ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਤਕਨਾਲੋਜੀ ਦਾ ਯੁੱਗ ਅਤੇ ਪੁਸਤਕਾਂ

ਤਕਨਾਲੋਜੀ ਦਾ ਯੁੱਗ ਅਤੇ ਪੁਸਤਕਾਂ

ਪ੍ਰੋ. ਨਵ ਸੰਗੀਤ ਸਿੰਘ

ਪਿਛਲੇ ਦੋ ਦਹਾਕਿਆਂ ਵਿੱਚ ਸੌ ਤੋਂ ਵੀ ਵਧੇਰੇ ਚੈਨਲਾਂ ਨਾਲ ਟੀ ਵੀ ਨੇ ਆਮ ਦਰਸ਼ਕਾਂ ਦੇ ਜੀਵਨ ਵਿੱਚ ਪ੍ਰਵੇਸ਼ ਕੀਤਾ ਹੈ। ਇੰਟਰਨੈੱਟ ਦੇ ਆਉਣ ਨਾਲ ਤਾਂ ਵਧੇਰੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਹੀ ਬਦਲ ਗਈ ਹੈ ਅਤੇ ਜ਼ਿਆਦਾਤਰ ਔਰਤਾਂ, ਜਵਾਨ ਅਤੇ ਬਜ਼ੁਰਗ ਵੀ ਆਪਣਾ ਵਧੇਰੇ ਸਮਾਂ ਨੈੱਟ ਉਤੇ ਸਰਫਿੰਗ ਕਰਦੇ ਹੋਏ ਬਿਤਾਉਂਦੇ ਹਨ। ਇਉਂ ਇੰਟਰਨੈੱਟ ਨਾਲ ਜੁੜਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਹੋਇਆ ਹੈ।

ਮਾਰਚ 2005 ਵਿੱਚ ਇੱਕ ਖ਼ਬਰ ਪ੍ਰਕਾਸ਼ਿਤ ਹੋਈ ਸੀ ਕਿ ਮੈਕਸੀਕੋ ਦੀ ਰਾਜਧਾਨੀ ਦੇ ਇੱਕ ਸਿਰੇ ਤੇ ਵੱਸੇ ਕਰਮਚਾਰੀਆਂ ਦੇ ਇੱਕ ਉਪਨਗਰ ਦੀ ਪੁਲਿਸ ਹੁਣ ਅਪਰਾਧ ਨਾਲ ਨਜਿੱਠਣ ਲਈ ਇੱਕ ਨਵੇਂ ਹਥਿਆਰ ਦੀ ਵਰਤੋਂ ਕਰੇਗੀ ਅਤੇ ਉਹ ਹਥਿਆਰ ਹੈ – ਪੁਸਤਕਾਂ। ਉੱਥੋਂ ਦੇ ਖੱਬੇ ਪੱਖੀ ਮੇਅਰ ਲੁਇਸ ਸਾਂਚੇਜ਼ ਨੇ ਆਪਣੇ ਸ਼ਹਿਰ ਦੀ ਪੁਲਿਸ ਦੇ ਸਾਰੇ ਦੇ ਸਾਰੇ 1100 ਮੈਂਬਰਾਂ ਨੂੰ ਮਹੀਨੇ ਵਿੱਚ ਘੱਟੋ- ਘੱਟ ਇੱਕ ਪੁਸਤਕ ਪੜ੍ਹਨ ਦਾ ਆਦੇਸ਼ ਦਿੱਤਾ ਸੀ ਅਤੇ ਉਨ੍ਹਾਂ ਦੇ ਅਜਿਹਾ ਨਾ ਕਰਨ ਤੇ ਉਨ੍ਹਾਂ ਦੀ ਤਰੱਕੀ ਰੋਕ ਲੈਣ ਦਾ ਫਰਮਾਨ ਸੁਣਾਇਆ ਸੀ। ਉਹਦਾ ਕਹਿਣਾ ਸੀ, “ਮੇਰਾ ਵਿਚਾਰ ਹੈ ਕਿ ਪੜ੍ਹਨ ਨਾਲ ਉਨ੍ਹਾਂ ਦੀ ਸ਼ਬਦਾਵਲੀ ਅਤੇ ਲੇਖਕ ਵਿੱਚ ਸੁਧਾਰ ਆਵੇਗਾ ਅਤੇ ਉਹ ਖੁਦ ਨੂੰ ਬਿਹਤਰ ਢੰਗ ਨਾਲ ਅਭਿਵਿਅਕਤ ਕਰ ਸਕਣਗੇ।” ਲੁਇਸ ਸਾਂਚੇਜ਼ ਨੇ ਇਹ ਵੀ ਕਿਹਾ ਸੀ ਕਿ ਪੜ੍ਹਨ ਦੀ ਆਦਤ ਪੁਲਿਸ- ਕਰਮਚਾਰੀਆਂ ਨੂੰ ਇੱਕ ਬਿਹਤਰ ਵਿਅਕਤੀ ਬਣਨ ਵਿੱਚ ਸਹਾਇਤਾ ਕਰੇਗੀ। ਅਪਰਾਧ ਸਬੰਧੀ ਜਿਨ੍ਹਾਂ ਪੁਸਤਕਾਂ ਨੂੰ ਚੁਣਿਆ ਗਿਆ, ਉਨ੍ਹਾਂ ਵਿੱਚ ਆਕਟਾਵੀਓ ਪਾਜ਼ ਦੀ ‘ਲੈਬਿਰਿੰਥ ਆਫ਼ ਸਾਲੀਚਿਊਡ’ ਅਤੇ ਕੁਝ ਗੰਭੀਰ ਕਲਾਸਿਕ ਰਚਨਾਵਾਂ, ਜਿਵੇਂ ‘ਡੌਨ ਕੁਇਗਜ਼ੌਟ’, ‘ਲਿਟਲ ਪ੍ਰਿੰਸ’ ਅਤੇ ਕੁਝ ਅਪਰਾਧ- ਨਾਵਲ ਪ੍ਰਮੁੱਖ ਸਨ।

ਅੱਜ ਕਿਉਂਕਿ ਅਸੀਂ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਸਾਨੂੰ ਰੇਡੀਓ, ਟੀ ਵੀ, ਸਿਨੇਮਾ ਅਤੇ ਇੰਟਰਨੈੱਟ ਦੇ ਇਸ ਯੁੱਗ ਵਿੱਚ ਵੀ ਕਿਤਾਬਾਂ, ਅਖ਼ਬਾਰਾਂ, ਮੈਗਜ਼ੀਨਾਂ ਦੀ ਦੁਨੀਆਂ ਵਿੱਚ ਟੁੱਭੀ ਮਾਰਨ ਦੀ ਲੋੜ ਹੈ। ਪੜ੍ਹਨ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ ਲੋਕ, ਜੋ ਟੀ ਵੀ ਦੇ ਦਾਇਰੇ ‘ਚੋਂ ਬਾਹਰ ਨਿਕਲ ਕੇ ਵਿਸ਼ਵ ਨੂੰ ਆਪਣੀ ਦ੍ਰਿਸ਼ਟੀ ਤੋਂ ਵੇਖਦੇ ਹਨ, ਉਹ ਕਦੇ ਵੀ ਇਲੈਕਟ੍ਰਾਨਿਕ ਯੁੱਗ ਨੂੰ ਸੰਪੂਰਨ ਵਿਸ਼ਵ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦੇ। ਟੀ ਵੀ ਅਤੇ ਇੰਟਰਨੈੱਟ ਕਦੇ ਵੀ ਪ੍ਰਕਾਸ਼ਿਤ ਸ਼ਬਦ(printed word) ਦਾ ਸਥਾਨ ਨਹੀਂ ਲੈ ਸਕਦੇ, ਬੇਸ਼ੱਕ ਇਨ੍ਹਾਂ ਦਾ ਵੀ ਆਪਣਾ ਮਹੱਤਵ ਹੈ। ਜੋ ਲੋਕ ਜੀਵਨ ਪ੍ਰਤੀ ਗੰਭੀਰ ਹਨ,ਚਾਹੇ ਉਹ ਕੋਈ ਘਰੇਲੂ ਔਰਤਾਂ, ਕਾਰੋਬਾਰੀ ਲੋਕ ਜਾਂ ਵਿਦਿਆਰਥੀ ਹਨ, ਜੋ ਅਖ਼ਬਾਰਾਂ, ਪੱਤ੍ਰਿਕਾਵਾਂ, ਗਲਪ ਜਾਂ ਗੈਰ- ਗਲਪ ਸਾਹਿਤ ਦੇ ਪਾਠਕ ਹਨ; ਉਨ੍ਹਾਂ ਲਈ ਇਲੈਕਟ੍ਰਾਨਿਕ ਮੀਡੀਆ ਅਸਲ ਵਿੱਚ ਪ੍ਰਿੰਟ ਮੀਡੀਆ ਦਾ ਇੱਕ ਸੰਖੇਪ ਸੰਸਕਰਣ ਹੈ।

ਜੇ ਅੱਜ ਵਿਭਿੰਨ ਭਾਸ਼ਾਵਾਂ ਵਿੱਚ ਪ੍ਰਸਾਰਿਤ ਹੋਣ ਵਾਲੇ ਟੀ ਵੀ ਸੀਰੀਅਲਾਂ ਨਾਲ ਲੱਖਾਂ ਲੋਕ ਸਾਰਾ-ਸਾਰਾ ਦਿਨ ਜੁੜੇ ਰਹਿੰਦੇ ਹਨ, ਤਾਂ ਮਹਾਂਨਗਰਾਂ, ਰਾਜਧਾਨੀਆਂ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਲਗਾਤਾਰ ਵਕਫਿਆਂ ਮਗਰੋਂ ਲੱਗਣ ਵਾਲੇ ਪੁਸਤਕ- ਮੇਲਿਆਂ ਦੀ ਭੀੜ ਵਿੱਚ ਵੀ ਕੋਈ ਕਮੀ ਨਹੀਂ ਆਈ ਹੈ। ਬੱਚੇ ਜੇਕਰ ਪੋਗੋ ਅਤੇ ਕਾਰਟੂਨ ਨੈੱਟਵਰਕ ਵਰਗੇ ਟੀ ਵੀ ਚੈਨਲ ਉਤਸੁਕਤਾ ਅਤੇ ਸ਼ੌਕ ਨਾਲ ਵੇਖਦੇ ਹਨ, ਤਾਂ ਹੈਰੀ ਪੌਟਰ ਦੀ ਪੂਰੀ ਪੁਸਤਕ- ਲੜੀ ਪ੍ਰਤੀ ਵੀ ਉਨ੍ਹਾਂ ਦਾ ਜੋਸ਼ ਵੇਖਣ ਵਾਲਾ ਹੁੰਦਾ ਹੈ। ਵਿਭਿੰਨ ਭਾਸ਼ਾਵਾਂ ਵਿੱਚ ਅਨੁਵਾਦਿਤ ਇਸ ਪੁਸਤਕ ਨੇ ਸੰਸਾਰ- ਭਰ ਦੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਦ੍ਰਿਸ਼ਾਤਮਕ ਮੀਡੀਆ ਦੇ ਇਕ ਵੱਡੇ ਪੱਧਰ ਤੇ ਸੰਚਾਲਿਤ ਹੋਣ ਦੇ ਬਾਵਜੂਦ ਅੱਜ ਵੀ ਪੰਚਤੰਤਰ ਜਿਹੀਆਂ ਵਿਭਿੰਨ ਪੌਰਾਣਿਕ ਤੇ ਇਤਿਹਾਸਕ ਕਥਾ- ਕਹਾਣੀਆਂ ਪ੍ਰਤੀ ਬੱਚੇ ਵੱਡੇ ਪੈਮਾਨੇ ਤੇ ਰੁਚੀ ਰੱਖਦੇ ਹਨ, ਜੋ ਕਿ ਸਾਡੇ ਪ੍ਰਕਾਸ਼ਕਾਂ ਦੇ ਮਾਧਿਅਮਾਂ ਰਾਹੀਂ ਉਨ੍ਹਾਂ ਤੱਕ ਪਹੁੰਚਦੀਆਂ ਹਨ। ਹਾਰਪਰ ਪ੍ਰੈੱਸ ਦੇ ਪ੍ਰਕਾਸ਼ਕ ਕੈਰੋਲੀਨ ਮਾਈਕਲ ਦਾ ਵਿਚਾਰ ਹੈ, “ਅੱਜ ਵੀ ਵਿਸ਼ਵ ਦੇ ਕਿਸੇ ਸਥਾਨ ਤੇ ਹਰ ਤੀਹ ਸਕਿੰਟ ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਹੁੰਦੀ ਹੈ।”

ਭਾਰਤ ਵਿੱਚ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰ ਸਕਦੇ ਹਾਂ ਕਿ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਪ੍ਰਕਾਸ਼ਕਾਂ ਵਿੱਚੋਂ ਇੱਕ ਹਾਂ। ਸਾਡੇ ਦੇਸ਼ ਵਿੱਚ 16000 ਤੋਂ ਵੀ ਵਧੀਕ ਪ੍ਰਕਾਸ਼ਕ ਹਨ, ਜੋ ਲੱਗਭੱਗ ਇੱਕ ਕਰੋੜ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ। ਇਸ ਉਦਯੋਗ ਦਾ ਸਾਲਾਨਾ ਕਾਰੋਬਾਰ ਕਰੀਬ 800 ਕਰੋੜ ਰੁਪਏ ਹੈ। ਪ੍ਰਕਾਸ਼ਕ ਸ੍ਰੀ- ਧਰ ਬਾਲਾਨ ਮੁਤਾਬਕ ਸਾਡੀਆਂ 40% ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿੱਚ ਛਪਦੀਆਂ ਹਨ, ਜਿਸ ਕਾਰਨ ਇੰਗਲੈਂਡ ਅਤੇ ਅਮਰੀਕਾ ਤੋਂ ਬਾਅਦ ਭਾਰਤ ਅੰਗਰੇਜ਼ੀ ਪੁਸਤਕਾਂ ਛਾਪਣ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਇਹੋ ਕਾਰਨ ਹੈ ਕਿ ਅਕਤੂਬਰ 2006 ਵਿੱਚ ਆਯੋਜਿਤ ਫ੍ਰੈਂਕਫਰਟ ਅੰਤਰਰਾਸ਼ਟਰੀ ਪੁਸਤਕ ਮੇਲੇ ਵਿੱਚ ਭਾਰਤ ਨੂੰ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ।

ਭਾਰਤ ਦਾ ਸਿੱਖਿਅਤ ਵਰਗ ਇਕ ਚੰਗੀ ਲਾਇਬ੍ਰੇਰੀ ਦਾ ਮੈਂਬਰ ਬਣ ਕੇ ਹੀ ਸੰਤੁਸ਼ਟੀ ਦਾ ਅਨੁਭਵ ਨਹੀਂ ਕਰਦਾ, ਸਗੋਂ ਉਹ ਆਪਣੀ ਮਾਤ ਭਾਸ਼ਾ ਦੇ ਨਾਲ- ਨਾਲ ਹੋਰਨਾਂ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਆਪਣੀ ਨਿੱਜੀ ਲਾਇਬ੍ਰੇਰੀ ਤਿਆਰ ਕਰਨ ਲਈ ਵੀ ਸੁਚੇਤ ਹੈ। ਇਸ ਵਰਗ ਵੱਲੋਂ ਪੁਸਤਕ- ਮੇਲਿਆਂ ਤੋਂ ਪੁਸਤਕਾਂ ਖ਼ਰੀਦਣ ਜਾਂ ਵਿਭਿੰਨ ਪੱਤ੍ਰਿਕਾਵਾਂ ਵੱਲੋਂ ਸ਼ੁਰੂ ਕੀਤੇ ਗਏ ਪੁਸਤਕ- ਕਲੱਬਾਂ ਦਾ ਮੈਂਬਰ ਬਣਨ ਵਿੱਚ ਵੀ ਵਿਸ਼ੇਸ਼ ਰੁਚੀ ਪ੍ਰਗਟ ਕੀਤੀ ਜਾਂਦੀ ਹੈ। ਟੀ ਵੀ, ਸਿਨੇਮਾ ਅਤੇ ਇੰਟਰਨੈੱਟ ਪ੍ਰਤੀ ਉਨ੍ਹਾਂ ਦੀ ਰੁਚੀ ਨੇ ਪੁਸਤਕਾਂ ਪ੍ਰਤੀ ਉਨ੍ਹਾਂ ਦੇ ਪ੍ਰੇਮ ਨੂੰ ਫਿੱਕਾ ਨਹੀਂ ਪੈਣ ਦਿੱਤਾ।

ਪੜ੍ਹਨ ਦੀ ਰੁਚੀ ਵੀ ਵਿਭਿੰਨ ਕਾਰਨਾਂ ਕਰਕੇ ਵਿਕਸਿਤ ਹੁੰਦੀ ਹੈ। ਕੋਈ ਵਿਅਕਤੀ ਕਾਲਪਨਿਕ ਜਾ ਰੋਮਾਂਸ- ਭਰਪੂਰ ਪੁਸਤਕਾਂ ਪੜ੍ਹ ਕੇ ਸਿਰਫ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਕੋਈ ਵੀ ਵਿਭਿੰਨ ਮਹਾਨ ਲੋਕਾਂ ਦੀਆਂ ਸਵੈਜੀਵਨੀਆਂ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਇਨ੍ਹਾਂ ਲੋਕਾਂ ਨੇ ਸਫਲਤਾ ਦੀਆਂ ਉਚਾਈਆਂ ਨੂੰ ਕਿਵੇਂ ਪ੍ਰਾਪਤ ਕੀਤਾ। ਰੇਲ ਗੱਡੀ ਦੀ ਲੰਮੀ, ਅਕਾਊ ਅਤੇ ਥਕਾਵਟ ਵਾਲੀ ਯਾਤਰਾ ਆਨੰਦਮਈ ਬਣ ਸਕਦੀ ਹੈ, ਜੇ ਅਸੀਂ ਆਪਣੀ ਪਸੰਦ ਦੀ ਕੋਈ ਕਿਤਾਬ ਜਾਂ ਮੈਗਜ਼ੀਨ ਲੈ ਕੇ ਪੜ੍ਹਦੇ ਰਹੀਏ। ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੀ ਸ਼ਬਦਾਵਲੀ ਵਧਾਉਣ ਅਤੇ ਅੰਗਰੇਜ਼ੀ ਜਾਂ ਖੇਤਰੀ ਭਾਸ਼ਾਵਾਂ ਉੱਤੇ ਚੰਗੀ ਪਕੜ ਬਣਾਉਣ ਲਈ ਪੁਸਤਕਾਂ ਪੜ੍ਹਦੇ ਹਨ। ਇਸ ਸੰਬੰਧੀ ਚਾਰਲਸ ਕੈਲੰਕ ਕੋਲਟਨ ਦਾ ਵਿਚਾਰ ਹੈ, “ਬਹੁਤ ਘੱਟ ਲੋਕੀਂ ਕੁਝ ਸੋਚਣ ਲਈ ਪੜ੍ਹਦੇ ਹਨ, ਆਮ ਆਦਮੀ ਕੁਝ ਸਿੱਖਣ ਲਈ ਪੜ੍ਹਦੇ ਹਨ ਅਤੇ ਵਧੇਰੇ ਵਿਅਕਤੀ ਗੱਲਬਾਤ ਕਰਨ ਲਈ ਪੜ੍ਹਦੇ ਹਨ।”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੀ ਵੀ ਤੇ ਸਿਨੇਮਾ ਸਾਡੇ ਜੀਵਨ ਦਾ ਅਨਿੱਖੜ ਅੰਗ ਬਣ ਗਿਆ ਹੈ ਅਤੇ ਇੰਟਰਨੈਟ ਵੀ ਪੇਂਡੂ ਤੇ ਸ਼ਹਿਰੀ ਪਾੜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਵੀ ਇੱਕ ਪੜ੍ਹਿਆ- ਲਿਖਿਆ ਵਿਅਕਤੀ ਅਖ਼ਬਾਰਾਂ, ਮੈਗਜ਼ੀਨਾਂ ਅਤੇ ਆਪਣੀਆਂ ਪਸੰਦੀਦਾ ਕਿਤਾਬਾਂ ਨੂੰ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ। ਕੈਰੋਲੀਨ ਮਾਈਕਲ ਦੇ ਵਿਚਾਰਾਂ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇਸ ਇਲੈਕਟ੍ਰਾਨਿਕ ਯੁਗ ਵਿੱਚ ਵੀ ਪੁਸਤਕਾਂ ਦੇ ਅਸਤਿੱਤਵ ਨੂੰ ਕੋਈ ਖਤਰਾ ਨਹੀਂ ਹੈ। ਪੁਸਤਕਾਂ ਸਾਰੀਆਂ ਊਟ-ਪਟਾਂਗ ਭਵਿੱਖਬਾਣੀਆਂ ਨੂੰ ਝੂਠਾ ਸਾਬਤ ਕਰਨ ਲਈ ਸਮਰੱਥ ਹਨ ਅਤੇ ਇਹ ਉਸੇ ਰੂਪ ਵਿੱਚ ਛਪਣਗੀਆਂ, ਜਿਸ ਰੂਪ ਵਿੱਚ ਉਹ ਅੱਜ ਹਨ ਅਤੇ ਜਿਸ ਰੂਪ ਵਿੱਚ ਉਹ ਸੈਂਕੜੇ ਵਰ੍ਹਿਆਂ ਤੋਂ ਹਨ। ਬਕੌਲ ਸ਼ਾਇਰ:
ਪੁਸਤਕ ਦਾ ਕੋਈ ਬਦਲ ਨਹੀਂ
ਤੂੰ ਵੀ ਕੋਈ ਅੱਖਰ ਘੜਿਆ ਕਰ।
ਖੁੱਭਿਆ ਰਹਿਨੈ ਇੰਟਰਨੈੱਟ ‘ਤੇ
ਕੋਈ ਤਾਂ ਪੁਸਤਕ ਪੜ੍ਹਿਆ ਕਰ।

# ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: