ ਵੀ ਲਾਲ ਬੱਤੀ ਵਾਲੀ ਕਾਰ ਦੇ ਸੁੱਪਨੇ ਆਉਣ ਲੱਗ ਪਏ ਹਨ। ਉਕਤ ਸਾਬਕਾ ਸਿੱਖਿਆ ਅਧਿਕਾਰੀ ਦੀ ਪਕੜ ਜਿੱਥੇ ਹਲਕੇ ‘ਚ ਨਾ ਮਾਤਰ ਹੈ ਉੱਥੇ ਪਿਛਲੇ ਦੋ-ਤਿੰਨ ਸਾਲਾਂ ਤੋਂ ਕਾਂਗਰਸੀ ਵੋਟਰਾਂ ਅਤੇ ਸਮਰਥਕਾਂ ਨੱਾਲ ਤਾਲਮੇਲ ਬਣਾ ਕੇ ਰੱਖਣ ਵਾਲੇ ਦੋ ਕਾਂਗਰਸੀ ਆਗੂਆਂ ‘ਚੋਂ ਇੱਕ ਨੇ ਬੇ-ਸ਼ੱਕ ਆਪਣੀ ਚੰਗੀ ਪਛਾਣ ਬਣਾ ਲਈ ਹੈ ਪ੍ਰੰਤੂ ਅੱਜ ਦੇ ਹਾਲਾਤਾਂ ਅਨੁਸਾਰ ਜਿੱਥੇ ਉਕਤ ਕਾਂਗਰਸੀ ਦਾਅਵੇਦਾਰ ਮੌਜ਼ੂਦਾ ਹਲਕਾ ਵਿਧਾਇਕ ਨੂੰ ਬਰਾਬਰ ਦੀ ਟੱਕਰ ਦੇਣ ਦੇ ਕਾਬਿਲ ਨਹੀਂ ਹੋਇਆ ੳੁੱੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬਾ ਬਲਜਿੰਦਰ ਕੌਰ ਵੱਲੋਂ ਭਾਵੇਂ ਪਾਰਟੀ ਨੀਤੀ ਅਨੁਸਾਰ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪ੍ਰੰਤੂ ਮੌਜ਼ੂਦਾ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਵੀ ਇੱਥੋਂ ਦੇ ਹਲਕਾ ਵਿਧਾਇਕ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ ਜਾਪਦੀ।
ਜਿੱਥੇ ਕਾਂਗਰਸ ਪਾਰਟੀ ਵੱਲੋਂ ਹਲਕੇ ਤੋਂ ਭਾਵੇਂ ਤਿੰਨ ਆਗੂ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਸਿੱਧ ਕਰਨ ਵਿੱਚ ਲੱਗੇ ਹੋਏ ਹਨ ਪ੍ਰੰਤੂ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ਦੀ ਅੱਖ ਉਸ ਚੌਥੇ ਆਗੂ ਉੱਪਰ ਟਿਕੀ ਹੋਈ ਜਿਹੜਾ ਤਿੰਨ ਕੁ ਸਾਲ ਪਹਿਲਾਂ ਭਾਵੇਂ ਵਕਤੀ ਤੌਰ ‘ਤੇ ਕਾਂਗਰਸ ਦੀ ਉਂਗਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਲੜ ਹੀ ਨਹੀਂ ਸੀ ਜਾ ਲੱਗਿਆ ਬਲਕਿ ਕੁੱਝ ਸਮਾਂ ਤਲਵੰਡੀ ਸਾਬੋ ਤੋਂ ਅਕਾਲੀ ਦਲ ਦਾ ਹਲਕਾ ਇੰਚਾਰਜ ਵੀ ਲੱਗਿਆ ਰਿਹਾ ਸੀ। ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਤਲਵੰਡੀ ਸਾਬੋ ਦਾ ਜੰਮਪਲ ਉਕਤ ਪੁਰਾਣਾ ਕਾਂਗਰਸੀ ਆਗੂ ਜੋ ਅੱਜਕੱਲ ਚੁੱਪ ਕਰਕੇ ਆਪਣੇ ਘਰ ਬੈਠਾ ਹੋਇਆ ਹੈ ਆਉਣ ਵਾਲੇ ਦਿਨਾਂ ‘ਚ ਕਾਂਗਰਸ ਪਾਰਟੀ ਵਿੱਚ ਦੁਬਾਰਾ ਘਰ ਵਾਪਸੀ ਕਰ ਰਿਹਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਤਲਵੰਡੀ ਸਾਬੋ ਤੋਂ ਉਕਤ ਆਗੂ ਨੂੰ ਉਮੀਦਵਾਰ ਐਲਾਨ ਕੇ ਕਾਂਗਰਸ ਪਾਰਟੀ ਵੱਲੋਂ ਆਪਣੀ ਮੁੱਖ ਵਿਰੋਧੀ ਪਾਰਟੀ ਨੂੰ ਫਸਵੀਂ ਟੱਕਰ ਦਿੱਤੀ ਜਾ ਸਕਦੀ ਹੈ। ਹੁਣ ਦੇਖਣਾ ਹੈ ਕਿ ਉਕਤ ਆਗੂ ਦੀ ਘਰ ਵਾਪਸੀ ਦੀਆਂ ਕਿਆਸ ਅਰਾਈਆਂ ਅਤੇ ਅਫਵਾਹਾਂ ਕਿੰਨੀਆਂ ਕੁ ਅਤੇ ਕਦੋਂ ਸੱਚ ਹੁੰਦੀਆਂ ਹਨ। ਜੇ ਅਜਿਹਾ ਹੁੰਦਾ ਹੈ ਤਾਂ ਹਲਕੇ ‘ਚ ਕਾਂਗਰਸੀ ਧੜੇਬੰਦੀ ਨੂੰ ਵੀ ਠੱਲ੍ਹ ਪੈਂਦਿਆਂ ਸਮਾਂ ਨਹੀਂ ਲੱਗੇਗਾ ਜਿਸਦਾ ਕਾਂਗਰਸ ਪਾਰਟੀ ਨੂੰ ਵੱਡਾ ਲਾਹਾ ਮਿਲ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: